ਓੜੀਸਾ ਦੇ ਬੋਲਾਂਗੀਰ ਜ਼ਿਲ੍ਹੇ ਦੇ ਧੂਸਮੁੰਡਾ ਨਾਮਕ ਇੱਕ ਬੀਹੜ ਪਿੰਡ ਦੀ ਕੱਚੀ ਝੌਂਪੜੀ ਵਿੱਚ ਆਪਣੇ ਚਾਰ ਬੱਚਿਆਂ ਨਾਲ਼ ਰਹਿਣ ਵਾਲ਼ੀ ਆਦਿਵਾਸੀ ਵਿਧਵਾ ਮਾਂ ਕਮਲਾ ਪਹਾੜੀਆ ਨਾਲ਼ ਸਾਨੂੰ ਮਿਲ਼ਿਆਂ 16 ਸਾਲ ਬੀਤ ਚੁੱਕੇ ਹਨ। ਉਸ ਵੇਲ਼ੇ, ਕਮਲਾ ਨੇ ਆਪਣੇ ਦੋ ਸਾਲਾ ਬੇਟੇ ਕੌਤੁਕ ਦੀ ਵਾਪਸੀ ਲਈ ਕੋਂਟਾਬੰਜੀ ਵਿਖੇ ਨਿਆਇਕ ਮੈਜਿਸਟ੍ਰੇਟ ਦੀ ਅਦਾਲਤ ਦਾ ਬੂਹਾ ਖੜਕਾਇਆ ਸੀ, ਜਿਹਨੂੰ ਹੈਦਰਾਬਾਦ ਵਿਖੇ ਇੱਕ ਇੱਟ-ਭੱਠਾ ਮਾਲਕ ਨੇ ਜ਼ਬਰਨ ਕੈਦ ਵਿੱਚ ਲਿਆ ਹੋਇਆ ਸੀ।

ਇਹ ਪਰਿਵਾਰ ਪਹਾੜੀਆ ਕਬੀਲੇ ਨਾਲ਼ ਤਾਅਲੁੱਕ ਰੱਖਦਾ ਹੈ, ਜੋ ਪੀੜ੍ਹੀਆਂ ਤੋਂ ਟੋਕਰੀਆਂ ਬੁਣਦੇ ਆ ਰਹੇ ਹਨ। ਉਹ ਕੰਮ ਦੀ ਭਾਲ਼ ਵਿੱਚ ਸ਼ਹਿਰ ਆਏ ਸਨ ਪਰ ਕਮਲਾ ਗਰਭਵਤੀ ਹੋ ਗਈ ਤੇ ਬੀਮਾਰ ਪੈ ਗਈ, ਤਾਂ ਉਨ੍ਹਾਂ ਨੂੰ ਪਿੰਡ ਮੁੜਨ ਲਈ ਮਜ਼ਬੂਰ ਹੋਣਾ ਪਿਆ। ਇੱਟ-ਭੱਠਾ ਮਾਲਕ ਨੇ ਉਨ੍ਹਾਂ ਵੱਲੋਂ ਲਈ ਪੇਸ਼ਗੀ ਰਕਮ ਦੀ ਪੂਰਤੀ ਵਜੋਂ ਉਨ੍ਹਾਂ ਦਾ ਬੱਚਾ ਖੋਹ ਲਿਆ।

