''ਇਸ ਅੰਦੋਲਨ ਨੇ ਮੈਨੂੰ ਮੂਹਰੇ ਆਉਣਾ ਅਤੇ ਆਪਣੀ ਲੜਾਈ ਲੜਨ ਦੀ ਜਾਚ ਸਿਖਾਈ। ਇਹਨੇ ਸਾਨੂੰ ਸਨਮਾਨ ਦਵਾਇਆ।'' 'ਸਾਨੂੰ' ਤੋਂ ਰਜਿੰਦਰ ਕੌਰ ਦਾ ਭਾਵ ਆਪਣੇ ਜਿਹੀਆਂ ਉਨ੍ਹਾਂ ਔਰਤਾਂ ਤੋਂ ਹੈ ਜਿਨ੍ਹਾਂ ਨੇ ਸਤੰਬਰ 2020 ਨੂੰ ਪਾਸ ਹੋਏ ਖੇਤੀ ਕਨੂੰਨਾਂ ਖਿਲਾਫ਼ ਚੱਲ ਰਹੇ ਇਸ ਅੰਦੋਲਨ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ। ਰਜਿੰਦਰ, ਜੋ ਕਿ ਇੱਕ ਕਿਸਾਨ ਹਨ, ਪੂਰੇ ਧਰਨੇ ਦੌਰਾਨ ਅਕਸਰ 220 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਅਤੇ ਧਰਨੇ ਸਥਲ ਵਿਖੇ ਅਪੜਦੀ ਅਤੇ ਤਕਰੀਰਾਂ ਕਰਦੀ।
ਪਿੰਡ ਦੌਨ ਕਲਾਂ ਤੋਂ ਉਨ੍ਹਾਂ ਦੀ
ਇੱਕ ਗੁਆਂਢਣ, 50 ਸਾਲਾ ਹਰਜੀਤ ਕੌਰ ਨੇ ਦਿੱਲੀ-ਹਰਿਆਣਾ ਸੀਮਾ ਦੇ ਸਿੰਘੂ ਵਿਖੇ ਪੂਰੇ 205 ਦਿਨ
ਬਿਤਾਏ। ''ਮੈਨੂੰ ਇੱਕ ਵੀ ਸਮਾਂ ਚੇਤਾ ਨਹੀਂ ਜਦੋਂ ਮੈਂ ਅਨਾਜ ਨਾ ਉਗਾਇਆ ਹੋਵੇ।
ਹਰੇਕ ਉੱਗਦੀ ਜਾਂਦੀ ਫ਼ਸਲ ਦੇ ਨਾਲ਼ ਮੈਂ ਵੀ ਰਤਾ ਕੁ ਬੁੱਢੀ ਹੁੰਦੀ ਚਲੀ ਗਈ। ਹਰਜੀਤ ਕੌਰ ਪਿਛਲੇ
36 ਸਾਲਾਂ ਤੋਂ ਖੇਤੀ ਕਰਦੀ ਆਈ ਹਨ,''ਮੈਂ
ਆਪਣੇ ਜੀਵਨ ਵਿੱਚ ਪਹਿਲੀ ਵਾਰੀ ਅਜਿਹੀ ਲਹਿਰ ਦੇਖੀ, ਅੰਤਾਂ ਦਾ ਜੋਸ਼ ਦੇਖਿਆ ਅਤੇ ਉਸ ਵਿੱਚ ਹਿੱਸਾ
ਵੀ ਲਿਆ। ਮੈਂ ਬੱਚਿਆਂ ਨੂੰ, ਬਜ਼ੁਰਗਾਂ ਨੂੰ ਅਤੇ ਔਰਤਾਂ ਨੂੰ ਵੀ ਧਰਨਾ-ਸਥਲ ਵਿਖੇ ਹੁੰਮਹੁਮਾ ਕੇ
ਅੱਪੜਦੇ ਦੇਖਿਆ,'' ਹਰਜੀਤ ਕਹਿੰਦੀ ਹਨ।
ਲੱਖਾਂ ਦੀ ਗਿਣਤੀ ਵਿੱਚ ਕਿਸਾਨ ਕੇਂਦਰ ਸਰਕਾਰ ਕੋਲ਼ ਇਨ੍ਹਾਂ ਵਿਵਾਦਤ ਕਨੂੰਨਾਂ ਨੂੰ ਵਾਪਸ ਲਏ ਜਾਣ ਦੀ
ਮੰਗ ਲੈ ਕੇ ਦੇਸ਼ ਦੀ ਰਾਜਧਾਨੀ ਦੀਆਂ ਬਰੂਹਾਂ 'ਤੇ ਆਣ ਬੈਠੇ। ਪੰਜਾਬ,
ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨ ਨਵੰਬਰ 2020 ਤੋਂ ਆਉਂਦੇ ਇੱਕ ਸਾਲ ਤੱਕ ਇੱਥੇ ਤੰਬੂ ਗੱਡੀ
