ਦੁਕਾਨ ਉੱਤੇ ਕਿਸੇ ਦੇ ਨਾਮ ਦੀ ਕੋਈ ਤਖ਼ਤੀ ਨਹੀਂ ਹੈ। ਮੁਹੰਮਦ ਅਜ਼ੀਮ ਕਹਿੰਦੇ ਹਨ, “ਇਹ ਸਿਰਫ਼ ਇੱਕ ਗੁਮਨਾਮ ਦੁਕਾਨ ਹੈ।” ਐਸਬੇਸਟਸ ਤੋਂ ਬਣੀ 8 X 8 ਦੀ ਉਸ ਦੁਕਾਨ ਦੀਆਂ ਕੰਧਾਂ ਅੰਦਰੋਂ ਧੂੜ-ਮਿੱਟੀ ਅਤੇ ਮੱਕੜੀ ਦੇ ਜਾਲ਼ਿਆਂ ਨਾਲ਼ ਢੱਕੀਆਂ ਹੋਈਆਂ ਹਨ। ਇੱਕ ਕੋਨੇ ਵਿੱਚ ਛੋਟੀ ਜਿਹੀ ਲੋਹੇ ਅਤੇ ਮਿੱਟੀ ਦੀ ਭੱਠੀ ਰੱਖੀ ਹੋਈ ਹੈ, ਵਿਚਾਲੇ ਨੀਲੀ ਤਰਪਾਲ ਨਾਲ਼ ਢੱਕੀ ਸੜੀ ਹੋਈ ਕਾਲ਼ੀ ਮਿੱਟੀ ਦਾ ਢੇਰ ਪਿਆ ਹੈ।
ਹਰ ਰੋਜ਼ ਤਕਰੀਬਨ ਸਵੇਰੇ 7 ਵਜੇ ਅਜ਼ੀਮ ਪੱਛਮੀ ਹੈਦਰਾਬਾਦ ਵਿੱਚ ਦੂਧ ਬਾਵਲੀ ਦੀਆਂ ਤੰਗ ਗਲੀਆਂ ਵਿੱਚੋਂ ਸਾਇਕਲ ਚਲਾਉਂਦੇ ਲੰਘਦੇ ਹਨ ਅਤੇ ਇਸ ਦੁਕਾਨ ਕੋਲ਼ ਆਪਣਾ ਸਾਈਕਲ ਖੜ੍ਹਾ ਕਰਦੇ ਹਨ, ਇਸਦੀ ਪਿਛਲੀ ਕੰਧ ਹਕੀਮ ਮੀਰ ਵਜ਼ੀਰ ਅਲੀ ਕਬਰਸਤਾਨ ਦੇ ਅਹਾਤੇ ਦੀ ਕੰਧ ਨਾਲ਼ ਖਹਿੰਦੀ ਹੈ।
ਇੱਥੇ, ਧੂੜ ਭਰੇ ਪਲਾਸਟਿਕ ਦੇ ਭਾਂਡਿਆਂ, ਜੰਗਾਲ਼ ਖਾਧੇ ਧਾਤੂ ਦੇ ਬਕਸੇ, ਟੁੱਟੀਆਂ ਹੋਈਆਂ ਬਾਲਟੀਆਂ ਅਤੇ ਫਰਸ਼ `ਤੇ ਖਿੰਡੇ ਹੋਏ ਔਜ਼ਾਰਾਂ ਦੇ ਵਿਚਕਾਰ ਉਹ ਧਾਤੂ ਘੜਨ ਦਾ ਆਪਣਾ ਕੰਮ ਸ਼ੁਰੂ ਕਰਦੇ ਹਨ, ਜਿਹੜੀ ਕਿ ਕੰਮ ਕਰਨ ਦੇ ਲਿਹਾਜ ਤੋਂ ਬਹੁਤ ਤੰਗ ਜਗ੍ਹਾ ਹੈ।
