ਦਿਲਾਵਰ ਸ਼ਿਕਲਗਰ 1960 ਦੇ ਦਹਾਕੇ ਦੇ ਮੱਧ ਦੀ ਇਕ ਘਟਨਾ ਨੂੰ ਯਾਦ ਕਰਦਿਆਂ ਮੁਸਕਰਾਉਂਦੇ ਹਨ। ਉਨ੍ਹਾਂ ਦੀ ਵਰਕਸ਼ਾਪ ਵਿਚ ਕੋਈ ਵਿਅਕਤੀ ਹਥੌੜੇ ਨਾਲ ਲੋਹਾ ਕੁੱਟ ਰਿਹਾ ਸੀ ਕਿ ਲੋਹੇ ਦੀ ਇਕ ਫਾਕੜ (ਟੁਕੜਾ) ਉੱਡਦੀ ਹੋਈ ਆਈ ਤੇ ਉਨ੍ਹਾਂ ਦੀ ਖੱਬੀ (ਖੱਬੇ ਹੱਥ ਦੀ) ਅਗਲੀ ਉਂਗਲ ਜ਼ਖ਼ਮੀ ਕਰ ਦਿੱਤੀ। ਪੰਜ ਦਹਾਕਿਆਂ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ, ਕਾਫ਼ੀ ਸਮਾਂ ਪਹਿਲਾਂ ਭਰ ਚੁੱਕੇ ਜ਼ਖ਼ਮ ਦਾ ਨਿਸ਼ਾਨ ਅਜੇ ਵੀ ਦਿਸਦਾ ਹੈ। ਉਹ ਮੁਸਕਰਾਉਂਦੇ ਹੋਏ ਕਹਿੰਦੇ ਹਨ, “ਮੇਰੀਆਂ ਹਥੇਲੀਆਂ ਵੱਲ ਦੇਖੋ। ਇਹ ਕਿਸੇ ਧਾਤੂ ਵਾਂਗ ਪੱਕ ਚੁੱਕੀਆਂ ਹਨ।”
ਇਨ੍ਹਾਂ ਪੰਜ ਤੋਂ ਵੱਧ ਦਹਾਕਿਆਂ ਦੌਰਾਨ, 68 ਵਰ੍ਹਿਆਂ ਦੇ ਦਿਲਾਵਰ ਨੇ ਹਰ ਰੋਜ਼ 500 ਵਾਰ ਤਪਦੇ ਲੋਹੇ ਅਤੇ ਕਾਰਬਨ ਸਟੀਲ (ਲੋਹੇ-ਕਾਰਬਨ ਦੀ ਮਿਸ਼ਰਤ ਧਾਤ) ਨੂੰ ਹਥੌੜਾ ਮਾਰਿਆ ਹੈ। ਇਸ ਹਿਸਾਬ ਨਾਲ ਉਹ ਆਪਣੀ ਉਮਰ ਦੇ 55 ਸਾਲਾਂ ਦੌਰਾਨ ਆਪਣਾ ਰਵਾਇਤੀ ਪੰਜ ਕਿਲੋ ਦਾ ਘਣ ਕਰੀਬ 80 ਲੱਖ ਵਾਰ ਧਾਤੂ ਉੱਤੇ ਮਾਰ ਚੁੱਕੇ ਹਨ।
ਲੁਹਾਰਾਂ ਦਾ ਇਹ ਸ਼ਿਕਲਗਰ ਪਰਿਵਾਰ ਸਾਂਗਲੀ ਜ਼ਿਲ੍ਹੇ ਦੇ ਵਾਲਵਾ ਤਾਲੁਕਾ ਵਿਚ ਸਥਿਤ ਪਿੰਡ ਬਾਗਾਨੀ ਵਿਚ ਰਹਿੰਦਾ ਹੈ। ਇਹ ਲੁਹਾਰ ਇਕ ਸਦੀ ਤੋਂ ਵੀ ਵੱਧ ਸਮੇਂ ਤੋਂ ਇਹੀ ਕੰਮ ਕਰ ਰਹੇ ਹਨ। ਉਹ ਵੱਖ-ਵੱਖ ਤਰ੍ਹਾਂ ਦੇ ਔਜ਼ਾਰ ਹੱਥੀਂ ਬਣਾਉਂਦੇ ਹਨ ਜਿਨ੍ਹਾਂ ਦੀ ਵਰਤੋਂ ਘਰਾਂ ਅਤੇ ਖੇਤਾਂ ਵਿਚ ਕੀਤੀ ਜਾਂਦੀ ਹੈ। ਪਰ ਉਹ ਵਿਸ਼ੇਸ਼ ਤੌਰ ’ਤੇ ਵਧੀਆ ਕਿਸਮ ਦੇ ਕੈਂਚ (ਨਟ-ਕੱਟਰ) ਜਾਂ ਅਡਕਿੱਤਾ (ਮਰਾਠੀ ਵਿਚ) ਹੱਥੀਂ ਬਣਾਉਣ ਲਈ ਜਾਣੇ ਜਾਂਦੇ ਹਨ। ਇਹ ਕੈਂਚ ਨਮੂਨੇ, ਹੰਢਣਸਾਰਤਾ ਤੇ ਨੁਕੀਲੇਪਣ ਵਿਚ ਨਿਵੇਕਲੇ ਮੰਨੇ ਜਾਂਦੇ ਹਨ।
ਇਹ ਕੈਂਚ ਆਕਾਰ ਵਿਚ ਚਾਰ ਇੰਚ ਤੋਂ ਲੈ ਕੇ ਦੋ ਫੁੱਟ ਤੱਕ ਹੁੰਦੇ ਹਨ। ਛੋਟੇ ਅਡਕਿੱਤੇ ਦੀ ਵਰਤੋਂ ਸੁਪਾਰੀ, ਕੱਥਾ (ਕਿੱਕਰ ਦੀ ਇਕ ਕਿਸਮ), ਖੋਬਰਾ (ਸੁੱਕਾ ਨਾਰੀਅਲ) ਅਤੇ ਸੁਤਲੀ (ਨਾਰੀਅਲ ਦੇ ਰੇਸ਼ੇ) ਵੱਢਣ ਲਈ ਕੀਤੀ ਜਾਂਦੀ ਹੈ। ਵੱਡੇ ਕੈਂਚਾਂ ਦੀ ਵਰਤੋਂ ਸੋਨੇ-ਚਾਂਦੀ ਦੇ ਕੰਮ ਵਿਚ ਸੁਨਿਆਰਿਆਂ ਤੇ ਜੌਹਰੀਆਂ ਦੁਆਰਾ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਦੀ ਵਰਤੋਂ ਵੱਡੀ ਸੁਪਾਰੀ ਨੂੰ ਵੱਢਣ ਲਈ ਵੀ ਕੀਤੀ ਜਾਂਦੀ ਹੈ, ਜਿਨ੍ਹਾਂ ਨੂੰ ਛੋਟੇ ਟੁਕੜਿਆਂ ਵਿਚ ਬਜ਼ਾਰ ’ਚ ਵੇਚਿਆ ਜਾਂਦਾ ਹੈ।
