ਨੌ ਸਾਲਾ ਸ਼ਿਲਾਬਤੀ ਮੁਰਮੂ, ਚਾਚਨਪੁਰ ਪਿੰਡ ਵਿਖੇ ਹਰ ਰੋਜ਼ ਦੋ ਸਕੂਲਾਂ ਵਿੱਚ ਪੜ੍ਹਨ ਜਾਂਦੀ ਹੈ- ਇੱਕ ਸਰਕਾਰੀ ਪ੍ਰਾਇਮਰੀ ਸਕੂਲ ਤੇ ਦੂਸਰਾ 5,00 ਮੀਟਰ ਦੂਰੀ 'ਤੇ ਪੈਂਦਾ ਰੇਬਾ ਮੁਰਮੂ ਦੁਆਰਾ ਚਲਾਇਆ ਜਾਂਦਾ 'ਵਿਕਲਪਕ' ਸਕੂਲ।
ਸੰਤਾਲ ਕਿਸਾਨ ਪਰਿਵਾਰਾਂ ਦੇ 3 ਤੋਂ 12 ਸਾਲ ਦੀ ਉਮਰ ਦੇ ਕਰੀਬ 40 ਹੋਰ ਬੱਚਿਆਂ ਦੇ ਨਾਲ਼, ਸ਼ਿਲਾਬਤੀ ਗਰਮੀਆਂ ਵਿੱਚ ਸਵੇਰੇ 6 ਵਜੇ ਅਤੇ ਸਰਦੀਆਂ ਵਿੱਚ ਅੱਧੇ ਕੁ ਘੰਟੇ ਬਾਅਦ (6:30 ਵਜੇ) ਰੇਬਾ ਦੇ ਸਕੂਲ ਆਉਂਦੀ ਹੈ। ਵੱਡੇ ਬੱਚੇ ਫਰਸ਼ ਹੂੰਝਦੇ ਹਨ, ਪ੍ਰਾਰਥਨਾ ਵਿੱਚ ਟੈਗੋਰ ਦੇ ਗੀਤ ਗਾਉਂਦੇ ਹਨ- ਗੀਤ ਜੋ 'ਅੱਗ ਇੱਕ ਦਰਸ਼ਨ ਦਾ ਪੱਥਰ ਹੈ, ਮੈਨੂੰ ਇਹਨੂੰ ਛੂਹ ਕੇ ਖ਼ੁਦ ਨੂੰ ਸ਼ਬਦ ਬਣਨ ਦਿਓ' ਸਿਖਾਉਂਦਾ ਹੈ। ਬੱਸ ਇੰਝ ਹੀ ਦਿਨ ਦੇ ਸਬਕ ਦੀ ਸ਼ੁਰੂਆਤ ਹੁੰਦੀ ਹੈ। ਇਸ ਸਕੂਲ ਦਾ ਇੱਕ ਹਿੱਸਾ ਕ੍ਰੈਚ ਵੀ ਹੈ ਜਿੱਥੇ ਛੋਟੇ ਬੱਚੇ ਖੇਡਣ ਅਤੇ ਸੌਣ ਲਈ ਆ ਸਕਦੇ ਹਨ।
ਰੇਬਾੜੀ- ਜਿਵੇਂ ਹਰ ਕੋਈ ਉਨ੍ਹਾਂ ਨੂੰ ਬੁਲਾਉਂਦਾ ਹੈ- ਨੇ ਸਾਲ 2010 ਵਿੱਚ ਆਪਣੇ ਪਰਿਵਾਰ ਦੀ ਮਾਲਕੀ ਵਾਲ਼ੀ ਇੱਕ ਕੱਚੀ ਝੌਂਪੜੀ ਵਿੱਚ ਇਸ ਸਕੂਲ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੂੰ ਵਿਰਸੇ ਵਿੱਚ ਕਰੀਬ 3 ਏਕੜ ਜ਼ਮੀਨ ਮਿਲ਼ੀ ਹੈ, ਜੋ 1970 ਦੇ ਦਹਾਕੇ ਵਿੱਚ ਰਾਜ ਸਰਕਾਰ ਦੇ ਭੂਮੀ-ਮੁੜ ਵੰਡ ਪ੍ਰੋਗਰਾਮ ਤਹਿਤ ਉਨ੍ਹਾਂ ਦੇ ਪਰਿਵਾਰ ਦੇ ਨਾਮ ਤਬਦੀਲ ਹੋ ਗਈ। ਪਰ ਇੱਥੋਂ ਦੀ ਜ਼ਮੀਨ ਬਹੁਤੀ ਜਰਖ਼ੇਜ਼ ਨਹੀਂ ਹੈ। ਇਸਲਈ ਰੇਬਾ ਨੇ ਆਪਣੀ ਜ਼ਮੀਨ ਦਾ ਇੱਕ ਹਿੱਸਾ ਕੋਲਕਾਤਾ ਸਥਿਤ ਇੱਕ ਕਿਸਾਨ ਸਮੂਹ ਨੂੰ ਪਟੇ 'ਤੇ ਦੇ ਦਿੱਤਾ ਅਤੇ ਉਸ ਪੈਸੇ ਨਾਲ਼ ਇੱਕ ਸਕੂਲ ਸ਼ੁਰੂ ਕੀਤਾ। ਹੁਣ ਉਹ ਇੱਕ ਛੋਟੀ ਜਿਹੀ ਜੋਤ 'ਤੇ ਸਬਜ਼ੀਆਂ ਅਤੇ ਫਲ-ਗੋਭੀ, ਆਲੂ, ਪਪੀਤਾ ਉਗਾਉਂਦੀ ਹਨ ਅਤੇ ਉਨ੍ਹਾਂ ਨੂੰ ਸਥਾਨਕ ਮੰਡੀ ਵੇਚਦੀ ਹਨ।
ਆਪਣੇ ਪਰਿਵਾਰ ਦੀ ਮਾਮੂਲੀ ਆਮਦਨੀ ਦੇ ਬਾਵਜੂਦ, 53 ਸਾਲਾ ਰੇਬਾ, ਜੋ ਖ਼ੁਦ ਵੀ ਇੱਕ ਸੰਤਾਲ ਹੀ ਹਨ, ਕਰੀਬ 15 ਕਿਲੋਮੀਟਰ ਦੂਰ ਛਤਨਾ ਕਸਬੇ ਦੇ ਇੱਕ ਕਾਲੇਜ ਤੋਂ, ਜਿੱਥੇ ਉਹ ਸਾਈਕਲ ਚਲਾ ਕੇ ਜਾਂਦੀ ਸਨ, ਬੀਏ ਦੀ ਡਿਗਰੀ ਹਾਸਲ ਕਰਨ ਵਿੱਚ ਕਾਮਯਾਬ ਰਹੀ। ਉਨ੍ਹਾਂ ਦੇ ਦੋ ਭਰਾ ਅਤੇ ਇੱਕ ਭੈਣ- ਆਪਣੇ ਪਰਿਵਾਰਾਂ ਦੇ ਨਾਲ਼-ਨਾਲ਼ ਪੱਛਮੀ ਬੰਗਾਲ ਦੇ ਬਾਂਕੁਰਾ ਜ਼ਿਲ੍ਹੇ ਦੇ ਇਸ ਪਿੰਡ ਵਿਖੇ ਇਕੱਠਿਆਂ ਰਹਿੰਦੇ ਹਨ ਅਤੇ ਉਨ੍ਹਾਂ ਦੇ ਸਕੂਲ ਦਾ ਹਮਾਇਤ ਕਰਦੇ ਹਨ। ਇਸ ਸਕੂਲ ਦਾ ਨਾਮ ਉਨ੍ਹਾਂ ਦੀ ਮਾਂ- ਲਕਸ਼ਮੀ ਮੁਰਮੂ ਪ੍ਰਾਥਮਿਕਾ ਬਿਦਿਆਲੇ ਦੇ ਨਾਮ 'ਤੇ ਰੱਖਿਆ ਗਿਆ ਹੈ।
ਕਰੀਬ ਚਾਰ ਸਾਲ ਪਹਿਲਾਂ, ਚਾਚਨਪੁਰ ਤੋਂ ਕਰੀਬ 185 ਕਿਲੋਮੀਟਰ ਦੂਰ ਸਥਿਤ, ਕੋਲਕਾਤਾ ਸ਼ਹਿਰ ਦੇ ਦੋ ਸੰਗਠਨਾਂ ਨੇ ਕੁਝ ਪੈਸੇ ਦਾਨ ਕੀਤੇ ਅਤੇ ਤਿੰਨ ਓਪਨ (ਖੁੱਲ੍ਹੀਆਂ) ਜਮਾਤਾਂ ਬਣਵਾਉਣ ਵਿੱਚ ਸਹਾਇਤਾ ਕੀਤੀ, ਜਿੱਥੇ ਛੇ ਥੰਮ੍ਹਾਂ ਦੇ ਨਾਲ਼ ਐਸਬੇਸਟਸ ਦੀ ਛੱਤ ਪਾਈ ਗਈ। ਇਨ੍ਹਾਂ ਸੰਗਠਨਾਂ ਵਿੱਚੋਂ ਇੱਕ ਦੀ ਮਦਦ ਨਾਲ਼ ਉਨ੍ਹਾਂ ਵੱਲੋਂ ਭਰਤੀ ਕੀਤੇ ਗਏ ਦੋ ਅਧਿਆਪਕ, ਵਿਦਿਆਰਥੀਆਂ ਦੀ ਪੜ੍ਹਾਈ ਦਾ ਧਿਆਨ ਰੱਖਦੇ ਹਨ ਤੇ ਉਨ੍ਹਾਂ ਨੂੰ ਗਣਿਤ, ਬੰਗਾਲੀ, ਇਤਿਹਾਸ, ਭੂਗੋਲ ਅਤੇ ਹੋਰ ਕਈ ਵਿਸ਼ੇ ਪੜ੍ਹਾਉਂਦੇ ਹਨ। ਇਸੇ ਦਰਮਿਆਨ, ਰੇਬਾੜੀ ਬੱਚਿਆਂ ਵਾਸਤੇ ਸਵੇਰ ਅਤੇ ਸ਼ਾਮ ਦਾ ਨਾਸ਼ਤਾ ਬਣਾਉਂਦੀ ਹਨ ਜਿਵੇਂ ਗੁੜ ਨਾਲ਼ ਚੌਲ਼ ਜਾਂ ਰੋਟੀ ਅਤੇ ਸ਼ੋਰਬੇ ਨਾਲ਼ ਉਬਲੇ ਮਟਰ। ਪਕਵਾਨਾਂ ਦੀ ਸੂਚੀ ਬਦਲਦੀ ਰਹਿੰਦੀ ਹੈ।
ਸਵੇਰੇ 9.30 ਵਜੇ ਉਹ ਘਰ ਵੱਲ ਭੱਜਦੇ ਹਨ ਤੇ ਸਰਕਾਰੀ ਸਕੂਲ ਜਾਣ ਦੀਆਂ ਤਿਆਰੀਆਂ ਕੱਸਦੇ ਹਨ ਜੋਕਿ ਪਹਿਲਾ ਖ਼ਸਤਾ ਹਾਲਤ ਝੌਂਪੜੀ ਵਿੱਚ ਹੁੰਦਾ ਸੀ ਪਰ ਹੁਣ ਚਾਰ ਪੱਕੇ ਕਮਰਿਆਂ ਵਾਲ਼ਾ ਢਾਂਚਾ ਹੈ। ਇੱਥੇ, ਸਿਰਫ਼ ਇੱਕ ਬਜ਼ੁਰਗ ਅਧਿਆਪਕ, ਅਨੰਤੋ ਬਾਬੂ, ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪਾਠ ਪੜ੍ਹਾਉਣ ਲਈ ਸੰਘਰਸ਼ ਕਰਦੇ ਹਨ। ਸਰਕਾਰੀ ਸਕੂਲ ਵਿੱਚ ਪਰੋਸਿਆ ਜਾਣ ਵਾਲ਼ਾ ਮਿਡ-ਡੇਅ-ਮੀਲ਼ ਬੱਚਿਆਂ ਨੂੰ ਵੱਧ ਖਿੱਚ ਪਾਉਂਦਾ ਹੈ ਅਤੇ ਉਹ ਕਿਤਾਬਾਂ ਵੀ ਜੋ ਮੁਫ਼ਤ ਵਿੱਚ ਵੰਡੀਆਂ ਜਾਂਦੀਆਂ ਹਨ।
ਇਹ ਬੱਚੇ ਸ਼ਾਮੀਂ 4 ਵਜੇ ਤੱਕ ਮੁਰਮੂ ਦੇ ਸਕੂਲ ਮੁੜ ਆਉਂਦੇ ਹਨ। ਉਹ ਹਨ੍ਹੇਰਾ ਹੋਣ ਤੀਕਰ ਖੇਡਦੇ ਰਹਿੰਦੇ ਹਨ। ਫਿਰ ਉਨ੍ਹਾਂ ਨੂੰ ਸ਼ਾਮੀਂ ਖਾਣ ਨੂੰ ਨਿੱਕ-ਸੁੱਕ ਮਿਲ਼ਦਾ ਹੈ ਤੇ ਉਹ ਪੜ੍ਹਾਈ ਕਰਨ ਬਹਿ ਜਾਂਦੇ ਹਨ। ਰਾਤੀਂ 9 ਵਜੇ ਉਹ ਆਪਣੇ ਘਰਾਂ ਨੂੰ ਮੁੜਦੇ ਹਨ।
ਸਕੂਲ ਤੋਂ ਇਲਾਵਾ, ਰੇਬਾ ਮੁਰਮੂ ਨੇ 2008 ਵਿੱਚ ਆਪਣੇ ਪਿੰਡ ਦੀਆਂ ਔਰਤਾਂ ਨੂੰ ਇਕੱਠਿਆਂ ਲਿਆਉਣ ਲਈ, ਚਾਚਨਪੁਰ ਆਦਿਵਾਸੀ ਔਰਤ ਬਿਕਾਸ਼ ਸੋਸਾਇਟੀ ਦੀ ਵੀ ਸ਼ੁਰੂਆਤ ਕੀਤੀ। ਹੋਰ ਗਤੀਵਿਧੀਆਂ ਦੇ ਨਾਲ਼-ਨਾਲ਼, ਸੋਸਾਇਟੀ ਨੇ ਕੋਲਕਾਤਾ ਦੇ ਇੱਕ ਹੋਰ ਸੰਗਠਨ ਦੇ ਨਾਲ਼ ਰਲ਼ ਕੇ ਔਰਤਾਂ ਨੂੰ ਆਪਣੀਆਂ ਛੋਟੀਆਂ ਜੋਤਾਂ ਨੂੰ ਸਹੀ ਢੰਗ ਨਾਲ਼ ਵਰਤਣ (ਸਬਜ਼ੀਆਂ ਵਗੈਰਾ ਉਗਾਉਣ) ਦੀ ਸਿਖਲਾਈ ਦਿੱਤੀ।
ਰੇਬਾ ਨੂੰ ਉਹ ਸਮਾਂ ਚੇਤੇ ਹੈ ਜਦੋਂ ਉਨ੍ਹਾਂ ਦੀ ਚਾਚੀ, ਜੋ ਖ਼ੁਦ ਸਬਜ਼ੀ ਵੇਚਦੀ ਹਨ, ਇੱਕ ਰੁਪਏ ਦੇ ਸਿੱਕੇ ਅਤੇ 50 ਪੈਸੇ ਦੇ ਸਿੱਕੇ ਵਿਚਾਲੇ ਫ਼ਰਕ ਨਹੀਂ ਦੱਸ ਸਕੀ ਸਨ। ਇਸ ਘਰ ਵਿੱਚ ਪੜ੍ਹਨ-ਲਿਖਣ ਦਾ ਮਹੱਤਵ ਵਧਿਆ। ''ਅਸੀਂ ਜਾਣਦੇ ਹਾਂ ਕਿ ਸਰਕਾਰ ਕੋਲ਼ ਸਾਨੂੰ (ਪਿਛੜੇ ਕਬੀਲਿਆਂ) ਰੁਜ਼ਗਾਰ ਦੇਣ ਦੇ ਪ੍ਰੋਵੀਜਨ ਹਨ, ਪਰ (ਜੇ ਪੜ੍ਹੇ-ਲਿਖੇ ਹੀ ਨਾ) ਨੌਕਰੀ 'ਤੇ ਰੱਖੂ ਕੌਣ?'' ਉਹ ਸਵਾਲ ਪੁੱਛਦੀ ਹਨ। ਜੇ ਸਿਰਫ਼ ਇੱਕ ਪੀੜ੍ਹੀ ਦੀ ਸਹੀ ਢੰਗ ਨਾਲ਼ ਰਹਿਨੁਮਾਈ ਕੀਤੀ ਜਾਵੇ ਤਾਂ ਦਿਨ ਆਪਣੇ-ਆਪ ਫਿਰਨੇ ਸ਼ੁਰੂ ਹੋ ਜਾਣਗੇ, ਉਹ ਕਹਿੰਦੀ ਹਨ।
ਮਾਰਚ 2017 ਤੋਂ, ਲੇਖਕ ਇੱਕ ਅਜਿਹੇ ਸਮੂਹ ਦਾ ਹਿੱਸਾ ਰਹੇ ਹਨ ਜੋ ਰੇਬਾ ਮੁਰਮੂ ਦੇ ਸਕੂਲ ਨੂੰ ਪੈੱਨ, ਪੈਂਸਿਲ, ਕਾਪੀਆਂ, ਡ੍ਰਾਇੰਗ ਸ਼ੀਟਾਂ, ਗਰਮ ਕੱਪੜੇ, ਬੂਟ ਤੇ ਕਿਤਾਬਾਂ ਦੇ ਕੇ ਮਦਦ ਕਰਦਾ ਹੈ ; ਉਹ ਬੱਚਿਆਂ ਨੂੰ ਖਾਣਾ ਦੇਣ ਲਈ ਮਦਦ ਵਜੋਂ ਮਹੀਨੇਵਾਰ ਰਾਸ਼ੀ ਵੀ ਦਿੰਦਾ ਹੈ। ਮੁਰਮੂ ਨੇ ਮਹਿਮਾਨਾਂ ਦੇ ਰੁਕਣ ਵਾਸਤੇ ਆਪਣੇ ਘਰ ਵਿੱਚ ਹੀ ਦੋ ਕਮਰਿਆਂ ਨੂੰ ਠੀਕ-ਠਾਕ ਕਰਵਾਇਆ ਹੈ। ਲੇਖਕ ਦਾ ਸਮੂਹ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਬੇਨਤੀ ਕਰਦਾ ਹੈ ਕਿ ਉਹ ਆਪਣੇ ਬੱਚਿਆਂ ਸਮੇਤ ਚਾਚਨਪੁਰ ਜਾਣ ਤੇ ਉੱਥੇ ਰੁਕਣ ਵੀ, ਤਾਂਕਿ ਉਨ੍ਹਾਂ ਦੇ ਬੱਚੇ ਰੇਬਾੜੀ ਦੇ ਵਿਦਿਆਰਥੀਆਂ ਦੇ ਨਾਲ਼ ਦੋਸਤੀ ਕਰਨ ਤੇ '' ਆਪਣੇ ਸ਼ਹਿਰਾਂ ਤੋਂ ਬਾਹਰਲੇ ਦਬਾਵਾਂ ਤੇ ਖ਼ੁਸ਼ੀ-ਖੇੜਿਆਂ ਨੂੰ ਜਾਣ ਸਕਣ। ''
ਤਰਜਮਾ: ਕਮਲਜੀਤ ਕੌਰ