ਇਸ ਸਾਲ 10 ਅਪ੍ਰੈਲ ਨੂੰ ਰਾਤੀਂ 10:30 ਵਜੇ, ਹੈਯੁਲ ਰਹਿਮਾਨ ਅੰਸਾਰੀ ਮੁੰਬਈ ਦੇ ਲੋਕਮਾਨਯ ਤਿਲਕ ਟਰਮੀਨਸ 'ਤੇ ਸਨ। ਉਹ ਝਾਰਖੰਡ ਦੇ ਰਾਂਚੀ ਜਿਲ੍ਹੇ ਦੇ ਹਟਿਯਾ ਰੇਲਵੇ ਸਟੇਸ਼ਨ ਤੱਕ ਜਾਣ ਵਾਲ਼ੀ ਹਟਿਯਾ ਐਕਸਪ੍ਰੈੱਸ ਦੀ ਉਡੀਕ ਕਰ ਰਹੇ ਸਨ, ਜੋ ਰਾਤੀਂ 12:30 ਵਜੇ ਉੱਥੇ ਆਉਣ ਵਾਲ਼ੀ ਸੀ। ਹਟਿਯਾ ਰੇਲਵੇ ਸਟੇਸ਼ਨ ਤੋਂ ਰਹਿਮਾਨ ਬੱਸ ਸਟੈਂਡ ਲਈ ਇੱਕ ਆਟੋਰਿਕਸ਼ਾ ਲੈ ਕੇ ਅਤੇ ਫਿਰ ਗੁਆਂਢੀ ਜਿਲ੍ਹੇ ਚਤਰਾ ਤੋਂ ਅਸਡਿਆ, ਆਪਣੇ ਪਿੰਡ ਜਾਣ ਲਈ ਇੱਕ ਬੱਸ ਲੈਣਗੇ।
ਇਸ ਪੂਰੀ ਯਾਤਰਾ ਵਿੱਚ ਉਨ੍ਹਾਂ ਨੂੰ ਡੇਢ ਦਿਨ ਦਾ ਸਮਾਂ ਲੱਗੇਗਾ।
ਪਰ ਟ੍ਰੇਨ ਵਿੱਚ ਬੈਠਣ ਤੋਂ ਪਹਿਲਾਂ, ਸਟੇਸ਼ਨ ਦੇ ਇੱਕ ਸ਼ਾਂਤ ਕੋਨੇ ਵਿੱਚ ਖੜ੍ਹੇ, 33 ਸਾਲਾ ਰਹਿਮਾਨ ਨੇ ਸਾਨੂੰ ਦੱਸਿਆ ਕਿ ਉਹ ਇੱਕ ਸਾਲ ਦੇ ਵਕਫੇ ਵਿੱਚ ਦੂਸਰੀ ਵਾਰ ਮੁੰਬਈ ਤੋਂ ਵਾਪਸ ਕਿਉਂ ਮੁੜ ਰਹੇ ਸਨ।
ਜਦੋਂ ਉਹ ਟ੍ਰੇਨ ਰਾਹੀਂ ਘਰ ਜਾਣ ਦੀ ਉਡੀਕ ਕਰ ਰਹੇ ਸਨ, ਉਸ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਨਵੇਂ ਇੰਪਲਾਇਰ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਕੰਮ ਮੱਠਾ ਹੋ ਗਿਆ ਹੈ। "ਉਨ੍ਹਾਂ ਨੇ ਕਿਹਾ, 'ਰਹਿਮਾਨ, ਮਾਫ਼ ਕਰੀਂ, ਅਸੀਂ ਤੈਨੂੰ ਕੰਮ 'ਤੇ ਨਹੀਂ ਰੱਖ ਸਕਾਂਗੇ। ਤੂੰ ਬਾਅਦ ਵਿੱਚ ਦੋਬਾਰਾ ਕੋਸ਼ਿਸ਼ ਕਰ ਸਕਦਾ ਹੈਂ।" ਅਤੇ ਇਸ ਤਰ੍ਹਾਂ ਉਨ੍ਹਾਂ ਨੇ ਆਪਣੀ ਹਾਲੀਆ ਨੌਕਰੀ ਗੁਆ ਲਈ- ਜੋ ਅਜੇ ਸ਼ੁਰੂ ਵੀ ਨਹੀਂ ਹੋਈ ਸੀ।
