ਸ਼ਾਸਤੀ ਭੁਨੀਆਂ ਨੇ ਪਿਛਲੇ ਸਾਲ ਸਕੂਲ ਛੱਡ ਦਿੱਤਾ ਸੀ। ਉਸ ਤੋਂ ਬਾਅਦ, ਉਹ ਸੁੰਦਰਬਨ ਖੇਤਰ ਦੇ ਆਪਣੇ ਪਿੰਡ ਸੀਤਾਰਾਮਪੁਰ ਤੋਂ 2000 ਕਿਲੋਮੀਟਰ ਦੂਰ ਬੈਂਗਲੂਰ ਜਾਣ ਲਈ ਰੇਲ ਗੱਡੀ ਵਿੱਚ ਸਵਾਰ ਹੋ ਗਈ। ਉਹ ਕਹਿੰਦੀ ਹੈ,''ਅਸੀਂ ਬਹੁਤ ਹੀ ਗਰੀਬ ਹਾਂ। ਮੈਨੂੰ ਮਿਡ-ਡੇ-ਮੀਲ ਵੀ ਨਹੀਂ ਮਿਲ਼ ਸਕਿਆ।'' ਸ਼ਾਸਤੀ ਦੀ ਉਮਰ 16 ਸਾਲ ਹੈ ਅਤੇ ਉਹ ਨੌਵੀਂ ਜਮਾਤ ਵਿੱਚ ਪੜ੍ਹਦੀ ਹੈ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਪੱਛਮੀ ਬੰਗਾਲ ਅਤੇ ਪੂਰੇ ਭਾਰਤ ਵਿੱਚ, ਸਰਕਾਰੀ ਸਕੂਲਾਂ ਵਿੱਚ ਕੇਵਲ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮਿਡ -ਡੇ ਮੀਲ ਦਿੱਤਾ ਜਾਂਦਾ ਹੈ।
ਸ਼ਾਸਤੀ ਇਸ ਸਾਲ ਮਾਰਚ ਵਿੱਚ ਦੱਖਣੀ 24 ਪਰਗਣਾ ਜ਼ਿਲ੍ਹੇ ਦੇ ਕਾਕਦੀਪ ਬਲਾਕ ਵਿੱਚ ਫਿਰ ਆਪਣੇ ਪਿੰਡ ਵਾਪਸ ਮੁੜ ਆਈ। ਕਿਉਂਕਿ ਬੇਂਗਲੁਰੂ ਵਿੱਚ ਤਾਲਾਬੰਦੀ ਸ਼ੁਰੂ ਹੋ ਚੁੱਕਾ ਸੀ ਅਤੇ ਉਸ ਹੱਥੋਂ ਘਰੇਲੂ ਕਾਮੇ ਦੀ ਨੌਕਰੀ ਵੀ ਖੁੱਸ ਗਈ। ਜਿਸ ਕਰਕੇ ਉਸ ਦੀ 7000 ਮਹੀਨੇ ਦੀ ਕਮਾਈ ਵੀ ਹੱਥੋਂ ਜਾਂਦੀ ਰਹੀ ਜਿਸ ਵਿੱਚੋਂ ਉਹ ਥੋੜ੍ਹੇ ਪੈਸੇ ਆਪਣੇ ਘਰਦਿਆਂ ਨੂੰ ਭੇਜ ਦਿੰਦੀ ਸੀ।
ਸ਼ਾਸਤੀ ਦੇ ਪਿਤਾ, 44 ਸਾਲਾ ਧਨੰਜੈ ਭੁਨੀਆ ਸੀਤਾਰਾਮਪੁਰ ਦੇ ਤੱਟ 'ਤੇ ਮਛੇਰੇ ਵਜੋਂ ਕੰਮ ਕਰਦੇ ਹਨ -ਜੋ ਇੱਥੋਂ ਦੇ ਜ਼ਿਆਦਾਤਰ ਲੋਕ ਕਰਦੇ ਹਨ। ਕਦੇ-ਕਦੇ ਉਹ ਨੰਗੇ ਹੱਥਾਂ ਨਾਲ਼ ਤੇ ਕਦੇ ਛੋਟੇ ਜਾਲ਼ਾਂ ਨਾਲ਼ ਮੱਛੀਆਂ ਅਤੇ ਕੇਕੜੇ ਫੜ੍ਹ ਕੇ ਨੇੜਲੇ ਬਾਜ਼ਾਰਾਂ ਵਿੱਚ ਵੇਚ ਦਿੰਦੇ ਹਨ ਅਤੇ ਹਰ 10-15 ਦਿਨਾਂ ਬਾਅਦ ਹੀ ਘਰ ਵਾਪਸ ਆਉਂਦੇ ਹਨ।
