ਘਾਰਾਪੁਰੀ ਵਿਖੇ ਰਹਿਣ ਵਾਲ਼ੀ ਜਯਸ਼੍ਰੀ ਮਹਾਤ੍ਰੇ (ਉਮਰ 43 ਸਾਲ) ਜਦੋਂ ਆਪਣੇ ਘਰ ਦੇ ਨੇੜੇ ਪੈਂਦੇ ਜੰਗਲ ਵਿੱਚ ਬਾਲ਼ਣ ਲਈ ਲੱਕੜਾਂ ਚੁਗਣ ਗਈ ਤਾਂ ਕਿਸੇ ਚੀਜ਼ ਨੇ ਉਨ੍ਹਾਂ ਨੂੰ ਡੰਗ ਮਾਰ ਦਿੱਤਾ। ਦੋ ਬੱਚੀਆਂ ਦੀ ਇਸ ਮਾਂ ਨੇ ਇਸ ਡੰਗ ਨੂੰ ਅਣਭੋਲ਼ ਹੀ ਲਿਆ ਅਤੇ ਸੋਚਿਆ ਸ਼ਾਇਦ ਕੋਈ ਟਾਹਿਣੀ ਵਗੈਰਾ ਵੱਜ ਗਈ ਹੋਣੀ। ਫਿਰ ਲੱਕੜਾਂ ਚੁੱਕੀ ਉਹ ਘਰ ਵਾਪਸ ਮੁੜ ਆਈ, ਇਹ ਗੱਲ ਜਨਵਰੀ 2020 ਦੀ ਅੱਧ-ਸਰਦ ਦੁਪਹਿਰ ਦੀ ਹੈ।
ਬੱਸ ਥੋੜ੍ਹੀ ਹੀ ਦੇਰ ਬਾਅਦ ਜਦੋਂ ਉਹ ਆਪਣੇ ਘਰ ਦੀਆਂ ਬਰੂਹਾਂ ਵਿੱਚ ਖੜ੍ਹੀ ਹੋ ਕੇ ਆਪਣੇ ਕਿਸੇ ਰਿਸ਼ਤੇਦਾਰ ਨਾਲ਼ ਗੱਲਾਂ ਕਰ ਰਹੀ ਸੀ ਕਿ ਚੱਕਰ ਖਾ ਕੇ ਭੁੰਜੇ ਜਾ ਡਿੱਗੀ। ਪਹਿਲਾਂ ਪਹਿਲਾਂ ਤਾਂ ਨੇੜੇ ਖੜ੍ਹੇ ਲੋਕਾਂ ਨੇ ਸੋਚਿਆ ਵਰਤ ਰੱਖਣ ਕਾਰਨ ਸ਼ਾਇਦ ਕਮਜ਼ੋਰੀ ਹੋ ਗਈ ਹੋਣੀ।
“ਮੈਨੂੰ ਦੱਸਿਆ ਗਿਆ ਉਹ ਬੇਹੋਸ਼ ਹੋ ਗਈ ਹਨ,” ਜਯਸ਼੍ਰੀ ਦੀ ਵੱਡੀ ਧੀ, 20 ਸਾਲਾ ਭਵਿਕਾ ਚੇਤੇ ਕਰਦੀ ਹਨ। ਉਹ ਅਤੇ ਉਨ੍ਹਾਂ ਦੀ ਭੈਣ, 14 ਸਾਲਾ ਗੌਰੀ ਕਿਸੇ ਰਿਸ਼ਤੇਦਾਰ ਦੇ ਘਰ ਗਈਆਂ ਹੋਈਆਂ ਸਨ, ਇਸਲਈ ਦੋਵਾਂ ਵਿੱਚੋਂ ਕਿਸੇ ਨੇ ਵੀ ਘਟਨਾ ਨੂੰ ਅੱਖੀਂ ਨਾ ਦੇਖਿਆ। ਉਨ੍ਹਾਂ ਨੂੰ ਤਾਂ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਜਦੋਂ ਜਯਸ਼੍ਰੀ ਨੂੰ ਦੋਬਾਰਾ ਹੋਸ਼ ਆਇਆ ਤਾਂ ਉਹਦਾ ਹੱਥ ਕੰਬ ਰਿਹਾ ਸੀ। “ਕੋਈ ਨਹੀਂ ਜਾਣਦਾ ਸੀ ਕਿ ਹੋਇਆ ਕੀ ਸੀ,” ਭਵਿਕਾ ਗੱਲ ਜਾਰੀ ਰੱਖਦੀ ਹਨ।
