82 ਸਾਲਾ ਆਰਿਫ਼ਾ (ਬਦਲਿਆ ਨਾਮ) ਆਪਣੀ ਉਮਰ ਦੇ ਇਸ ਪੜਾਅ ਵਿੱਚ ਸਾਰਾ ਕੁਝ ਦੇਖ ਚੁੱਕੀ ਹਨ। ਉਨ੍ਹਾਂ ਦਾ ਅਧਾਰ ਕਾਰਡ ਦੱਸਦਾ ਹੈ ਕਿ ਉਹ 1 ਜਨਵਰੀ 1938 ਵਿੱਚ ਪੈਦਾ ਹੋਈ ਸਨ। ਆਰਿਫ਼ਾ ਨਹੀਂ ਜਾਣਦੀ ਕਿ ਇਹ ਸੰਨ ਸਹੀ ਹੈ ਜਾਂ ਗ਼ਲਤ, ਪਰ ਉਨ੍ਹਾਂ ਨੂੰ ਇੰਨਾ ਜ਼ਰੂਰ ਚੇਤਾ ਹੈ ਕਿ 16 ਸਾਲ ਦੀ ਉਮਰੇ ਉਹ 20 ਸਾਲਾ ਰਿਜ਼ਵਾਨ ਖ਼ਾਨ ਦੀ ਦੂਸਰੀ ਪਤਨੀ ਬਣ ਕੇ ਹਰਿਆਣਾ ਦੇ ਨੂਹ ਜ਼ਿਲਏ ਦੇ ਬੀਵਾਂ ਪਿੰਡ ਆਈ ਸਨ। ''ਮੇਰੀ ਮਾਂ ਨੇ ਰਿਜ਼ਵਾਨ ਅਤੇ ਮੇਰਾ ਵਿਆਹ ਉਦੋਂ ਕੀਤਾ ਜਦੋਂ ਮੇਰੀ ਵੱਡੀ ਭੈਣ (ਰਿਜ਼ਵਾਨ ਦੀ ਪਹਿਲੀ ਪਤਨੀ) ਅਤੇ ਉਨ੍ਹਾਂ ਦੇ ਛੇ ਬੱਚਿਆਂ ਦੀ ਮੌਤ ਵੰਡ ਦੌਰਾਨ ਮੱਚੀ ਭਗਦੜ ਵਿੱਚ ਕੁਚਲੇ ਜਾਣ ਕਾਰਨ ਹੋ ਗਈ ਸੀ,'' ਆਰਿਫ਼ਾ ਚੇਤੇ ਕਰਦਿਆਂ ਦੱਸਦੀ ਹਨ।
ਉਨ੍ਹਾਂ ਨੂੰ ਥੋੜ੍ਹਾ-ਬਹੁਤ ਇਹ ਵੀ ਚੇਤਾ ਹੈ ਕਿ ਜਦੋਂ ਮਹਾਤਮਾ ਗਾਂਧੀ ਮੇਵਾਤ ਦੇ ਇੱਕ ਪਿੰਡ ਵਿੱਚ ਆਏ ਸਨ ਅਤੇ ਮੇਵ ਮੁਸਲਮਾਨਾਂ ਨੂੰ ਕਿਹਾ ਸੀ ਕਿ ਉਹ ਪਾਕਿਸਤਾਨ ਨਾ ਜਾਣ। ਹਰਿਆਣਾ ਦੇ ਮੇਵ ਮੁਸਲਮਾਨ ਹਰ ਸਾਲ 19 ਦਸੰਬਰ ਨੂੰ ਨੂਹ ਦੇ ਘਾਸੇੜਾ ਪਿੰਡ ਵਿੱਚ ਗਾਂਧੀ ਜੀ ਦੀ ਉਸ ਯਾਤਰਾ ਦੀ ਯਾਦ ਵਿੱਚ ਮੇਵਾਤ ਦਿਵਸ (2006 ਤੱਕ ਨੂਹ ਨੂੰ ਮੇਵਾਤ ਕਿਹਾ ਜਾਂਦਾ ਸੀ) ਮਨਾਉਂਦੇ ਹਨ।
