ਇਸ ਗੱਲ ਨੂੰ ਸਮਝਣ ਵਿੱਚ ਥੋੜ੍ਹਾ ਸਮਾਂ ਲੱਗਦਾ ਹੈ ਕਿ ਸ਼ੇਰਿੰਗ ਦੌਰਜੀ ਭੁਟੀਆ ਨੇ ਕਮਾਨਾਂ ਬਣਾ ਕੇ ਕਦੇ ਆਪਣਾ ਜੀਵਨ ਬਸਰ ਨਹੀਂ ਕੀਤਾ। ਇਹ ਇਸਲਈ ਵੀ ਕਿਉਂਕਿ ਉਨ੍ਹਾਂ ਦੀ ਜ਼ਿੰਦਗੀ ਇਸ ਸ਼ਿਲਪ ਅਤੇ ਕਲਾ ਵਿੱਚ ਪੂਰੀ ਤਰ੍ਹਾਂ ਲੀਨ ਹੋਈ ਪਈ ਹੈ ਅਤੇ ਬੱਸ ਇਹੀ ਕੁਝ ਹੈ ਜਿਸ ਬਾਰੇ ਇਹ 83 ਸਾਲਾ ਬਜ਼ੁਰਗ ਕਰਨੀ ਚਾਹੁੰਦਾ ਹੈ ਉਹਦਾ ਘਰ ਪਾਕਯੋਂਗ ਜ਼ਿਲ੍ਹੇ ਦੇ ਕਾਰਥੋਕ ਪਿੰਡ ਵਿਖੇ ਸਥਿਤ ਹੈ। ਕਰੀਬ 60 ਸਾਲਾਂ ਤੋਂ ਤਰਖਾਣੀ ਦੇ ਕੰਮ ਤੋਂ ਉਨ੍ਹਾਂ ਦੇ ਗੁਜ਼ਾਰਾ ਚੱਲਦਾ ਰਿਹਾ ਹੈ ਖ਼ਾਸ ਕਰਕੇ ਉਹ ਫ਼ਰਨੀਚਰਾਂ ਦੀ ਮੁਰੰਮਤ ਦਾ ਕੰਮ ਕਰਦੇ ਹਨ। ਪਰ ਜਿਵੇਂ ਕਿ ਉਹ ਦੱਸਦੇ ਹਨ ਉਨ੍ਹਾਂ ਨੂੰ ਮੁੱਖ ਪ੍ਰੇਰਣਾ ਤਾਂ ਤੀਰਅੰਦਾਜ਼ੀ ਤੋਂ ਮਿਲ਼ੀ ਜੋ ਸ਼ੌਕ ਸਿੱਕਮ ਦੇ ਲੋਕਾਂ ਅੰਦਰ ਡੂੰਘਾ ਵੱਸਿਆ ਹੋਇਆ ਹੈ।
ਉਹ ਬਤੌਰ ਹੁਨਰਮੰਦ ਤਰਖਾਣ ਦਾ ਕੰਮ ਕਰਦਿਆਂ ਹੋਇਆਂ ਵੀ ਇਸੇ ਟੇਕ 'ਤੇ ਬੈਠ ਰਹੇ ਕਿ ਕਦੇ ਤਾਂ ਉਨ੍ਹਾਂ ਨੂੰ ਪਾਕਯੋਂਗ ਦੇ ਕਮਾਨ ਨਿਰਮਾਤਾ ਵਜੋਂ ਜਾਣਿਆ ਜਾਵੇਗਾ।
''ਮੈਂ ਕੋਈ 10 ਜਾਂ 12 ਸਾਲਾਂ ਦਾ ਸਾਂ ਜਦੋਂ ਤੋਂ ਮੈਂ ਲੱਕੜ ਨਾਲ਼ ਚੀਜ਼ਾਂ ਬਣਾਉਣੀਆਂ ਸ਼ੁਰੂ ਕੀਤੀਆਂ। ਹੌਲ਼ੀ-ਹੌਲ਼ੀ ਮੇਰੇ ਹੱਥਾਂ ਨੇ ਕਮਾਨ ਨੂੰ ਅਕਾਰ ਦੇਣਾ ਸ਼ੁਰੂ ਕਰ ਦਿੱਤਾ ਅਤੇ ਲੋਕ ਵੀ ਉਨ੍ਹਾਂ ਨੂੰ ਖਰੀਦਣ ਲੱਗੇ। ਬੱਸ ਇਹੀ ਹੈ ਕਹਾਣੀ ਇਸ ਕਮਾਨ ਘਾੜ੍ਹੇ ਦੀ,'' ਸ਼ੇਰਿੰਗ ਪਾਰੀ (PARI) ਨੂੰ ਕਹਿੰਦੇ ਹਨ।
''ਪਹਿਲਾਂ-ਪਹਿਲ, ਕਮਾਨਾਂ ਕੁਝ ਵੱਖਰੇ ਤਰੀਕੇ ਨਾਲ਼ ਘੜ੍ਹੀਆਂ ਜਾਂਦੀਆਂ ਸਨ,'' ਆਪਣੀਆਂ ਕੁਝ ਘੜ੍ਹੀਆਂ ਕਮਾਨਾਂ ਨੂੰ ਦਿਖਾਉਂਦਿਆਂ ਉਹ ਕਹਿੰਦੇ ਹਨ। ''ਪਹਿਲਾਂ ਵਾਲ਼ੀ ਕਿਸਮ ਨੂੰ ਤਬਜੂ (ਨੇਪਾਲੀ ਵਿੱਚ) ਕਿਹਾ ਜਾਂਦਾ ਸੀ। ਇਹਨੂੰ ਬਣਾਉਣ ਲਈ ਸੋਟੀ ਦੇ ਦੋ ਆਮ ਟੁਕੜਿਆਂ ਨੂੰ ਆਪਸ ਵਿੱਚ ਜੋੜ ਕੇ, ਬੰਨ੍ਹਿਆ ਜਾਂਦਾ ਅਤੇ ਫਿਰ ਚਮੜਾ ਲਪੇਟ ਕੇ ਢੱਕ ਦਿੱਤਾ ਜਾਂਦਾ ਹੈ। ਅੱਜਕੱਲ੍ਹ ਅਸੀਂ ਜੋ ਨਿਵੇਕਲੀ ਕਮਾਨ ਬਣਾਉਂਦੇ ਹਾਂ ਉਹਨੂੰ 'ਬੋਟ ਡਿਜ਼ਾਇਨ' (boat design) ਕਿਹਾ ਜਾਂਦਾ ਹੈ। ਇੱਕ ਕਮਾਨ ਨੂੰ ਬਣਾਉਣ ਵਿੱਚ ਘੱਟੋ-ਘੱਟ ਤਿੰਨ ਦਿਨ ਲੱਗਦੇ ਹਨ। ਪਰ ਤਿੰਨ ਦਿਨ ਵੀ ਇੱਕ ਜੁਆਨ ਹੱਥ ਨੂੰ ਲੱਗਦੇ ਹਨ ਅਤੇ ਇੱਕ ਬਜ਼ੁਰਗ ਹੱਥ ਨੂੰ ਥੋੜ੍ਹੇ ਵੱਧ ਦਿਨ ਲੱਗਦੇ ਹਨ,'' ਸ਼ੇਰਿੰਗ ਚਿਹਰੇ 'ਤੇ ਸ਼ਰਾਰਤੀ ਮੁਸਕਾਨ ਖਿੰਡਾਈ ਕਹਿੰਦੇ ਹਨ।