ਸ਼ਿਕਲਗਰ ਪਰਿਵਾਰ ਦੁਆਰਾ ਬਣਾਏ ਗਏ ਇਹ ਕੈਂਚ ਏਨੇ ਪ੍ਰਸਿੱਧ ਹਨ ਕਿ ਇਨ੍ਹਾਂ ਨੂੰ ਖ਼ਰੀਦਣ ਲਈ ਦੂਰੋਂ-ਨੇੜਿਉਂ ਲੋਕ ਬਾਗਾਨੀ ਪਿੰਡ ਆਉਂਦੇ ਹਨ। ਇਹ ਲੋਕ ਮਹਾਰਾਸ਼ਟਰ ਦੇ ਅਕਲੁਜ, ਕੋਲ੍ਹਾਪੁਰ, ਉਸਮਾਨਾਬਾਦ, ਸੰਗੋਲੇ ਅਤੇ ਸਾਂਗਲੀ ਤੋਂ ਇਲਾਵਾ ਕਰਨਾਟਕ ਦੇ ਅਥਨੀ, ਬੀਜਾਪੁਰ, ਰਾਇਬਾਗ ਸਮੇਤ ਹੋਰ ਕਈ ਥਾਂਵਾਂ ਤੋਂ ਆਉਂਦੇ ਹਨ।
ਦਿਲਾਵਰ ਕਹਿੰਦੇ ਹਨ, “ਮੈਨੂੰ ਤਾਂ ਹੁਣ ਇਹ ਵੀ ਯਾਦ ਨਹੀਂ ਕਿ ਮੈਂ ਕਿੰਨੇ ਕੁ ਅਡਕਿੱਤੇ ਬਣਾ ਚੁੱਕਾ ਹਾਂ।” ਉਨ੍ਹਾਂ ਨੇ ਕੁਝ ਹੋਰ ਔਜ਼ਾਰ ਵੀ ਬਣਾਏ ਹਨ ਜਿਵੇਂ ਕਿ ਖੁਰਪੀ, ਵਿਲਾ (ਦਾਤੀ), ਵਿਲਾਤੀ (ਸਬਜ਼ੀ ਕੱਟਣ ਵਾਲਾ ਕਤੀਆ), ਕਦਬਾ ਕਪਾਇਚੀ ਵਿਲਾਤੀ (ਪੱਠੇ ਕੁਤਰਨ ਵਾਲਾ ਔਜ਼ਾਰ), ਧਨਗਰੀ ਕੁਰਹਾੜ (ਪਸ਼ੂ ਪਾਲਕਾਂ ਦੀਆਂ ਕੁਹਾੜੀਆਂ ਲਈ ਬਲੇਡ), ਬਾਗਬਾਨੀ ਕੈਂਚੀ, ਅੰਗੂਰ ਕੱਟਣ ਵਾਲੀ ਕੈਂਚੀ, ਪਾਤਰਾ ਕਪਾਇਚੀ ਕਟਰੀ (ਛੱਤ ਲਈ ਧਾਤ ਦੀ ਚਾਦਰ ਕੱਟਣ ਵਾਲਾ ਔਜ਼ਾਰ), ਅਤੇ ਬਰਛਾ (ਮੱਛੀਆਂ ਮਾਰਨ ਲਈ ਇਕ ਦੰਦੇਦਾਰ ਔਜ਼ਾਰ) ਆਦਿ।
ਦਿਲਾਵਰ ਆਪਣੇ 41 ਵਰ੍ਹਿਆਂ ਦੇ ਪੁੱਤਰ ਸਲੀਮ ਦੇ ਨਾਲ, ਬਾਗਾਨੀ ਵਿਚ ਹਾਲੇ ਵੀ ਇਹ ਧੰਦਾ ਕਰਨ ਵਾਲੇ ਬਚੇ ਸਿਰਫ਼ ਚਾਰ ਲੁਹਾਰਾਂ ਵਿਚ ਸਭ ਤੋਂ ਬਜ਼ੁਰਗ ਹਨ। (ਦੂਜੇ ਦੋ ਲੁਹਾਰ ਸਲੀਮ ਦੇ ਚਚੇਰੇ ਭਾਈ, ਹਾਰੂਨ ਤੇ ਸਮੀਰ ਸ਼ਿਕਲਗਰ ਹਨ।) ਦਿਲਾਵਰ ਦੱਸਦੇ ਹਨ ਕਿ 1950 ਤੇ 1960 ਦੇ ਦਹਾਕੇ ਵਿਚ ਉਨ੍ਹਾਂ ਦੇ ਪਿੰਡ ਵਿਚ 10-15 ਲੁਹਾਰ ਸਨ। ਉਹ ਕਹਿੰਦੇ ਹਨ, ਕੁਝ ਦੀ ਮੌਤ ਹੋ ਗਈ, ਕਈਆਂ ਨੇ ਸਿਰਫ਼ ਖੇਤੀਬਾੜੀ ਸੰਬੰਧੀ ਔਜ਼ਾਰ ਬਣਾਉਣੇ ਸ਼ੁਰੂ ਕਰ ਦਿੱਤੇ ਹਨ ਕਿਉਂਕਿ ਅਡਕਿੱਤਾ ਦੀ ਮੰਗ ਘਟ ਗਈ ਹੈ। ਇਸ ਤੋਂ ਇਲਾਵਾ ਅਡਕਿੱਤਾ ਬਣਾਉਣ ਲਈ ਸਮੇਂ ਤੇ ਸਬਰ ਦੀ ਲੋੜ ਹੁੰਦੀ ਹੈ, ਪਰ ਇਸਦੀ ਵਾਜਬ ਕੀਮਤ ਨਹੀਂ ਮਿਲਦੀ। “ਇਹ ਇਕ ਅਜਿਹਾ ਕੰਮ ਹੈ ਜਿਸਦੇ ਲਈ ਬਹੁਤ ਸਾਰੀ ਨਿਪੁੰਨਤਾ ਤੇ ਸਖ਼ਤ ਮਿਹਨਤ ਦੀ ਲੋੜ ਹੁੰਦੀ ਹੈ।”
ਉਨ੍ਹਾਂ ਨੇ ਇਹ ਯਕੀਨੀ ਬਣਾਇਆ ਹੈ ਕਿ ਉਨ੍ਹਾਂ ਦਾ ਪੁੱਤਰ ਸਲੀਮ ਇਹੀ ਪਰਿਵਾਰਕ ਪੇਸ਼ਾ ਜਾਰੀ ਰੱਖੇ – ਸ਼ਿਕਾਲਗਰਾਂ ਦੀ ਛੇਵੀਂ ਪੀੜ੍ਹੀ ਆਪਣੀ ਧਾਤ ਕਲਾ ਨੂੰ ਜਿਉਂਦੀ ਰੱਖੇ। “ਹੁਣ ਨੌਕਰੀਆਂ ਵੀ ਤਾਂ ਕਿੱਥੇ ਹਨ?” ਉਹ ਪੁੱਛਦੇ ਹਨ। “ਨਿਪੁੰਨਤਾ ਕਦੇ ਬੇਕਾਰ ਨਹੀਂ ਜਾਂਦੀ। ਜੇਕਰ ਨੌਕਰੀ ਨਾ ਮਿਲੀ ਤਾਂ ਤੁਸੀਂ ਕੀ ਕਰੋਂਗੇ?”
