“ਤੁਸੀਂ ਚਾਣਨ ਵਿੱਚ ਪੈਦਾ ਹੋਏ ਹੋ ਅਤੇ ਅਸੀਂ ਹਨ੍ਹੇਰੇ ਵਿੱਚ,” ਆਪਣੇ ਕੱਚੇ ਘਰ ਬਾਹਰ ਬੈਠੇ ਨੰਦਰਾਮ ਜਮੂਕਾਰ ਕਹਿੰਦੇ ਹਨ। ਅਸੀਂ ਅਮਰਾਵਤੀ ਜ਼ਿਲ੍ਹੇ ਦੇ ਖਾੜੀਮਾਲ ਪਿੰਡ ਵਿੱਚ ਹਾਂ ਜਿੱਥੇ 26 ਅਪ੍ਰੈਲ, 2024 ਨੂੰ ਆਮ ਚੋਣਾਂ ਹੋਣ ਜਾ ਰਹੀਆਂ ਹਨ। ਨੰਦਰਾਮ ਜਿਸ ਹਨ੍ਹੇਰੇ ਦਾ ਜ਼ਿਕਰ ਉਸ ਦੇ ਅਰਥ ਬਿਲਕੁਲ ਸਿੱਧੇ ਹਨ ਕਿਉਂਕਿ ਮਹਾਰਾਸ਼ਟਰ ਦੇ ਇਸ ਕਬਾਇਲੀ ਪਿੰਡ ਨੇ ਕਦੇ ਬਿਜਲੀ ਦਾ ਮੂੰਹ ਨਹੀਂ ਵੇਖਿਆ।
“ਹਰ ਪੰਜ ਸਾਲਾਂ ਬਾਅਦ ਕੋਈ ਨਾ ਕੋਈ ਆਉਂਦਾ ਹੈ ਅਤੇ ਬਿਜਲੀ ਲਿਆਉਣ ਦੇ ਵਾਅਦੇ ਕਰਦਾ ਹੈ। ਪਰ ਬਿਜਲੀ ਦੀ ਗੱਲ ਤਾਂ ਛੱਡੋ, ਉਹ ਆਪ ਵੀ ਦੁਬਾਰਾ ਕਦੇ ਮੂੰਹ ਨਹੀਂ ਦਿਖਾਉਂਦੇ,” ਇਹ 48 ਸਾਲਾ ਆਦਮੀ ਕਹਿੰਦੇ ਹਨ। ਮੌਜੂਦਾ ਸੰਸਦ ਮੈਂਬਰ ਨਵਨੀਤ ਕੌਰ ਰਾਣਾ 2019 ਵਿੱਚ ਸ਼ਿਵ ਸੈਨਾ ਦੇ ਉਮੀਦਵਾਰ ਅਤੇ ਸਾਬਕਾ ਕੇਂਦਰੀ ਮੰਤਰੀ ਅਨੰਦਰਾਓ ਅਦਸੂਲ ਨੂੰ ਹਰਾ ਕੇ ਸੱਤਾ ਵਿੱਚ ਆਏ ਸਨ। ਇਸ ਸਾਲ ਓਹ ਭਾਰਤੀ ਜਨਤਾ ਪਾਰਟੀ ਵੱਲੋਂ ਖੜ੍ਹ ਰਹੇ ਹਨ।
ਸ਼ੀਖਾਲਦਾਰਾ ਤਾਲੁਕੇ ਦੇ ਇਸ ਪਿੰਡ ਦੇ 198 ਪਰਿਵਾਰਾਂ (2011 ਜਨਗਣਨਾ) ਦੀ ਜਨਸੰਖਿਆ ਵਿੱਚੋਂ ਜ਼ਿਆਦਾਤਰ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਯੋਜਨਾ (MNREGA) ਅਧੀਨ ਅਤੇ ਥੋੜ੍ਹੇ-ਬਹੁਤ, ਜਿਨ੍ਹਾਂ ਕੋਲ ਜ਼ਮੀਨ ਹੈ, ਮੌਸਮੀ ਖੇਤੀ ਕਰਦੇ ਹਨ ਅਤੇ ਜ਼ਿਆਦਾਤਰ ਮੱਕੀ ਉਗਾਉਂਦੇ ਹਨ। ਖਾੜੀਮਾਲ ਵਿੱਚ ਬਹੁਤੇ ਪਰਿਵਾਰ ਅਨੁਸੂਚਿਤ ਕਬੀਲੇ ਨਾਲ ਸਬੰਧਤ ਹਨ ਜਿਨ੍ਹਾਂ ਨੇ ਆਪਣੀ ਬਹੁਤੀ ਜ਼ਿੰਦਗੀ ਸਾਫ ਪਾਣੀ ਅਤੇ ਬਿਜਲੀ ਤੋਂ ਸੱਖਣੀ ਹੀ ਕੱਢ ਦਿੱਤੀ ਹੈ। ਨੰਦਰਾਮ ਕੋਰਕੂ ਕਬੀਲੇ ਨਾਲ ਸਬੰਧਤ ਹਨ ਜੋ ਕੋਰਕੂ ਬੋਲੀ ਬੋਲਦੇ ਹਨ ਅਤੇ ਜਿਸ ਨੂੰ 2019 ਵਿੱਚ ਕਬਾਇਲੀ ਮਾਮਲਿਆਂ ਦੇ ਮੰਤਰਾਲੇ ਦੁਆਰਾ ਇੱਕ ਲੁਪਤ ਹੋਣ ਦੇ ਖ਼ਤਰੇ ਵਾਲੀ ਭਾਸ਼ਾ ਵਜੋਂ ਦਰਜ ਕੀਤਾ ਗਿਆ ਹੈ।
'ਅਸੀਂ ਕਿਸੇ ਵੀ ਮੰਤਰੀ ਨੂੰ ਸਾਡੇ ਪਿੰਡ ਵਿੱਚ ਪੈਰ ਨਹੀਂ ਧਰਨ ਦੇਵਾਂਗੇ। ਸਾਲਾਂ ਤੋਂ ਉਹ ਸਾਨੂੰ ਮੂਰਖ ਬਣਾਉਂਦੇ ਆ ਰਹੇ ਹਨ ਪਰ ਹੁਣ ਨਹੀਂ'
ਨੰਦਰਾਮ ਦੇ ਕੋਲ ਬੈਠੇ ਦਿਨੇਸ਼ ਬੇਲਕਰ ਕਹਿੰਦੇ ਹਨ, “ਕਿਸੇ ਬਦਲਾਅ ਨੂੰ ਊਡੀਕਦੇ ਹੋਏ ਅਸੀਂ ਪਿਛਲੇ 50 ਸਾਲਾਂ ਤੋਂ ਵੋਟ ਪਾ ਰਹੇ ਹਾਂ, ਪਰ ਹਰ ਵਾਰ ਸਾਨੂੰ ਮੂਰਖ ਬਣਾਇਆ ਜਾ ਰਿਹਾ ਹੈ।” ਉਹਨਾਂ ਨੂੰ ਆਪਣੇ 8 ਸਾਲਾ ਬੇਟੇ ਨੂੰ 100 ਕਿਲੋਮੀਟਰ ਦੂਰ ਕਿਸੇ ਬੋਰਡਿੰਗ ਸਕੂਲ ਵਿੱਚ ਪਾਉਣਾ ਪਿਆ। ਪਿੰਡ ਵਿੱਚ ਇੱਕ ਪ੍ਰਾਇਮਰੀ ਸਕੂਲ ਹੈ ਪਰ ਪੱਕੀ ਸੜਕ ਅਤੇ ਆਵਾਜਾਈ ਦੀ ਘਾਟ ਕਾਰਨ ਅਧਿਆਪਕ ਰੋਜ਼ਾਨਾ ਨਹੀਂ ਆਉਂਦੇ। “ਉਹ ਹਫਤੇ ਵਿੱਚ ਦੋ ਵਾਰ ਹੀ ਆਉਂਦੇ ਹਨ,” ਦਿਨੇਸ਼, 35, ਕਹਿੰਦੇ ਹਨ।