ਅਜ਼ੀਮ (28 ਸਾਲ) ਦੇ ਬਣਾਏ ਟੋਕਨਾਂ (ਜਾਂ ਸਿੱਕੇ) ਦੀ ਵਰਤੋਂ ਹੈਦਰਾਬਾਦ ਦੀਆਂ ਕੁਝ ਪੁਰਾਣੀਆਂ ਚਾਹ ਦੀਆਂ ਦੁਕਾਨਾਂ ਅਤੇ ਖਾਣ-ਪੀਣ ਵਾਲ਼ੀਆਂ ਦੁਕਾਨਾਂ ਅੱਜ ਵੀ ਕਰਦੀਆਂ ਹਨ। ਪੁਰਾਣੇ ਸਮੇਂ ਇਨ੍ਹਾਂ ਟੋਕਨਾਂ ਦੀ ਵਰਤੋਂ ਮਿੱਲਾਂ, ਮਿਲਟਰੀ ਆਊਟਲੇਟਾਂ, ਰੇਲਵੇ, ਬੈਂਕਾਂ, ਕਲੱਬਾਂ, ਸਹਿਕਾਰੀ ਸੰਸਥਾਵਾਂ ਵਰਗੇ ਕਈ ਹੋਰ ਅਦਾਰਿਆਂ ਵਿੱਚ ਕੀਤੀ ਜਾਂਦੀ ਸੀ। ਪਰ ਸਮੇਂ ਦੇ ਨਾਲ਼ ਲੋਕਾਂ ਦਾ ਰੁਝਾਣ ਪਲਾਸਟਿਕ ਟੋਕਨਾਂ ਜਾਂ ਕਾਗਜ਼ ਦੀਆਂ ਰਸੀਦਾਂ ਵੱਲ ਹੋਣ ਨਾਲ਼ ਇਨ੍ਹਾਂ ਦੀ ਮੰਗ ਬਹੁਤ ਜ਼ਿਆਦਾ ਘੱਟ ਗਈ ਹੈ। ਹੈਦਰਾਬਾਦ ਦੀਆਂ ਕੁਝ ਖਾਣ-ਪੀਣ ਦੀਆਂ ਦੁਕਾਨਾਂ ਵਿੱਚ ਇਨ੍ਹਾਂ ਟੋਕਨਾਂ ਦੀ ਵਰਤੋਂ ਹੁੰਦੀ ਹੈ, ਉਹ ਇਨ੍ਹਾਂ ਰਾਹੀਂ ਆਪਦੀ ਦਿਨ ਦੀ ਕਮਾਈ ਜੋੜਦੇ ਹਨ। ਜਦੋਂ ਕੋਈ ਗਾਹਕ ਖਾਣ ਦੀ ਚੀਜ਼ ਆਰਡਰ ਕਰਦਾ ਹੈ, ਤਾਂ ਉਹਨਾਂ ਨੂੰ ਉਸ ਪਕਵਾਨ ਦੇ ਹੀ ਟੋਕਨ ਦਿੱਤੇ ਜਾਂਦੇ ਹਨ।
ਅਜ਼ੀਮ, ਜਿਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਵਾਲ਼ੇ ਅਤੇ ਹੋਰ ਦੁਕਾਨਦਾਰ ਅੱਜੂ ਕਹਿੰਦੇ ਹਨ, ਦੱਸਦੇ ਹਨ ਕਿ ਉਹ ਸ਼ਹਿਰ ਦੇ ਉਨ੍ਹਾਂ ਕਾਰੀਗਰਾਂ ਵਿੱਚੋਂ ਇੱਕ ਹਨ, ਜਿਹੜੇ ਇਨ੍ਹਾਂ ਸਿੱਕਿਆਂ ਜਾਂ ਟੋਕਨਾਂ ਨੂੰ ਬਣਾਉਣ ਦਾ ਕੰਮ ਕਰਦੇ ਹਨ। ਪੂਰੇ ਹੈਦਰਾਬਾਦ ਵਿੱਚ ਹੁਣ ਸਿਰਫ਼ 10 ਤੋਂ ਵੀ ਘੱਟ ਲੋਕ ਅਜਿਹੇ ਹਨ ਜਿਹੜੇ ਅੱਜ ਵੀ ਇਹਨਾਂ ਸਿੱਕਿਆਂ ਨੂੰ ਢਾਲਣ ਵਿੱਚ ਮੁਹਾਰਤ ਰੱਖਦੇ ਹਨ।



