ਦਿਲਾਵਰ ਨੇ ਪਹਿਲੀ ਵਾਰ 13 ਸਾਲ ਦੀ ਉਮਰ ਵਿਚ ਆਪਣੇ ਪਿਤਾ ਮਕਬੂਲ ਦੇ ਨਾਲ ਕੈਂਚ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ। ਮਕਬੂਲ ਨੂੰ ਕਿਸੇ ਦੀ ਲੋੜ ਸੀ ਜੋ ਉਸ ਨਾਲ ਇਸ ਕੰਮ ਵਿਚ ਹੱਥ ਵਟਾਵੇ, ਇਸ ਲਈ ਦਿਲਾਵਰ ਨੂੰ ਅੱਠਵੀਂ ਜਮਾਤ ਤੋਂ ਬਾਅਦ ਸਕੂਲ ਛੱਡਣਾ ਪਿਆ ਅਤੇ ਪਰਿਵਾਰਕ ਧੰਦੇ ਵਿਚ ਲੱਗਣਾ ਪਿਆ। ਉਸ ਵੇਲੇ ਅਡਕਿੱਤੇ ਦੀ ਕੀਮਤ 4 ਰੁਪਏ ਸੀ। “ਉਸ ਵੇਲੇ ਅਸੀਂ ਦੋ ਰੁਪਏ ਵਿਚ ਬੱਸ ’ਤੇ ਸਾਂਗਲੀ ਸ਼ਹਿਰ ਜਾ ਸਕਦੇ ਸਾਂ, ਅਤੇ ਇੱਥੋਂ ਤੱਕ ਕਿ ਇਕ ਫ਼ਿਲਮ ਵੀ ਦੇਖ ਸਕਦੇ ਸੀ,” ਉਹ ਯਾਦ ਕਰਦਿਆਂ ਆਖਦੇ ਹਨ।
ਤੇ ਫਿਰ ਉਹ ਇਕ ਹੋਰ ਕਹਾਣੀ ਯਾਦ ਕਰਦੇ ਹਨ ਜੋ ਉਨ੍ਹਾਂ ਦੇ ਸਵਰਗਵਾਸੀ ਪਿਤਾ ਨੇ ਉਨ੍ਹਾਂ ਨੂੰ ਦੱਸੀ ਸੀ। ਅੰਗਰੇਜ਼ ਅਧਿਕਾਰੀਆਂ, ਜੋ ਸ਼ਿਕਾਲਗਰਾਂ ਦੀ ਅਡਕਿੱਤਾ ਬਣਾਉਣ ਦੀ ਕਲਾ ਤੋਂ ਪ੍ਰਭਾਵਿਤ ਸਨ, ਨੇ ਮਿਰਾਜ (ਬਾਗਾਨੀ ਤੋਂ ਲਗਭਗ 40 ਕਿਲੋਮੀਟਰ ਦੂਰ) ਵਿਚ ਸ਼ਿਲਪਕਾਰਾਂ (ਸਾਂਗਲੀ ਰਿਆਸਤ ਦੇ) ਦੀ ਇਕ ਸਭਾ ਰੱਖੀ ਸੀ ਤਾਂ ਜੋ ਇਹ ਸ਼ਿਲਪਕਾਰ ਆਪਣੇ ਹੱਥ-ਸ਼ਿਲਪ (ਦਸਤਕਾਰੀ) ਦੀ ਪੇਸ਼ਕਾਰੀ ਕਰ ਸਕਣ। “ਉਨ੍ਹਾਂ ਨੇ ਮੇਰੇ ਪੜਦਾਦੇ ਇਮਾਮ ਸ਼ਿਕਲਗਰ ਨੂੰ ਸੱਦਾ ਦਿੱਤਾ ਸੀ। ਉਨ੍ਹਾਂ ਦਾ ਅਡਕਿੱਤਾ ਦੇਖਣ ਤੋਂ ਬਾਅਦ ਅੰਗਰੇਜ਼ਾਂ ਨੇ ਪੁੱਛਿਆ ਕਿ ਕੀ ਉਨ੍ਹਾਂ ਨੇ ਇਹ ਅਡਕਿੱਤਾ ਕੋਈ ਮਸ਼ੀਨ ਦੀ ਵਰਤੋਂ ਕਰਕੇ ਬਣਾਇਆ ਹੈ।” ਇਮਾਮ ਨੇ ਕਿਹਾ – ਨਹੀਂ। ਫਿਰ ਕੁਝ ਦਿਨਾਂ ਬਾਅਦ, ਅਧਿਕਾਰੀਆਂ ਨੇ ਇਮਾਮ ਨੂੰ ਦੁਬਾਰਾ ਬੁਲਾਇਆ। ਉਹ ਉਸ ਵਧੀਆ ਕਿਸਮ ਦੇ ਅਡਕਿੱਤੇ ਨੂੰ ਮੁੜ ਤੋਂ ਦੇਖਣਾ ਚਾਹੁੰਦੇ ਸਨ। “ਉਨ੍ਹਾਂ ਨੇ ਇਮਾਮ ਨੂੰ ਪੁੱਛਿਆ ਕਿ ਜੇਕਰ ਉਸਨੂੰ ਸਾਰੀ ਲੋੜੀਂਦੀ ਸਮੱਗਰੀ ਦੇ ਦਿੱਤੀ ਜਾਵੇ, ਤਾਂ ਕੀ ਉਹ ਉਨ੍ਹਾਂ ਦੇ ਸਾਹਮਣੇ ਆਪਣੇ ਹੱਥੀਂ ਇਕ ਅਡਕਿੱਤਾ ਬਣਾ ਸਕੇਗਾ?” ਇਮਾਮ ਨੇ ਤੁਰੰਤ ‘ਹਾਂ’ ਕਰ ਦਿੱਤੀ।
“ਇਕ ਹੋਰ ਸ਼ਿਲਪਕਾਰ ਸੀ, ਜੋ ਉਸ ਪ੍ਰਦਰਸ਼ਨੀ ਵਿਚ ਆਪਣੇ ਜੰਬੂਰ (ਪਲਾਸ) ਲੈ ਕੇ ਗਿਆ ਸੀ। ਜਦੋਂ ਅੰਗਰੇਜ਼ ਅਧਿਕਾਰੀਆਂ ਨੇ ਉਸ ਕੋਲੋਂ ਵੀ ਇਹੋ ਸੁਆਲ ਪੁੱਛਿਆ, ਤਾਂ ਉਹ ਇਹ ਕਹਿੰਦੇ ਹੋਏ ਭੱਜ ਗਿਆ ਕਿ ਉਸਨੇ ਤਾਂ ਮਸ਼ੀਨਾਂ ਦੀ ਵਰਤੋਂ ਕਰਕੇ ਜੰਬੂਰ ਬਣਾਏ ਸਨ। ਅੰਗਰੇਜ਼ ਏਨੇ ਚਲਾਕ ਸਨ,” ਦਿਲਾਵਰ ਹੱਸਦੇ ਹੋਏ ਦੱਸਦੇ ਹਨ। “ਉਹ ਜਾਣਦੇ ਸਨ ਕਿ ਇਹ ਕਲਾ ਕਿੰਨੀ ਮਹੱਤਵਪੂਰਨ ਸੀ।” ਕਈ ਅੰਗਰੇਜ਼ ਤਾਂ ਦਿਲਾਵਰ ਦੇ ਪਰਿਵਾਰ ਦੁਆਰਾ ਬਣਾਏ ਗਏ ਕੈਂਚ ਆਪਣੇ ਨਾਲ ਇੰਗਲੈਂਡ ਹੀ ਲੈ ਗਏ – ਤੇ ਕੁਝ ਲੋਕ ਸ਼ਿਕਲਗਰ ਅਡਕਿੱਤੇ ਸੰਯੁਕਤ ਰਾਜ ਅਮਰੀਕਾ ਵੀ ਲੈ ਗਏ।
