ਚਿਤਮਪੱਲੀ ਪਰਮੇਸ਼ਵਰੀ ਦਾ ਮਨ ਅਕਸਰ ਭੱਜੂੰ-ਭੱਜੂੰ ਕਰਦਾ ਰਹਿੰਦਾ ਹੈ। 30 ਸਾਲਾ ਪਰਮੇਸ਼ਵਰੀ ਕਹਿੰਦੀ ਹਨ,''ਪਰ ਮੈਂ ਆਪਣੇ ਬੱਚਿਆਂ ਨੂੰ ਨਹੀਂ ਛੱਡ ਸਕਦੀ। ਹੁਣ ਮੈਂ ਹੀ ਤਾਂ ਉਨ੍ਹਾਂ ਦਾ ਵਾਹਿਦ ਸਹਾਰਾ ਹਾਂ।''
ਪਰਮੇਸ਼ਵਰੀ ਦੇ ਪਤੀ, ਚਿਤਮਪੱਲੀ ਕਮਲ ਚੰਦਰ ਕਿਸਾਨ ਸਨ। ਨਵੰਬਰ 2010 ਵਿੱਚ ਜਦੋਂ ਉਨ੍ਹਾਂ ਆਤਮਹੱਤਿਆ ਕੀਤੀ ਤਾਂ ਉਹ ਮਹਿਜ਼ 20-25 ਸਾਲਾਂ ਦੇ ਹੀ ਸਨ। ਨਿੱਕੀ ਜਿਹੀ ਮੁਸਕਾਨ ਲਈ ਉਹ ਕਹਿੰਦੀ ਹਨ,''ਉਨ੍ਹਾਂ ਸਾਡੇ ਲਈ ਕੋਈ ਰੁੱਕਾ ਨਾ ਛੱਡਿਆ, ਕਿਉਂਕਿ ਉਨ੍ਹਾਂ ਨੂੰ ਢੰਗ ਨਾਲ਼ ਲਿਖਣਾ ਨਹੀਂ ਆਉਂਦਾ ਸੀ।''
ਅਤੇ ਇੰਝ ਪਰਮੇਸ਼ਵਰੀ ਹੀ ਆਪਣੇ ਬੱਚਿਆਂ ਦੀ ਮਾਂ ਵੀ ਹੈ ਤੇ ਪਿਓ ਵੀ। ਉਨ੍ਹਾਂ ਦੇ ਦੋਵੇਂ ਬੱਚੇ ਸਰਕਾਰੀ ਸਕੂਲ ਪੜ੍ਹਦੇ ਹਨ ਤੇ ਘਰੋਂ 30 ਕਿਲੋਮੀਟਰ ਦੂਰ ਹਾਸਟਲ ਵਿੱਚ ਰਹਿੰਦੇ ਹਨ। ਉਹ ਕਹਿੰਦੀ ਹਨ,''ਮੈਨੂੰ ਉਨ੍ਹਾਂ ਦੀ ਬੜੀ ਯਾਦ ਆਉਂਦੀ ਰਹਿੰਦੀ ਹੈ।'' ਫਿਰ ਆਪੇ ਖ਼ੁਦ ਨੂੰ ਦਿਲਾਸਾ ਦਿੰਦਿਆਂ ਉਹ ਕਹਿੰਦੀ ਹਨ,''ਮੈਨੂੰ ਪਤਾ ਹੈ ਕਿ ਉਨ੍ਹਾਂ ਨੂੰ ਸਮੇਂ-ਸਿਰ ਭੋਜਨ ਮਿਲ਼ਦਾ ਹੋਣਾ।''
ਉਹ ਹਰ ਮਹੀਨੇ ਇੱਕ ਵਾਰੀਂ ਬੱਚਿਆਂ ਨੂੰ ਮਿਲ਼ਣ ਜਾਂਦੀ ਹਨ। ''ਜੇ ਮੇਰੇ ਕੋਲ਼ ਪੈਸੇ ਹੋਣ ਤਾਂ ਮੈਂ ਉਨ੍ਹਾਂ ਨੂੰ 500 ਰੁਪਏ ਤੇ ਜੇ ਥੋੜ੍ਹੇ ਪੈਸੇ ਹੋਣ ਤਾਂ 200 ਰੁਪਏ ਫੜ੍ਹਾ ਦਿੰਦੀ ਹਾਂ,'' ਉਹ ਕਹਿੰਦੀ ਹਨ।
ਇਹ ਪਰਿਵਾਰ ਮਦੀਗਾ ਭਾਈਚਾਰੇ ਨਾਲ਼ ਸਬੰਧ ਰੱਖਦਾ ਹੈ, ਜਿਸ ਨੂੰ ਤੇਲੰਗਾਨਾ ਵਿੱਚ ਅਨੁਸੂਚਿਤ ਜਾਤੀ ਵਜੋਂ ਸੂਚੀਬੱਧ ਕੀਤਾ ਗਿਆ ਹੈ। ਪਰਮੇਸ਼ਵਰੀ ਚਿਲਤਮਪੱਲੀ ਪਿੰਡ ਵਿਖੇ ਇੱਕ ਕਮਰੇ ਦੇ ਘਰ ਵਿੱਚ ਰਹਿੰਦੀ ਹਨ। ਉਨ੍ਹਾਂ ਦੇ ਘਰ ਦੀ ਛੱਤ ਟੁੱਟਣੀ ਸ਼ੁਰੂ ਹੋ ਗਈ ਹੈ ਅਤੇ ਬਾਹਰਲੇ ਪਾਸੇ ਇੱਕ ਵੱਡਾ ਸਾਰਾ ਛੱਪਰ ਹੈ। ਤੇਲੰਗਾਨਾ ਦੇ ਵਿਕਾਰਾਬਾਦ ਜ਼ਿਲ੍ਹੇ ਵਿੱਚ ਸਥਿਤ, ਇਹ ਘਰ ਉਨ੍ਹਾਂ ਦੇ ਮਰਹੂਮ ਪਤੀ ਕਮਲ ਚੰਦਰ ਦੇ ਪਰਿਵਾਰ ਦਾ ਹੈ, ਜਿੱਥੇ ਉਹ ਵਿਆਹ ਤੋਂ ਬਾਅਦ ਦੁਲਹਨ ਬਣ ਕੇ ਆਈ ਸਨ।