ਅਦਾਲਤ ਨੇ ਪੁਲਿਸ ਨੂੰ ਬੱਚਾ ਛੁਡਾਉਣ ਦਾ ਆਦੇਸ਼ ਦਿੱਤਾ ਅਤੇ ਕੌਤੁਕ ਘਰ ਪਰਤ ਆਇਆ।

ਇਸ ਤੋਂ ਬਾਅਦ ਵੀ ਪਹਾੜੀਆਂ ਦੀ ਹਾਲਤ ਵਿੱਚ ਕੋਈ ਖ਼ਾਸ ਬਦਲਾਅ ਨਹੀਂ ਆਇਆ। ਕਮਰ ਭਾਈਚਾਰੇ ਵਜੋਂ ਵੀ ਜਾਣੇ ਜਾਂਦੇ ਇਸ ਕਬੀਲੇ ਨੇ ਪੂਰਬੀ ਭਾਰਤੀ ਰਾਜ ਓੜੀਸਾ ਵਿਖੇ ਪਿਛੜੇ ਕਬੀਲੇ ਦਾ ਦਰਜਾ ਹਾਸਲ ਕਰਨ ਲਈ ਸੰਘਰਸ਼ ਕੀਤਾ ਹੈ। ਛੱਤੀਸਗੜ੍ਹ ਵਿਖੇ ਉਨ੍ਹਾਂ ਦਾ ਕਬੀਲਾ ਖਾਸ ਤੌਰ 'ਤੇ ਕਮਜ਼ੋਰ ਕਬਾਇਲੀ ਸਮੂਹ (PVTG) ਵਜੋਂ ਸੂਚੀਬੱਧ ਹੈ। ਕੌਤੁਕ ਹੁਣ 18 ਸਾਲਾਂ ਦਾ ਹੋ ਚੁੱਕਿਆ ਹੈ, ਜਿਹਦੇ ਸਾਹਮਣੇ ਰੋਜ਼ੀਰੋਟੀ ਕਮਾਉਣ ਲਈ ਪ੍ਰਵਾਸ ਨੂੰ ਚੁਣਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਉਹ ਮੁੰਬਈ ਵਿਖੇ ਇੱਕ ਨਿਰਮਾਣ ਅਧੀਨ ਥਾਂ 'ਤੇ ਕੰਮ ਕਰ ਰਿਹਾ ਹੈ।

"ਅੱਠਵੀਂ ਜਮਾਤ ਵਿੱਚ ਸਕੂਲ ਛੱਡਣ ਤੋਂ ਬਾਅਦ, ਉਹ ਦੂਜੀ ਵਾਰ ਸ਼ਹਿਰ ਵਿੱਚ ਕੰਮ ਕਰਨ ਗਿਆ," ਕਮਲਾ ਕਹਿੰਦੀ ਹਨ। "ਮੈਂ ਉਸਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਇੱਕ ਨਾ ਸੁਣੀ।" ਸਥਾਨਕ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਉਸਾਰੀ ਪ੍ਰਾਜੈਕਟਾਂ 'ਤੇ ਕੰਮ ਕਰਨਾ ਪਸੰਦ ਕਰਦੇ ਹਨ-ਕਿਉਂਕਿ ਇੱਥੇ ਉਨ੍ਹਾਂ ਕੋਲ ਇੱਟਾਂ ਬਣਾਉਣ ਨਾਲ਼ੋਂ ਵਧੇਰੇ ਆਜ਼ਾਦੀ ਅਤੇ ਕੰਮ ਵੀ ਰਤਾ ਘੱਟ ਹੁੰਦਾ ਹੈ।

ਕੌਤੁਕ, ਕਮਲਾ ਦੇ ਚਾਰ ਬੱਚਿਆਂ ਵਿੱਚੋਂ ਸਭ ਤੋਂ ਵੱਡਾ ਹੈ। ਉਸ ਦੀਆਂ ਸਾਰੀਆਂ ਧੀਆਂ ਸਕੂਲੇ ਪੜ੍ਹਦੀਆਂ ਹਨ। 14 ਸਾਲ ਦੀ ਸਕਰਾਵਤੀ 9ਵੀਂ ਜਮਾਤ ਵਿੱਚ, 13 ਸਾਲ ਦੀ ਚੰਦਰਕਾਂਤੀ 8ਵੀਂ ਜਮਾਤ ਵਿੱਚ ਅਤੇ 10 ਸਾਲ ਦੀ ਪ੍ਰੇਮਲਤਾ ਚੌਥੀ ਜਮਾਤ ਵਿੱਚ ਹੈ। ਚੰਦਰਕਾਂਤੀ ਅਤੇ ਪ੍ਰੇਮਲਤਾ ਕਸਤੂਰਬਾ ਗਾਂਧੀ ਆਸ਼ਰਮ ਸਕੂਲ ਦੀਆਂ ਵਿਦਿਆਰਥਣਾਂ ਹਨ। ਇਹ ਰਿਹਾਇਸ਼ੀ ਸਕੂਲ ਮੁੱਖ ਤੌਰ 'ਤੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਹਨ। ਸਕਰਾਵਤੀ ਵੀ ਇੱਕ ਰਿਹਾਇਸ਼ੀ ਸਕੂਲ ਵਿੱਚ ਪੜ੍ਹਦੀ ਸੀ, ਪਰ ਹੁਣ ਸਾਈਕਲ 'ਤੇ ਸਵਾਰ ਹੋ ਨੇੜਲੇ ਪਿੰਡ ਦੇ ਹਾਈ ਸਕੂਲ ਜਾਂਦੀ ਹੈ।