“ਕੁਝ ਖੋਜਾਰਥੀ ਅਮਰੀਕਾ ਤੋਂ ਸੋਕੇ (1972) ਦਾ ਅਧਿਐਨ ਕਰਨ ਲਈ ਇੱਥੇ ਪਿੰਡਾਂ ਵਿਚ ਆਏ ਸਨ। ਉਨ੍ਹਾਂ ਨਾਲ ਇਕ ਅਨੁਵਾਦਕ ਵੀ ਸੀ।” ਦਿਲਾਵਰ ਮੈਨੂੰ ਦੱਸਦੇ ਹਨ ਕਿ ਇਹ ਵਿਦਵਾਨ ਇਕ ਨੇੜਲੇ ਹੀ ਪਿੰਡ ਨੌਗਾਉਂ ਦੇ ਇਕ ਕਿਸਾਨ ਨੂੰ ਮਿਲਣ ਗਏ ਸਨ। “ਉਨ੍ਹਾਂ ਨੂੰ ਚਾਹ-ਪਾਣੀ ਪਿਲਾਉਣ ਤੋਂ ਬਾਅਦ, ਕਿਸਾਨ ਨੇ ਅਡਕਿੱਤਾ ਕੱਢਿਆ ਅਤੇ ਸੁਪਾਰੀ ਵੱਢਣੀ ਸ਼ੁਰੂ ਕਰ ਦਿੱਤੀ।” ਇਹ ਦੇਖ ਕੇ ਉਨ੍ਹਾਂ ਨੂੰ ਉਤਸੁਕਤਾ ਹੋਈ ਅਤੇ ਕਿਸਾਨ ਨੂੰ ਇਸ ਕੈਂਚ ਬਾਰੇ ਪੁੱਛਿਆ। ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਕੈਂਚ ਸ਼ਿਕਲਗਰ ਦੀ ਵਰਕਸ਼ਾਪ ਵਿਚ ਬਣਾਇਆ ਗਿਆ ਸੀ। ਫਿਰ ਉਹ ਇਸ ਵਰਕਸ਼ਾਪ ਵਿਚ ਪਹੁੰਚ ਗਏ। “ਉਨ੍ਹਾਂ ਨੇ ਮੈਨੂੰ 10 ਅਡਕਿੱਤੇ ਬਣਾਉਣ ਲਈ ਕਿਹਾ,” ਦਿਲਾਵਰ ਕਹਿੰਦੇ ਹਨ। “ਮੈਂ ਇਕ ਮਹੀਨੇ ਵਿਚ ਇਹ ਕੰਮ ਪੂਰਾ ਕਰ ਦਿੱਤਾ ਅਤੇ ਕੁੱਲ 150 ਰੁਪਏ ਲਏ। ਦਿਆਲਤਾ ਦਿਖਾਉਂਦੇ ਹੋਏ ਉਨ੍ਹਾਂ ਨੇ ਮੈਨੂੰ 100 ਰੁਪਏ ਵਾਧੂ ਦਿੱਤੇ,” ਉਹ ਮੁਸਕਰਾਉਂਦੇ ਹੋਏ ਕਹਿੰਦੇ ਹਨ।
ਅੱਜ ਵੀ, ਸ਼ਿਕਲਗਰ ਪਰਿਵਾਰ 12 ਵੱਖ-ਵੱਖ ਤਰ੍ਹਾਂ ਦੇ ਅਡਕਿੱਤੇ ਬਣਾਉਂਦਾ ਹੈ। ਸਾਂਗਲੀ ਸ਼ਹਿਰ ਦੇ ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆਈ.) ਤੋਂ ਮਸ਼ੀਨ ਟੂਲਸ ਗਰਾਈਂਡਿੰਗ ਦਾ ਕੋਰਸ ਕਰਨ ਵਾਲੇ ਸਲੀਮ ਦੱਸਦੇ ਹਨ, “ਅਸੀਂ ਗਾਹਕ ਦੀ ਲੋੜ ਅਨੁਸਾਰ ਵੀ ਅਡਕਿੱਤੇ ਬਣਾਉਂਦੇ ਹਾਂ।” ਸਲੀਮ ਨੇ 2003 ਵਿਚ ਆਪਣੇ ਪਿਤਾ ਨਾਲ ਕੰਮ ਕਰਨਾ ਸ਼ੁਰੂ ਕੀਤਾ ਸੀ। ਉਨ੍ਹਾਂ ਦੇ ਛੋਟੇ ਭਾਈ, 38 ਵਰ੍ਹਿਆਂ ਦੇ ਜਾਵੇਦ, ਜੋ ਪਰਿਵਾਰਕ ਧੰਦੇ ਵਿਚ ਦਿਲਚਸਪੀ ਨਹੀਂ ਰੱਖਦੇ ਸਨ, ਲਾਤੂਰ ਸ਼ਹਿਰ ਦੇ ਸਿੰਚਾਈ ਵਿਭਾਗ ਵਿਚ ਕਲਰਕ ਵਜੋਂ ਕੰਮ ਕਰਦੇ ਹਨ।
ਹਾਲਾਂਕਿ, ਪੱਛਮੀ ਮਹਾਰਾਸ਼ਟਰ ਵਿਚ ਪੁਰਸ਼ ਅਤੇ ਔਰਤਾਂ ਦੋਵੇਂ ਲੁਹਾਰ ਦਾ ਕੰਮ ਕਰਦੇ ਹਨ, ਪਰ ਬਾਗਾਨੀ ਪਿੰਡ ਬਾਰੇ ਦਿਲਾਵਰ ਦੱਸਦੇ ਹਨ, “ਬਾਗਾਨੀ ਵਿਚ ਤਾਂ ਸ਼ੁਰੂਆਤ ਤੋਂ ਕੇਵਲ ਪੁਰਸ਼ ਹੀ ਅਡਕਿੱਤੇ ਬਣਾ ਰਹੇ ਹਨ।” ਦਿਲਾਵਰ ਦੀ ਪਤਨੀ, 61 ਵਰ੍ਹਿਆਂ ਦੀ ਜੈਤੁਨਬੀ, ਅਤੇ ਸਲੀਮ ਦੀ ਪਤਨੀ 35 ਵਰ੍ਹਿਆਂ ਦੀ ਅਫ਼ਸਾਨਾ, ਦੋਵੇਂ ਗ੍ਰਹਿਣੀਆਂ ਹਨ।
