ਸ਼ਾਂਤੀਲਾਲ, ਸ਼ਾਂਤੂ, ਟੀਨਿਓ: ਇੱਕ ਸਖ਼ਸ਼ ਤਿੰਨ ਨਾਮ। ਪਰ ਹੋ ਸਕਦਾ ਸਾਨੂੰ ਉਹਦਾ ਚੌਥਾ ਨਾਮ ਹੀ ਪਸੰਦ ਆਵੇ। ਸਾਬਰਕਾਂਠਾ ਜ਼ਿਲ੍ਹੇ ਦੇ ਵਡਾਲੀ ਪਿੰਡ ਦੀ ਬੋਲੀ ਵਿੱਚ ਉਹਦਾ ਨਾਮ 'ਸ਼ੋਂਤੂ' ਹੋ ਜਾਵੇਗਾ। ਚਲੋ ਅਸੀਂ ਵੀ ਉਹਨੂੰ ਸ਼ੋਂਤੂ ਕਹਿੰਦੇ ਹਾਂ।
ਸ਼ੋਂਤੂ ਇੱਕ ਨਿਵੇਕਲਾ ਕਿਰਦਾਰ ਹੈ। ਇਸਲਈ ਨਹੀਂ ਕਿ ਉਹ ਆਪਣੇ ਅੰਦਰ ਅਸਧਾਰਣ, ਵਿਲੱਖਣ, ਪ੍ਰਸਿੱਧ ਹੋਣ ਜਿਹੇ ਵਿਸ਼ੇਸ਼ਣ ਸਮੋਈ ਬੈਠਾ ਹੈ। ਸਗੋਂ ਇਸਲਈ ਕਿ ਇੱਕ ਨੇਕ, ਗ਼ਰੀਬ, ਦੱਬਿਆ-ਕੁਚਲਿਆ ਤੇ ਦਲਿਤ ਹੋਣ ਦੇ ਨਾਲ਼-ਨਾਲ਼ ਉਹ ਇੱਕ ਅਜਿਹਾ ਕਿਰਦਾਰ ਹੈ ਜਿਹਨੇ ਸਬਰ ਦੇ ਘੁੱਟ ਭਰੇ ਤੇ ਆਪਣਾ ਡਾਵਾਂਡੋਲ ਜੀਵਣ ਜਿਊਣਾ ਜਾਰੀ ਰੱਖਿਆ। ਕਈ ਵਾਰੀਂ ਸ਼ੋਂਤੂ ਯਕਦਮ ਵਜੂਦ-ਹੀਣਾ ਜਾਪਦਾ ਹੈ ਤੇ ਕਈ ਵਾਰੀਂ ਉਹ ਆਮ ਇਨਸਾਨ ਨਾਲ਼ੋਂ ਵੀ ਆਮ ਮਲੂਮ ਹੁੰਦਾ ਹੈ।
ਪਰਿਵਾਰ ਵਿੱਚ ਉਹਦੇ ਮਾਪੇ, ਇੱਕ ਵੱਡਾ ਭਰਾ ਤੇ ਦੋ ਭੈਣਾਂ (ਇੱਕ ਉਸ ਨਾਲ਼ੋਂ ਛੋਟੀ) ਸਨ ਤੇ ਘਰ ਦੀ ਭਿਆਨਕ ਗ਼ਰੀਬੀ ਵਿੱਚ ਹੀ ਉਹਦਾ ਪਾਲਣ-ਪੋਸ਼ਣ ਹੋਇਆ। ਪਰਿਵਾਰ ਨੇ ਆਪਣੀਆਂ ਇੱਛਾਵਾਂ ਦੇ ਦਾਇਰੇ ਨੂੰ ਸਦਾ ਸੀਮਤ ਕਰੀ ਰੱਖਿਆ। ਮਾਪੇ ਤੇ ਵੱਡੇ ਭੈਣ-ਭਰਾ ਰਲ਼ ਕੇ ਜਿਵੇਂ-ਕਿਵੇਂ ਦੋ ਡੰਗ ਰੋਟੀ ਜੁਟਾ ਪਾਉਂਦੇ। ਪਿਤਾ ਮੈਟਾਡੋਰ ਚਲਾਉਂਦੇ ਤੇ ਸਮਾਨ ਢੋਂਹਦੇ। ਕਿਉਂਕਿ ਇਹ ਸਵਾਰੀ-ਵਾਹਨ ਨਹੀਂ ਸੀ ਇਸਲਈ ਕੋਈ ਵੱਖਰੀ ਆਮਦਨੀ ਨਾ ਹੋ ਪਾਉਂਦੀ। ਮਾਂ ਦਿਹਾੜੀ ਮਜ਼ਦੂਰ ਸੀ, ਜਿਹਦੀ ਕਦੇ ਦਿਹਾੜੀ ਲੱਗਦੀ ਤੇ ਕਦੇ ਨਾ। ਘਰ ਨੂੰ ਬੱਸ ਇੱਕੋ ਵਰਦਾਨ ਸੀ ਕਿ ਪਿਤਾ ਸ਼ਰਾਬ ਨਹੀਂ ਪੀਂਦੇ ਸਨ, ਜਿਸ ਕਾਰਨ ਘਰ ਅੰਦਰ ਕਲੇਸ਼ ਵੀ ਨਹੀਂ ਰਹਿੰਦਾ ਸੀ। ਪਰ ਸ਼ੋਂਤੂ ਨੂੰ ਇਸ ਗੱਲ ਦਾ ਅਹਿਸਾਸ ਬੜੀ ਬਾਅਦ ਵਿੱਚ ਹੋਇਆ।
ਜਦੋਂ ਸ਼ੋਂਤੂ ਵਡਾਲੀ ਦੇ ਸ਼ਾਰਧਾ ਹਾਈ ਸਕੂਲ ਵਿੱਚ 9ਵੀਂ ਜਮਾਤ ਦਾ ਵਿਦਿਆਰਥੀ ਸੀ ਤਾਂ ਉਨ੍ਹਾਂ ਦੇ ਪਿੰਡ ਸਰਕਸ ਲੱਗੀ। ਪਰ ਟਿਕਟਾਂ ਖ਼ਾਸੀਆਂ ਮਹਿੰਗੀਆਂ ਸਨ। ਹਾਲਾਂਕਿ ਸਕੂਲ ਦੇ ਵਿਦਿਆਰਥੀਆਂ ਲਈ 5 ਰੁਪਏ ਟਿਕਟ ਰੱਖੀ ਗਈ ਸੀ। ਸ਼ੋਂਤੂ ਕੋਲ਼ ਕੋਈ ਪੈਸਾ ਨਹੀਂ ਸੀ ਜੋ ਉਹ ਟਿਕਟ ਦੇ ਪੈਸੇ ਜਮ੍ਹਾ ਕਰਵਾ ਪਾਉਂਦਾ। ''ਖੜ੍ਹਾ ਹੋ,'' ਅਧਿਆਪਕਾ ਨੇ ਹੁਕਮ ਦਿੱਤਾ। ''ਤੂੰ ਪੈਸੇ ਕਿਉਂ ਨਹੀਂ ਜਮ੍ਹਾ ਕਰਵਾਏ, ਬੱਚੇ?'' ਅਧਿਆਪਕਾ ਨੇ ਬੜੇ ਪਿਆਰ ਨਾਲ਼ ਪੁੱਛਿਆ। ''ਮੈਮ, ਮੇਰੇ ਪਿਤਾ ਬੀਮਾਰ ਨੇ ਤੇ ਮਾਂ ਨੂੰ ਰੂੰ-ਤੁੰਬਣ ਦੇ ਕੰਮ ਦੇ ਹਜੇ ਪੈਸੇ ਨਹੀਂ ਮਿਲ਼ੇ,'' ਇੰਨਾ ਕਹਿ ਸ਼ੋਂਤੂ ਰੋਣ ਲੱਗਿਆ।