ਤਾਇਨਾਤ ਰਹੇ।
ਕਿਸਾਨਾਂ ਦਾ ਇਹ ਅੰਦੋਲਨ
ਇਤਿਹਾਸਕ ਤਾਂ ਸੀ ਹੀ ਬਲਕਿ ਹੁਣ ਤੱਕ ਦੀਆਂ ਲੋਕ- ਲਹਿਰਾਂ ਵਿੱਚੋਂ
ਸਭ ਤੋਂ ਵਿਸ਼ਾਲ ਵੀ ਰਿਹਾ।
ਪੂਰੇ ਪੰਜਾਬ ਵਿੱਚੋਂ ਰਜਿੰਦਰ ਅਤੇ
ਹਰਜੀਤ ਜਿਹੀਆਂ ਕਈ ਔਰਤਾਂ ਅੰਦੋਲਨ ਦਾ ਹਿਰਾਵਲ ਦਸਤਾ ਰਹੀਆਂ। ਉਹ ਕਹਿੰਦੀ ਹਨ ਕਿ ਜਿਸ
ਸਾਂਝੀਵਾਲਤਾ ਦਾ ਅਹਿਸਾਸ ਉਨ੍ਹਾਂ ਕੀਤਾ ਉਹ ਅੱਜ ਵੀ ਜਾਰੀ ਹੈ ਅਤੇ ਉਸ ਪੂਰੇ ਸਮੇਂ ਦੌਰਾਨ
ਉਨ੍ਹਾਂ ਨੇ ਜੋ ਹਿੰਮਤ ਅਤੇ ਅਜ਼ਾਦੀ ਹਾਸਲ ਕੀਤੀ ਉਹ ਹੁਣ ਹੋਰ ਪਕੇਰੀ ਹੋ ਗਈ ਹੈ। ''ਜਿੰਨਾ ਚਿਰ ਮੈਂ ਉੱਥੇ (ਧਰਨਾ ਸਥਲ) ਰਹੀ ਮੈਨੂੰ ਘਰ ਦੀ ਯਾਦ ਨਾ ਆਈ।
ਹੁਣ ਜਦੋਂ ਮੈਂ ਘਰ ਪਰਤ ਆਈ ਹਾਂ, ਮੈਨੂੰ ਅੰਦੋਲਨ ਦੀ ਯਾਦ ਸਤਾਉਂਦੀ ਹੈ,'' ਮਾਨਸਾ ਜ਼ਿਲ੍ਹੇ ਦੀ 58 ਸਾਲਾ ਕੁਲਦੀਪ ਕੌਰ ਕਹਿੰਦੀ ਹਨ।
ਬੁਢਲਾਡਾ ਤਹਿਸੀਲ ਦੇ ਪਿੰਡ ਰਾਲੀ ਦੀ
ਇਹ ਵਾਸੀ ਦੱਸਦੀ ਹਨ ਕਿ ਪਹਿਲਾਂ-ਪਹਿਲ ਘਰ ਦੇ ਕੰਮਾਂ ਦੇ ਬੋਝ ਕਾਰਨ ਉਨ੍ਹਾਂ ਦਾ ਮਨ ਉੱਚਾਟ ਹੋ
ਜਾਂਦਾ ਅਤੇ ਘਰ ਵਿੱਚ ਮਜ਼ਾ ਨਾ ਆਉਂਦਾ। ''ਘਰੇ
ਮੈਨੂੰ ਇੱਕ ਤੋਂ ਬਾਅਦ ਇੱਕ ਕੰਮ ਕਰਨਾ ਪੈਂਦਾ ਜਾਂ ਆਉਣ ਵਾਲ਼ੇ ਮਹਿਮਾਨਾਂ ਦਾ ਸੁਆਗਤ (ਜਿਨ੍ਹਾਂ
ਦਾ ਰਸਮੀ ਸੁਆਗਤ ਕਰਨਾ ਲੋੜੀਂਦਾ ਹੁੰਦਾ) ਕਰਨਾ ਪੈਂਦਾ। ਉੱਥੇ ਮੈਂ ਅਜ਼ਾਦ ਸਾਂ,'' ਕੁਲਦੀਪ ਕਹਿੰਦੀ ਹਨ। ਧਰਨਾ ਸਥਲ ਵਿਖੇ, ਉਹ ਲੰਗਰ ਵਿਖੇ ਸੇਵਾ ਕਰਦੀ
ਸਨ। ਉਹ ਕਹਿੰਦੀ ਹਨ ਕਿ ਉਹ ਤਾਉਮਰ ਉੱਥੇ ਸੇਵਾ ਕਰਦੀ ਰਹਿ ਸਕਦੀ ਸਨ। ''ਮੈਂ ਉੱਥੇ ਬਜ਼ੁਰਗਾਂ ਨੂੰ ਦੇਖਦੀ ਅਤੇ ਸੋਚਦੀ ਜਿਵੇਂ ਮੈਂ ਆਪਣੇ
ਮਾਪਿਆਂ ਲਈ ਖਾਣਾ ਬਣਾ ਰਹੀ ਹੋਵਾਂ।''
ਸ਼ੁਰੂਆਤ ਵਿੱਚ, ਜਦੋਂ ਕਿਸਾਨਾਂ ਨੇ
ਇਨ੍ਹਾਂ ਕਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਸ਼ੁਰੂ ਕੀਤਾ, ਕੁਲਦੀਪ ਕਿਸੇ ਵੀ ਕਿਸਾਨ ਸੰਗਠਨ ਦਾ ਹਿੱਸਾ
ਨਹੀਂ ਸਨ। ਉਸ ਤੋਂ ਬਾਅਦ ਜਦੋਂ ਸੰਯੁਕਤ ਕਿਸਾਨ ਮੋਰਚੇ ਦਾ ਗਠਨ ਹੋਇਆ ਤਾਂ ਕੁਲਦੀਪ ਕੌਰ ਨੇ
ਪੋਸਟਰ ਬਣਾਏ। ਉਨ੍ਹਾਂ ਨੇ ਨਾਅਰੇ ਲਿਖੇ 'ਕਿਸਾਨ
ਮੋਰਚਾ ਜ਼ਿੰਦਾਬਾਦ' ਅਤੇ
ਇਨ੍ਹਾਂ ਪੋਸਟਰਾਂ ਨੂੰ ਆਪਣੇ ਨਾਲ਼ ਸਿੰਘੂ ਲੈ ਕੇ ਗਈ। ਭਾਵੇਂ ਕਿ ਕੁਲਦੀਪ ਨੂੰ ਧਰਨਾ-ਸਥਲ ਵਿਖੇ ਮੌਜੂਦ ਔਰਤਾਂ ਦੁਆਰਾ
ਨਾ ਆਉਣ ਲਈ ਕਿਹਾ ਗਿਆ ਸੀ ਕਿਉਂਕਿ ਕੈਂਪਾਂ ਵਿੱਚ ਕਈ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਸਨ, ਪਰ
ਕੁਲਦੀਪ ਨੇ ਜਾਣ ਦਾ ਪੱਕਾ ਸੰਕਲਪ ਲੈ ਲਿਆ ਸੀ। ''ਮੈਂ
ਉਨ੍ਹਾਂ ਨੂੰ ਦੱਸਿਆ ਮੈਂ ਤਾਂ ਆਉਣਾ ਹੀ ਆਉਣਾ।''
ਜਦੋਂ ਉਹ ਸਿੰਘੂ ਅੱਪੜੀ ਤਾਂ,
ਉਨ੍ਹਾਂ ਨੇ ਔਰਤਾਂ ਨੂੰ ਵੱਡੀਆਂ ਸਾਰੀਆਂ ਲੋਹਾਂ (ਚੁੱਲ੍ਹਿਆਂ) 'ਤੇ ਰੋਟੀਆਂ ਪਕਾਉਂਦੀਆਂ ਦੇਖਿਆ। ''ਉਨ੍ਹਾਂ ਮੈਨੂੰ ਦੂਰੋਂ ਅਵਾਜ਼ ਮਾਰੀ ਅਤੇ ਕਿਹਾ,'ਨੀ ਭੈਣੇਂ! ਰੋਟੀਆਂ ਪਕਾਉਣ 'ਚ ਰਤਾ ਮਦਦ ਕਰੀਂ'।'' ਬਿਲਕੁਲ ਇਹੋ ਜਿਹਾ ਵਾਕਿਆ ਟੀਕਰੀ ਵਿਖੇ ਹੋਇਆ ਜਦੋਂ ਉਨ੍ਹਾਂ ਨੂੰ
ਮਾਨਸਾ ਤੋਂ ਆਈ ਇੱਕ ਟਰੈਕਟਰ-ਟਰਾਲੀ ਮਿਲ਼ੀ ਅਤੇ ਉਹ ਉਸ ਵਿੱਚ ਹੀ ਠਹਿਰ ਗਈ। ਥਕੇਵੇਂ ਦੀ ਮਾਰੀ
ਇੱਕ ਔਰਤ ਚੁੱਲ੍ਹੇ ਕੋਲ਼ ਬੈਠੀ ਸੀ ਅਤੇ ਉਹਨੇ ਮੇਰੀ ਮਦਦ ਮੰਗੀ ਅਤੇ ਕਿਹਾ,''ਭੈਣ ਜੀ, ਰੋਟੀਆਂ ਹੀ ਪਕਾ ਦਿਓ ਅਤੇ ਮੈਂ ਇੱਕ ਘੰਟੇ ਤੋਂ ਵੱਧ ਸਮੇਂ
ਲਈ ਰੋਟੀਆਂ ਪਕਾਈਆਂ,''
ਕੁਲਦੀਪ ਚੇਤੇ ਕਰਦੀ ਹਨ। ਟੀਕਰੀ ਤੋਂ ਹੁੰਦੀ ਹੋਈ ਉਹ ਹਰਿਆਣਾ-ਰਾਜਸਥਾਨ ਦੇ ਬਾਰਡਰ, ਸਾਹਜਹਾਂਪੁਰ
ਗਈ। ''ਜਦੋਂ ਉੱਥੇ ਕੰਮ ਕਰ ਰਹੇ ਬੰਦਿਆਂ ਨੇ ਮੈਨੂੰ ਦੇਖਿਆ ਤਾਂ ਉਨ੍ਹਾਂ ਨੇ
ਵੀ ਮੈਨੂੰ ਰੋਟੀ ਪਕਾਉਣ ਲਈ ਕਿਹਾ,'' ਉਹ
ਹੱਸਦੀ ਹੋਈ ਕਹਿੰਦੀ ਅੱਗੇ ਹਨ,''ਜਿੱਥੇ