ਜਿਉਂ ਹੀ ਉਹ ਇਕ ਅਡਕਿੱਤਾ ਬਣਾਉਣਾ ਸ਼ੁਰੂ ਕਰਦੇ ਹਨ, ਸਲੀਮ ਕਹਿੰਦੇ ਹਨ, “ਤੁਹਾਨੂੰ ਇੱਥੇ ਕੋਈ ਵਰਨੀਅਰ (ਲਘੂਮਾਪੀ – ਛੋਟੀਆਂ ਵਿੱਥਾਂ ਜਾਂ ਮੁਟਾਈਆਂ ਮਾਪਣ ਵਾਲਾ ਯੰਤਰ) ਅਤੇ ਦੂਰੀ ਨਾਪਕ ਯੰਤਰ ਜਾਂ ਪੈਮਾਨਾ (ਸਕੇਲ) ਨਹੀਂ ਮਿਲੇਗਾ। ਸ਼ਿਕਾਲਗਰਾਂ ਨੇ ਕਦੇ ਕੋਈ ਮਾਪ ਨਹੀਂ ਲਿਖਿਆ। ਸਾਨੂੰ ਅਜਿਹਾ ਕਰਨ ਦੀ ਲੋੜ ਵੀ ਨਹੀਂ ਹੈ,” ਦਿਲਾਵਰ ਕਹਿੰਦੇ ਹਨ। “ ਅਮੱਚਿਆ ਨਜਰੇਟ ਬਸਲਾ ਆਹੇ ” (ਅਸੀਂ ਅੱਖਾਂ ਨਾਲ ਹੀ ਮਾਪ ਲੈ ਲੈਂਦੇ ਹਾਂ)। ਕੈਂਚ ਦਾ ਉਪਰਲਾ ਹੱਥਾ ਇਕ ਕਮਾਨ ਪੱਤੀ (ਕਾਰਬਨ ਸਟੀਲ ਤੋਂ ਬਣਿਆ ਇਕ ਕਮਾਨੀ ਪੱਤੀ) ਦੀ ਵਰਤੋਂ ਕਰਕੇ ਬਣਾਇਆ ਜਾਂਦਾ ਹੈ ਅਤੇ ਹੇਠਲਾ ਹੱਥਾ ਲੋਖੰਡ ਸਾਲੀ (ਲੋਹੇ ਦੀ ਛੜੀ) ਤੋਂ ਬਣਿਆ ਹੁੰਦਾ ਹੈ। ਸਲੀਮ ਦੱਸਦੇ ਹਨ ਕਿ ਇਕ ਕਿੱਲੋ ਕਮਾਨੀ ਪੱਤੀ ਦੀ ਕੀਮਤ 80 ਰੁਪਏ ਹੈ, ਜੋ ਬਾਗਾਨੀ ਤੋਂ ਲਗਭਗ 30 ਕਿਲੋਮੀਟਰ ਦੂਰ ਕੋਲ੍ਹਾਪੁਰ ਜਾਂ ਸਾਂਗਲੀ ਸ਼ਹਿਰ ਤੋਂ ਮਿਲ ਜਾਂਦੀ ਹੈ। 1960ਵਿਆਂ ਦੇ ਆਰੰਭ ਵਿਚ, ਦਿਲਾਵਰ ਇਹੀ ਇਕ ਕਿੱਲੋ ਕਮਾਨੀ ਪੱਤੀ ਕੇਵਲ 50 ਪੈਸਿਆਂ ਵਿਚ ਖ਼ਰੀਦਦੇ ਸਨ।
ਪਿਉ-ਪੁੱਤ ਆਪਣਾ ਕੰਮ ਆਮ ਤੌਰ ’ਤੇ ਸਵੇਰੇ 7 ਵਜੇ ਸ਼ੁਰੂ ਕਰਦੇ ਹਨ ਅਤੇ ਫਿਰ ਘੱਟੋ-ਘੱਟ 10 ਘੰਟਿਆਂ ਤੱਕ ਕੰਮ ਜਾਰੀ ਰੱਖਦੇ ਹਨ। ਸਲੀਮ ਭੱਠੀ ਵਿਚ ਕਾਰਬਨ ਸਟੀਲ ਨੂੰ ਗਰਮ ਕਰਕੇ ਕੰਮ ਸ਼ੁਰੂ ਕਰਦੇ ਹਨ ਅਤੇ ਫਿਰ ਭੱਠੀ ਦੀ ਫੂਕਣੀ ਚਾਲੂ ਕਰਦੇ ਹਨ। ਇਸ ਤੋਂ ਕੁਝ ਮਿੰਟਾਂ ਬਾਅਦ, ਉਹ ਤੇਜ਼ੀ ਨਾਲ ਲਾਲ ਗਰਮ-ਗਰਮ ਕਾਰਬਨ ਸਟੀਲ ਨੂੰ ਚਪਟੇ ਚਿਮਟੇ ਨਾਲ ਚੁੱਕਦੇ ਹਨ ਅਤੇ ਇਸਨੂੰ ਇਕ ਹੈਮਰਿੰਗ ਮਸ਼ੀਨ (ਹਥੌੜੇ ਮਾਰਨ ਵਾਲੀ ਮਸ਼ੀਨ) ਹੇਠਾਂ ਰੱਖਦੇ ਹਨ। ਉਨ੍ਹਾਂ ਨੇ ਇਹ ਮਸ਼ੀਨ 1.5 ਲੱਖ ਰੁਪਏ ਦੀ ਖ਼ਰੀਦੀ ਸੀ। 2012 ਵਿਚ ਕੋਲ੍ਹਾਪੁਰ ਵਿਚ ਇਹ ਮਸ਼ੀਨ ਲਿਆਉਣ ਤੋਂ ਪਹਿਲਾਂ, ਸ਼ਿਕਲਗਰ ਹਰ ਰੋਜ਼ ਆਪਣੇ ਸਰੀਰ ਤੇ ਹੱਡੀਆਂ ਨੂੰ ਖ਼ਤਰੇ ਵਿਚ ਪਾਉਂਦੇ ਹੋਏ ਹੱਥਾਂ ਨਾਲ ਹੀ ਹਥੌੜਾ ਚਲਾਉਂਦੇ ਸਨ।
ਮਸ਼ੀਨ ਦੁਆਰਾ ਕਾਰਬਨ ਸਟੀਲ ਨੂੰ ਥੋੜ੍ਹੀ ਦੇਰ ਲਈ ਹਥੌੜਾ ਮਾਰਨ ਤੋਂ ਬਾਅਦ, ਸਲੀਮ ਇਸਨੂੰ 50 ਕਿੱਲੋ ਦੇ ਲੋਹੇ ਦੇ ਟੁਕੜੇ ਉੱਤੇ ਰੱਖਦੇ ਹਨ। ਫਿਰ, ਦਿਲਾਵਰ ਇਸ ਨੂੰ ਕੈਂਚ ਦਾ ਰੂਪ ਦੇਣ ਲਈ ਹੱਥੀਂ ਅਤੇ ਸਟੀਕ ਰੂਪ ’ਚ ਮਾਰਨਾ ਸ਼ੁਰੂ ਕਰ ਦਿੰਦੇ ਹਨ। “ਤੁਸੀਂ ਇਸਨੂੰ ਮਸ਼ੀਨ ਉੱਤੇ ਸਹੀ ਅਕਾਰ ਨਹੀਂ ਦੇ ਸਕਦੇ,” ਸਲੀਮ ਦੱਸਦੇ ਹਨ। ਹੈਮਰਿੰਗ ਮਸ਼ੀਨ ਨਾਲ ਹਥੌੜੇ ਮਾਰਨ ਅਤੇ ਘੜਨ ਦੀ ਇਸ ਪ੍ਰਕਿਰਿਆ ਵਿਚ ਲਗਭਗ 90 ਮਿੰਟ ਲੱਗਦੇ ਹਨ।
