"ਕੁੜੀ ਹੋਈ ਹੈ," ਡਾਕਟਰ ਨੇ ਕਿਹਾ।
ਆਸ਼ਾ ਦੇ ਇਹ ਚੌਥਾ ਬੱਚਾ ਹੋਣਾ ਹੈ-ਪਰ ਇਹ ਅੰਤਮ ਬੱਚਾ ਹੈ ਇਹ ਗੱਲ ਤੈਅ ਨਹੀਂ ਹੈ। ਉਹ ਜਨਾਨਾ ਰੋਗ ਮਾਹਰ ਵੱਲੋਂ ਆਪਣੀ ਮਾਂ ਕਾਤਾਂਬੇਨ ਨੂੰ ਢਾਰਸ ਦਿੰਦਿਆਂ ਸੁਣ ਸਕਦੀ ਸਨ: "ਮਾਂ, ਤੁਸੀਂ ਰੋਵੋ ਨਾ। ਲੋੜ ਪਈ ਤਾਂ ਮੈਂ ਅੱਠ ਹੋਰ ਸੀਜੇਰਿਅਨ ਕਰਾਂਗੀ। ਪਰ ਜਦੋਂ ਤੱਕ ਉਹ ਮੁੰਡਾ ਨਹੀਂ ਜੰਮਦੀ, ਮੈਂ ਇੱਥੇ ਹੀ ਹਾਂ। ਉਹ ਮੇਰੀ ਜਿੰਮੇਦਾਰੀ ਹੈ।"
ਇਸ ਤੋਂ ਪਹਿਲਾਂ, ਆਸ਼ਾ ਦੇ ਤਿੰਨ ਬੱਚੇ ਸਾਰੀਆਂ ਕੁੜੀਆਂ ਸਨ, ਉਨ੍ਹਾਂ ਦਾ ਜਨਮ ਸੀਜੇਰਿਅਨ ਸਰਜਰੀ ਨਾਲ਼ ਹੋਇਆ ਸੀ। ਅਤੇ ਹੁਣ ਉਹ ਡਾਕਟਰ ਕੋਲੋਂ ਅਹਿਮਦਾਬਾਦ ਸ਼ਹਿਰ ਦੇ ਮਣੀਨਗਰ ਇਲਾਕੇ ਵਿੱਚ ਇੱਕ ਨਿੱਜੀ ਕਲੀਨਿਕ ਵਿੱਚ ਭਰੂਣ ਲਿੰਗ ਜਾਂਚ ਪਰੀਖਣ ਦਾ ਫੈਸਲਾ ਸੁਣ ਰਹੀ ਸਨ। (ਅਜਿਹੀਆਂ ਜਾਂਚਾਂ ਗੈਰ-ਕਨੂੰਨੀ ਹਨ, ਪਰ ਵਿਆਪਕ ਰੂਪ ਨਾਲ਼ ਉਪਲਬਧ ਹਨ।) ਕਈ ਸਾਲਾਂ ਬਾਅਦ ਇਹ ਉਹਦੀ ਚੌਥੀ ਗਰਭ-ਅਵਸਥਾ ਸੀ। ਉਹ ਇੱਥੇ ਕਾਂਤਾਬੇਨ ਦੇ ਨਾਲ਼ 40 ਕਿਲੋਮੀਟਰ ਦੂਰ, ਖਾਨਪਾਰ ਪਿੰਡੋਂ ਆਈ ਸਨ। ਮਾਂ ਅਤੇ ਧੀ ਦੋਵੇਂ ਹੀ ਦੁਖੀ ਸਨ। ਉਹ ਜਾਣਦੀਆਂ ਸਨ ਕਿ ਆਸ਼ਾ ਦਾ ਸਹੁਰਾ ਉਹਨੂੰ ਗਰਭਪਾਤ ਨਹੀਂ ਕਰਾਉਣ ਦੇਣਗੇ। "ਇਹ ਸਾਡੇ ਯਕੀਨ ਦੇ ਖਿਲਾਫ਼ ਹੈ," ਕਾਂਤਾਬੇਨ ਨੇ ਕਿਹਾ।
ਦੂਸਰੇ ਸ਼ਬਦਾਂ ਵਿੱਚ: ਇਹ ਆਸ਼ਾ ਦੀ ਆਖ਼ਰੀ ਗਰਭਅਵਸਥਾ ਨਹੀਂ ਹੋਵੇਗੀ।
ਆਸ਼ਾ ਅਤੇ ਕਾਂਤਾਬੇਨ ਦਾ ਸਬੰਧ ਆਜੜੀਆਂ ਦੇ ਭਾਰਵਾੜ ਭਾਈਚਾਰੇ ਨਾਲ਼ ਹੈ, ਜੋ ਆਮ ਤੌਰ 'ਤੇ ਭੇਡ-ਬੱਕਰੀਆਂ ਚਰਾਉਂਦੇ ਹਨ। ਹਾਲਾਂਕਿ, ਅਹਿਮਦਾਬਾਦ ਜਿਲ੍ਹੇ ਦੇ ਢੋਲਕਾ ਤਾਲੁਕਾ ਵਿੱਚ-ਜਿੱਥੇ ਖਾਨਪਾਰ ਸਥਿਤ ਹੈ, ਉਨ੍ਹਾਂ ਦੇ ਪਿੰਡ ਵਿੱਚ ਸਿਰਫ਼ 271 ਘਰ ਅਤੇ 1,500 ਤੋਂ ਵੀ ਘੱਟ ਲੋਕ ਹਨ (ਮਰਦਮਸ਼ੁਮਾਰੀ 2011)- ਉਨ੍ਹਾਂ ਵਿੱਚੋਂ ਬਹੁਤੇਰੇ ਲੋਕ ਘੱਟ ਗਿਣਤੀ ਵਿੱਚ ਗਾਂ ਅਤੇ ਮੱਝ ਪਾਲਦੇ ਹਨ। ਰਿਵਾਇਤੀ ਸਮਾਜਿਕ ਪਦ-ਅਨੁਕ੍ਰਮਾਂ ਵਿੱਚ, ਇਸ ਭਾਈਚਾਰੇ ਨੂੰ ਆਜੜੀ ਜਾਤੀਆਂ ਵਿੱਚ ਸਭ ਤੋਂ ਹੇਠਲੇ ਤਬਕੇ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਅਤੇ ਇਹ ਗੁਜਰਾਤ ਵਿੱਚ ਪਿਛੜੇ ਕਬੀਲੇ ਦੇ ਰੂਪ ਵਿੱਚ ਸੂਚੀਬਧ ਹੈ।







