''ਨਹੀਂ, ਕਰਫ਼ਿਊ ਸਾਡੇ ਲਈ ਨਹੀਂ ਹੈ। ਅਸੀਂ ਇੱਕ ਦਿਨ ਦੀ ਵੀ ਛੁੱਟੀ ਨਹੀਂ ਲੈ ਸਕਦੇ। ਆਖ਼ਰ ਲੋਕਾਂ ਦਾ ਸੁਰੱਖਿਅਤ ਰਹਿਣ ਵੀ ਤਾਂ ਜ਼ਰੂਰੀ ਹੈ ਅਤੇ ਉਹਦੇ ਵਾਸਤੇ ਸਾਨੂੰ ਸ਼ਹਿਰ ਸਾਫ਼ ਕਰਦੇ ਰਹਿਣਾ ਹੋਵੇਗਾ,'' ਚੇਨੱਈ ਦੇ ਥਾਊਜ਼ੈਂਡ ਲਾਈਟਸ ਇਲਾਕੇ ਵਿੱਚ ਕੰਮ ਕਰਨ ਵਾਲ਼ੀ ਇੱਕ ਸਫ਼ਾਈ ਕਰਮੀ, ਦੀਪਿਕਾ ਕਹਿੰਦੀ ਹਨ।
22 ਮਾਰਚ ਨੂੰ 'ਜਨਤਾ ਕਰਫ਼ਿਊ' ਦੌਰਾਨ ਲਗਭਗ ਪੂਰਾ ਦੇਸ਼ ਆਪੋ-ਆਪਣੇ ਘਰਾਂ ਵਿੱਚ ਸੀ- ਸਿਰਫ਼ ਸ਼ਾਮ ਦੇ 5 ਵਜੇ ਨੂੰ ਛੱਡ ਕੇ ਜਦੋਂ ਸਿਹਤ ਕਰਮੀਆਂ ਦੇ ਪ੍ਰਤੀ 'ਸ਼ੁਕਰਗੁਜ਼ਾਰੀ' ਪ੍ਰਗਟ ਕਰਨ ਲਈ ਭੀੜ ਇਕੱਠੀ ਹੋ ਗਈ ਸੀ। ਸਫ਼ਾਈ ਕਰਮੀ, ਜੋ ਉਨ੍ਹਾਂ ਲੋਕਾਂ ਵਿੱਚੋਂ ਸਨ ਜਿਨ੍ਹਾਂ ਲਈ ਇਹ ਸ਼ੁਕਰਗੁਜ਼ਾਰੀ ਦੀ ਵਰਖਾ ਹੋ ਰਹੀ ਸੀ, ਪੂਰਾ ਦਿਨ ਸ਼ਹਿਰ ਦੀ ਸਾਫ਼-ਸਫ਼ਾਈ ਵਿੱਚ ਲੱਗੇ ਹੋਏ ਸਨ। ''ਸਾਡੀਆਂ ਸੇਵਾਵਾਂ ਦੀ ਪਹਿਲਾਂ ਤੋਂ ਹੀ ਕਿਤੇ ਵੱਧ ਲੋੜ ਹੈ,'' ਦੀਪਿਕਾ ਕਹਿੰਦੀ ਹਨ। ''ਅਸੀਂ ਇਨ੍ਹਾਂ ਗਲ਼ੀਆਂ ਵਿੱਚੋਂ ਵਾਇਰਸ ਨੂੰ ਹੂੰਝ ਸੁੱਟਣਾ ਹੈ।''
ਹਰ ਦਿਨ ਵਾਂਗ, ਦੀਪਿਕਾ ਅਤੇ ਉਨ੍ਹਾਂ ਜਿਹੇ ਹੋਰ ਸਫ਼ਾਈ ਕਰਮੀ ਬਗ਼ੈਰ ਕਿਸੇ ਸੁਰੱਖਿਆ ਉਪਕਰਣਾਂ ਦੇ ਸੜਕਾਂ ਦੀ ਸਫ਼ਾਈ ਕਰ ਰਹੇ ਸਨ। ਪਰ ਜ਼ਿਆਦਾਤਰ ਦਿਨਾਂ ਤੋਂ ਉਲਟ, ਚੀਜ਼ਾਂ ਬਦ ਤੋਂ ਬਦਤਰ ਹੁੰਦੀਆਂ ਚਲ਼ੀਆਂ ਗਈਆਂ। ਰਾਸ਼ਟਰ-ਵਿਆਪੀ ਤਾਲਾਬੰਦੀ ਹੋਣ ਕਾਰਨ ਕਰਕੇ, ਕਈ ਕਰਮਚਾਰੀਆਂ ਨੂੰ ਕੰਮ 'ਤੇ ਅਪੜਨ ਲਈ ਉਨ੍ਹਾਂ ਵਾਹਨਾਂ 'ਤੇ ਚੜ੍ਹ ਕੇ ਜਾਣਾ ਪਿਆ ਜਿਨ੍ਹਾਂ ਵਿੱਚ ਕੂੜਾ ਲਿਜਾਇਆ ਜਾਂਦਾ ਹੈ। ਕਈ ਲੋਕ ਕਿੰਨੇ ਕਿੰਨੇ ਕਿਲੋਮੀਟਰ ਪੈਦਲ ਤੁਰ ਕੇ ਕੰਮ 'ਤੇ ਪਹੁੰਚੇ। ''22 ਮਾਰਚ ਨੂੰ ਮੈਨੂੰ ਬਾਕੀ ਦਿਨਾਂ ਦੇ ਮੁਕਾਬਲੇ ਜ਼ਿਆਦਾ ਸੜਕਾਂ ਸਾਫ਼ ਕਰਨੀਆਂ ਪਈਆਂ ਕਿਉਂਕਿ ਮੇਰੇ ਦੂਰੋਂ ਆਉਣ ਵਾਲ਼ੇ ਕਈ ਸਹਿਯੋਗੀ, ਪਹੁੰਚ ਨਹੀਂ ਪਾਏ,'' ਦੀਪਿਕਾ ਕਹਿੰਦੀ ਹਨ।