ਆਰਿਫ਼ਾ ਨੂੰ ਇਹ ਵੀ ਚੇਤਾ ਹੈ ਕਿ ਕਿਵੇਂ ਭੁੰਜੇ ਬੈਠਦੇ ਸਮੇਂ ਮਾਂ ਨੇ ਉਨ੍ਹਾਂ ਨੂੰ ਸਮਝਾਇਆ ਸੀ ਕਿ ਉਨ੍ਹਾਂ ਨੂੰ ਰਿਜ਼ਵਾਨ ਨਾਲ਼ ਵਿਆਹ ਕਿਉਂ ਕਰਨਾ ਚਾਹੀਦਾ ਹੈ। ''ਉਹਦੇ ਕੋਲ਼ ਤਾਂ ਕੁਝ ਵੀ ਨਹੀਂ ਬਚਿਆ, ਮੇਰੀ ਮਾਂ ਨੇ ਮੈਨੂੰ ਸਮਝਾਇਆ। ਮੇਰੀ ਮਾਂ ਨੇ ਮੁਝੇ ਉਸੇ ਦੇ ਦਿਆ ਫਿਰ,'' ਆਰਿਫ਼ਾ ਕਹਿੰਦੀ ਹਨ, ਇਹ ਦੱਸਦਿਆਂ ਕਿ ਕਿਵੇਂ ਬੀਵਾਂ ਉਨ੍ਹਾਂ ਦਾ ਘਰ ਬਣ ਗਿਆ ਜੋ ਕਿ ਉਨ੍ਹਾਂ ਦੇ ਪਿੰਡ ਰੇਠੋੜਾ ਤੋਂ ਕਰੀਬ 15 ਕਿਲੋਮੀਟਰ ਦੂਰ ਹੈ, ਦੋਵਾਂ ਹੀ ਪਿੰਡ ਉਸ ਜ਼ਿਲ੍ਹੇ ਦਾ ਹਿੱਸਾ ਹਨ ਜੋ ਕਿ ਦੇਸ਼ ਦੇ ਸਭ ਤੋਂ ਘੱਟ ਵਿਕਸਤ ਜ਼ਿਲ੍ਹਿਆਂ ਵਿੱਚੋਂ ਇੱਕ ਹੈ।
ਬੀਵਾਂ, ਦੇਸ਼ ਦੀ ਰਾਜਧਾਨੀ ਤੋਂ ਕਰੀਬ 80 ਕਿਲੋਮੀਟਰ ਅਰਾਵਲੀ ਪਰਬਤ ਦੀ ਤਲਹੱਟੀ ਵਿੱਚ ਹਰਿਆਣਾ-ਰਾਜਸਥਾਨ ਸੀਮਾ 'ਤੇ ਫਿਰੋਜਪੁਰ ਦੇ ਝਿਰਕਾ ਬਲਾਕ ਵਿੱਚ ਸਥਿਤ ਇੱਕ ਪਿੰਡ ਹੈ। ਦਿੱਲੀ ਤੋਂ ਨੂਹ ਜਾਣ ਵਾਲ਼ੀ ਸੜਕ ਦੱਖਣੀ ਹਰਿਆਣਾ ਦੇ ਗੁਰੂਗ੍ਰਾਮ ਤੋਂ ਹੋ ਕੇ ਲੰਘਦੀ ਹੈ ਜੋ ਭਾਰਤ ਵਿੱਚ ਤੀਜਾ ਪ੍ਰਤੀ ਵਿਅਕਤੀ ਸਭ ਤੋਂ ਵੱਧ ਆਮਦਨ ਵਾਲ਼ਾ ਇੱਕ ਵਿੱਤੀ ਅਤੇ ਉਦਯੋਗਿਕ ਕੇਂਦਰ ਹੈ, ਅਤੇ ਇਹ ਸੜਕ ਤੁਹਾਨੂੰ ਦੇਸ ਦੇ ਸਭ ਤੋਂ ਪਿਛੜੇ ਜ਼ਿਲ੍ਹੇ ਲੈ ਜਾਂਦੀ ਹੈ। ਇੱਥੋਂ ਦੇ ਹਰੇ-ਭਰੇ ਖੇਤ, ਖ਼ੁਸ਼ਕ ਪਹਾੜੀਆਂ, ਖ਼ਸਤਾ-ਹਾਲਤ ਬੁਨਿਆਦੀ ਢਾਂਚੇ ਅਤੇ ਪਾਣੀ ਦੀ ਕਿੱਲਤ ਆਰਿਫ਼ਾ ਜਿਹੇ ਕਈ ਲੋਕਾਂ ਦੇ ਜੀਵਨ ਦਾ ਹਿੱਸਾ ਹਨ।