ਕਿਤੇ ਵੀ ਮੈਂ ਗਈ ਲੋਕਾਂ ਨੇ ਮੈਨੂੰ ਰੋਟੀਆਂ ਪਕਾਉਣ ਨੂੰ ਹੀ ਕਿਹਾ। ਮੈਂ ਹੈਰਾਨ ਹੁੰਦੀ ਕਿ
ਸੱਚੀਓ ਮੇਰੇ ਮੱਥੇ 'ਤੇ ਕਿਤੇ ਇਹ ਤਾਂ ਨਹੀਂ ਲਿਖਿਆ ਕਿ
ਮੈਂ
ਰੋਟੀਆਂ
ਬਣਾਉਂਦੀ ਆਂ।''
ਕੁਲਦੀਪ ਦੇ ਘਰ ਵਾਪਸ ਆਉਂਦੇ ਹਾਂ,
ਇੱਥੇ ਉਨ੍ਹਾਂ ਦੀਆਂ ਸਹੇਲੀਆਂ ਅਤੇ ਗੁਆਂਢਣਾਂ ਲਈ ਕਿਸਾਨ ਅੰਦੋਲਨ ਪ੍ਰਤੀ ਉਨ੍ਹਾਂ (ਕੁਲਦੀਪ) ਦੀ
ਪ੍ਰਤੀਬੱਧਤਾ ਪ੍ਰੇਰਣਾ ਦਾ ਸ੍ਰੋਤ ਬਣੀ। ਉਹ ਉਨ੍ਹਾਂ ਨੂੰ ਕਹਿੰਦੀਆਂ ਹੁੰਦੀਆਂ,''ਜਦੋਂ ਤੂੰ ਗਈ ਸਾਨੂੰ ਵੀ ਨਾਲ਼ ਲੈ ਜਾਵੀਂ। ਉਹ ਮੇਰੇ ਵੱਲੋਂ ਸ਼ੋਸ਼ਲ
ਮੀਡੀਆ 'ਤੇ ਪਾਈਆਂ ਤਸਵੀਰਾਂ ਦੇਖਦੀਆਂ ਅਤੇ ਮੈਨੂੰ ਕਹਿੰਦੀਆਂ ਕਿ ਅਗਲੀ ਵਾਰੀਂ
ਅਸੀਂ ਵੀ ਨਾਲ਼ ਚੱਲਾਂਗੀਆਂ।''
ਉਨ੍ਹਾਂ ਦੀ ਇੱਕ ਸਹੇਲੀ ਇਸ ਗੱਲੋਂ ਫ਼ਿਕਰਮੰਦ ਸੀ ਕਿ ਜੇ ਉਹਨੇ ਕਿਸਾਨ ਅੰਦੋਲਨ ਵਿੱਚ ਹਿੱਸਾ ਨਾ
ਲਿਆ ਤਾਂ ਉਹਦੇ ਪੋਤੇ-ਪੋਤੀਆਂ ਕੀ ਕਹਿਣਗੇ!
ਇਨ੍ਹਾਂ
ਵਿੱਚੋਂ ਕਿਸੇ ਵੀ ਔਰਤ ਨੇ ਪਹਿਲਾਂ ਕਦੇ ਟੀਵੀ ਸੀਰੀਅਲ ਜਾਂ ਫ਼ਿਲਮਾਂ ਨਹੀਂ ਸਨ ਦੇਖੀਆਂ,
ਧਰਨਾ-ਸਥਲਾਂ ਤੋਂ ਆਪਣੀ ਵਾਪਸੀ ਦੇ ਨਾਲ਼ ਹੀ ਉਨ੍ਹਾਂ ਨੇ ਖ਼ਬਰਾਂ ਦੇਖਣੀਆਂ ਸ਼ੁਰੂ ਕਰ ਦਿੱਤੀਆਂ। ''ਪ੍ਰਦਰਸ਼ਨ ਵਿਖੇ
ਜਾਂ ਤਾਂ ਮੈਂ ਖ਼ੁਦ ਜਾਂਦੀ ਜਾਂ ਖ਼ਬਰਾਂ ਸੁਣਦੀ ਰਹਿੰਦੀ,'' ਉਹ ਕਹਿੰਦੀ ਹਨ। ਹਾਲਾਤਾਂ ਵਿੱਚ ਆਉਂਦੇ
ਉਤਰਾਅ-ਚੜ੍ਹਾਵਾਂ ਨੇ ਮੈਨੂੰ ਪਰੇਸ਼ਾਨ ਕਰ ਸੁੱਟਿਆ। ਬੇਚੈਨੀ ਦੀ ਹਾਲਤ ਵਿੱਚੋਂ ਨਿਕਲ਼ਣ ਵਾਸਤੇ
ਉਨ੍ਹਾਂ ਨੂੰ ਦਵਾਈ ਲੈਣੀ ਪੈਂਦੀ। ''ਮੇਰਾ ਸਿਰ ਘੁੰਮਦਾ
ਰਹਿੰਦਾ। ਡਾਕਟਰਾਂ ਨੇ ਮੈਨੂੰ ਖ਼ਬਰਾਂ ਦੇਖਣ ਤੋਂ ਰੋਕ ਦਿੱਤਾ,'' ਉਹ ਕਹਿੰਦੀ
ਹਨ।
ਕਿਸਾਨ
ਪ੍ਰਦਰਸ਼ਨ ਦਾ ਹਿੱਸਾ ਬਣਨ ਕਾਰਨ ਕੁਲਦੀਪ ਨੇ ਆਪਣੇ ਅੰਦਰ ਉਹ ਹਿੰਮਤ ਪੁੰਗਰਦੀ ਦੇਖੀ ਜੋ ਉਨ੍ਹਾਂ
ਅੰਦਰ ਪਹਿਲਾਂ ਕਦੇ ਨਹੀਂ ਸੀ। ਉਨ੍ਹਾਂ ਦੇ ਮਨ ਅੰਦਰ ਕਾਰ ਜਾਂ ਟਰੈਕਟਰ-ਟਰਾਲੀ ਰਾਹੀਂ ਯਾਤਰਾ ਕਰਨ