ਕੋਈ ਜਣਾ ਜਯਸ਼੍ਰੀ ਦੇ ਪਤੀ, 53 ਸਾਲਾ ਮਧੂਕਰ ਮਹਾਤ੍ਰੇ ਨੂੰ ਬੁਲਾਉਣ ਲਈ ਉਨ੍ਹਾਂ ਦੇ ਖੋਖੇ ਵੱਲ ਭੱਜਿਆ, ਜੋ ਘਾਰਾਪੁਰੀ ਦੀਪ ਵਿਖੇ ਰੋਟੀ-ਪਾਣੀ ਦੀ ਛੋਟੀ ਜਿਹੀ ਦੁਕਾਨ ਚਲਾਉਂਦੇ ਸਨ। ਇਹ ਥਾਂ ਜਿਹਨੂੰ ਕਿ ਐਲੀਫ਼ੈਂਟਾ ਦੀਪ ਕਿਹਾ ਜਾਂਦਾ ਹੈ, ਅਰਬ ਸਾਗਰ ਵਿਖੇ ਸਥਿਤ ਹੈ। ਸੈਲਾਨੀਆਂ ਦੀ ਖਿੱਚ ਦਾ ਕੇਂਦਰ ਮੁੰਬਈ ਸ਼ਹਿਰ ਦੀ ਨੇੜਲੀ ਇਸ ਥਾਂ ਨੂੰ ਯੂਨੈਸਕੋ (UNESCO) ਨੇ ਵਰਲਡ ਹੈਰੀਟੇਜ਼ ਸਥਲ ਐਲਾਨਿਆ ਹੈ। ਇੱਥੋਂ ਦੀਆਂ ਚੱਟਾਨਾਂ ‘ਤੇ ਉਕਰੀ ਵਸਤੂਕਲਾ 6ਵੀਂ ਅਤੇ 8ਵੀਂ ਸਦੀ ਈਸਾ ਪੂਰਵ ਦੀ ਹੈ ਜੋ ਕਲਾ ਹਰ ਸਾਲ ਲੱਖਾਂ ਸੈਲਾਨੀਆਂ ਦਾ ਧਿਆਨ ਖਿੱਚਦੀ ਹੈ। ਇਸ ਦੀਪ ਦੇ ਬਾਸ਼ਿੰਦੇ ਆਮਦਨੀ ਵਾਸਤੇ ਸੈਰ-ਸਪਾਟੇ ‘ਤੇ ਹੀ ਨਿਰਭਰ ਕਰਦੇ ਹਨ ਜਿਨ੍ਹਾਂ ਵਿੱਚੋਂ ਕੁਝ ਲੋਕ ਆਉਣ ਵਾਲ਼ੇ ਲੋਕਾਂ ਨੂੰ ਟੋਪੀਆਂ, ਐਨਕਾਂ, ਯਾਦਗਾਰਾਂ ਅਤੇ ਖਾਣ-ਪੀਣ ਦੀਆਂ ਵਸਤਾਂ ਵੇਚਦੇ ਹਨ ਅਤੇ ਕੁਝ ਗੁਫ਼ਾਫਾਂ ਦੀ ਸੈਰ ਕਰਾਉਣ ਵਾਲ਼ੇ ਗਾਇਡਾਂ ਵਜੋਂ ਕੰਮ ਕਰਦੇ ਹਨ।
ਭਾਵੇਂ ਕਿ ਦੀਪ ਦੇ ਨਕਸ਼ੇ ਨੂੰ ਦੇਖਿਆਂ ਘਾਰਾਪੁਰੀ ਪਿੰਡ ਬੜੀ ਪ੍ਰਮੁੱਖਤਾ ਨਾਲ਼ ਨਜ਼ਰ ਆਉਂਦਾ ਹੋਵੇ ਪਰ ਇਹ ਪਿੰਡ ਬੁਨਿਆਦੀ ਮੈਡੀਕਲ ਜ਼ਰੂਰਤਾਂ ਜਿਵੇਂ ਜਨਤਕ ਸਿਹਤ ਕੇਂਦਰਾਂ ਤੋਂ ਵੀ ਸੱਖਣਾ ਹੈ। ਦੋ ਸਾਲ ਪਹਿਲਾਂ ਇੱਕ ਸੈਂਟਰ ਜ਼ਰੂਰ ਸਥਾਪਤ ਕੀਤਾ ਗਿਆ ਸੀ ਪਰ ਉਹ ਕਦੇ ਖੁੱਲ੍ਹਿਆ ਨਹੀਂ। ਪਿੰਡ ਦੀਆਂ ਤਿੰਨ ਬਸਤੀਆਂ: ਰਾਜਬੰਦਰ, ਸ਼ੇਤਬੰਦਰ ਅਤੇ ਮੋਰਾਬੰਦਰ ਵਿਖੇ ਕਰੀਬ 1,100 ਲੋਕ ਵੱਸਦੇ ਹਨ। ਪਿੰਡ ਵਿਖੇ ਸਿਹਤ ਸਹੂਲਤਾਂ ਦਾ ਨਾ ਹੋਣਾ ਉਨ੍ਹਾਂ ਨੂੰ ਇਲਾਜ ਵਾਸਤੇ ਕਿਸੇ ਹੋਰ ਥਾਵੇਂ (ਬੇੜੀ ‘ਤੇ ਸਵਾਰ ਹੋ) ਜਾਣ ਲਈ ਮਜ਼ਬੂਰ ਕਰਦਾ ਹੈ। ਇਲਾਜ ਲਈ ਕਿਤੇ ਹੋਰ ਜਾਣ ਦਾ ਉਨ੍ਹਾਂ ਸਿਰ ਮੜ੍ਹਿਆ ਇਹ ਵਿਕਲਪ ਨਾ ਸਿਰਫ਼ ਮਹਿੰਗਾ ਪੈਂਦਾ ਹੈ, ਸਗੋਂ ਇਸ ਰਾਹੀਂ ਮਰੀਜ਼ਾਂ ਦੇ ਇਲਾਜ ਵਿੱਚ ਦੇਰੀ ਵੀ ਹੁੰਦੀ ਹੈ ਜੋ ਕਈ ਮਾਮਲਿਆਂ ਵਿੱਚ ਖ਼ਤਰਨਾਕ ਨਤੀਜੇ ਸਾਹਮਣਾ ਲਿਆਉਂਦੀ ਹੈ।














