ਐੱਮ. ਕਰੂਪਿਆਹ ਕੋਂਬੂ ਵਜਾਉਂਦੇ ਵਜਾਉਂਦੇ ਹੀ ਮਰਨਾ ਲੋਚਦੇ ਹਨ। ਖੈਰ, ਹਵਾ ਸਹਾਰੇ ਵੱਜਣ ਵਾਲ਼ਾ ਇਹ ਸਾਜ, ਇਤਿਹਾਸਕ ਰੂਪ ਨਾਲ਼ ਯੁੱਧ ਦੇ ਮੈਦਾਨਾਂ ਵਿੱਚ ਲੜਾਈ ਦੀ ਸ਼ੁਰੂਆਤ ਦਾ ਐਲਾਨ ਕਰਨ ਲਈ ਵਜਾਇਆ ਜਾਂਦਾ ਸੀ। ਭਾਵ ਕਿ ਜਾਨ ਵਾਰ ਸੁੱਟਣ ਵਾਲ਼ਾ ਇੱਕ ਸੰਗੀਤ। ਪਰ, ਪਿੱਤਲ ਜਾਂ ਕਾਂਸੇ ਤੋਂ ਬਣੇ ਹਾਥੀ ਦੀ ਸੁੰਡ ਦੇ ਅਕਾਰ ਦੇ ਇਸ ਸਿੰਙਨੁਮਾ ਸਾਜ਼ ਨੂੰ ਵਜਾਉਂਦੇ-ਵਜਾਉਂਦੇ ਇਸ ਦੁਨੀਆ ਤੋਂ ਵਿਦਾ ਹੋਣ ਦੀ ਕਰੂਪਿਆਹ ਦੀ ਚਾਹਤ ਮਗਰ ਇਹੀ ਕਾਰਨ ਨਹੀਂ ਹੈ।
49 ਸਾਲਾ ਕਰੂਪਿਆਹ ਲਈ ਕੋਂਬੂ ਕਲਾ ਦਾ ਬੇਹਤਰੀਨ ਨਮੂਨਾ ਹੈ। ਉਹ ਆਪਣੇ ਪਰਿਵਾਰ ਦੀ ਚੌਥੀ ਪੀੜ੍ਹੀ ਦੇ ਕਲਾਕਾਰ ਹਨ ਅਤੇ ਉਹ ਆਪਣੇ ਇਸ ਸਾਜ਼ ਨਾਲ਼ ਉਸ ਆਟੋਰਿਕਸ਼ਾ ਦੇ ਮੁਕਾਬਲੇ ਵੱਧ ਲਗਾਓ ਮਹਿਸੂਸ ਕਰਦੇ ਹਨ ਜਿਹਨੂੰ ਉਹ ਮਦੁਰਾਈ ਸਥਿਤ ਆਪਣੇ ਪਿੰਡ ਵਿੱਚ ਟੱਬਰ ਪਾਲਣ ਲਈ ਚਲਾਉਣ ਨੂੰ ਮਜ਼ਬੂਰ ਹਨ।
ਕਰੂਪਿਆਹ ਕਹਿੰਦੇ ਹਨ ਕਿ ਕਰੀਬ ਤਿੰਨ ਦਹਾਕੇ ਪਹਿਲਾਂ ਤੀਕਰ, ਇਹ ਕਲਾ ਆਪਣੀ ''ਟੀਸੀ'' 'ਤੇ ਸੀ। ਉਨ੍ਹਾਂ ਨੂੰ ਯਾਦ ਹੈ ਕਿ ਸਾਲ 1991 ਵਿੱਚ ਉਨ੍ਹਾਂ ਨੇ ਮੁੱਖ ਮੰਤਰੀ ਜੈ. ਜੈਲਲਿਤਾ ਦੇ ਸਾਹਮਣੇ ਕੋਂਬੂ ਵਜਾਇਆ ਸੀ। ''ਉਹ ਇਸ ਸਾਜ ਤੋਂ ਇੰਨੀ ਪ੍ਰਭਾਵਤ ਹੋਈ ਕਿ ਸਾਨੂੰ ਦੋਬਾਰਾ ਵਜਾਉਣ ਲਈ ਕਿਹਾ!''