ਰਹਿਮਾਨ 10 ਸਾਲ ਪਹਿਲਾਂ ਜਮਸ਼ੇਦਪੁਰ ਦੇ ਕਰੀਮ ਸਿਟੀ ਕਾਲਜ ਤੋਂ ਮਾਸ ਕਮਿਊਨਿਕੇਸ਼ਨ ਵਿੱਚ ਬੀਏ ਪਾਸ ਕਰਨ ਤੋਂ ਬਾਅਦ ਮੁੰਬਈ ਆ ਗਏ ਸਨ। ਉਨ੍ਹਾਂ ਨੇ ਬਤੌਰ ਵੀਡਿਓ ਐਡੀਟਰ ਕੰਮ ਲੈਣਾ ਸ਼ੁਰੂ ਕੀਤਾ, ਇਸ ਕੰਮ ਤੋਂ ਉਨ੍ਹਾਂ ਨੂੰ ਇੰਨੀ ਕੁ ਕਮਾਈ ਹੋ ਹੀ ਜਾਂਦੀ ਸੀ ਕਿ ਉਹ ਇਸ ਸ਼ਹਿਰ ਵਿੱਚ ਆਪਣਾ ਖਰਚਾ ਚਲਾ ਸਕਣ ਅਤੇ ਕੁਝ ਪੈਸੇ ਘਰ ਭੇਜ ਸਕਣ ਦੇ ਯੋਗ ਹੋ ਗਏ।
ਪਰ ਮਾਰਚ 2020 ਵਿੱਚ, ਰਾਸ਼ਟਰ-ਵਿਆਪੀ ਕੋਵਿਡ-19 ਤਾਲਾਬੰਦੀ ਦੇ ਐਲਾਨ ਤੋਂ ਬਾਅਦ ਉਨ੍ਹਾਂ ਨੇ ਆਪਣੀ ਨੌਕਰੀ ਤੋਂ ਹੱਥ ਧੋ ਲਿਆ-ਅਤੇ ਇਹਦੇ ਨਾਲ਼ ਹੀ ਉਨ੍ਹਾਂ ਦੀ 40,000 ਰੁਪਏ ਪ੍ਰਤੀ ਮਹੀਨੇ ਦੀ ਤਨਖਾਹ ਵੀ ਚਲੀ ਗਈ। ਰਹਿਮਾਨ ਨੇ ਬਾਂਦਰਾ ਪੱਛਮ ਦੇ ਲਾਲ ਮਿੱਟੀ ਇਲਾਕੇ ਵਿੱਚ, ਆਪਣੇ ਪਿੰਡ ਦੇ ਹੋਰਨਾਂ ਚਾਰ ਲੋਕਾਂ ਨਾਲ਼ ਰਲ਼ ਕੇ ਕਿਰਾਏ ਦੇ ਇੱਕ ਛੋਟੇ ਜਿਹੇ ਕਮਰੇ ਵਿੱਚ ਰਹਿਣਾ ਜਾਰੀ ਰੱਖਿਆ। ਉਨ੍ਹਾਂ ਵਿੱਚੋਂ ਹਰੇਕ ਕਿਰਾਏ ਲਈ 2,000 ਰੁਪਏ ਦਾ ਭੁਗਤਾਨ ਕਰਦਾ ਸੀ। ਇਹ ਔਖਾ ਜ਼ਰੂਰ ਸੀ, ਉਹ ਯਾਦ ਕਰਦੇ ਹਨ- ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਨ੍ਹਾਂ ਕੋਲ਼ ਰਾਸ਼ਨ ਤੱਕ ਲਿਆਉਣ ਦੇ ਪੈਸੇ ਤੱਕ ਨਹੀਂ ਸਨ ਹੁੰਦੇ।