ਇੱਕ ਸਥਾਨਕ ਵਕੀਲ, ਮਨੁੱਖੀ ਅਧਿਕਾਰ ਕਾਰਕੁਨ ਅਤੇ ਖੇਤਰ ਵਿੱਚ ਮਜ਼ਦੂਰ ਪਰਵਾਸ ਦੇ ਮਾਹਰ ਵਿਸ਼ਨੂੰ ਸ਼ਰਮਾ ਦਾ ਕਹਿਣਾ ਹੈ,"ਕਮਲਾ ਨੇ ਬਹੁਤ ਲੜਾਈ ਲੜੀ ਪਰ ਕਦੇ ਹਾਰ ਨਹੀਂ ਮੰਨੀ।" ਵਿਸ਼ਨੂੰ ਅੱਗੇ ਕਹਿੰਦੇ ਹਨ,“ਉਸਨੇ ਆਪਣੀਆਂ ਧੀਆਂ ਨੂੰ ਆਸ਼ਰਮ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਵਿਵਸਥਾ ਦੇ ਵਿਰੁੱਧ ਪੂਰੀ ਲੜੀ। ਅਧਿਕਾਰੀਆਂ ਨੇ ਸ਼ੁਰੂ ਵਿੱਚ ਦਾਖਲੇ 'ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਪਹਾੜੀਆ ਪਿਛੜੇ ਕਬੀਲੇ ਨਹੀਂ ਹਨ।

PHOTO • Purusottam Thakur

ਸਥਾਨਕ ਵਕੀਲ, ਮਨੁੱਖੀ ਅਧਿਕਾਰ ਕਾਰਕੁਨ ਵਿਸ਼ਨੂੰ ਸ਼ਰਮਾ ਨੇ ਕਿਹਾ, 'ਕਮਲਾ ਨੇ ਬਹੁਤ ਲੜਾਈ ਲੜੀ ਪਰ ਕਦੇ ਹਾਰ ਨਹੀਂ ਮੰਨੀ'

ਕਮਲਾ ਨੇ ਉਹ ਦਸਤਾਵੇਜ਼ ਪ੍ਰਾਪਤ ਕੀਤੇ ਜੋ ਦਿਖਾਉਂਦੇ ਹਨ ਕਿ ਛੱਤੀਸਗੜ੍ਹ ਵਿੱਚ ਉਨ੍ਹਾਂ ਦੀ ਜਾਤੀ ਦੇ ਲੋਕਾਂ ਨੂੰ ਪੀਵੀਟੀਜੀ ਵਜੋਂ ਮਾਨਤਾ ਪ੍ਰਾਪਤ ਹੈ। ਉਨ੍ਹਾਂ ਨੂੰ ਨੁਆਪਾੜਾ ਦੇ ਕੁਲੈਕਟਰ ਪਾਸੋਂ ਜਾਰੀ ਇੱਕ ਪੱਤਰ ਮਿਲ਼ਿਆ ਜਿਸ ਵਿੱਚ ਜ਼ਿਲ੍ਹੇ ਦੇ ਤਹਿਸੀਲਦਾਰਾਂ ਅਤੇ ਬਲਾਕ ਵਿਕਾਸ ਅਧਿਕਾਰੀਆਂ ਨੂੰ ਪਹਾੜੀਆਂ ਨੂੰ ਪਿਛੜੇ ਕਬੀਲੇ ਵਜੋਂ ਬਣਦੇ ਲਾਭ ਦੇਣ ਲਈ ਕਿਹਾ, ਜਿਸ ਵਿੱਚ ਓੜੀਸਾ ਸਰਕਾਰ ਨੇ ਪਿਛੜੇ ਕਬੀਲੇ ਤੇ ਪਿਛੜੀ ਜਾਤੀ ਵਿਕਾਸ ਵਿਭਾਗ ਦੁਆਰਾ ਪਾਸ ਮਤੇ ਦਾ ਹਵਾਲਾ ਦਿੱਤਾ ਗਿਆ ਸੀ। ਇਨ੍ਹਾਂ ਸਾਰੇ ਦਸਤਾਵੇਜ਼ਾਂ ਨੂੰ ਦੇਖਣ ਤੋਂ ਬਾਅਦ ਸਕੂਲ ਪ੍ਰਬੰਧਕਾਂ ਨੇ ਬਿਨਾਂ ਹੋ-ਹੱਲੇ ਦੇ ਲੜਕੀਆਂ ਨੂੰ ਦਾਖ਼ਲ ਕਰ ਦਿੱਤਾ।

“ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਮਿਲਣੀਆਂ ਬਹੁਤ ਮੁਸ਼ਕਲ ਹਨ। ਪਰ ਮੈਂ ਚਾਹੁੰਦੀ ਹਾਂ ਕਿ ਮੇਰੇ ਬੱਚੇ ਸਿੱਖਿਆ ਪ੍ਰਾਪਤ ਕਰਨ। ਇਸ ਲਈ ਮੈਨੂੰ ਜਿੱਥੋਂ ਤੱਕ ਲੜਨਾ ਪਿਆ ਲੜਾਂਗੀ,” 40 ਸਾਲਾ ਕਮਲਾ ਕਹਿੰਦੀ ਹਨ, ਜੋ ਖੁਦ ਛੇਵੀਂ ਜਮਾਤ ਤੱਕ ਪੜ੍ਹੀ ਹਨ।

ਇਸ ਧੂਸਮੁੰਡਾ ਪਿੰਡ ਵਿੱਚ ਬੜੋਜੋ ਦੇ 500 ਲੋਕ ਰਹਿੰਦੇ ਹਨ। ਸਿਰਫ 3/4 ਪਰਿਵਾਰ ਪਹਾੜੀਆ ਜਾਤੀ ਦੇ ਹਨ, ਬਾਕੀ ਯਾਦਵ ਅਤੇ ਘੁਮਿਆਰ ਹਨ। ਇਸ ਪਿੰਡ ਨੂੰ ਪਰਵਾਸੀ ਮਜ਼ਦੂਰਾਂ ਦੇ ਪਿੰਡ ਵਜੋਂ ਜਾਣਿਆ ਜਾਂਦਾ ਹੈ; ਸਿਰਫ਼ ਮੁੱਠੀ ਭਰ ਪਰਿਵਾਰ ਹੀ ਖੇਤੀ ਕਰਕੇ ਅਤੇ ਜੰਗਲੀ ਵਸੀਲੇ ਇਕੱਠੇ ਕਰਕੇ ਗੁਜ਼ਾਰਾ ਕਰਦੇ ਹਨ।

ਕਮਲਾ ਕੋਲ ਖੇਤੀ ਲਈ ਆਪਣੀ ਕੋਈ ਜ਼ਮੀਨ ਨਹੀਂ ਹੈ; ਜਾਇਦਾਦ ਦੇ ਨਾਮ 'ਤੇ ਉਸ ਕੋਲ਼ ਘਰ ਦੀ ਜ਼ਮੀਨ ਹੀ ਹੈ ਜੋ 3000 ਰੁਪਏ ਵਿੱਚ ਖਰੀਦੀ ਗਈ ਸੀ। ਪੁਰਾਣਾ ਮਕਾਨ ਢਾਹ ਕੇ ਨਵਾਂ ਕੱਚਾ ਘਰ ਬਣਾਇਆ ਗਿਆ ਹੈ। ਕਮਲਾ ਨੂੰ ਇੰਦਰਾ ਆਵਾਸ ਯੋਜਨਾ (ਪਿੰਡਾਂ ਵਿੱਚ ਰਹਿਣ ਵਾਲੇ ਗਰੀਬ ਪਰਿਵਾਰਾਂ ਲਈ ਕੇਂਦਰ ਸਰਕਾਰ ਦੀ ਰਿਹਾਇਸ਼ ਯੋਜਨਾ) ਜਾਂ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਲਈ ਓੜੀਸਾ ਸਰਕਾਰ ਦੀ ਚੱਲ ਰਹੀ ਮੋ ਕੁਡੀਆ ਆਵਾਸ ਯੋਜਨਾ (BPL) ਵੱਲੋਂ ਕੋਈ ਸਹਾਇਤਾ ਨਹੀਂ ਮਿਲੀ।

PHOTO • Purusottam Thakur

'ਮੈਂ ਚਾਹੁੰਦੀ ਹਾਂ ਕਿ ਮੇਰੇ ਬੱਚੇ ਸਿੱਖਿਆ ਪ੍ਰਾਪਤ ਕਰਨ। ਇਸ ਲਈ ਮੈਨੂੰ ਜਿਥੋਂ ਤੱਕ ਲੜਨਾ ਪਿਆ ਲੜਾਂਗੀ'

