ਜੀਵਨਭਾਈਬਰੀਆ ਨੂੰ ਚਾਰ ਸਾਲਾਂ ਵਿਚ ਦੋ ਦਿਲ ਦੇ ਦੌਰੇ ਪਏ। ਜਦੋਂ 2018 ਵਿਚ ਉਨ੍ਹਾਂ ਨੂੰ ਪਹਿਲਾ ਦਿਲ ਦਾ ਦੌਰਾ ਪਿਆ ਤਾਂ ਆਪਣੇ ਘਰ ਵਿਚ ਹੀ ਸਨ। ਉਨ੍ਹਾਂ ਦੀ ਪਤਨੀ ਗਾਭੀਬੇਨ ਉਨ੍ਹਾਂ ਨੂੰ ਤੁਰੰਤ ਹਸਪਤਾਲ ਲੈ ਗਏ। ਅਪ੍ਰੈਲ 2022 ਵਿਚ ਉਹ ਅਰਬ ਸਾਗਰ ਵਿਚ ਉਹ ਆਪਣਾ ਬੇੜਾ (ਮੱਛੀਆਂ ਫੜਨ ਵਾਲੀ ਵੱਡੀ ਕਿਸ਼ਤੀ, ਜਿਸ ਵਿਚ ਜਾਲ ਵੀ ਲੱਗਾ ਹੁੰਦਾ ਹੈ) ਚਲਾ ਰਹੇ ਸਨ ਜਦੋਂ ਉਨ੍ਹਾਂ ਦੇ ਅਚਾਨਕ ਛਾਤੀ ਵਿਚ ਦਰਦ ਉੱਠਿਆ। ਉਨ੍ਹਾਂ ਦੇ ਇਕ ਸਾਥੀ ਨੇਬੇੜੇ ਦਾ ਸਟੇਅਰਿੰਗ ਸੰਭਾਲਿਆ ਅਤੇ ਦੂਜੇ ਸਾਥੀਆਂ ਨੇ ਉਨ੍ਹਾਂ ਨੂੰ ਘਬਰਾਹਟ ਵਿਚ ਉੱਥੇ ਹੀ ਲਿਟਾ ਦਿੱਤਾ। ਉਹ ਕਿਨਾਰੇ ਤੋਂ ਲਗਭਗ ਪੰਜ ਘੰਟੇ ਦੂਰ ਸਨ। ਮੌਤ ਹੋਣ ਤੋਂ ਪਹਿਲਾਂ ਉਹ ਦੋ ਘੰਟਿਆਂ ਤੱਕ ਇਸੇ ਤਕਲੀਫ਼ ਨਾਲ ਜੂਝਦੇ ਰਹੇ।
ਉਹੀ ਹੋਇਆ ਜਿਸਦਾ ਗਾਭੀਬੇਨ ਨੂੰ ਡਰ ਸੀ।
ਪਹਿਲੇ ਦੌਰੇ ਤੋਂ ਇਕ ਸਾਲ ਬਾਅਦ ਜਦੋਂ ਜੀਵਨਭਾਈ ਨੇ ਦੁਬਾਰਾ ਮੱਛੀਆਂ ਫੜਨ ਦਾ ਕੰਮ ਸ਼ੁਰੂ ਕੀਤਾ ਤਾਂ ਗਾਭੀਬੇਨ ਇਸ ਫ਼ੈਸਲੇ ਤੋਂ ਖ਼ੁਸ਼ ਨਹੀਂ ਸਨ। ਗਾਭੀਬੇਨ ਜਾਣਦੀ ਸਨ ਕਿ ਇਹ ਕੰਮ ਕਾਫ਼ੀ ਖ਼ਤਰੇ ਭਰਿਆ ਸੀ ਤੇ ਜੀਵਨਭਾਈ ਵੀ ਇਹ ਗੱਲ ਜਾਣਦੇ ਸਨ। ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਦੇ ਇਕ ਛੋਟੇ ਜਿਹੇ ਤੱਟਵਰਤੀ ਕਸਬੇ ਜਾਫ਼ਰਾਬਾਦ ਵਿਚ ਰਹਿਣ ਵਾਲੀ ਗਾਭੀਬੇਨ ਨੇ ਮੱਧਮ ਰੋਸ਼ਨੀ ਨਾਲ ਭਰੀ ਆਪਣੀ ਝੌਂਪੜੀ ਵਿਚ ਬੈਠੇ ਗੱਲਬਾਤ ਕਰਦਿਆਂ ਕਿਹਾ, "ਮੈਂ ਉਨ੍ਹਾਂ ਨੂੰ ਇਹ ਕੰਮ ਕਰਨ ਤੋਂ ਰੋਕਿਆ ਸੀ।"