"ਪਿਛਲੇ ਸਾਲ, ਮੈਨੂੰ ਮਹਾਂਰਾਸ਼ਟਰ ਸਰਕਾਰ ਤੋਂ ਕਿਸੇ ਵੀ ਕਿਸਮ ਦੀ ਕੋਈ ਮਦਦ ਨਹੀਂ ਮਿਲ਼ੀ," ਰਹਿਮਾਨ ਨੇ ਦੱਸਿਆ। ਇੱਕ ਪੁਰਾਣੇ ਸਹਿਕਮਰੀ ਨੇ ਉਨ੍ਹਾਂ ਨੂੰ ਕੁਝ ਚਾਵਲ, ਦਾਲ, ਤੇਲ ਅਤੇ ਖਜੂਰ ਦਿੱਤੇ ਸਨ। "ਮੈਨੂੰ ਉਸ ਸਮੇਂ ਬੜਾ ਬੁਰਾ ਲੱਗਦਾ ਸੀ ਅਤੇ ਮੈਂ ਕਿਸੇ ਨਾਲ਼ ਇਸ ਬਾਰੇ ਗੱਲ ਵੀ ਨਹੀਂ ਕਰ ਸਕਦਾ ਸਾਂ।"
ਇਸਲਈ, ਪਿਛਲੇ ਸਾਲ ਮਈ ਦੇ ਅੱਧ ਵਿੱਚ, ਰਹਿਮਾਨ ਨੇ ਆਪਣੇ ਪਿੰਡ ਮੁੜਨ ਲਈ ਯਾਤਰਾ ਦਾ ਖਰਚਾ ਕੱਢਣ ਲਈ ਤਿੰਨ ਮਹੀਨਿਆਂ ਦਾ ਕਿਰਾਇਆ ਬਚਾਇਆ। ਉਹ ਅਤੇ ਉਨ੍ਹਾਂ ਦੇ ਨਾਲ਼ ਰਹਿਣ ਵਾਲ਼ੇ ਸਾਰੇ ਲੋਕਾਂ ਨੇ ਘਰ ਜਾਣ ਲਈ ਇੱਕ ਨਿੱਜੀ ਬੱਸ ਕਿਰਾਏ 'ਤੇ ਲਈ, ਜਿਹਦੇ ਲਈ ਉਨ੍ਹਾਂ ਨੂੰ ਪ੍ਰਤੀ ਸੀਟ 10,000 ਰੁਪਏ ਦਾ ਭੁਗਤਾਨ ਕਰਨਾ ਪਿਆ। ਉਨ੍ਹਾਂ ਨੇ ਆਪਣੇ ਮਕਾਨ ਮਾਲਕ ਨੂੰ ਕਿਰਾਇਆ ਦੇ ਦੇਣ ਦਾ ਯਕੀਨ ਦਵਾਇਆ।
ਪਿੰਡ ਮੁੜਨ ਤੋਂ ਬਾਦ, ਰਹਿਮਾਨ ਆਪਣੇ ਪੰਜ ਭਰਾਵਾਂ ਨਾਲ਼ ਆਪਣੇ ਪਰਿਵਾਰ ਦੇ 10 ਏਕੜ ਖੇਤ ਵਿੱਚ ਕੰਮ ਕਰਨ ਲੱਗੇ, ਜਿੱਥੇ ਉਹ ਫ਼ਸਲਾਂ ਦੀ ਬਿਜਾਈ ਅਤੇ ਕਟਾਈ ਦੀ ਦੇਖਰੇਖ ਕਰਦੇ ਸਨ। ਉਨ੍ਹਾਂ ਦੇ ਮਾਪੇ, ਉਨ੍ਹਾਂ ਦੇ ਭਰਾ, ਉਨ੍ਹਾਂ ਦੇ ਪਰਿਵਾਰ ਦੇ ਸਾਰੇ ਜਣੇ ਪਿੰਡ ਵਿੱਚ ਹੀ ਰਹਿੰਦੇ ਹਨ। ਰਹਿਮਾਨ ਦੀ ਪਤਨੀ, 25 ਸਾਲਾ ਸਲਮਾ ਖਾਤੂਨ ਅਤੇ ਉਨ੍ਹਾਂ ਦੇ ਬੱਚੇ, 5 ਸਾਲਾ ਅਖ਼ਲਾਕ ਅਤੇ 2 ਸਾਲਾ ਸਾਇਮਾ ਨਾਜ਼, ਉਨ੍ਹਾਂ ਦੇ ਨਾਲ਼ ਰਹਿੰਦੇ ਹਨ।
