ਯਾਦ ਕਰਦੇ ਹੋਏ ਮੋਹਨਲਾਲ ਦੱਸਦੇ ਹਨ ਕਿ ਉਹ ਹਥੌੜੇ ਦੀ ਧੁਨ ਤੋਂ ਮੋਹਿਤ ਰਹੇ ਹਨ। ਥਪਕੀ ਦੀਆਂ ਅਵਾਜਾਂ ਸੁਣਦਿਆਂ ਤੇ ਇਹ ਮਹਿਸੂਸ ਕਰਦਿਆਂ ਉਹ ਵੱਡੇ ਹੋਏ ਕਿ ਇਹ ਸਾਜ ਬਣਾਉਣਾ ਉਹਨਾਂ ਦੀ ਜ਼ਿੰਦਗੀ ਦਾ ਜਨੂੰਨ ਬਣ ਜਾਵੇਗਾ।
ਮੋਹਨਲਾਲ ਦਾ ਜਨਮ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦੇ ਨੰਦ ਪਿੰਡ ਵਿੱਚ ਲੋਹਾਰਾਂ ਦੇ ਘਰ ਹੋਇਆ। ਉਹਨਾਂ ਦੱਸਿਆ ਕਿ ਅੱਠ ਸਾਲ ਦੀ ਉਮਰ ਵਿੱਚ ਹੀ ਉਹ ਇਸ ਕੰਮ ਵਿੱਚ ਪੈ ਗਏ ਸੀ ਅਤੇ ਆਪਣੇ ਮਰਹੂਮ ਪਿਤਾ, ਭਵਰਾਰਾਮ ਲੋਹਾਰ, ਨੂੰ ਹਥੌੜੇ ਤੇ ਦੂਜੇ ਸੰਦ ਫੜਾਉਣ ਵਿੱਚ ਮਦਦ ਕਰਨ ਲੱਗ ਗਏ ਸੀ। “ਮੈਂ ਕਦੇ ਸਕੂਲ ਨਹੀਂ ਗਿਆ ਅਤੇ ਇਹਨਾਂ ਸਾਜੋ-ਸਮਾਨਾਂ ਨਾਲ ਖੇਡਦਾ ਰਿਹਾ ਹਾਂ,” ਉਹ ਦੱਸਦੇ ਹਨ।
ਇਹ ਪਰਿਵਾਰ ਗਡੁਲੀਆ (ਗੱਡੀ) ਲੋਹਾਰ ਭਾਈਚਾਰੇ ਨਾਲ ਸੰਬੰਧ ਰੱਖਦਾ ਹੈ ਜੋ ਰਾਜਸਥਾਨ ਵਿੱਚ ਹੋਰ ਪੱਛੜੀਆਂ ਸ਼੍ਰੇਣੀਆਂ ਵੱਜੋਂ ਸੂਚੀਬੱਧ ਹੈ ਅਤੇ ਮਾਰਵਾੜੀ ਅਤੇ ਹਿੰਦੀ ਬੋਲਦਾ ਹੈ। ਮੋਹਨਲਾਲ ਉਦੋਂ ਗਭਰੇਟ ਅਵਸਥਾ ਵਿੱਚ ਸਨ ਜਦੋਂ ਉਹ ਪੰਜ ਦਹਾਕੇ ਪਹਿਲਾਂ 1980 ਵਿੱਚ ਹੋਰ ਕੰਮ ਦੀ ਭਾਲ ਵਿੱਚ ਜੈਸਲਮੇਰ ਆਏ ਸੀ। ਉਦੋਂ ਤੋਂ ਹੀ ਉਹ ਕਈ ਧਾਤੂਆਂ ਜਿਵੇਂ ਕਿ ਅਲੁਮੀਨੀਅਮ, ਚਾਂਦੀ, ਸਟੀਲ ਅਤੇ ਪਿੱਤਲ ਤੋਂ ਮੋਰਚੰਗ ਬਣਾ ਰਹੇ ਹਨ।