“ਅਸੀਂ ਮੋ ਕੁਡੀਆ ਹਾਊਸਿੰਗ ਪ੍ਰੋਜੈਕਟ ਵਿੱਚ ਘਰ ਬਣਾਉਣ ਲਈ ਅਰਜ਼ੀ ਦਿੱਤੀ ਹੈ। ਪਰ ਇਹ ਅਜੇ ਦੂਰ ਦੀ ਗੱਲ ਹੈ. ਬੇਸ਼ੱਕ ਮੈਨੂੰ ਵਿਧਵਾ ਭੱਤੇ ਵਜੋਂ 300 ਰੁਪਏ ਮਿਲਦੇ ਹਨ। ਸਾਡੇ ਕੋਲ BPL ਕਾਰਡ ਨਹੀਂ ਹੈ। ਪਹਿਲਾਂ ਹੁੰਦਾ ਸੀ, ਪਰ ਮੈਨੂੰ ਨਹੀਂ ਪਤਾ ਕਿ ਹੁਣ ਸਾਨੂੰ ਇਸਦੀ ਥਾਂ 'ਤੇ ਏਪੀਐਲ ਕਾਰਡ (ਗਰੀਬੀ ਰੇਖਾ ਤੋਂ ਉੱਪਰ ਰਹਿਣ ਵਾਲੇ ਲੋਕਾਂ ਨੂੰ ਦਿੱਤੇ ਜਾਣ ਵਾਲੇ ਸਰਕਾਰੀ ਕਾਰਡ) ਕਿਉਂ ਦਿੱਤੇ ਗਏ ਹਨ," ਕਮਲਾ ਕਹਿੰਦੀ ਹੈ।

ਇਹ ਸੱਚਮੁੱਚ ਹੈਰਾਨੀ ਦੀ ਗੱਲ ਹੈ ਕਿ ਕਮਲਾ ਕੋਲ ਬੀਪੀਐਲ ਕਾਰਡ ਨਹੀਂ ਹੈ! ਉਹ ਇੱਕ ਕਬਾਇਲੀ, ਬੇਜ਼ਮੀਨੀ ਵਿਧਵਾ ਹਨ। ਉਹ ਆਪਣੇ ਹੱਥੀਂ ਬੁਣੀਆਂ ਬਾਂਸ ਦੀਆਂ ਟੋਕਰੀਆਂ ਵੇਚ ਕੇ ਆਪਣੀ ਰੋਜ਼ੀ-ਰੋਟੀ ਕਮਾਉਂਦੀ ਹਨ। ਉਨ੍ਹਾਂ ਕਿਹਾ, “ਬਾਂਸ ਦੀ ਸਪਲਾਈ ਲੈਣ ਵਿੱਚ ਵੀ ਦਿੱਕਤ ਆ ਰਹੀ ਹੈ,” ਉਨ੍ਹਾਂ ਕਿਹਾ, “ਪਿੰਡ ਦੇ ਕੁਝ ਲੋਕਾਂ ਦੀ ਆਪਣੀ ਜ਼ਮੀਨ ਵਿੱਚ ਬਾਂਸ ਦੇ ਬਾਗ ਹਨ। ਉਹ ਹਰ ਇੱਕ ਬਾਂਸ 40-50 ਰੁਪਏ ਵਿੱਚ ਵੇਚਦੇ ਹਨ।”

ਅਸੀਂ ਕਮਲਾ ਦੀ ਨਨਾਣ ਸੁਮਿਤਰਾ ਪਹਾੜੀਆ ਨੂੰ ਵੀ ਮਿਲੇ। ਸੁਮਿੱਤਰਾ ਦਾ ਪਰਿਵਾਰ ਪੀੜ੍ਹੀਆਂ ਤੋਂ ਟੋਕਰੀਆਂ ਬਣਾ ਕੇ ਵੇਚਦਾ ਆ ਰਿਹਾ ਹੈ। ਉਹ ਕਮਲਾ ਦੇ ਪਰਿਵਾਰ ਨਾਲ ਹੈਦਰਾਬਾਦ ਵਿੱਚ ਇੱਟਾਂ ਦੇ ਭੱਠੇ ਵਿੱਚ ਕੰਮ ਕਰਨ ਲਈ ਵੀ ਗਏ ਸਨ। ਕਮਲਾ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਇੱਟਾਂ ਦਾ ਕੰਮ ਛੱਡਣ ਤੋਂ ਬਾਅਦ ਵੀ ਸੁਮਿਤਰਾ ਨੇ ਛੇ ਸਾਲ ਉੱਥੇ ਕੰਮ ਕੀਤਾ।