ਮਹਾਂਮਾਰੀ ਤੋਂ ਪਹਿਲਾਂ ਰਹਿਮਾਨ, ਘਰੇਲੂ ਖ਼ਰਚ ਅਤੇ ਆਪਣਾ ਖੇਤ ਚਲਾਉਣ ਲਈ ਪਰਿਵਾਰ ਦੁਆਰਾ ਲਏ ਗਏ ਕਰਜੇ ਦੀ ਅਦਾਇਗੀ ਲਈ 10,000-15,000 ਰੁਪਏ ਭੇਜਿਆ ਕਰਦੇ ਸਨ। ਜਦੋਂ ਤਾਲਾਬੰਦੀ ਦੇ ਪ੍ਰਤੀਬੰਧਾਂ ਵਿੱਚ ਢਿੱਲ ਦਿੱਤੀ ਗਈ ਤਾਂ ਸੰਭਾਵਤ ਨੌਕਰੀ ਦਾ ਮੌਕਾ ਉਨ੍ਹਾਂ ਨੂੰ ਵਾਪਸ ਮੁੰਬਈ ਖਿੱਚ ਲਿਆਇਆ। ਕਰੀਬ 10 ਮਹੀਨਿਆਂ ਤੱਕ ਦੂਰ ਰਹਿਣ ਦੇ ਬਾਅਦ, ਉਹ ਫਰਵਰੀ 2021 ਦੇ ਅੰਤ ਵਿੱਚ ਮੁੜੇ ਸਨ।
ਉਦੋਂ ਤੱਕ, ਉਨ੍ਹਾਂ ਦੇ ਸਿਰ ਮਕਾਨ ਮਾਲਕ ਦੇ 10 ਮਹੀਨਿਆਂ ਦੇ ਕਿਰਾਏ ਦਾ ਭਾਰ ਪੈ ਚੁੱਕਿਆ ਸੀ। ਖੇਤ ਵਿੱਚ ਕੰਮ ਕਰਕੇ ਬਚਾਇਆ ਗਿਆ ਪੈਸਾ ਅਤੇ ਲਖਨਊ ਵਿੱਚ ਛੋਟੇ-ਮੋਟੇ ਐਡੀਟਿੰਗ ਦੇ ਕੰਮ ਦੇ ਜ਼ਰੀਏ ਕਮਾਏ ਪੈਸੇ ਨਾਲ਼ ਰਹਿਮਾਨ ਨੇ ਮੁੰਬਈ ਪਹੁੰਚਣ ਤੋਂ ਬਾਅਦ ਨੌ ਮਹੀਨਿਆਂ ਦਾ ਕਿਰਾਇਆ- 18,000 ਰੁਪਏ ਚੁਕਾਇਆ।
ਪਰ ਇਸ ਤੋਂ ਪਹਿਲਾਂ ਕਿ ਉਹ ਇੱਕ ਨਵੇਂ ਦਫ਼ਤਰ ਵਿੱਚ ਨਵੇਂ ਸਿਰਿਓਂ ਸ਼ੁਰੂਆਤ ਕਰ ਪਾਉਂਦੇ, ਮਹਾਰਾਸ਼ਟਰ ਵਿੱਚ 5 ਅਪ੍ਰੈਲ ਤੋਂ ਅੰਸ਼ਕ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਗਿਆ (ਮੁਕੰਮਲ ਤਾਲਾਬੰਦੀ 14 ਅਪ੍ਰੈਲ ਤੋਂ ਲਾਈ ਗਈ)। ਤੇਜੀ ਨਾਲ਼ ਫੈਲਦੀ ਕੋਵਿਡ-19 ਦੀ ਦੂਸਰੀ ਲਹਿਰ ਨੇ ਪ੍ਰਾਜੈਕਟਾਂ ਨੂੰ ਮੱਠਾ ਕਰ ਦਿੱਤਾ ਅਤੇ ਰਹਿਮਾਨ ਦੇ ਨਵੇਂ ਇੰਪਲਾਇਰ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਉਹ ਉਨ੍ਹਾਂ ਨੂੰ ਕੰਮ 'ਤੇ ਨਹੀਂ ਰੱਖ ਸਕਦੇ।