ਨੂੰ ਲੈ ਕੇ ਜੋ ਡਰ ਘਰ ਕਰ ਬੈਠਾ ਸੀ ਉਹ ਹੌਲ਼ੀ-ਹੌਲ਼ੀ ਜਾਂਦਾ ਰਿਹਾ ਕਿਉਂਕਿ ਉਨ੍ਹਾਂ ਨੇ ਦਿੱਲੀ
ਦੇ ਕਈ ਵਾਰੀ ਗੇੜੇ ਮਾਰੇ ਅਤੇ ਕਈ ਕਈ ਸੈਂਕੜੇ ਕਿਲੋਮੀਟਰ ਸਫ਼ਰ ਤੈਅ ਕੀਤਾ। ''ਸੜਕ
ਦੁਰਘਟਨਾਵਾਂ ਵਿੱਚ ਕਈ ਕਿਸਾਨ ਮਾਰੇ ਜਾ ਰਹੇ ਸਨ ਅਤੇ ਮੈਨੂੰ ਫ਼ਿਕਰ ਸੀ ਕਿ ਮੈਂ ਵੀ ਕਿਸੇ ਦਿਨ
ਇੰਝ ਹੀ ਮਰ ਜਾਣਾ ਅਤੇ ਮੈਂ ਕਿਸਾਨੀ ਦੀ ਇਸ ਜਿੱਤ ਨੂੰ ਅੱਖੀਂ ਨਹੀਂ ਵੇਖ ਸਕਣਾ,'' ਉਹ ਕਹਿੰਦੀ
ਹਨ।
ਘਰੇ ਪਰਤ ਕੇ ਕੁਲਦੀਪ ਨੇ ਆਪਣੇ ਪਿੰਡ
ਵਿਖੇ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਉਹ ਉਸ ਬੈਠਕ ਨੂੰ ਚੇਤੇ ਕਰਦੀ ਹਨ ਜਿੱਥੇ ਇੱਕ ਗਭਰੇਟ ਮੁੰਡਾ,
ਜੋ ਅਕਸਰ ਪ੍ਰਦਰਸ਼ਨਾਂ ਵਿਖੇ ਆਉਂਦਾ ਹੁੰਦਾ ਸੀ, ਉਨ੍ਹਾਂ ਦੇ ਐਨ ਅੱਗੇ ਖੜ੍ਹਾ ਸੀ ਅਤੇ ਅਚਾਨਕ ਇੱਕ
ਤੇਜ਼ ਰਫ਼ਤਾਰ ਕਾਰ ਆਈ ਅਤੇ ਉਹਨੂੰ ਦਰੜਦੀ ਹੋਈ ਚਲੀ ਗਈ। ਉਸ ਮੁੰਡੇ ਦੇ ਅੱਗੇ ਜੋ ਖੜ੍ਹਾ ਸੀ ਉਹ
ਵੀ ਇਸੇ ਐਕਸੀਡੈਂਟ ਵਿੱਚ ਮਾਰਿਆ ਗਿਆ ਅਤੇ ਇਹ ਐਕਸੀਡੈਂਟ ਤੀਸਰੇ ਬੰਦੇ ਨੂੰ ਉਮਰ ਭਰ ਲਈ ਅਪੰਗ
ਬਣਾ ਗਿਆ। ''ਮੇਰੇ ਪਤੀ ਅਤੇ ਮੈਂ ਬਾਲ਼-ਬਾਲ਼ ਬਚੇ। ਉਸ ਘਟਨਾ ਤੋਂ ਬਾਅਦ ਮੇਰੇ
ਮਨੋਂ ਦੁਰਘਟਨਾ ਵਿੱਚ ਮਾਰੇ ਜਾਣ ਦਾ ਡਰ ਹੀ ਚਲਾ ਗਿਆ। ਜਿਸ ਦਿਨ ਕਨੂੰਨ ਵਾਪਸ ਲਏ ਗਏ, ਮੈਨੂੰ
ਮੇਰੇ ਅੱਗੇ ਖੜ੍ਹਾ ਉਹ ਲੜਕਾ ਚੇਤੇ ਆਇਆ ਅਤੇ ਮੈਂ ਬੜਾ ਰੋਈ,'' ਕੁਲਦੀਪ ਕਹਿੰਦੀ ਹਨ, ਨਾਲ਼ੇ ਉਹ ਅੰਦੋਲਨ ਵਾਸਤੇ ਆਪਣੀ ਜਾਨ ਦੇਣ ਵਾਲ਼ੇ
700 ਪ੍ਰਦਰਸ਼ਨਕਾਰੀਆਂ ਦੀ ਮੌਤ
'ਤੇ ਸੋਗ ਪ੍ਰਗਟ ਕਰਦੀ ਹਨ।
ਕਿਸਾਨ ਅੰਦੋਲਨ ਵਿੱਚ ਆਪਣੀ ਡੂੰਘੀ ਸ਼ਮੂਲੀਅਤ ਅਤੇ ਇੰਨੀ ਮਹੱਤਵਪੂਰਨ
ਹਮਾਇਤ ਨਾਲ਼ ਉੱਭਰੀ ਸਾਂਝੀਵਾਲ਼ਤਾ, ਇੱਕ ਅਜਿਹੀ ਸਾਂਝੀਵਾਲ਼ਤਾ ਜਿਹਨੇ ਕੇਂਦਰ ਸਰਕਾਰ ਨੂੰ ਕਨੂੰਨ
