ਕੀ ਸਾਈਕਲ 'ਤੇ ਪੈਡਲ ਮਾਰਨਾ ਹੀ ਸਮਾਜਿਕ ਅੰਦੋਲਨ ਹੋ ਜਾਣਾ ਹੁੰਦਾ ਹੈ? ਗੱਲ ਅਤਿ-ਕਥਨੀ ਜਾਪਦੀ ਹੈ। ਹੋ ਵੀ ਸਕਦਾ ਹੈ। ਪਰ, ਇਹ ਗੱਲ ਤਮਿਲਨਾਡੂ ਦੇ ਪੁਦੁਕੋਟਾਈ ਦੀਆਂ ਹਜ਼ਾਰਾਂ ਅਜਿਹੀਆਂ ਗ੍ਰਾਮੀਣ ਔਰਤਾਂ ਵਾਸਤੇ ਕੋਈ ਅਲੋਕਾਰੀ ਨਹੀਂ ਹੈ ਜੋ ਨਵ-ਸਿੱਖਿਅਤ (ਆਪਣੀ ਉਮਰ ਦੇ ਇਸ ਪੜਾਅ ਵਿੱਚ ਸਿੱਖਿਆ ਹਾਸਲ ਕਰਨਾ) ਹਨ। ਲੋਕ ਅਕਸਰ ਆਪਣੀ ਰੂੜੀਵਾਦੀ ਵਿਚਾਰਾਂ ਵਿੱਚੋਂ ਨਿਕਲ਼ਣ ਦੇ ਅਤੇ ਪਿਛਾਂਹ-ਖਿੱਚੂ ਸੋਚ 'ਤੇ ਸੱਟ ਮਾਰਨ, ਵਿਦਰੋਹ ਕਰਨ ਅਤੇ ਆਪਣੀਆਂ ਬੇੜੀਆਂ ਨੂੰ ਲਾਹ ਸੁੱਟਣ ਦੇ ਨਿਰਾਲੇ ਰਾਹ ਲੱਭ ਹੀ ਲੈਂਦੇ ਹਨ।
ਭਾਰਤ ਦੇ ਸਭ ਤੋਂ ਗ਼ਰੀਬ ਜ਼ਿਲ੍ਹਿਆਂ ਵਿੱਚੋਂ ਇੱਕ ਪੁਦੁਕੋਟਾਈ ਦੀਆਂ ਗ੍ਰਾਮੀਣ ਔਰਤਾਂ ਦੁਆਰਾ ਸਾਈਕਲ 'ਤੇ ਪੈਡਲ ਮਾਰਨਾ ਉਸ ਰੂੜ੍ਹੀਵਾਦੀ ਸੋਚ ਨੂੰ ਪਿਛਾਂਹ ਸੁੱਟਣ ਦਾ ਇੱਕ ਜ਼ਰੀਆ ਹੈ। ਪਿਛਲੇ 18 ਮਹੀਨਿਆਂ ਵਿੱਚ ਕਰੀਬ 1 ਲੱਖ ਗ੍ਰਾਮੀਣ ਔਰਤਾਂ ਨੇ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਔਰਤਾਂ ਨਵ-ਸਿੱਖਿਅਤ ਹਨ, ਸਾਈਕਲ ਚਲਾਉਣ ਨੂੰ ਆਪਣੀ ਆਤਮ-ਨਿਰਭਰਤਾ, ਅਜ਼ਾਦੀ ਅਤੇ ਗਤੀਸ਼ੀਲਤਾ ਦਾ ਪ੍ਰਤੀਕ ਬਣਾ ਲਿਆ ਹੈ। ਜੇ ਅਸੀਂ ਦਸ ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਨੂੰ ਇੱਕ ਪਾਸੇ ਰੱਖ ਕੇ ਦੇਖੀਏ, ਤਾਂ ਇਹਦਾ ਮਤਲਬ ਹੈ ਕਿ ਇਸ ਜ਼ਿਲ੍ਹੇ ਵਿੱਚ ਸਾਰੀਆਂ ਗ੍ਰਾਮੀਣ ਔਰਤਾਂ ਦੇ ਚੌਥਾਈ ਹਿੱਸੇ ਨੇ ਸਾਈਕਲ ਚਲਾਉਣਾ ਸਿੱਖ ਲਿਆ ਹੈ। 70,000 ਤੋਂ ਵੱਧ ਔਰਤਾਂ ਨੇ ਆਪਣੇ ਨਵੇਂ-ਹੁਨਰਾਂ ਨੂੰ ਬੜੇ ਫ਼ਖਰ ਨਾਲ਼ ਪੇਸ਼ ਕਰਨ ਲਈ 'ਪ੍ਰਦਰਸ਼ਨੀ-ਪ੍ਰਤੀਯੋਗਤਾ' ਵਿੱਚ ਹਿੱਸਾ ਲਿਆ ਹੈ। ਅਜੇ ਵੀ ਸਿਖਲਾਈ ਦਾ ਇਹ ਕੈਂਪ ਚੱਲ ਰਿਹਾ ਹੈ ਅਤੇ ਸਿੱਖਣ ਦੀ ਇੱਛਾ ਵੀ ਜਾਰੀ ਹੈ।