ਅਗਲੇ ਦਿਨ ਉਹਦੀ ਸਹਿਪਾਠਣ ਕੁਸੁਮ ਪਠਾਣ ਨੇ ਉਹਨੂੰ 10 ਰੁਪਏ ਫੜ੍ਹਾ ਦਿੱਤੇ ਜੋ ਉਹਨੂੰ ਰਮਜ਼ਾਨ ਦੌਰਾਨ ਕੀਤਾ ਗਿਆ ਇੱਕ ਨੇਕ ਕੰਮ ਲੱਗਿਆ। ਅਗਲੇ ਦਿਨ ਉਹਨੇ ਸ਼ੋਂਤੂ ਨੂੰ ਪੁੱਛਿਆ,''ਜੋ ਪੈਸੇ ਮੈਂ ਤੈਨੂੰ ਦਿੱਤੇ ਸੀ, ਤੂੰ ਉਹਦਾ ਕੀ ਕੀਤਾ?'' ਸ਼ੋਂਤੂ ਨੇ ਬੜੀ ਸੰਜੀਦਗੀ ਨਾਲ਼ ਜਵਾਬ ਦਿੱਤਾ,''ਪੰਜ ਰੁਪਈਏ ਮੈਂ ਸਰਕਸ 'ਤੇ ਖਰਚ ਦਿੱਤੇ ਤੇ ਪੰਜ ਰੁਪਈਏ ਘਰ ਖਰਚ ਲਈ ਦੇ ਦਿੱਤੇ।'' ਕੁਸੁਮ, ਰਮਜ਼ਾਨ, ਸ਼ੋਂਤੂ ਤੇ ਸਰਕਸ- ਇੱਕ ਅਰਥਭਰਪੂਰ ਕਾਂਡ।
ਜਦੋਂ ਉਨ੍ਹਾਂ ਦੇ ਕੱਚੇ ਘਰ ਨੂੰ ਇੱਟਾਂ ਤੇ ਸੀਮਿੰਟ ਨਾਲ਼ ਦੋਬਾਰਾ ਉਸਾਰਨਾ ਪਿਆ ਸੀ ਤਦ ਸ਼ੋਂਤੂ 11ਵੀਂ ਜਮਾਤ ਵਿੱਚ ਸੀ, ਘਰ ਤਾਂ ਉਸਰ ਗਿਆ ਪਰ ਪਲੱਸਤਰ ਨਹੀਂ ਹੋ ਸਕਿਆ ਸੀ। ਇੰਨਾ ਖ਼ਰਚਾ ਉਹ ਝੱਲ ਨਾ ਸਕੇ। ਸਿਰਫ਼ ਇੱਕੋ ਮਿਸਤਰੀ ਦਿਹਾੜੀ 'ਤੇ ਲਾਇਆ ਗਿਆ ਸੀ ਤੇ ਪੂਰੇ ਪਰਿਵਾਰ ਨੇ ਆਪ ਮਜ਼ਦੂਰੀ ਕੀਤੀ। ਇਸ ਕੰਮ ਵਿੱਚ ਖ਼ਾਸਾ ਸਮਾਂ ਲੱਗ ਗਿਆ ਤੇ ਇਸ ਤੋਂ ਪਹਿਲਾਂ ਕਿ ਸ਼ੋਂਤੂ ਨੂੰ ਪਤਾ ਲੱਗ ਪਾਉਂਦਾ, ਪੱਕੇ ਪੇਪਰ ਸਿਰ 'ਤੇ ਆ ਗਏ। ਸਕੂਲੇ ਉਹਦੀ ਹਾਜ਼ਰੀ ਪੂਰੀ ਨਹੀਂ ਸੀ। ਹੈੱਡਮਾਸਟਰ ਕੋਲ਼ ਹਾੜੇ ਕੱਢਣ ਤੇ ਹਾਲਾਤ ਸਮਝਾਉਣ ਤੋਂ ਬਾਅਦ ਕਿਤੇ ਜਾ ਕੇ ਸ਼ੋਂਤੂ ਨੂੰ ਪੇਪਰਾਂ ਵਿੱਚ ਬੈਠਣ ਦੀ ਆਗਿਆ ਮਿਲ਼ੀ।