ਉਨ੍ਹਾਂ ਦੀ ਕੱਚੀ ਝੌਂਪੜੀ ਵਿੱਚ ਧਨੰਜੈ ਦੀ ਮਾਂ ਮਹਾਰਾਣੀ ਉਨ੍ਹਾਂ ਧੀਆਂ- 21 ਸਾਲਾ ਜੰਜਲੀ, 18 ਸਾਲਾ ਸ਼ਾਸਤੀ ਅਤੇ 14 ਸਾਲਾ ਬੇਟੇ ਸੂਬ੍ਰਤ ਨਾਲ਼ ਰਹਿੰਦੀ ਹੈ। ਸੁਬ੍ਰਤ ਦੇ ਜਨਮ ਤੋਂ ਕੁਝ ਮਹੀਨਿਆਂ ਬਾਅਦ ਹੀ ਉਹਨਾਂ ਦੀ ਪਤਨੀ ਦਾ ਇੰਤਕਾਲ ਹੋ ਗਿਆ। ਧਨੰਜੈ ਆਖਦੇ ਹਨ,''ਇਸ ਟਾਪੂ 'ਤੇ ਸਾਨੂੰ ਪਹਿਲਾਂ ਜਿੰਨੀਆਂ ਮੱਛੀਆਂ ਅਤੇ ਕੇਕੜੇ ਨਹੀਂ ਲੱਭਦੇ,(ਸਾਲ ਦਰ ਸਾਲ) ਸਾਡੀ ਕਮਾਈ ਬਹੁਤ ਹੀ ਘੱਟ ਗਈ ਹੈ।'' ਉਹ ਅਜੇ ਵੀ ਹਰ ਮਹੀਨੇ 2000 ਤੋਂ 3000 ਰੁਪਏ ਹੀ ਕਮਾ ਪਾਉਂਦੇ ਹਨ। ਉਹਨਾਂ ਦੇ ਅਨੁਸਾਰ,''ਸਾਨੂੰ ਗੁਜ਼ਾਰਾ ਕਰਨ ਲਈ ਮੱਛੀਆਂ ਅਤੇ ਕੇਕੜੇ ਫੜ੍ਹਨੇ ਪੈਂਦੇ ਹਨ। ਬੱਚਿਆਂ ਨੂੰ ਸਕੂਲ ਭੇਜ ਕੇ ਸਾਨੂੰ ਕੀ ਮਿਲ਼ ਜਾਏਗਾ?”
ਇਸ ਲਈ, ਜਿਸ ਤਰ੍ਹਾਂ ਸ਼ਾਸਤੀ ਨੇ ਸਕੂਲ ਜਾਣਾ ਛੱਡ ਦਿੱਤਾ, ਉਸੇ ਤਰ੍ਹਾਂ ਹੀ ਸੁੰਦਰਬਨ ਦੀਆਂ ਜਮਾਤਾਂ ਵਿੱਚੋਂ ਵਿਦਿਆਰਥੀ ਤੇਜ਼ੀ ਨਾਲ਼ ਗਾਇਬ ਹੁੰਦੇ ਜਾ ਰਹੇ ਹਨ। ਮਿੱਟੀ ਦੇ ਵੱਧਦੇ ਹੋਏ ਖਾਰੇਪਣ ਨੇ ਖੇਤੀ ਨੂੰ ਹੋਰ ਵੀ ਔਖਾ ਬਣਾ ਦਿੱਤਾ ਹੈ। ਚੌੜੀਆਂ ਹੁੰਦੀਆਂ ਜਾ ਰਹੀਆਂ ਨਦੀਆਂ ਅਤੇ ਵਾਰ-ਵਾਰ ਆਉਂਦੇ ਚੱਕਰਵਾਤ, ਉਹਨਾਂ ਦੇ ਘਰਾਂ ਨੂੰ ਉਜਾੜਦੇ ਰਹਿੰਦੇ ਹਨ। ਸਿੱਟੇ ਵਜੋਂ, ਇਸ ਖੇਤਰ ਦੇ ਪਿੰਡਾਂ ਦੇ ਲੋਕ ਰੋਜ਼ੀ-ਰੋਟੀ ਦੀ ਭਾਲ਼ ਵਿੱਚ ਪਲਾਇਨ ਕਰੀ ਜਾ ਰਹੇ ਹਨ। ਇੱਥੋਂ ਤੱਕ ਕਿ ਬੱਚਿਆਂ-ਜੋ ਆਪਣੀ ਪੀੜ੍ਹੀ ਦੇ ਪਹਿਲੇ ਪਾੜ੍ਹੇ ਸਨ- ਨੂੰ ਵੀ ਸਕੂਲ ਜਾਣ ਦਾ ਮੌਕਾ ਮਿਲ ਨਹੀਂ ਸਕਿਆ ਅਤੇ 13 ਜਾਂ 14 ਸਾਲ ਦੀ ਉਮਰੇ ਰੁਜ਼ਗਾਰ ਦੀ ਭਾਲ਼ ਵਾਸਤੇ ਪਲਾਇਨ ਕਰਨਾ ਉਹਨਾਂ ਦੀ ਮਜ਼ਬੂਰੀ ਬਣ ਗਈ ਹੈ। ਉਹ ਫਿਰ ਦੁਬਾਰਾ ਆਪਣੀਆਂ ਜਮਾਤਾਂ ਵਿੱਚ ਵਾਪਸ ਨਹੀਂ ਪਰਤ ਸਕਦੇ।

