ਰਾਹੁਲ ਕਹਿੰਦੇ ਹਨ, “ਬਹੁਤੇ (ਸਿਆਸਤਦਾਨ) ਇੱਥੇ ਸਰਕਾਰੀ ਬੱਸਾਂ ਦੇ ਵਾਅਦੇ ਲੈ ਕੇ ਆਉਂਦੇ ਹਨ ਪਰ ਚੋਣਾਂ ਤੋਂ ਬਾਅਦ ਉਹ ਕਿਤੇ ਨਜ਼ਰ ਨਹੀਂ ਆਉਂਦੇ।” ਆਵਾਜਾਈ ਦੀ ਘਾਟ ਕਾਰਨ ਇਸ 24 ਸਾਲਾ ਮਨਰੇਗਾ ਮਜ਼ਦੂਰ ਨੂੰ ਸਮੇਂ ਸਿਰ ਕਾਗਜ਼ਾਤ ਜ਼ਮ੍ਹਾਂ ਨਾ ਕਰਵਾਉਣ ਕਾਰਨ ਕਾਲਜ ਛੱਡਣਾ ਪਿਆ ਸੀ। “ਅਸੀਂ ਸਿੱਖਿਆ ਤੋਂ ਪੂਰੀ ਤਰ੍ਹਾਂ ਦੂਰ ਹੋ ਚੁੱਕੇ ਹਾਂ,” ਉਹ ਅੱਗੇ ਕਹਿੰਦੇ ਹਨ।
“ਸਿੱਖਿਆ ਬਾਅਦ ਦੀ ਗੱਲ ਹੈ, ਸਾਨੂੰ ਪਹਿਲਾਂ ਪਾਣੀ ਦੀ ਜ਼ਰੂਰਤ ਹੈ,” ਆਪਣੀਆਂ ਭਾਵਨਾਵਾਂ ਨੂੰ ਸੰਭਾਲਦੇ ਹੋਏ ਨੰਦਰਾਮ ਉੱਚੀ ਅਵਾਜ਼ ਵਿੱਚ ਕਹਿੰਦੇ ਹਨ। ਉੱਪਰੀ ਮੇਲਘਾਟ ਇਲਾਕੇ ਵਿੱਚ ਲੰਮੇ ਸਮੇਂ ਤੋਂ ਪਾਣੀ ਦੀ ਕਿੱਲਤ ਰਹੀ ਹੈ।
ਪਿੰਡਵਾਸੀਆਂ ਨੂੰ ਪਾਣੀ ਲਿਆਉਣ ਲਈ ਰੋਜ਼ਾਨਾ 10-15 ਕਿਲੋਮੀਟਰ ਦੀ ਦੂਰੀ ਤੈਅ ਕਰਨੀ ਪੈਂਦੀ ਹੈ ਅਤੇ ਇਹ ਕਾਰਜ ਜ਼ਿਆਦਾਤਰ ਔਰਤਾਂ ਦੁਆਰਾ ਹੀ ਕੀਤਾ ਜਾਂਦਾ ਹੈ। ਪਿੰਡ ਦੇ ਕਿਸੇ ਵੀ ਘਰ ਵਿੱਚ ਟੂਟੀ ਨਹੀਂ ਹੈ। ਰਾਜ ਸਰਕਾਰ ਨੇ ਤਿੰਨ ਕਿਲੋਮੀਟਰ ਦੂਰ ਨਵਲਗਾਓਂ ਤੋਂ ਪਾਣੀ ਦੀ ਸੁਵਿਧਾ ਦੇਣ ਲਈ ਇਲਾਕੇ ਵਿੱਚ ਪਾਈਪਾਂ ਵਿਛਾਈਆਂ ਸਨ। ਪਰ ਇਹ ਪਾਈਪ ਗਰਮੀਆਂ ਦੇ ਮਹੀਨਿਆਂ ਦੌਰਾਨ ਸੁੱਕੇ ਹੀ ਰਹਿੰਦੇ ਹਨ। ਖੂਹਾਂ ਤੋਂ ਨਿਕਲਣ ਵਾਲਾ ਪਾਣੀ ਪੀਣ-ਯੋਗ ਨਹੀਂ ਹੈ। “ਜ਼ਿਆਦਾਤਰ ਸਾਨੂੰ ਭੂਰੇ ਰੰਗ ਦਾ ਪਾਣੀ ਪੀਣਾ ਪੈਂਦਾ ਹੈ।” ਦਿਨੇਸ਼ ਕਹਿੰਦੇ ਹਨ। ਜਿਸਦੇ ਸਿੱਟੇ ਵੱਜੋਂ ਬੱਚਿਆਂ ਅਤੇ ਔਰਤਾਂ ਵਿੱਚ ਦਸਤ ਅਤੇ ਟਾਈਫਾਈਡ ਵਰਗੀਆਂ ਬਿਮਾਰੀਆਂ ਦੀ ਮਾਰ ਪਈ ਹੈ।
ਖਾੜੀਮਾਲ ਦੀਆਂ ਔਰਤਾਂ ਦੇ ਦਿਨ ਦੀ ਸ਼ੁਰੂਆਤ ਸਵੇਰੇ 3-4 ਵਜੇ ਪਾਣੀ ਲਿਆਉਣ ਲਈ ਲੰਮੀ ਸੈਰ ਨਾਲ ਹੁੰਦੀ ਹੈ। “ਸਾਨੂੰ ਕਤਾਰ ਵਿੱਚ ਤਿੰਨ-ਚਾਰ ਘੰਟੇ ਇੰਤਜ਼ਾਰ ਕਰਨਾ ਪੈਂਦਾ ਹੈ ਜੋ ਸਾਡੇ ਪਹੁੰਚਣ ‘ਤੇ ਨਿਰਭਰ ਕਰਦਾ ਹੈ,” 34 ਸਾਲਾ ਨਾਮਿਆ ਰਾਮਾ ਧਿਕਾਰ ਕਹਿੰਦੀ ਹਨ। ਸਭ ਤੋਂ ਨੇੜੇ ਦਾ ਨਲਕਾ 6 ਕਿਲੋਮੀਟਰ ਦੂਰ ਹੈ। ਨਦੀਆਂ ਦੇ ਸੁੱਕਣ ਕਾਰਨ ਇਹ ਸਥਾਨ ਜੰਗਲੀ ਜਾਨਵਰ ਜਿਵੇਂ ਕਿ ਰਿੱਛ ਅਤੇ ਕਦੇ-ਕਦਾਈਂ ਉੱਪਰੀ ਮੇਲਘਾਟ ਦੇ ਸੇਮਾਦੋਹ ਟਾਈਗਰ ਰਿਜ਼ਰਵ ਤੋਂ ਆਉਣ ਵਾਲੇ ਚੀਤਿਆਂ ਦਾ ਅੱਡਾ ਬਣ ਗਿਆ ਹੈ।
ਪਾਣੀ ਲਿਆਉਣਾ ਦਿਨ ਦਾ ਸਿਰਫ ਪਹਿਲਾ ਕੰਮ ਹੈ। ਨਾਮਿਆ ਵਰਗੀਆਂ ਔਰਤਾਂ ਨੂੰ ਸਵੇਰੇ 8 ਵਜੇ ਮਨਰੇਗਾ ਸਥਾਨਾਂ ‘ਤੇ ਕੰਮ ਲਈ ਜਾਣ ਤੋਂ ਪਹਿਲਾਂ ਘਰ ਦੇ ਸਾਰੇ ਕੰਮ-ਕਾਜ ਕਰਨੇ ਪੈਂਦੇ ਹਨ। ਸਾਰਾ ਦਿਨ ਜ਼ਮੀਨ ਵਾਹੁਣ ਅਤੇ ਢੋਆ-ਢੁਆਈ ਦੇ ਕੰਮ ਤੋਂ ਬਾਅਦ ਉਹਨਾਂ ਨੂੰ ਸ਼ਾਮ ਨੂੰ 7 ਵਜੇ ਦੇ ਕਰੀਬ ਦੁਬਾਰਾ ਪਾਣੀ ਲੈਣ ਜਾਣਾ ਪੈਂਦਾ ਹੈ। ਨਾਮਿਆ ਕਹਿੰਦੀ ਹਨ, “ਸਾਨੂੰ ਅਰਾਮ ਨਹੀਂ ਮਿਲਦਾ। ਸਾਨੂੰ ਬਿਮਾਰੀ ਦੀ ਹਾਲਤ ਵਿੱਚ ਵੀ ਪਾਣੀ ਲੈਣ ਜਾਣਾ ਪੈਂਦਾ ਹੈ, ਇੱਥੋਂ ਤੱਕ ਕਿ ਗਰਭਵਤੀ ਸਥਿਤੀ ਵਿੱਚ ਵੀ ਅਤੇ ਬੱਚਾ ਜੰਮਣ ਤੋਂ ਬਾਅਦ ਵੀ। ਸਾਨੂੰ ਸਿਰਫ ਦੋ ਜਾਂ ਤਿੰਮ ਦਿਨ ਦਾ ਹੀ ਅਰਾਮ ਮਿਲਦਾ ਹੈ।”
ਇਸ ਵਾਰ ਚੋਣਾਂ ਵਿੱਚ ਨਾਮਿਆ ਨੇ ਆਪਣਾ ਇੱਕ ਪਾਸਾ ਕਰ ਲਿਆ ਹੈ। “ਮੈਂ ਉਦੋਂ ਤੱਕ ਵੋਟ ਨਹੀਂ ਪਾਵਾਂਗੀ ਜਦੋਂ ਤੱਕ ਪਿੰਡ ਵਿੱਚ ਇੱਕ ਟੂਟੀ ਨਹੀਂ ਲੱਗ ਜਾਂਦੀ।”
ਉਹਨਾਂ ਦਾ ਇਹ ਫੈਸਲਾ ਸਾਰੇ ਪਿੰਡਵਾਸੀਆਂ ਦੀ ਜ਼ੁਬਾਨ ‘ਤੇ ਗੂੰਜ ਰਿਹਾ ਹੈ।
“ਅਸੀਂ ਉਦੋਂ ਤੱਕ ਵੋਟ ਨਹੀਂ ਪਾਵਾਂਗੇ ਜਦੋਂ ਤੱਕ ਕਿ ਸਾਨੂੰ ਪੱਕੀਆਂ ਸੜਕਾਂ, ਬਿਜਲੀ ਅਤੇ ਪਾਣੀ ਦੀ ਸੁਵਿਧਾ ਨਹੀਂ ਮਿਲ ਜਾਂਦੀ,” ਬਬਨੂ ਜਮੂਕਾਰ ਕਹਿੰਦੇ ਹਨ ਜੋ ਖਾੜੀਮਾਲ ਪਿੰਡ ਦੇ ਸਾਬਕਾ ਸਰਪੰਚ ਰਹਿ ਚੁੱਕੇ ਹਨ। “ਅਸੀਂ ਕਿਸੇ ਵੀ ਸਿਆਸਤਦਾਨ ਨੂੰ ਪਿੰਡ ਵਿੱਚ ਪੈਰ ਨਹੀਂ ਧਰਨ ਦੇਵਾਂਗੇ। ਸਾਲਾਂ ਤੋਂ ਉਹ ਸਾਨੂੰ ਮੂਰਖ ਬਣਾਉਂਦੇ ਆ ਰਹੇ ਹਨ ਪਰ ਹੁਣ ਹੋਰ ਨਹੀਂ।
ਤਰਜ਼ਮਾਕਾਰ: ਇੰਦਰਜੀਤ ਸਿੰਘ