ਉਹ 12ਵੀਂ ਜਮਾਤ ਵਿੱਚ ਹੋ ਗਿਆ ਤੇ ਅੱਗੇ ਤੋਂ ਬਿਹਤਰ ਕੰਮ ਕਰਨ ਦੀ ਸਹੁੰ ਚੁੱਕੀ। ਸ਼ੋਂਤੂ ਨੇ ਸਖ਼ਤ ਮਿਹਨਤ ਸ਼ੁਰੂ ਕਰ ਦਿੱਤੀ ਪਰ ਐਨ ਉਦੋਂ ਹੀ ਉਹਦੀ ਮਾਂ ਬੀਮਾਰ ਪੈ ਗਈ। ਬੀਮਾਰੀ ਦਿਨੋਂ-ਦਿਨ ਵੱਧਦੀ ਚਲੀ ਗਈ ਤੇ ਪੱਕੇ ਪੇਪਰਾਂ ਤੋਂ ਠੀਕ ਪਹਿਲਾਂ ਮਾਂ ਦੀ ਮੌਤ ਹੋ ਗਈ। ਮਾਂ ਦੀ ਮੌਤ ਕਾਰਨ ਪੇਪਰਾਂ ਦੀ ਤਿਆਰੀ ਲਈ ਬਹੁਤ ਘੱਟ ਸਮਾਂ ਮਿਲ਼ਣ ਕਾਰਨ ਸ਼ੋਂਤੂ ਦਬਾਅ ਹੇਠ ਆ ਗਿਆ ਤੇ ਪਹਿਲਾਂ ਦੀ ਕੀਤੀ ਕਰਾਈ ਮਿਹਨਤ ਵੀ ਕਿਸੇ ਲੇਖੇ ਨਾ ਲੱਗੀ। ਉਹਨੇ 65 ਪ੍ਰਤੀਸ਼ਤ ਨੰਬਰ ਹਾਸਲ ਕੀਤੇ। ਸ਼ੋਂਤੂ ਅੱਗੇ ਪੜ੍ਹਾਈ ਜਾਰੀ ਰੱਖਣ ਦਾ ਵਿਚਾਰ ਮਨੋਂ ਕੱਢਣ ਲੱਗਿਆ।
ਉਹਨੂੰ ਪੜ੍ਹਨਾ ਪਸੰਦ ਸੀ, ਸੋ ਉਹ ਪਬਲਿਕ ਲਾਈਬ੍ਰੇਰੀ ਜਾਣ ਲੱਗਿਆ ਤੇ ਕਿਤਾਬਾਂ ਘਰੇ ਲਿਆਉਣ ਲੱਗਿਆ। ਪੜ੍ਹਾਈ ਵਿੱਚ ਉਹਦੀ ਰੁਚੀ ਦੇਖ ਕੇ ਇੱਕ ਦੋਸਤ ਨੇ ਉਹਨੂੰ ਇਤਿਹਾਸ ਵਿੱਚ ਬੈਚਲਰ ਦੀ ਡਿਗਰੀ ਲੈਣ ਲਈ ਵਡਾਲੀ ਆਰਟਸ ਕਾਲਜ ਵਿੱਚ ਦਾਖ਼ਲੇ ਵਾਸਤੇ ਰਾਜੀ ਕਰ ਲਿਆ। ''ਤੈਨੂੰ ਬੜੀਆਂ ਵਧੀਆ ਕਿਤਾਬਾਂ ਪੜ੍ਹਨ ਦਾ ਮੌਕਾ ਮਿਲ਼ੇਗਾ,'' ਉਹਨੇ ਕਿਹਾ। ਸ਼ੋਂਤੂ ਨੇ ਦਾਖ਼ਲਾ ਤਾਂ ਲੈ ਲਿਆ ਪਰ ਕਾਲਜ ਸਿਰਫ਼ ਉਦੋਂ ਹੀ ਜਾਂਦਾ ਜਦੋਂ ਲਾਈਬ੍ਰੇਰੀ ਤੋਂ ਕਿਤਾਬਾਂ ਲੈਣੀਆਂ ਜਾਂ ਮੋੜਨੀਆਂ ਹੁੰਦੀਆਂ। ਬਾਕੀ ਦਾ ਦਿਨ ਉਹ ਰੂੰ-ਤੁੰਬਣ ਦਾ ਕੰਮ ਕਰਦਾ। ਸ਼ਾਮੀਂ ਉਹ ਕਿਤਾਬਾਂ ਪੜ੍ਹਦਾ ਤੇ ਥੋੜ੍ਹਾ ਬਹੁਤ ਘੁੰਮ-ਫਿਰ ਵੀ ਲੈਂਦਾ। ਉਹਨੇ ਬੀ.ਏ. ਦੇ ਪਹਿਲੇ ਸਾਲ ਵਿੱਚ 63 ਪ੍ਰਤੀਸ਼ਤ ਅੰਕ ਹਾਸਲ ਕੀਤੇ।
ਜਦੋਂ ਉਹਦੇ ਪ੍ਰੋਫ਼ੈਸਰ ਨੇ ਉਹਦਾ ਨਤੀਜਾ ਦੇਖਿਆ ਤਾਂ ਉਹਨੂੰ ਰੋਜ਼ਾਨਾ ਕਾਲਜ ਆਉਣ ਲਈ ਕਿਹਾ ਤੇ ਇੰਝ ਸ਼ੋਂਤੂ ਨੂੰ ਆਪਣੀ ਪੜ੍ਹਾਈ ਵਿੱਚ ਮਜ਼ਾ ਆਉਣ ਲੱਗਿਆ। ਜਦੋਂ ਉਹ ਤੀਜੇ ਵਰ੍ਹੇ ਵਿੱਚ ਹੋਇਆ ਤਾਂ ਉਸ ਵੇਲ਼ੇ ਵਡਾਲੀ ਦੇ ਇਸੇ ਆਰਟ ਕਾਲਜ ਨੇ ਪੜ੍ਹਨ ਵਿੱਚ ਸ਼ਾਨਦਾਰ (ਹੁਨਰ) ਪ੍ਰਦਰਸ਼ਨ ਕਾਰਨ ਕਿਸੇ ਇੱਕ ਵਿਦਿਆਰਥੀ ਨੂੰ ਮੈਰਿਟ ਸਰਟੀਫ਼ਿਕੇਟ ਦੇਣ ਦਾ ਫ਼ੈਸਲਾ ਕੀਤਾ ਜੋ ਸ਼ੋਂਤੂ ਦੇ ਹਿੱਸੇ ਆਇਆ। ''ਸ਼ਾਂਤੀਲਾਲ, ਤੈਨੂੰ ਲਾਈਬ੍ਰੇਰੀ ਜਾ ਕੇ ਕਿਤਾਬਾਂ ਲੈਣ ਦੀ ਵਿਹਲ ਕਦੋਂ ਮਿਲ਼ਦੀ ਏ?'' ਉਹਦੇ ਪ੍ਰੋਫ਼ੈਸਰ ਨੇ ਹੈਰਾਨੀ ਨਾਲ਼ ਪੁੱਛਿਆ। 2003 ਵਿੱਚ ਸ਼ੋਂਤੂ ਨੇ ਬੀ.ਏ. ਦਾ ਤੀਜਾ ਵਰ੍ਹਾ 66 ਪ੍ਰਤੀਸ਼ਤ ਅੰਕਾਂ ਨਾਲ਼ ਪਾਸ ਕੀਤਾ।