ਮੇਵ ਮੁਸਲਿਮ ਭਾਈਚਾਰਾ ਹਰਿਆਣਾ ਦੇ ਇਸ ਇਲਾਕੇ ਅਤੇ ਗੁਆਂਢੀ ਰਾਜ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਰਹਿੰਦੇ ਹਨ। ਨੂਹ ਜ਼ਿਲ੍ਹੇ ਵਿੱਚ ਮੁਸਲਮਾਨਾਂ ਦੀ ਅਬਾਦੀ 79.2 ਫੀਸਦ (ਮਰਦਮਸ਼ੁਮਾਰੀ 2011) ਹੈ।
1970 ਦੇ ਦਹਾਕੇ ਵਿੱਚ, ਜਦੋਂ ਆਰਿਫ਼ਾ ਦੇ ਪਤੀ ਰਿਜ਼ਵਾਨ ਨੇ ਬੀਵਾਂ ਤੋਂ ਪੈਦਲ ਤੁਰ ਤੁਰ ਕੇ ਰੇਤ, ਪੱਥਰ ਅਤੇ ਸਿਲੀਕਾ ਦੀਆਂ ਖੰਦਕਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ, ਤਦ ਆਰਿਫ਼ਾ ਦੀ ਦੁਨੀਆ ਇਨ੍ਹਾਂ ਪਹਾੜੀਆਂ ਨਾਲ਼ ਘਿਰੀ ਹੋਈ ਸੀ ਅਤੇ ਉਨ੍ਹਾਂ ਦਾ ਸਭ ਤੋਂ ਵੱਡਾ ਕੰਮ ਸੀ ਪਾਣੀ ਲਿਆਉਣਾ। 22 ਸਾਲ ਪਹਿਲਾਂ ਰਿਜ਼ਵਾਨ ਦੀ ਮੌਤ ਤੋਂ ਬਾਅਦ, ਆਰਿਫ਼ਾ ਆਪਣਾ ਅਤੇ ਆਪਣੇ ਅੱਠ ਬੱਚਿਆਂ ਦਾ ਢਿੱਡ ਭਰਨ ਖ਼ਾਤਰ ਖੇਤਾਂ ਵਿੱਚ ਮਜ਼ਦੂਰੀ ਕਰਨ ਲੱਗੀ ਅਤੇ ਉਦੋਂ ਉਨ੍ਹਾਂ ਨੂੰ 10 ਤੋਂ 20 ਰੁਪਏ ਦਿਹਾੜੀ ਮਿਲ਼ਦੀ ਸੀ ਜਿਵੇਂ ਕਿ ਉਹ ਦੱਸਦੀ ਹਨ,''ਸਾਡੀ ਮਾਨਤਾ ਹੈ ਕਿ ਜਿੰਨੇ ਬੱਚੇ ਪੈਦਾ ਕਰ ਸਕਦੇ ਹੋ ਕਰੋ, ਅੱਲ੍ਹਾ ਅੰਗ-ਸੰਗ ਸਹਾਈ ਹੋਵੇਗਾ,'' ਉਹ ਦੱਸਦੀ ਹਨ।