ਜਦੋਂ ਇਕ ਵਾਰ ਕੈਂਚ ਦਾ ਮੂਲ ਢਾਂਚਾ ਤਿਆਰ ਹੋ ਜਾਂਦਾ ਹੈ, ਦਿਲਾਵਰ ਕਾਰਬਨ ਸਟੀਲ ਨੂੰ ਕੱਸਣ ਲਈ ਇਕ ਸ਼ਿਕੰਜੇ ਦੀ ਵਰਤੋਂ ਕਰਦੇ ਹਨ। ਫਿਰ, ਉਹ ਕੋਲ੍ਹਾਪੁਰ ਸ਼ਹਿਰ ਦੀ ਇਕ ਹਾਰਡਵੇਅਰ ਦੀ ਦੁਕਾਨ ਤੋਂ ਖ਼ਰੀਦੇ ਗਏ ਵੱਖ-ਵੱਖ ਤਰ੍ਹਾਂ ਦੇ ਕਾਨਾ (ਰੇਤੀਆਂ) ਦੀ ਵਰਤੋਂ ਕਰਕੇ ਸਾਵਧਾਨੀ ਨਾਲ ਛੋਟੇ-ਛੋਟੇ ਛਿਲਕੇ ਲਾਹ ਦਿੰਦੇ ਹਨ।
ਅਡਕਿੱਤਾ ਦੇ ਆਕਾਰ ਦਾ ਕਈ ਵਾਰ ਮੁਆਇਨਾ ਕਰਨ ਤੋਂ ਬਾਅਦ, ਉਹ ਇਸਦੇ ਬਲੇਡ ਨੂੰ ਤਿੱਖਾ ਕਰਨਾ ਸ਼ੁਰੂ ਕਰ ਦਿੰਦੇ ਹਨ। ਉਹ ਕਹਿੰਦੇ ਹਨ ਕਿ ਇਸ ਅਡਕਿੱਤਾ ਦੀ ਧਾਰ ਏਨੀ ਤਿੱਖੀ ਹੁੰਦੀ ਹੈ ਕਿ 10 ਸਾਲਾਂ ਵਿਚ ਕੇਵਲ ਇਕ ਵਾਰ ਕੈਂਚ ਨੂੰ ਮੁੜ ਤੋਂ ਤਿੱਖਾ ਕਰਨ ਦੀ ਲੋੜ ਪੈਂਦੀ ਹੈ।
ਹੁਣ ਸ਼ਿਕਾਲਗਰਾਂ ਨੂੰ ਇਕ ਅਡਕਿੱਤਾ ਬਣਾਉਣ ਵਿਚ ਲਗਭਗ ਪੰਜ ਘੰਟੇ ਲੱਗਦੇ ਹਨ। ਜਦੋਂ ਉਹ ਸਾਰਾ ਕੰਮ ਆਪਣੇ ਹੱਥੀਂ ਕਰਦੇ ਸਨ ਤਾਂ ਇਸਨੂੰ ਬਣਾਉਣ ਵਿਚ ਦੁੱਗਣਾ ਸਮਾਂ ਲੱਗਦਾ ਸੀ। “ਅਸੀਂ ਕੰਮ ਨੂੰ ਵੰਡ ਲਿਆ ਹੈ ਤਾਂ ਜੋ ਅਸੀਂ ਚੀਜ਼ਾਂ ਨੂੰ ਤੇਜ਼ੀ ਨਾਲ ਬਣਾ ਸਕੀਏ,” ਸਲੀਮ ਕਹਿੰਦੇ ਹਨ। ਉਹ ਧਾਤੂ ਦੇ ਟੁਕੜੇ ਨੂੰ ਭੱਠੀ ਵਿਚ ਗਰਮ ਕਰਨ, ਕੁੱਟਣ ਤੇ ਆਕਾਰ ਦੇਣ ਦਾ ਕੰਮ ਕਰਦੇ ਹਨ, ਜਦਕਿ ਉਨ੍ਹਾਂ ਦੇ ਪਿਤਾ ਇਸਨੂੰ ਰੇਤੀਆਂ ਉੱਤੇ ਘਿਸਾਉਣ ਅਤੇ ਬਲੇਡ ਨੂੰ ਤੇਜ਼ ਕਰਨ ਦਾ ਕੰਮ ਕਰਦੇ ਹਨ।
ਤਿਆਰ ਕੀਤੇ ਗਏ ਅਡਕਿੱਤਾ ਨੂੰ ਇਸਦੇ ਨਮੂਨੇ ਅਤੇ ਆਕਾਰ ਦੇ ਆਧਾਰ ’ਤੇ 500 ਤੋਂ ਲੈ ਕੇ 1500 ਰੁਪਏ ਤੱਕ ਦੀ ਕੀਮਤ ’ਤੇ ਵੇਚਿਆ ਜਾਂਦਾ ਹੈ। ਦੋ ਫੁੱਟ ਲੰਮੇ ਅਡਕਿੱਤਾ ਦੀ ਕੀਮਤ 4000 ਤੋਂ ਲੈ ਕੇ 5000 ਰੁਪਏ ਤੱਕ ਹੋ ਸਕਦੀ ਹੈ। ਤੇ ਇਸ ਅਡਕਿੱਤਾ ਦੀ ਮਿਆਦ ਕਿੰਨੀ ਕੁ ਹੁੰਦੀ ਹੈ? ਦਿਲਾਵਰ ਹੱਸਦੇ ਹੋਏ ਕਹਿੰਦੇ ਹਨ, “ ਤੁਮ੍ਹੀ ਆਹੇ ਤੋ ਪਰਯੰਤ ਚਲਤੇ (ਇਹ ਉਦੋਂ ਤੱਕ ਚੱਲਦਾ ਰਹੇਗਾ ਜਦੋਂ ਤੱਕ ਤੁਸੀਂ ਜਿਉਂਦੇ ਹੋ)।”
ਪਰ ਹੁਣ ਇਨ੍ਹਾਂ ਮਜ਼ਬੂਤ ਸ਼ਿਕਲਗਰ ਅਡਕਿੱਤਿਆਂ ਨੂੰ ਖ਼ਰੀਦਣ ਲਈ ਬਹੁਤੇ ਲੋਕ ਨਹੀਂ ਆਉਂਦੇ। ਪਹਿਲਾਂ ਤਾਂ ਇਕ ਮਹੀਨੇ ਵਿਚ ਘੱਟੋ-ਘੱਟ 30 ਕੈਂਚ ਵਿਕ ਜਾਂਦੇ ਸਨ, ਤੇ ਹੁਣ ਇਹ ਵਿਕਰੀ ਘਟ ਕੇ ਮੁਸ਼ਕਲ ਨਾਲ 5 ਜਾਂ 7 ਤੱਕ ਰਹਿ ਗਈ ਹੈ। “ਪਹਿਲਾਂ ਬਹੁਤ ਸਾਰੇ ਲੋਕ ਪਾਨ ਖਾਂਦੇ ਸਨ। ਇਸਦੇ ਲਈ, ਉਹ ਹਮੇਸ਼ਾ ਸੁਪਾਰੀ ਵੱਢਦੇ ਸਨ,” ਦਿਲਾਵਰ ਦੱਸਦੇ ਹਨ। ਅੱਜ-ਕੱਲ੍ਹ ਪਿੰਡਾਂ ਵਿਚ ਨੌਜੁਆਨ ਜ਼ਿਆਦਾ ਪਾਨ ਨਹੀਂ ਖਾਂਦੇ, ਸਲੀਮ ਦੱਸਦੇ ਹਨ। “ਹੁਣ ਉਹ ਗੁਟਖਾ ਤੇ ਪਾਨ ਮਸਾਲਾ ਖਾਣ ਲੱਗੇ ਹਨ।”
ਹੁਣ ਕਿਉਂਕਿ ਸਿਰਫ਼ ਅਡਕਿੱਤਾ ਬਣਾ ਕੇ ਲੋੜੀਂਦੀ ਕਮਾਈ ਕਰਨਾ ਔਖਾ ਹੈ, ਇਸ ਲਈ ਇਹ ਪਰਿਵਾਰ ਹੁਣ ਦਾਤੀ ਅਤੇ ਸਬਜ਼ੀ ਕੱਟਣ ਵਾਲੇ ਔਜ਼ਾਰ ਵੀ ਬਣਾਉਂਦਾ ਹੈ, ਜਿਨ੍ਹਾਂ ਦੀ ਗਿਣਤੀ ਮਹੀਨੇ ਵਿਚ ਲਗਭਗ 40 ਤੱਕ ਚਲੀ ਜਾਂਦੀ ਹੈ। ਦਿਲਾਵਰ ਦਾਤੀਆਂ ਅਤੇ ਕੈਂਚੀਆਂ ਵੀ ਤਿੱਖੀਆਂ ਕਰਦੇ ਹਨ ਅਤੇ ਇਨ੍ਹਾਂ ਵਿਚੋਂ ਹਰੇਕ ਲਈ 30 ਤੋਂ ਲੈ ਕੇ 50 ਰੁਪਏ ਤੱਕ ਮਿਹਨਤਾਨਾ ਲੈਂਦੇ ਹਨ। “ਇਹ ਵਾਧੂ ਧੰਦਾ ਅਸੀਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਕਰਦੇ ਹਾਂ,” ਉਹ ਕਹਿੰਦੇ ਹਨ। ਉਹ ਆਪਣੇ ਪਰਿਵਾਰ ਦੀ ਅੱਧਾ ਏਕੜ ਜ਼ਮੀਨ ਵੀ ਗੰਨਾ ਉਗਾਉਣ ਵਾਲੇ ਇਕ ਕਿਸਾਨ ਨੂੰ ਠੇਕੇ ’ਤੇ ਦੇ ਦਿੰਦੇ ਹਨ ਜਿਸ ਨਾਲ ਉਨ੍ਹਾਂ ਨੂੰ ਥੋੜ੍ਹੀ ਹੋਰ ਆਮਦਨ ਹੋ ਜਾਂਦੀ ਹੈ।
ਸਲੀਮ ਦੱਸਦੇ ਹਨ – ਪਰ ਸ਼ਿਕਲਗਰ ਜੋ ਦਾਤੀਆਂ ਬਣਾਉਂਦੇ ਹਨ, ਉਨ੍ਹਾਂ ਨੂੰ ਘਟੀਆ ਸਮੱਗਰੀ ਤੇ ਗੁਣਵੱਤਾ ਵਾਲੀਆਂ ਸਸਤੀ ਕਿਸਮ ਦੀਆਂ ਦਾਤੀਆਂ ਨਾਲ ਮੁਕਾਬਲਾ ਕਰਨਾ ਪੈਂਦਾ ਹੈ, ਜੋ ਸਥਾਨਕ ਲੁਹਾਰਾਂ ਦੁਆਰਾ ਬਣਾਈਆਂ ਜਾਂਦੀਆਂ ਹਨ। ਇਹ ਲਗਭਗ 60 ਰੁਪਏ ਦੀ ਇਕ ਦਾਤੀ ਮਿਲ ਜਾਂਦੀ ਹੈ, ਜਦਕਿ ਸ਼ਿਕਲਗਰ ਦੁਆਰਾ ਬਣਾਈ ਗਈ ਦਾਤੀ ਦੀ ਕੀਮਤ 180-200 ਰੁਪਏ ਤੱਕ ਹੁੰਦੀ ਹੈ। “ਲੋਕਾਂ ਦੀ ਸੋਚ ਹੁਣ (ਚੀਜ਼ਾਂ ਨੂੰ) ‘ਵਰਤੋ ਤੇ ਸੁੱਟੋ’ ਜਿਹੀ ਹੋ ਗਈ ਹੈ, ਤੇ ਇਸੇ ਕਰਕੇ ਉਹ ਚੀਜ਼ਾਂ ਸਸਤੀਆਂ ਭਾਲਦੇ ਹਨ,” ਉਹ ਦੱਸਦੇ ਹਨ।
“ਤੇ ਸਾਰੇ ਲੁਹਾਰ ਅਡਕਿੱਤਾ ਬਣਾ ਵੀ ਨਹੀਂ ਸਕਦੇ,” ਉਹ ਕਹਿੰਦੇ ਹਨ। “ ਜਮਲਾ ਪਾਹਿਜੇ ” – ਤੁਹਾਡੇ ਅੰਦਰ ਉਹ ਸਭ ਹੋਣਾ ਚਾਹੀਦਾ ਹੈ, ਜੋ ਇਸਨੂੰ ਬਣਾਉਣ ਲਈ ਚਾਹੀਦਾ ਹੈ।
ਹੋਰ ਦੈਨਿਕ ਚੁਣੌਤੀਆਂ ਵੀ ਹਨ। ਸੱਟ ਜਾਂ ਬਿਮਾਰੀ ਦੀ ਸੰਭਾਵਨਾ ਵੀ ਰਹਿੰਦੀ ਹੈ। ਸ਼ਿਕਲਗਰ ਪਰਿਵਾਰ ਨੂੰ ਉਨ੍ਹਾਂ ਦੇ ਡਾਕਟਰ ਨੇ ਸਲਾਹ ਦਿੱਤੀ ਹੈ ਕਿ ਕੰਮ ਕਰਦੇ ਸਮੇਂ ਧਾਤ ਦੀ ਬਣੀ ਮੂੰਹ ਉੱਤੇ ਪਹਿਨਣ ਵਾਲੀ ਢਾਲ ਦੀ ਵਰਤੋਂ ਕੀਤੀ ਜਾਵੇ ਤਾਂਕਿ ਉਹ ਸਾਹ ਲੈਂਦੇ ਸਮੇਂ ਕਾਰਸੀਨੋਜੇਨ (ਕੈਂਸਰਜਨਕ ਤੱਤ) ਨੂੰ ਅੰਦਰ ਨਾ ਲੰਘਾ ਲੈਣ। ਪਰ ਉਹ ਸਿਰਫ਼ ਇਕ ਪਰਤੀ ਸੂਤੀ ਪਰਦਾ (ਮਾਸਕ) ਵਰਤਦੇ ਹਨ ਅਤੇ ਕਦੇ-ਕਦੇ ਦਸਤਾਨੇ ਪਹਿਨਦੇ ਹਨ। ਉਹ ਕਹਿੰਦੇ ਹਨ ਕਿ ਖ਼ੁਸ਼ਕਿਸਮਤੀ ਨਾਲ ਪਰਿਵਾਰ ਵਿਚ ਹਾਲੇ ਤੱਕ ਕਿਸੇ ਨੂੰ ਵੀ ਕੰਮ ਤੋਂ ਪੈਦਾ ਹੋਣ ਵਾਲੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ – ਹਾਲਾਂਕਿ ਦਿਲਾਵਰ ਦੀ ਜ਼ਖ਼ਮੀ ਉਂਗਲ ਕਦੇ-ਕਦਾਈਂ ਹੋਣ ਵਾਲੀ ਦੁਰਘਟਨਾ ਦੀ ਯਾਦ ਦਿਵਾਉਂਦੀ ਰਹਿੰਦੀ ਹੈ।
ਹਰ ਮਹੀਨੇ, ਉਹ ਆਪਣੀ ਵਰਕਸ਼ਾਪ ਦਾ ਘੱਟੋ-ਘੱਟ 1000 ਰੁਪਏ ਬਿਜਲੀ ਦਾ ਬਿਲ ਭਰਦੇ ਹਨ, ਪਰ ਹਰ ਰੋਜ਼ 4 ਤੋਂ 5 ਘੰਟਿਆਂ ਦੇ ਲੰਮੇ ਬਿਜਲੀ ਦੇ ਕੱਟ ਲੱਗਦੇ ਹਨ। ਹੈਮਰਿੰਗ ਮਸ਼ੀਨ, ਤੇ ਇਕ ਹੋਰ ਮਸ਼ੀਨ ਜਿਸਦੀ ਵਰਤੋਂ ਉਹ ਔਜ਼ਾਰ ਤਿੱਖੇ ਕਰਨ ਲਈ ਕਰਦੇ ਹਨ, ਬਿਜਲੀ ਦੇ ਕੱਟ ਲੱਗਣ ਕਰਕੇ ਫਿਰ ਬੰਦ ਰਹਿੰਦੀਆਂ ਹਨ ਜਿਸ ਕਰਕੇ ਉਨ੍ਹਾਂ ਦੇ ਕੰਮ ਦੇ ਸਮੇਂ ਅਤੇ ਆਮਦਨ ਦਾ ਨੁਕਸਾਨ ਹੋ ਜਾਂਦਾ ਹੈ। “ਬਿਜਲੀ ਜਾਣ ਦਾ ਕੋਈ ਪੱਕਾ ਸਮਾਂ ਨਹੀਂ ਹੁੰਦਾ ਹੈ,” ਸਲੀਮ ਕਹਿੰਦੇ ਹਨ, “ਬਿਜਲੀ ਬਿਨਾਂ ਤਾਂ ਕੁਝ ਕੀਤਾ ਵੀ ਨਹੀਂ ਜਾ ਸਕਦਾ।”
ਰੁਕਾਵਟਾਂ ਦੇ ਬਾਵਜੂਦ, ਉਹ ਜੋ ਕੁਝ ਵੀ ਬਣਾਉਂਦੇ ਹਨ, ਉਸ ਵਿਚ ਉੱਚ ਮਿਆਰ ਨੂੰ ਕਾਇਮ ਰੱਖਣਾ ਸ਼ਿਕਾਲਗਰਾਂ ਲਈ ਬਹੁਤ ਮਾਇਨੇ ਰੱਖਦਾ ਹੈ, ਜਿਸ ਹਿਸਾਬ ਨਾਲ ਉਨ੍ਹਾਂ ਦੇ ਕੈਂਚਾਂ ਦਾ ਨਾਂ ਚੱਲਦਾ ਹੈ। ਸਲੀਮ ਕਹਿੰਦੇ ਹਨ, “ਬਾਗਾਨੀ ਕੋਲ ਅਡਕਿੱਤਾ ਦੀ ਇਕ ਵਿਰਾਸਤ ਹੈ।” ਸਲੀਮ ਨੂੰ ਉਮੀਦ ਹੈ ਕਿ ਉਨ੍ਹਾਂ ਦਾ 10 ਵਰ੍ਹਿਆਂ ਦਾ ਪੁੱਤਰ ਜੁਨੈਦ, ਜੋ ਹੁਣ ਚੌਥੀ ਜਮਾਤ ਵਿਚ ਪੜ੍ਹਦਾ ਹੈ, ਆਖ਼ਰ ਸ਼ਿਕਾਲਗਰਾਂ ਦੀ ਵਿਰਾਸਤ ਨੂੰ ਜਾਰੀ ਰੱਖੇਗਾ। “ਲੋਕ ਇਨ੍ਹਾਂ ਅਡਕਿੱਤਿਆਂ ਲਈ ਦੂਰੋਂ-ਦੂਰੋਂ ਆਉਂਦੇ ਹਨ, ਅਤੇ ਅਸੀਂ ਮਾੜੇ ਅਡਕਿੱਤੇ ਬਣਾ ਕੇ ਕਿਸੇ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦੇ। ਅਸੀਂ ਨਹੀਂ ਚਾਹੁੰਦੇ ਕਿ ਇਕ ਵਾਰ ਅਡਕਿੱਤਾ ਵੇਚੇ ਜਾਣ ਤੋਂ ਬਾਅਦ ਕੋਈ ਗਾਹਕ ਸ਼ਿਕਾਇਤ ਲੈ ਕੇ ਵਾਪਸ ਆਵੇ।”
ਦਿਲਾਵਰ ਵੀ, ਘਟਦੀ ਮੰਗ ਦੇ ਬਾਵਜੂਦ, ਆਪਣੇ ਪਰਿਵਾਰ ਦੇ ਪੀੜ੍ਹੀਆਂ ਪੁਰਾਣੇ ਸ਼ਿਲਪ ਉੱਤੇ ਮਾਣ ਮਹਿਸੂਸ ਕਰਦੇ ਹਨ। “ਇਹ ਇਕ ਅਜਿਹਾ ਕੰਮ ਹੈ ਜਿੱਥੇ ਲੋਕ ਤੁਹਾਨੂੰ ਲੱਭਦੇ ਹੋਏ ਆਉਣਗੇ, ਚਾਹੇ ਤੁਸੀਂ ਇਹ ਕੰਮ ਪਹਾੜਾਂ ਵਿਚ ਕਰ ਰਹੇ ਹੋਵੋਂ,” ਉਹ ਕਹਿੰਦੇ ਹਨ, “ਅੱਜ ਸਾਡੇ ਕੋਲ ਜੋ ਕੁਝ ਵੀ ਹੈ ਉਹ ਅਡਕਿੱਤਿਆਂ ਦੇ ਕਾਰਨ ਹੀ ਹੈ।”
ਤਰਜਮਾ: ਹਰਜੋਤ ਸਿੰਘ