ਇਨ੍ਹਾਂ ਤਸਵੀਰਾਂ ਵਿੱਚ ਦਿਖਾਈਆਂ ਗਈਆਂ ਜ਼ਿਆਦਾਤਰ ਔਰਤਾਂ ਮੱਧ ਅਤੇ ਦੱਖਣੀ ਚੇਨੱਈ ਦੇ ਇਲਾਕੇ ਜਿਹੇ ਥਾਊਜ਼ੈਂਡ ਲਾਈਟਸ ਅਤੇ ਓਲਵਰਪੇਟ ਅਤੇ ਅੰਨਾ ਸਲਾਈ ਦੇ ਇੱਕ ਹਿੱਸੇ, ਵਿੱਚ ਕੰਮ ਕਰਦੀਆਂ ਹਨ। ਔਰਤਾਂ ਨੂੰ ਆਪਣੇ ਘਰੋਂ, ਜੋ ਉੱਤਰੀ ਚੇਨੱਈ ਵਿੱਚ ਸਥਿਤ ਹਨ, ਇੱਥੇ ਅਪੜ ਲਈ ਸਫ਼ਰ ਕਰਨਾ ਪੈਂਦਾ ਹੈ।
ਇਨ੍ਹਾਂ ਲੋਕਾਂ ਨੂੰ ਅੱਜਕੱਲ੍ਹ ਅਜੀਬ ਤਰ੍ਹਾਂ ਦੀ ਸ਼ੁਕਰਗੁਜ਼ਾਰੀ ਮਿਲ਼ ਰਹੀ ਹੈ। ਕਰਮਚਾਰੀਆਂ ਦਾ ਦੋਸ਼ ਹੈ ਕਿ 24 ਮਾਰਚ ਨੂੰ ਤਾਲਾਬੰਦੀ ਦਾ ਐਲਾਨ ਹੋਣ ਤੋਂ ਬਾਅਦ ਤੋਂ ਹੀ, ਇਹ ਲੋਕ ਛੁੱਟੀ 'ਤੇ ਜਾਣ ਦਾ ਖ਼ਤਰਾ ਮੁੱਲ ਨਹੀਂ ਲੈ ਸਕਦੇ। ''ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਜੇ ਉਹ ਗ਼ੈਰ-ਹਾਜ਼ਰ ਹੁੰਦੇ ਹਨ ਤਾਂ ਉਨ੍ਹਾਂ ਦੀ ਨੌਕਰੀ ਚਲੀ ਜਾਵੇਗੀ,'' ਸੀਟੂ ਨਾਲ਼ ਜੁੜੇ ਚੇਨੱਈ ਕਾਰਪੋਰੇਸ਼ਨ ਰੈਡ ਫ਼ਲੈਗ ਯੂਨੀਅਨ ਦੇ ਮਹਾਂਸਕੱਤਰ, ਬੀ. ਸ਼੍ਰੀਨਿਵਾਸੁਲੂ ਕਹਿੰਦੇ ਹਨ। ਸ਼੍ਰੀਨਿਵਾਸੁਲੂ ਦੱਸਦੇ ਹਨ ਕਿ ਹਾਲਾਂਕਿ ਆਉਣ-ਜਾਣ ਲਈ ਬੱਸਾਂ ਚਲਾਈਆਂ ਗਈਆਂ ਹਨ, ਪਰ ਉਹ ਕਾਫ਼ੀ ਨਹੀਂ ਹਨ ਅਤੇ ਅਕਸਰ ਦੇਰੀ ਨਾਲ਼ ਚੱਲਦੀਆਂ ਹਨ। ਇਹਦੇ ਕਾਰਨ ਕਰਕੇ ਕਰਮੀ ਆਵਾਗਮਨ ਵਾਸਤੇ ਕੂੜੇ ਦੀਆਂ ਲਾਰੀਆਂ ਦਾ ਇਸਤੇਮਾਲ ਕਰਨ ਲਈ ਮਜ਼ਬੂਰ ਹਨ। ਇੱਥੋਂ ਦੇ ਸਫ਼ਾਈ ਕਰਮੀ ਹਰ ਮਹੀਨੇ 9000 ਰੁਪਏ ਤੱਕ ਕਮਾਉਂਦੇ ਹਨ, ਚੰਗੇ-ਭਲ਼ੇ ਦਿਨਾਂ ਵਿੱਚ ਵੀ ਆਉਣ-ਜਾਣ ਲਈ ਉਨ੍ਹਾਂ ਨੂੰ ਰੋਜ਼ਾਨਾ 60 ਰੁਪਏ ਖ਼ਰਚ ਕਰਨੇ ਪੈਂਦੇ ਹਨ। ਕਰਫਿਊ ਅਤੇ ਤਾਲਾਬੰਦੀ ਦੌਰਾਨ, ਜੋ ਲੋਕ ਸਰਕਾਰੀ ਬੱਸਾਂ ਅਤੇ ਨਿਗਮ ਦੁਆਰਾ ਚਲਾਏ ਗਏ ਵਾਹਨਾਂ ਵਿੱਚ ਸਫ਼ਰ ਨਹੀਂ ਕਰ ਪਾਉਂਦੇ, ਉਨ੍ਹਾਂ ਨੂੰ ਪੂਰੀ ਵਾਟ ਪੈਦਲ ਹੀ ਤੈਅ ਕਰਨੀ ਪੈਂਦੀ ਹੈ।



