ਬਰਸਾਤਾਂ ਤੋਂ ਠੀਕ ਪਹਿਲਾਂ ਭੱਠਾ ਮਜ਼ਦੂਰ ਆਪਣੇ ਪਿੰਡਾਂ ਨੂੰ ਪਰਤ ਜਾਂਦੇ ਹਨ। ਪਰ ਪਿੰਡ ਵਿੱਚ ਉਨ੍ਹਾਂ ਲਈ ਕੋਈ ਕੰਮ ਨਹੀਂ ਹੁੰਦਾ, ਬਰਸਾਤਾਂ ਤੋਂ ਬਾਅਦ ਵੀ ਇਹੀ ਸਥਿਤੀ ਬਣੀ ਰਹਿੰਦੀ ਹੈ। ਸੁਮਿੱਤਰਾ ਦੇ ਪਰਿਵਾਰ ਨੇ ਪਿਛਾਂਹ (ਇੱਟ-ਭੱਠੇ 'ਤੇ) ਰਹਿਣ ਦਾ ਫੈਸਲਾ ਕੀਤਾ ਅਤੇ ਲਾਰੀਆਂ ਵਿੱਚ ਇੱਟਾਂ ਲੱਦਣ ਦਾ ਕੰਮ ਕੀਤਾ। "ਜਦੋਂ ਸਾਡੀ ਵੱਡੀ ਧੀ ਉਰਵਸ਼ੀ ਦੀ ਉਮਰ ਵਿਆਹ ਦੀ ਹੋ ਗਈ ਤਾਂ ਅਸੀਂ ਪਿੰਡ ਵਾਪਸ ਆਏ।"

ਉਰਵਸ਼ੀ ਦਾ ਵਿਆਹ ਕੁਝ ਸਾਲ ਪਹਿਲਾਂ ਜਲਧਰ ਪਹਾੜੀਆ ਨਾਲ ਹੋਇਆ ਸੀ ਅਤੇ ਉਨ੍ਹਾਂ ਦਾ ਇਕ ਸਾਲ ਦਾ ਬੱਚਾ ਹੈ। ਜਲਧਰ ਵੀ ਪ੍ਰਵਾਸੀ ਮਜ਼ਦੂਰ ਹੈ, ਇਸ ਲਈ ਉਰਵਸ਼ੀ ਆਪਣੀ ਮਾਂ ਨਾਲ ਰਹਿੰਦੀ ਹੈ। ਉਸ ਦੇ ਸਹੁਰੇ ਘਰ ਦੀ ਆਰਥਿਕ ਹਾਲਤ ਬਹੁਤ ਮਾੜੀ ਹੈ, ਸਾਰੇ ਦਿਹਾੜੀਦਾਰ ਹਨ।

ਸੁਮਿਤਰਾ ਅਤੇ ਅਭੀ ਪਹਾੜੀਆ ਦੇ ਦੋ ਹੋਰ ਬੱਚੇ ਹਨ, ਦਸ ਸਾਲਾ ਨੀਲੇਦਰੀ ਅਤੇ ਚਾਰ ਸਾਲਾ ਲਿੰਗਰਾਜ। ਇਨ੍ਹਾਂ ਵਿੱਚੋਂ ਕੋਈ ਵੀ ਪੜ੍ਹਿਆ-ਲਿਖਿਆ ਨਹੀਂ ਹੈ। "ਉਰਵਸ਼ੀ ਅਜੇ ਵੀ ਆਪਣੀ ਅਨਪੜ੍ਹਤਾ ਲਈ ਸਾਡੇ 'ਤੇ ਦੋਸ਼ ਲਾਉਂਦੀ ਹੈ," ਸੁਮਿਤਰਾ ਨੇ ਕਬੂਲ ਕੀਤਾ। “ਆਂਧਰਾ ਪ੍ਰਦੇਸ਼ ਵਿੱਚ ਛੇ ਸਾਲਾਂ ਦੌਰਾਨ, ਸਾਡੇ ਕਿਸੇ ਵੀ ਬੱਚੇ ਨੂੰ ਸਕੂਲ ਵਿੱਚ ਦਾਖਲ ਕਰਵਾਉਣਾ ਸੰਭਵ ਨਹੀਂ ਸੀ। ਪਰ ਅਸੀਂ ਆਪਣੇ ਛੋਟੇ ਮੁੰਡੇ ਨੂੰ ਪੜ੍ਹਾਵਾਂਗੇ। ਅਸੀਂ ਨੀਲੇਦਰੀ ਨੂੰ ਵੀ ਸਕੂਲ ਵਿੱਚ ਦਾਖ਼ਲ ਕਰਵਾਉਣਾ ਚਾਹੁੰਦੇ ਹਾਂ, ਪਰ ਉਹ ਨਹੀਂ ਮੰਨ ਰਹੀ, ਉਹ ਕਹਿੰਦੀ ਹੈ ਕਿ ਦਾਖ਼ਲੇ ਦੀ ਉਮਰ ਲੰਘ ਚੁੱਕੀ ਹੈ।"

