ਬਸੰਤ ਬਿੰਦ ਕੁਝ ਕੁ ਦਿਨਾਂ ਲਈ ਘਰ ਆਏ ਸਨ। ਉਹ ਜਹਾਨਾਬਾਦ ਜ਼ਿਲ੍ਹੇ ਦੇ ਸਲੇਮਾਂਪੁਰ ਪਿੰਡ ਤੋਂ ਕੁਝ ਘੰਟਿਆਂ ਦੀ ਦੂਰੀ 'ਤੇ ਸਥਿਤ ਪਟਨਾ ਵਿਖੇ ਕੁਝ ਮਹੀਨਿਆਂ ਤੋਂ ਖੇਤ ਮਜ਼ਦੂਰੀ ਕਰ ਰਹੇ ਸਨ।
ਮਾਘੀ ਤੋਂ ਅਗਲੇ ਦਿਨ 15 ਜਨਵਰੀ ਨੂੰ ਉਨ੍ਹਾਂ ਕੰਮ 'ਤੇ ਵਾਪਸੀ ਕਰਨੀ ਸੀ। ਉਹ ਨਾਲ਼ੇ ਦੇ ਪਿੰਡ ਚੰਧਰਿਆ ਤੋਂ ਉਨ੍ਹਾਂ ਕੁਝ ਮਜ਼ਦੂਰਾਂ ਨੂੰ ਬੁਲਾਉਣ ਗਏ ਜਿਨ੍ਹਾਂ ਨਾਲ਼ ਉਨ੍ਹਾਂ ਨੇ ਵਾਪਸੀ ਦਾ ਸਫ਼ਰ ਤੈਅ ਕਰਨਾ ਸੀ। ਉਹ ਮਜ਼ਦੂਰਾਂ ਨਾਲ਼ ਗੱਲਬਾਤ ਕਰ ਹੀ ਰਹੇ ਸਨ ਕਿ ਆਬਕਾਰੀ ਵਿਭਾਗ ਅਤੇ ਪੁਲਿਸ ਦੀ ਗੱਡੀ ਆਣ ਰੁਕੀ। ਇਸ ਮਹਿਕਮੇ ਦਾ ਅਖ਼ੌਤੀ ਤੌਰ 'ਤੇ ਕੰਮ ਹੈ, ''ਬਿਹਾਰ ਰਾਜ ਅੰਦਰ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ 'ਤੇ ਰੋਕ ਲਾਉਣੀ ਤੇ ਜਾਗਰੂਕਤਾ ਫ਼ੈਲਾਉਣੀ...''
ਪੁਲਿਸ ਨੂੰ ਦੇਖ ਲੋਕ ਡਰ ਨਾਲ਼ ਤਿੱਤਰ-ਬਿੱਤਰ ਹੋਣ ਲੱਗੇ, ਇਹ ਦੇਖ ਬਸੰਤ ਵੀ ਸਹਿਮ ਗਏ ਤੇ ਭੱਜਣ ਲੱਗੇ। 27 ਸਾਲਾ ਬਸੰਤ ਦੱਸਦੇ ਹਨ,''ਲੱਤ ਵਿੱਚ ਰਾਡ ਪਈ ਹੋਣ ਕਾਰਨ ਮੈਂ ਤੇਜ਼ ਨਹੀਂ ਭੱਜ ਪਾਉਂਦਾ। ਅਜੇ ਬਾਮੁਸ਼ਕਲ 50-60 ਫੁੱਟ ਹੀ ਭੱਜਿਆ ਹੋਣਾ, ਇੰਨੇ ਨੂੰ ਛਾਪਾਮਾਰੀ ਦਲ ਵਾਲ਼ਿਆਂ ਨੇ ਪਿੱਛਿਓਂ ਮੇਰਾ ਕਾਲਰ ਫੜ੍ਹ ਮੈਨੂੰ ਗੱਡੀ 'ਚ ਬਿਠਾ ਲਿਆ।''
ਉਨ੍ਹਾਂ ਨੇ ਛਾਪਾਮਾਰੀ ਦਲ ਨੂੰ ਕਿਹਾ ਸੀ ਕਿ ਭਾਵੇਂ ਉਨ੍ਹਾਂ ਦੀ ਜਾਂਚ ਕਰ ਲਓ, ਉਨ੍ਹਾਂ ਦੇ ਘਰ 'ਚ ਛਾਪਾ ਮਾਰ ਲਓ, ਪਰ ਕਿਤੇ ਕੋਈ ਚੈਕਿੰਗ ਨਾ ਕੀਤੀ ਗਈ। ''ਪੁਲਿਸ ਨੇ ਕਿਹਾ ਕਿ ਜਹਾਨਾਬਾਦ ਸ਼ਹਿਰ ਦੇ ਆਬਕਾਰੀ ਥਾਣੇ ਲਿਜਾ ਕੇ ਛੱਡ ਦੇਣਗੇ।''
ਹਾਲਾਂਕਿ, ਥਾਣੇ ਜਾ ਕੇ ਉਨ੍ਹਾਂ ਨੇ ਦੇਖਿਆ ਕਿ ਧੱਕੇ ਨਾਲ਼ ਉਨ੍ਹਾਂ ਦੇ ਨਾਮ 'ਤੇ ਅੱਧਾ ਲੀਟਰ ਦਾਰੂ ਪਾ ਦਿੱਤੀ ਗਈ ਹੈ ਤੇ ਸ਼ਰਾਬਬੰਦੀ ਅਤੇ ਆਬਕਾਰੀ ਐਕਟ ਤਹਿਤ ਦਾਰੂ ਬਰਾਮਦੀ ਦਾ ਮਾਮਲਾ ਦਰਜ ਕਰ ਲਿਆ ਗਿਆ ਸੀ। ਕਿਸੇ ਕੋਲ਼ੋਂ ਪਹਿਲੀ ਵਾਰੀਂ ਸ਼ਰਾਬ ਫੜ੍ਹੀ ਜਾਣ ਦੀ ਸੂਰਤ ਵਿੱਚ ਪੰਜ ਸਾਲ ਤੱਕ ਦੀ ਜੇਲ੍ਹ ਤੇ ਇੱਕ ਲੱਖ ਰੁਪਏ ਦੇ ਜੁਰਮਾਨੇ ਦਾ ਕਨੂੰਨ ਹੈ।