ਕਸਬੇ ਵਿਚ ਰਹਿਣ ਵਾਲੇ ਹੋਰ ਲੋਕਾਂ ਦੀ ਤਰ੍ਹਾਂ ਹੀ ਜੀਵਨਭਾਈਵੀ ਜਾਣਦੇ ਸਨ ਕਿ ਮੱਛੀਆਂ ਫੜਨ ਦੇ ਕੰਮ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਸੀ ਜਿਸ ਨਾਲ ਉਹ 2 ਲੱਖ ਰੁਪਏ ਸਾਲਾਨਾ ਕਮਾ ਸਕਣ। 55 ਵਰ੍ਹਿਆਂ ਦੀ ਗਾਭੀਬੇਨ ਦਾ ਕਹਿਣਾ ਹੈ, “ਉਹ ਪਿਛਲੇ 40 ਸਾਲਾਂ ਤੋਂ ਇਹੀ ਕੰਮ ਕਰ ਰਹੇ ਸਨ। ਦਿਲ ਦਾ ਦੌਰਾ ਪੈਣ ਤੋਂ ਬਾਅਦ ਜਦੋਂ ਉਨ੍ਹਾਂ ਨੇ ਲਗਭਗ ਇਕ ਸਾਲ ਤੱਕ ਅਰਾਮ ਕੀਤਾ ਤਾਂ ਮੈਂ ਉਸ ਵਕਤ ਕਿਸੇ ਤਰ੍ਹਾਂ ਦਾ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਮਜ਼ਦੂਰੀ (ਮੱਛੀ ਵਪਾਰੀਆਂ ਲਈ ਮੱਛੀਆਂ ਸੁਕਾਉਣ ਦਾ ਕੰਮ) ਕੀਤੀ। ਜਦੋਂ ਉਨ੍ਹਾਂ (ਜੀਵਨਭਾਈ) ਨੇ ਸੋਚਿਆ ਕਿ ਉਹ ਹੁਣ ਠੀਕ ਹਨ ਤਾਂ ਉਨ੍ਹਾਂ ਨੇ ਕੰਮ 'ਤੇ ਵਾਪਸ ਜਾਣ ਦਾ ਫੈਸਲਾ ਕੀਤਾ।”
ਜੀਵਨਭਾਈ ਜਾਫ਼ਰਾਬਾਦ ਕਸਬੇ ਦੇ ਹੀ ਇਕ ਵੱਡੇ ਮਛਿਆਰੇ ਦੇ ਬੇੜੇ ਉੱਤੇ ਕੰਮ ਕਰਦੇ ਸਨ। ਮਾਨਸੂਨ ਰੁੱਤ ਨੂੰ ਛੱਡ ਕੇ ਸਾਲ ਦੇ ਬਾਕੀ ਅੱਠ ਮਹੀਨਿਆਂ ਲਈ ਇਹ ਕਾਮੇ ਹਰ ਵਾਰ10-15 ਦਿਨਾਂ ਲਈ ਅਰਬ ਸਾਗਰ ਵਿਚ ਬੇੜੇ ਲੈ ਕੇ ਜਾਂਦੇ ਹਨ। ਉਹ ਕਈ-ਕਈ ਹਫ਼ਤਿਆਂ ਲਈ ਆਪਣੇ ਨਾਲ ਪਾਣੀ ਅਤੇ ਭੋਜਨ ਲੈ ਜਾਂਦੇ ਹਨ।
ਗਾਭੀਬੇਨ ਆਖਦੇ ਹਨ, “ਸਮੁੰਦਰ ਵਿਚ ਏਨੇ ਦਿਨ ਦੂਰ ਰਹਿਣਾ ਹਮੇਸ਼ਾਜੋਖ਼ਮ ਭਰਿਆ ਹੁੰਦਾ ਹੈ ਜਿੱਥੇਐਮਰਜੈਂਸੀ ਸੇਵਾਵਾਂ ਵੀ ਨਹੀਂ ਹੁੰਦੀਆਂ। ਉੱਥੇ ਉਨ੍ਹਾਂ (ਮਛਿਆਰੇ) ਕੋਲ ਸਿਰਫ਼ ਮੁੱਢਲੀ ਸਹਾਇਤਾ ਕਿਟ ਹੀ ਹੁੰਦੀ ਹੈ। ਦਿਲ ਦੇ ਰੋਗੀਆਂ ਲਈ ਉੱਥੇ ਰਹਿਣਾ ਬੇਹੱਦ ਖ਼ਤਰੇ ਭਰਿਆ ਹੁੰਦਾ ਹੈ।”