ਜਦੋਂ ਅਸੀਂ ਗੱਲਾਂ ਕਰ ਰਹੇ ਸੀ ਤਾਂ ਸੁਮਿੱਤਰਾ ਦਾ ਪਤੀ ਦੋ ਛੋਟੀਆਂ ਮੱਛੀਆਂ ਲੈ ਕੇ ਵਾਪਸ ਆ ਗਿਆ। ਉਸਨੇ ਕਿਹਾ, "ਮੈਂ ਪਿੰਡ ਵਾਲਿਆਂ ਦੀ ਛੱਪੜ ਵਿੱਚੋਂ ਮੱਛੀਆਂ ਫੜਨ ਵਿੱਚ ਮਦਦ ਕੀਤੀ, ਬਦਲੇ ਵਿੱਚ ਉਨ੍ਹਾਂ ਮੈਨੂੰ ਦੋ ਮੱਛੀਆਂ ਦੇ ਦਿੱਤੀਆਂ।"

ਸੁਮਿਤਰਾ ਇਸ ਗੱਲ ਤੋਂ ਬਿਲਕੁਲ ਵੀ ਖੁਸ਼ ਨਹੀਂ ਹੈ ਕਿ ਉਰਵਸ਼ੀ ਦਾ ਪਤੀ ਪ੍ਰਵਾਸੀ ਮਜ਼ਦੂਰ ਹੈ। ਪਰ ਉਹ ਕੀ ਕਰ ਸਕਦੇ ਹਨ? ਉਹ ਕਹਿੰਦੀ ਹਨ, “ਸਾਰੇ ਬੇਘਰ ਕਾਮੇ ਗਲੀ ਦੇ ਕੁੱਤਿਆਂ ਵਾਂਗ ਹਨ। ਆਪਣੀ ਭੁੱਖ ਮਿਟਾਉਣ ਲਈ ਉਹ ਸੜਕਾਂ 'ਤੇ ਘੁੰਮਦੇ ਹਨ ਅਤੇ ਮਰਦੇ ਹਨ। ਉਨ੍ਹਾਂ ਨੂੰ ਉਦੋਂ ਤੱਕ ਕੰਮ ਕਰਨਾ ਜਾਰੀ ਰੱਖਣਾ ਪੈਂਦਾ ਜਦੋਂ ਤੱਕ ਖੂਨ ਖਤਮ ਨਹੀਂ ਹੋ ਜਾਂਦਾ।''

ਤਰਜਮਾ: ਕਮਲਜੀਤ ਕੌਰ

Purusottam Thakur

पुरुषोत्तम ठाकूर २०१५ सालासाठीचे पारी फेलो असून ते पत्रकार आणि बोधपटकर्ते आहेत. सध्या ते अझीम प्रेमजी फौडेशनसोबत काम करत असून सामाजिक बदलांच्या कहाण्या लिहीत आहेत.

यांचे इतर लिखाण पुरुषोत्तम ठाकूर
Translator : Kamaljit Kaur

कमलजीत कौर पंजाबच्या रहिवासी असून मुक्त अनुवादक आहेत. त्यांनी पंजाबी साहित्यामध्ये एमए केलं आहे. समाज न्याय आणि समताधिष्ठित असावा असा त्यांचा ठाम विश्वास असून तो प्रत्यक्षात आणण्यासाठी त्या कार्यरत असतात.

यांचे इतर लिखाण Kamaljit Kaur