“ਲੋਹੇ ਦੇ ਟੁਕੜੇ ਨੂੰ ਮਹਿਜ਼ ਛੂਹਣ ਨਾਲ ਹੀ ਮੈਂ ਦੱਸ ਸਕਦਾ ਹਾਂ ਕਿ ਇਹ ਚੰਗਾ ਵੱਜੇਗਾ ਜਾਂ ਨਹੀਂ,” ਮੋਹਨਲਾਲ ਕਹਿੰਦੇ ਹਨ ਜਿਨ੍ਹਾਂ ਨੇ ਜੈਸਲਮੇਰ ਦੇ ਰੇਤਲੇ ਟਿੱਬਿਆਂ ਵਿੱਚ ਸੁਣਾਈ ਦੇਣ ਵਾਲਾ ਇੱਕ ਆਘਾਤੀ ਸਾਜ, ਮੋਰਚੰਗ ਨੂੰ ਅਕਾਰ ਦੇਣ ਲਈ ਗਰਮ ਲੋਹੇ ਤੇ 20,000 ਘੰਟਿਆਂ ਤੋਂ ਵੀ ਵੱਧ ਸਮੇ ਲਈ ਹਥੌੜਾ ਚਲਾਇਆ ਹੈ।
“ਇੱਕ ਮੋਰਚੰਗ ਬਣਾਉਣਾ ਔਖਾ ਕੰਮ ਹੈ,” 65 ਸਾਲਾ ਕਾਰੀਗਰ ਕਹਿੰਦੇ ਹਨ ਅਤੇ ਅੱਗੇ ਯਾਦ ਕਰਦੇ ਹਨ ਕਿ ਪਤਾ ਨਹੀਂ ਹੁਣ ਤੱਕ ਉਹਨਾਂ ਨੇ ਕਿੰਨੇ ਮੋਰਚੰਗ ਬਣਾ ਦਿੱਤੇ ਹਨ: “ਗਿਨਤੀ ਸੇ ਬਾਹਰ ਹੈਂ ਵੋ [ਗਿਣੇ ਨਹੀਂ ਜਾ ਸਕਦੇ]।”
ਇੱਕ ਮੋਰਚੰਗ (ਜਿਸ ਨੂੰ ਕਈ ਵਾਰ ਮੋਰਸਿੰਗ ਵੀ ਕਿਹਾ ਜਾਂਦਾ ਹੈ) 10 ਇੰਚ ਲੰਮਾ ਹੁੰਦਾ ਹੈ ਅਤੇ ਇਸ ਵਿੱਚ ਦੋ ਸਮਾਨਾਂਤਰ ਕਾਂਟੇ ਦੇ ਨਾਲ ਇੱਕ ਧਾਤ ਦੀ ਘੋੜੇ ਦੀ ਪੌੜ ਵਰਗੀ ਰਿੰਗ ਹੁੰਦੀ ਹੈ। ਇਹਨਾਂ ਦੇ ਵਿਚਾਲੇ ਇੱਕ ਲੋਹੇ ਦੀ ਜੀਭੀ ਹੁੰਦੀ ਹੈ ਜਿਸ ਨੂੰ ਪ੍ਰੇਰਕ ਕਿਹਾ ਜਾਂਦਾ ਹੈ ਜੋ ਇੱਕ ਸਿਰੇ ’ਤੇ ਸਥਿਰ ਹੁੰਦਾ ਹੈ। ਸਾਜੀ ਇਸ ਨੂੰ ਅੱਗੇ ਵਾਲੇ ਦੰਦਾਂ ਨਾਲ ਪਕੜਦਾ ਹੈ ਅਤੇ ਇਸ ਰਾਹੀਂ ਅੰਦਰ-ਬਾਹਰ ਸਾਹ ਲੈਂਦਾ ਹੈ। ਇੱਕ ਹੱਥ ਨਾਲ ਸਾਜੀ ਮੋਰਚੰਗ ਦੀ ਜੀਭੀ ਹਿਲਾਉਂਦਾ ਹੈ ਜਿਸ ਨਾਲ ਸੰਗੀਤਕ ਧੁਨਾਂ ਪੈਦਾ ਹੁੰਦੀਆਂ ਹਨ; ਦੂਜਾ ਹੱਥ ਲੋਹੇ ਦੀ ਰਿਮ ’ਤੇ ਪਕੜ ਰੱਖਣ ਵਿੱਚ ਮਦਦ ਕਰਦਾ ਹੈ।