ਪੁਦੁਕੋਟਾਈ ਦੇ ਗ੍ਰਾਮੀਣ ਇਲਾਕਿਆਂ ਦੇ ਕੇਂਦਰ ਵਿੱਚ ਰੂੜ੍ਹੀਵਾਦੀ ਪਿੱਠਭੂਮੀ ਤੋਂ ਆਉਣ ਵਾਲ਼ੀਆਂ ਨੌਜਵਾਨ ਮੁਸਲਿਮ ਔਰਤਾਂ ਆਪਣੇ ਸਾਈਕਲ 'ਤੇ ਸਵਾਰ ਹੋ ਸੜਕਾਂ 'ਤੇ ਘੁੰਮਦੀਆਂ ਹਨ। ਉਨ੍ਹਾਂ ਵਿੱਚੋਂ ਕਈ ਔਰਤਾਂ ਨੇ ਸਾਈਕਲ ਚਲਾਉਣ ਵਾਸਤੇ ਬੁਰਕਾ ਪਾਉਣਾ ਛੱਡ ਦਿੱਤਾ ਹੈ। ਸਾਈਕਲ ਚਲਾਉਣ ਵਾਲ਼ੀ ਇੱਕ ਨੌਜਵਾਨ ਮੁਸਲਿਮ ਲੜਕੀ ਜਮੀਲਾ ਬੀਬੀ ਮੈਨੂੰ ਕਹਿੰਦੀ ਹਨ: ''ਇਹ ਮੇਰਾ ਅਧਿਕਾਰ ਹੈ। ਅਸੀਂ ਕਿਤੇ ਵੀ ਜਾ ਸਕਦੀਆਂ ਹਾਂ। ਹੁਣ ਸਾਨੂੰ ਬੱਸ ਦੀ ਉਡੀਕ ਕਰਨ ਦੀ ਲੋੜ ਨਹੀਂ। ਜਦੋਂ ਮੈਂ ਸਾਈਕਲ ਦੇ ਪੈਡਲ 'ਤੇ ਪੈਰ ਟਿਕਾਇਆ ਤਾਂ ਲੋਕਾਂ ਨੇ ਭੱਦੇ ਇਸ਼ਾਰੇ ਕੀਤੇ ਪਰ ਮੈਂ ਕੋਈ ਧਿਆਨ ਨਾ ਦਿੱਤਾ।''
ਫ਼ਾਤਿਮਾ ਸੈਕੰਡਰੀ ਸਕੂਲੀ ਅਧਿਆਪਕਾ ਹਨ, ਉਨ੍ਹਾਂ ਨੂੰ ਸਾਈਕਲ ਚਲਾਉਣ ਦਾ ਇੰਨਾ ਸ਼ੌਕ ਹੈ ਕਿ ਉਹ ਹਰ ਸ਼ਾਮੀਂ ਅੱਧੇ ਘੰਟੇ ਲਈ ਕਿਰਾਏ 'ਤੇ ਸਾਈਕਲ ਲੈਂਦੀ ਹਨ (ਉਹ ਹਾਲੇ ਤੱਕ ਆਪਣਾ ਸਾਈਕਲ ਤੱਕ ਨਹੀਂ ਖ਼ਰੀਦ ਸਕੀ ਹਨ, ਇੱਕ ਸਾਈਕਲ ਦੀ ਕੀਮਤ 1,200 ਰੁਪਏ ਤੋਂ ਵੱਧ ਆਉਂਦੀ ਹੈ)। ਉਹ ਕਹਿੰਦੀ ਹਨ,''ਸਾਈਕਲ ਚਲਾਉਣ ਨਾਲ਼ ਮੈਨੂੰ ਅਜ਼ਾਦੀ ਦਾ ਅਹਿਸਾਸ ਹੁੰਦਾ ਹੈ। ਹੁਣ ਅਸੀਂ ਕਿਸੇ 'ਤੇ ਨਿਰਭਰ ਨਹੀਂ ਹਾਂ। ਮੈਂ ਇਹਨੂੰ ਚਲਾਉਣ ਕਦੇ ਨਹੀਂ ਛੱਡ ਸਕਦੀ।'' ਜਮੀਲਾ, ਫ਼ਾਤਿਮਾ ਅਤੇ ਉਨ੍ਹਾਂ ਦੀ ਦੋਸਤ ਅਵਾਕੰਨੀ, ਤਿੰਨਾਂ ਨੇ ਆਪਣੀ ਉਮਰ ਦੇ 20ਵੇਂ ਸਾਲ ਵਿੱਚ ਪੈਰ ਰੱਖਿਆ ਹੈ ਅਤੇ ਆਪਣੇ ਭਾਈਚਾਰੇ ਦੀਆਂ ਹੋਰਨਾਂ ਜਵਾਨ ਕੁੜੀਆਂ ਨੂੰ ਸਾਈਕਲ ਚਲਾਉਣਾ ਸਿਖਾ ਚੁੱਕੀਆਂ ਹਨ।