ਪਰ ਉਨ੍ਹੀਂ ਦਿਨੀਂ, ਥਿਰੂਪਰਾਂਕੁੰਦਰਮ ਬਲਾਕ ਵਿੱਚ ਪੈਂਦੇ ਪਿੰਡ ਮੇਲਕੁਯਿਲਕੁਰੀ ਵਿੱਚ ਕੋਂਬੂ ਵਜਾਉਣ ਵਾਲ਼ੇ ਉਨ੍ਹਾਂ ਜਿਹੇ ਦੂਸਰੇ ਕਲਾਕਾਰਾਂ ਲਈ ਕੰਮ ਮਿਲ਼ਣਾ ਮੁਸ਼ਕਲ ਹੋ ਗਿਆ ਹੈ। ਸੰਗੀਤ ਦੇ ਇਸ ਮਿੱਠੇ ਰੂਪ, ਜਿਹਦੀ ਹਾਲਤ ਹੁਣ ਖ਼ਰਾਬ ਹੈ ਤੇ ਜਿਹਦੀ ਥਾਂ ਪਹਿਲਾਂ ਹੀ ਪੌਪ ਸਭਿਆਚਾਰ ਦੁਆਰਾ ਲਈ ਜਾ ਰਹੀ ਹੈ, ਨੇ ਮਾਰਚ 2020 ਵਿੱਚ ਕੋਵਿਡ ਤਾਲਾਬੰਦੀ ਤੋਂ ਬਾਅਦ ਬਹੁਤ ਕੁਝ ਝੱਲਿਆ ਹੈ। ਕਲਾਕਾਰਾਂ ਕੋਲ਼ ਨਾ ਕੰਮ ਹੈ ਅਤੇ ਨਾ ਹੀ ਪੈਸੇ।
ਜਦੋਂ ਕਰੂਪਿਆਹ ਨੂੰ ਮੰਦਰਾਂ, ਜਨਤਕ ਸਮਾਗਮਾਂ ਜਾਂ ਅੰਤਮ ਸਸਕਾਰਾਂ ਵਿੱਚ ਕੋਂਬੂ ਵਜਾਉਣ ਦਾ ਕੰਮ ਮਿਲ਼ਦਾ ਤਾਂ ਉਨ੍ਹਾਂ ਨੂੰ ਇੱਕ ਪੇਸ਼ਕਾਰੀ ਬਦਲੇ 700-1000 ਰੁਪਏ ਮਿਲ਼ਦੇ। ਉਹ ਦੱਸਦੇ ਹਨ,''ਬੀਤੇ ਸਾਲ ਤੋਂ, ਤਾਲਾਬਾੰਦੀ ਦੇ ਕਾਰਨ ਅਸੀਂ ਅਲਗਰ ਕੋਇਲ ਥਿਰੂਵਿਜ਼੍ਹਾ ਵਿੱਚ ਇੱਕ ਵੀ ਪੇਸ਼ਕਾਰੀ ਨਹੀਂ ਕਰ ਪਾਏ ਹਾਂ। ਉਸ ਦੌਰਾਨ ਸਾਨੂੰ ਅੱਠ ਦਿਨ ਦਾ ਕੰਮ ਮਿਲ਼ਦਾ ਸੀ।''
ਕੋਂਬੂ ਵਜਾਉਣ ਵਾਲ਼ੇ ਕਲਾਕਾਰ ਸਲਾਨਾ (ਅਪ੍ਰੈਲ-ਮਈ ਵਿੱਚ) ਪੇਸ਼ਕਾਰੀ ਕਰਦੇ ਹਨ, ਜਿਸ ਸਮੇਂ ਲੱਖਾਂ ਭਗਤ ਮਦੁਰਾਈ ਸ਼ਹਿਰ ਤੋਂ 20 ਕਿਲੋਮੀਟਰ ਦੂਰ ਅਲਗਰ ਕੋਇਲ ਮੰਦਰ ਵਿੱਚ ਇਕੱਠੇ ਹੁੰਦੇ ਹਨ।
''ਹਰ ਕੋਈ ਕੋਂਬੂ ਨਹੀਂ ਵਜਾ ਸਕਦਾ। ਇਸ ਵਾਸਤੇ ਬਹੁਤ ਹੁਨਰ ਦੀ ਲੋੜ ਹੁੰਦੀ ਹੈ,'' ਆਰ. ਕਾਲੀਸਵਰਨ ਕਹਿੰਦੇ ਹਨ, ਜੋ ਚੇਨਈ ਦੇ ਇੱਕ ਸੰਗਠਨ ਅਲਟਰਨੇਟਿਵ ਮੀਡਿਆ ਸੈਂਟਰ (ਏਐੱਮਸੀ) ਦੇ ਮੋਢੀ ਅਤੇ ਲੋਕ ਕਲਾਕਾਰਾਂ ਅਤੇ ਕਲਾਵਾਂ ਨੂੰ ਹੱਲ੍ਹਾਸ਼ੇਰੀ ਦਿੰਦੇ ਹਨ। ਇਹ ਸਾਜ਼ ਕਿਸੇ ਸਮਾਗਮ ਦੀ ਪਹਿਲਾਂ ਸ਼ੁਰੂਆਤ ਵਿੱਚ ਵਜਾਇਆ ਜਾਂਦਾ ਹੈ ਅਤੇ ਫਿਰ ਅੱਧ ਵਿਚਾਲ਼ੇ ਪਰ ਇਹਨੂੰ ਨਿਰੰਤਰ ਨਹੀਂ ਵਜਾਇਆ ਜਾਂਦਾ। ਇਸਲਈ, ਕਲਾਕਾਰ ਆਮ ਤੌਰ 'ਤੇ 15 ਮਿੰਟ ਲਈ ਵਜਾਉਂਦੇ ਹਨ, ਪੰਜ ਮਿੰਟ ਅਰਾਮ ਕਰਦੇ ਹਨ ਅਤੇ ਇਹਦੇ ਬਾਅਦ ਫਿਰ 15 ਮਿੰਟ ਲਈ ਵਜਾਉਂਦੇ ਹਨ। ''ਆਮ ਤੌਰ 'ਤੇ, ਕਲਾਕਾਰ ਬਹੁਤ ਡੂੰਘਾ ਸਾਹ ਖਿੱਚਦੇ ਹਨ ਅਤੇ ਇਸ ਲੰਬੇ ਖਿੱਚੇ ਸਾਹ ਨੂੰ ਕੋਂਬੂ ਵਿੱਚ ਜ਼ੋਰ ਨਾਲ਼ ਛੱਡਦੇ ਹਨ।'' ਸਾਹ ਖਿੱਚਣ-ਛੱਡਣ ਦੀ ਇਹੀ ਮੁਹਾਰਤ ਉਨ੍ਹਾਂ ਦੇ ਲੰਬੀ ਜਿੰਦਗੀ ਦਾ ਰਾਜ ਹੈ, ਕਾਲੀਸਵਰਨ ਦੱਸਦੇ ਹਨ ਕਿ ਕਰੀਬ 100 ਸਾਲ ਦੀ ਉਮਰ ਦੇ ਕਲਾਕਾਰ ਅਜੇ ਵੀ ਜ਼ਿੰਦਾ ਹਨ।











