“ਲੜਕੇ ਡੋਲੂ ਕੁਨਿਤਾ ਵਿੱਚ ਓਨੇ ਮਾਹਰ ਨਹੀਂ ਹਨ। ਅਸੀਂ ਉਨ੍ਹਾਂ ਨਾਲ਼ੋਂ ਵੱਧ ਬਿਹਤਰ ਹਾਂ,” 15 ਸਾਲਾ ਲਕਸ਼ਮੀ ਨੇ ਸਪੱਸ਼ਟਤਾ ਨਾਲ਼ ਕਿਹਾ।
ਉਨ੍ਹਾਂ ਦੀ ਮੁਹਾਰਤ ਝਲਕ ਵੀ ਰਹੀ ਹੈ। ਪਤਲੀਆਂ-ਕਮਜ਼ੋਰ ਜਿਹੀਆਂ ਜਾਪਦੀਆਂ ਇਨ੍ਹਾਂ ਕੁੜੀਆਂ ਨੇ ਆਪਣੇ ਲੱਕ ਦੁਆਲ਼ੇ ਭਾਰਾ ਢੋਲ਼ ਬੰਨ੍ਹਿਆ ਹੋਇਆ ਹੈ ਅਤੇ ਬੜੀ ਮੁਹਾਰਤ ਦੇ ਨਾਲ਼ ਗੋਲ਼-ਗੋਲ਼ ਘੁੰਮਦੀਆਂ ਹੋਈਆਂ ਨੱਚ ਰਹੀਆਂ ਹਨ, ਫੁਰਤੀ ਦੇ ਨਾਲ਼ ਕਲਾਬਾਜ਼ੀ ਦਿਖਾਉਂਦੀਆਂ ਹਨ। ਨਾਚ ਦੇ ਪੂਰੇ ਸਮੇਂ ਸ਼ਾਨਦਾਰ ਲੈਅ ਅਤੇ ਤਾਲ ਨਾਲ਼ ਇੱਕ ਜੁੜਾਅ ਨਜ਼ਰ ਆਉਂਦਾ ਹੈ।
ਇਹ ਸਾਰੀਆਂ ਅੱਲ੍ਹੜ ਜਿਹੀਆਂ ਕੁੜੀਆਂ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਡੀ ਜਾਪਣ ਵਾਲ਼ੀ ਕੁੜੀ ਵੀ ਅਜੇ ਬਾਲਗ਼ ਨਹੀਂ ਹੋਈ। ਹੈਰਾਨੀ ਇਸ ਗੱਲ ਦੀ ਹੈ ਕਿ ਢੋਲ ਅਤੇ ਨਾਚ ਦੀ ਜਿਹੜੀ ਸ਼ੈਲੀ ਲਈ ਸਭ ਤੋਂ ਵੱਧ ਸਰੀਰਕ ਬਲ ਦੀ ਲੋੜ ਪੈਂਦੀ ਹੈ, ਇੰਨੀ ਛੋਟੀ ਉਮਰੇ ਵੀ ਇੰਨੀ ਊਰਜਾ ਤੇ ਬੜੀਆਂ ਸੁਰਖਰੂ ਹੋ ਕੇ ਪੇਸ਼ਕਾਰੀ ਕਰ ਰਹੀਆਂ ਹਨ। ਡੋਲੂ ਕੁਨਿਤਾ ਕਰਨਾਟਕ ਦਾ ਇੱਕ ਹਰਮਨ-ਪਿਆਰਾ ਨਾਚ ਹੈ। ਕੰਨੜ ਭਾਸ਼ਾ ਵਿੱਚ ‘ਡੋਲੂ’ ਢੋਲ ਨੂੰ ਹੀ ਕਹਿੰਦੇ ਹਨ, ਜਦੋਂਕਿ ‘ਕੁਨਿਤਾ’ ਦਾ ਮਤਲਬ ਹੁੰਦਾ ਹੈ ਨਾਚ। ਇਹਨੂੰ ‘ਗੰਡੂ ਕਾਲੇ’ ਵੀ ਕਿਹਾ ਜਾਂਦਾ ਹੈ, ਜਿਹਦਾ ਅਰਥ ਹੈ “ਪੁਰਖ਼ਾਂ ਦਾ ਹੁਨਰ” ਜਾਂ “ਪੁਰਖ਼ਾਂ ਦੀ ਕਲਾ”। ਬਲਵਾਨ ਪੁਰਖ਼ 10 ਕਿਲੋਗ੍ਰਾਮ ਭਾਰੇ ਇਸ ਢੋਲ਼ ਨੂੰ ਆਪਣੇ ਲੱਕ ਦੁਆਲ਼ੇ ਬੰਨ੍ਹ ਲੈਂਦੇ ਹਨ ਅਤੇ ਬੜੀ ਫ਼ੁਰਤੀ ਨਾਲ਼ ਇਹਨੂੰ ਵਜਾਉਂਦੇ ਹੋਏ ਨੱਚਦੇ ਹਨ। ਰਵਾਇਤੀ ਸੋਚ ਤਾਂ ਇਹੀ ਕਹਿੰਦੀ ਹੈ ਕਿ ਇਸ ਨਾਚ ਨੂੰ ਕਰਨ ਲਈ ਪੁਰਖ਼ਾਂ ਦਾ ਸ਼ਕਤੀਸ਼ਾਲੀ ਅਤੇ ਤਾਕਤਵਰ ਹੋਣਾ ਜ਼ਰੂਰੀ ਹੈ।
ਖ਼ੈਰ, ਇਹੀ ਵੀ ਉਦੋਂ ਤੀਕਰ ਚੱਲਦਾ ਰਿਹਾ ਜਦੋਂ ਤੱਕ ਕਿ ਕੁਝ ਔਰਤਾਂ ਨੇ ਇਸ ਪਰੰਪਰਾ ਨੂੰ ਤੋੜਨਾ ਸ਼ੁਰੂ ਨਹੀਂ ਕਰ ਦਿੱਤਾ। ਇੱਥੇ ਹੀ ਹੇਸਰਘਟਾ ਵਿਖੇ, ਜੋ ਸ਼ਹਿਰ ਦੇ ਕੇਂਦਰ ਤੋਂ 30 ਕਿਲੋਮੀਟਰ ਦੂਰ, ਬੰਗਲੁਰੂ ਦੇ ਕੰਢਿਆਂ ‘ਤੇ ਝੋਨੇ ਦੇ ਖੇਤਾਂ ਅਤੇ ਚੁਫੇਰਿਓਂ ਗੈਂਗਲੀ ਨਾਰੀਅਲ ਦੇ ਰੁੱਖਾਂ ਨਾਲ਼ ਵਲ਼ੀ ਇੱਕ ਥਾਂ ਹੈ। ਇਸੇ ਹਰਿਆਲੀ ਦੇ ਐਨ ਵਿਚਕਾਰ ਮੌਜੂਦ ਹੈ ਕੁੜੀਆਂ ਦਾ ਉਹ ਦਲ ਜੋ ਸੱਭਿਆਚਾਰਕ ਆਦਰਸ਼ ਨੂੰ ਬਦਲਣ ਵਿੱਚ ਲੱਗਿਆ ਹੋਇਆ ਹੈ। ਇਹ ਕੁੜੀਆਂ ਸ਼ਾਇਦ ਇਸੇ ਸੋਚ ਨੂੰ ਚੁਣੌਤੀ ਦੇ ਰਹੀਆਂ ਹਨ ਕਿ ‘ਡੋਲੂ ਕੁਨਿਤਾ’ ਔਰਤਾਂ ਲਈ ਨਹੀਂ ਬਣਿਆ। ਉਨ੍ਹਾਂ ਨੇ ਪੁਰਾਣੀਆਂ ਮਾਨਤਾਵਾਂ ਨੂੰ ਨਜ਼ਰਅੰਦਾਜ਼ ਕੀਤਾ ਤੇ ਭਾਰੀ ਢੋਲ਼ ਨੂੰ ਗਲ਼ੇ ਲਾਇਆ।