ਵਾਪਸ ਲੈਣ ਲਈ ਮਜ਼ਬੂਰ ਕਰ ਦਿੱਤਾ, ਉਸੇ ਸਾਂਝੀਵਾਲ਼ਤਾ ਦੀ ਇੱਕ ਮੁੱਖ ਕੜੀ ਭਾਵ ਪੰਜਾਬ ਦੀਆਂ
ਔਰਤਾਂ ਨੂੰ ਇਹ ਜਾਪਦਾ ਹੈ ਜਿਵੇਂ ਸਿਆਸੀ ਫ਼ੈਸਲੇ-ਲੈਣ ਦੇ ਮੌਕੇ ਉਨ੍ਹਾਂ ਨੂੰ ਅੱਖੋਂ-ਪਰੋਖੇ
ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 20 ਫਰਵਰੀ 2022 ਨੂੰ ਸਿਆਸੀ ਪਾਰਟੀਆਂ ਦੇ ਜੰਗ ਦੇ
ਮੈਦਾਨ ਵਿੱਚ ਔਰਤਾਂ ਦੀ ਬੇਹੱਦ ਘੱਟ ਗਿਣਤੀ ਦਾ ਨਿੱਤਰ ਕੇ ਆਉਣਾ ਇਸੇ ਗੱਲ ਦਾ ਸਬੂਤ ਹੈ।
ਪੰਜਾਬ ਦੇ 2.14 ਕਰੋੜ ਵੋਟਰਾਂ ਵਿੱਚ ਅੱਧ ਗਿਣਤੀ ਔਰਤਾਂ ਦੀ ਹੈ। ਫਿਰ ਵੀ 117 ਹਲ਼ਕਿਆਂ ਵਿੱਚ ਚੋਣ ਲੜਨ ਵਾਲ਼ੇ 1304 ਉਮੀਦਵਾਰਾਂ ਵਿੱਚੋਂ ਸਿਰਫ਼ 93 ਹੀ ਔਰਤਾਂ ਸਨ ਭਾਵ ਮਹਿਜ 7.13 ਫ਼ੀਸਦ।
ਪੰਜਾਬ ਦੀ ਪੁਰਾਣੀ ਸਿਆਸੀ
ਪਾਰਟੀ, ਸ਼੍ਰੋਮਣੀ ਅਕਾਲੀ ਦਲ ਨੇ ਸਿਰਫ਼ 5 ਔਰਤਾਂ ਨੂੰ ਮੈਦਾਨ ਵਿੱਚ ਉਤਾਰਿਆ। ਇੰਡੀਅਨ ਨੈਸ਼ਨਲ
ਕਾਂਗਰਸ ਨੇ 11 ਔਰਤਾਂ ਨੂੰ ਟਿਕਟ ਦਿੱਤੀ। ਪਾਰਟੀ ਦਾ ਉੱਤਰ ਪ੍ਰਦੇਸ਼ ਦੀ ਧਰਤੀ 'ਤੇ
ਦਿੱਤਾ ਨਾਅਰਾ,
'ਲੜਕੀ ਹੂੰ, ਲੜ ਸਕਤੀ ਹੂੰ'
, ਪੰਜਾਬ ਦੀ ਧਰਤੀ 'ਤੇ
ਆਉਂਦਿਆਂ ਹੀ ਸਾਹ-ਵਰੋਲ਼ਦਾ ਜਾਪਿਆ। ਆਮ ਆਦਮੀ ਪਾਰਟੀ ਨੇ 12 ਮਹਿਲਾ ਉਮੀਦਵਾਰਾਂ ਨੂੰ ਟਿਕਟ ਦੇ ਕੇ
ਕਾਂਗਰਸ ਨੂੰ ਪਿਛਾੜ ਦਿੱਤਾ। ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਅਤੇ ਨਵੀਂ
ਬਣੀ ਪਾਰਟੀ ਪੰਜਾਬ ਲੋਕ ਕਾਂਗਰਸ-ਰਾਸ਼ਟਰੀ ਜਮਹੂਰੀ ਗੱਠਜੋੜ ਦੇ ਭਾਈਵਾਲ਼ਾਂ ਨੇ 9 ਔਰਤਾਂ ਨੂੰ
ਨਾਮਜ਼ਦ ਕੀਤਾ (ਬੀਜੇਪੀ ਦੀਆਂ 6 ਮਹਿਲਾ ਉਮੀਦਵਾਰ ਨੂੰ ਮਿਲ਼ਾ ਕੇ)।'
*****
ਜਿਸ ਦਿਨ ਮੈਂ ਰਜਿੰਦਰ ਕੌਰ ਨੂੰ ਮਿਲ਼ਦਾ ਹਾਂ ਉਸ ਦਿਨ ਬੜੀ ਕੜਾਕੇਦਾਰ ਠੰਡ ਹੈ ਤੇ ਮੌਸਮ ਗਿੱਲਾ ਹੈ। ਉਹ ਕੁਰਸੀ 'ਤੇ ਬੈਠੀ ਹੋਈ ਹਨ; ਮਗਰਲੀ ਕੰਧ ਦਾ ਬਲਬ ਬੜੀ ਮੱਧਮ ਜਿਹੀ ਰੌਸ਼ਨੀ ਸੁੱਟ ਰਿਹਾ ਹੈ, ਪਰ ਉਨ੍ਹਾਂ ਦਾ ਜੋਸ਼ ਕਾਫ਼ੀ ਤੇਜ਼ ਹੈ। ਮੈਂ ਆਪਣੀ ਡਾਇਰੀ ਖੋਲ੍ਹਦਾ ਹਾਂ ਤੇ ਉਹ ਆਪਣਾ ਦਿਲ। ਉਨ੍ਹਾਂ ਦੀਆਂ ਅੱਖਾਂ ਵਿਚਲੀ ਅੱਗ ਉਨ੍ਹਾਂ ਦੀ ਅਵਾਜ਼ ਵਿੱਚੋਂ ਝਲਕਦੀ ਹੈ, ਉਹ ਅਵਾਜ਼ ਜੋ ਔਰਤਾਂ ਦੀ ਅਗਵਾਈ ਵਿੱਚ ਇਨਕਲਾਬ ਦੀ ਉਮੀਦ ਦੀ ਗੱਲ ਕਰਦੀ ਹੈ। ਉਨ੍ਹਾਂ ਦੇ ਦਰਦ ਹੁੰਦੇ ਗੋਡੇ ਅਕਸਰ ਅਰਾਮ ਦੀ ਮੰਗ ਕਰਦੇ ਹਨ, ਪਰ ਰਜਿੰਦਰ ਕਹਿੰਦੀ ਹਨ ਕਿ ਕਿਸਾਨ ਅੰਦੋਲਨ ਨੇ ਉਨ੍ਹਾਂ ਅੰਦਰ ਜਜ਼ਬੇ ਦੀ ਅਜਿਹੀ ਲਾਟ ਬਾਲ਼ੀ ਕਿ ਉਹ ਲੋਕਾਂ ਦੇ ਹਜ਼ੂਮ ਵਿੱਚ ਆਪਣੀ ਗੱਲ ਰੱਖਣ ਜੋਗੀ ਹੋ ਗਈ ਅਤੇ ਉਨ੍ਹਾਂ ਨੂੰ ਆਪਣੀ ਇੱਕ ਨਵੀਂ ਅਵਾਜ਼ ਮਿਲ਼ੀ।
''ਹੁਣ ਮੈਂ ਆਪਣੀ
ਵੋਟ ਪਾਉਣ ਦਾ ਫ਼ੈਸਲਾ ਖ਼ੁਦ ਲਵਾਂਗੀ। ਪਹਿਲਾਂ ਮੇਰਾ ਸਹੁਰਾ ਸਾਹਬ ਅਤੇ ਮੇਰੇ ਪਤੀ ਮੈਨੂੰ ਦੱਸਦੇ
ਹੁੰਦੇ ਸਨ ਕਿ ਇਸ ਪਾਰਟੀ ਨੂੰ ਜਾਂ ਉਸ ਪਾਰਟੀ ਨੂੰ ਵੋਟ ਪਾਉਣੀ ਹੈ। ਪਰ ਹੁਣ, ਮੇਰੇ ਉੱਤੇ ਆਪਣੀ
ਰਾਇ ਥੋਪਣ ਦੀ ਕਿਸੇ ਦੀ ਹਿੰਮਤ ਹੀ ਨਹੀਂ,'' ਰਜਿੰਦਰ ਕਹਿੰਦੀ ਹਨ। ਰਜਿੰਦਰ ਦੇ ਪਿਤਾ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਸਨ ਪਰ ਜਦੋਂ ਉਹ
ਦੌਨ ਕਲਾਂ ਪਿੰਡ ਵਿਆਹੀ ਗਈ ਤਾਂ ਉਨ੍ਹਾਂ ਦੇ ਸਹੁਰਾ ਸਾਹਬ ਨੇ ਉਨ੍ਹਾਂ ਨੂੰ ਕਾਂਗਰਸ ਪਾਰਟੀ ਨੂੰ
ਵੋਟ ਪਾਉਣ ਨੂੰ ਕਿਹਾ। ''ਮੈਂ ਪੰਜੇ
(ਪਾਰਟੀ ਦਾ ਚੋਣ ਨਿਸ਼ਾਨ) ਨੂੰ ਵੋਟ ਪਾਈ ਪਰ ਵੋਟ ਪਾ ਕੇ ਇੰਝ ਮਹਿਸੂਸ ਹੋਇਆ ਜਿਵੇਂ ਕਿਸੇ ਨੇ
ਮੇਰੀ ਛਾਤੀ ਹੀ ਵਿੰਨ੍ਹ ਸੁੱਟੀ ਹੋਵੇ,'' ਉਹ ਕਹਿੰਦੀ
ਹਨ। ਹੁਣ ਜਦੋਂ ਉਨ੍ਹਾਂ ਦੇ ਪਤੀ ਕਹਿੰਦੇ ਹਨ ਕਿ ਫਲਾਣੀ ਫਲਾਣੀ ਪਾਰਟੀ ਨੂੰ ਵੋਟ ਪਾਉਣੀ ਹੈ ਤਾਂ
ਰਜਿੰਦਰ ਉਨ੍ਹਾਂ ਨੂੰ ਚੁੱਪ ਕਰਾ ਦਿੰਦੀ ਹਨ। ''ਮੈਂ ਉਹਨੂੰ ਚੁੱਪ ਕਰਾ ਦਿਨੀ ਆਂ।''