ਕੰਮ ਲੱਭਣ ਦੀ ਬੇਯਕੀਨੀ ਰਹਿਮਾਨ ਨੂੰ ਪਹਿਲਾਂ ਬਹੁਤਾ ਪ੍ਰਭਾਵਤ ਨਹੀਂ ਕਰਦੀ ਸੀ। "ਜਦੋਂ ਮੈਨੂੰ ਕੋਈ ਪ੍ਰਾਜੈਕਟ ਮਿਲ਼ਦਾ ਹੈ ਤਾਂ ਇਹ ਕਦੇ ਛੇ ਮਹੀਨਿਆਂ ਲਈ ਅਤੇ ਕਦੇ ਦੋ ਸਾਲ ਲਈ ਜਾਂ ਕਦੇ-ਕਦੇ ਸਿਰਫ਼ ਤਿੰਨ ਮਹੀਨਿਆਂ ਲਈ ਹੀ ਹੁੰਦਾ ਹੈ। ਮੈਂ ਇਸ ਸਭ ਦਾ ਆਦੀ ਹੋ ਗਿਆ ਹਾਂ," ਉਨ੍ਹਾਂ ਨੇ ਕਿਹਾ। "ਪਰ ਜਦੋਂ ਦਫ਼ਤਰ ਅਚਾਨਕ ਬੰਦ ਹੋ ਜਾਣ, ਤਾਂ ਬਹੁਤ ਮੁਸ਼ਕਲ ਹੁੰਦੀ ਹੈ।"
ਇਸ ਤੋਂ ਪਹਿਲਾਂ, ਜੇ ਕਿਸੇ ਇੱਕ ਦਫ਼ਤਰ ਵਿੱਚ ਕੰਮ ਠੀਕ ਤਰ੍ਹਾਂ ਨਹੀਂ ਚੱਲਦਾ ਸੀ ਤਾਂ ਉਹ ਸਦਾ ਹੋਰ ਥਾਵਾਂ 'ਤੇ ਬਿਨੈ ਕਰ ਸਕਦੇ ਹੁੰਦੇ ਸਨ। "ਹੁਣ, ਕਿਤੇ ਹੋਰ ਕੰਮ ਲੱਭਣਾ ਵੀ ਮੁਸ਼ਕਲ ਹੈ। ਮਹਾਂਮਾਰੀ ਦੇ ਕਾਰਨ, ਤੁਹਾਨੂੰ ਕਰੋਨਾ ਜਾਂਚ ਕਰਾਉਣੀ ਪੈਂਦੀ ਹੈ, ਸੈਨੀਟਾਈਜ ਕਰਨਾ ਪੈਂਦਾ ਹੈ... ਅਤੇ ਲੋਕ ਬੇਪਛਾਣਿਆਂ ਨੂੰ ਆਪਣੀ ਇਮਾਰਤ ਵਿੱਚ ਵੜ੍ਹਨ ਦੀ ਆਗਿਆ ਨਹੀਂ ਦਿੰਦੇ। ਸਾਡੇ ਲਈ ਇਹ ਬਹੁਤ ਵੱਡੀ ਸਮੱਸਿਆ ਬਣ ਗਈ ਹੈ," ਰਹਿਮਾਨ ਨੇ ਦੱਸਿਆ।
ਉਹ ਆਪਣੇ ਪਿੰਡ ਵਿੱਚ ਰਹਿਣ ਤੋਂ ਇਲਾਵਾ ਹੋਰ ਕੁਝ ਨਹੀਂ ਕਰਨਾ ਚਾਹੁੰਦੇ ਸਨ, ਪਰ ਉਨ੍ਹਾਂ ਨੇ ਕਿਹਾ,"ਪਰ ਮੈਂ ਇਸ ਤਰ੍ਹਾਂ ਦਾ ਕੰਮ (ਵੀਡਿਓ ਐਡੀਟਿੰਗ) ਉੱਥੇ ਨਹੀਂ ਕਰ ਸਕਦਾ। ਜਦੋਂ ਤੁਹਾਨੂੰ ਪੈਸੇ ਦੀ ਲੋੜ ਹੋਵੇ ਤਾਂ ਸ਼ਹਿਰ ਹੀ ਜਾਣਾ ਪੈਂਦਾ ਹੈ।"
ਤਰਜਮਾ: ਕਮਲਜੀਤ ਕੌਰ