ਸਿੰਘੂ
ਦੀ ਇੱਕ ਮਨੋਰੰਜਕ ਘਟਨਾ ਉਨ੍ਹਾਂ ਦੇ ਦਿਮਾਗ਼ ਵਿੱਚ ਆਉਂਦੀ ਹੈ। ਹੋਇਆ ਕੁਝ ਇੰਝ ਉਨ੍ਹਾਂ ਨੇ ਮੰਚ 'ਤੇ ਖੜ੍ਹੇ ਹੋ ਆਪਣੀ ਤਕਰੀਰ ਪੂਰੀ ਕੀਤੀ ਅਤੇ ਥੋੜ੍ਹਾ ਅਰਾਮ
ਕਰਨ ਲਈ ਬਹਿ ਗਈ। ''ਆਪਣੇ ਗੋਡਿਆਂ
ਨੂੰ ਅਰਾਮ ਦੇਣ ਲਈ ਮੈਂ ਨੇੜਲੇ ਟੈਂਟ ਵਿੱਚ ਬਹਿ ਗਈ, ਅਚਾਨਕ ਖਾਣਾ ਪਕਾ ਰਹੇ ਇੱਕ ਬੰਦੇ ਨੇ
ਮੈਨੂੰ ਪੁੱਛਿਆ,'ਕੀ ਤੁਸਾਂ ਉਹ
ਤਕਰੀਰ ਸੁਣੀ ਜੋ ਹੁਣੇ ਹੁਣੇ ਇੱਕ ਔਰਤ ਨੇ ਦਿੱਤੀ?' ਦੂਸਰਾ ਆਦਮੀ ਟੈਂਟ ਅੰਦਰ ਦਾਖਲ ਹੋਇਆ ਅਤੇ ਮੈਨੂੰ ਪਛਾਣਦਿਆਂ ਕਿਹਾ,'ਓਹ, ਤੁਸੀਂ ਹੀ
ਹੋ ਨਾ ਜਿੰਨ੍ਹਾਂ ਨੇ ਹੁਣੇ ਹੁਣੇ ਤਕਰੀਰ ਕੀਤੀ।' ਮੈਂ ਹੀ ਸਾਂ ਜਿਸਦਾ ਉਹ ਜ਼ਿਕਰ ਕਰ ਰਹੇ ਸਨ!'' ਬੜੇ ਫ਼ਖਰ ਅਤੇ ਖ਼ੁਸ਼ੀ ਨਾਲ਼ ਗੱਦਗੱਦ ਹੁੰਦਿਆਂ ਉਹ ਕਹਿੰਦੀ ਹਨ।
''ਉਨ੍ਹਾਂ ਤਿੰਨ
ਕਨੂੰਨਾਂ ਨੇ ਸਾਨੂੰ ਜੋੜ ਦਿੱਤਾ,'' ਹਰਜੀਤ ਕਹਿੰਦੀ
ਹਨ, ਜੋ ਨਾਲ਼ ਦੇ ਘਰ ਵਿੱਚ ਰਹਿੰਦੀ ਹਨ। ਪਰ ਉਹ ਸੰਘਰਸ਼ ਵਿੱਚੋਂ ਨਿਕਲ਼ੇ ਸਿੱਟਿਆਂ ਦੀ ਅਲੋਚਨਾ
ਕਰਦਿਆਂ ਅੱਗੇ ਕਹਿੰਦੀ ਹਨ,''ਭਾਵੇਂ ਕਿ
ਵਿਰੋਧ ਦੇ ਨਤੀਜੇ ਵਜੋਂ ਕਨੂੰਨ ਰੱਦ ਹੋ ਗਏ ਪਰ ਸਾਡੀਆਂ ਸਮੱਸਿਆਵਾਂ ਜਸ ਦੀਆਂ ਤਸ ਬਣੀਆਂ ਹੋਈਆਂ
ਹਨ। ਐੱਮਐੱਸਪੀ (ਘੱਟੋਘੱਟ ਸਮਰਥਨ ਮੁੱਲ) ਦੀ ਮੰਗ ਪੂਰੀ ਹੋਈ ਨਹੀਂ ਸੀ ਕਿ ਅੰਦੋਲਨ ਵਾਪਸ
(ਐੱਸਕੇਐੱਮ ਵੱਲੋਂ) ਲੈ ਲਿਆ ਗਿਆ। ਅਜੇ ਤਾਂ ਸਾਨੂੰ ਲਖ਼ੀਮਪੁਰ ਖੀਰੀ ਵਿੱਚ ਮਾਰੇ ਗਏ ਕਿਸਾਨ ਭਰਾਵਾਂ
ਦੇ ਹੱਕ ਵਿੱਚ ਨਿਆ ਦੀ ਮੰਗ ਵੀ ਚੁੱਕਣੀ ਚਾਹੀਦੀ ਸੀ।''
''ਅੰਦੋਲਨ ਦੌਰਾਨ
ਕਿਸਾਨਾਂ ਦੀਆਂ ਜਥੇਬੰਦੀਆਂ ਭਾਵੇਂ ਇੱਕਜੁਟ ਰਹੀਆਂ ਹੋਣ, ਪਰ ਹੁਣ ਉਹ ਖਿੰਡ-ਪੁੰਡ ਗਈਆਂ ਹਨ,'' ਬੜੇ ਹਿਰਖ਼
ਨਾਲ਼ ਕੁਲਦੀਪ ਗੱਲ ਪੂਰੀ ਕਰਦੀ ਹਨ।
ਬਹੁਤੇਰਿਆਂ ਨੇ ਕਿਸੇ ਵੀ ਪਾਰਟੀ ਦਾ
ਪੱਖ ਨਾ ਲਿਆ- ਇੱਥੋਂ ਤੱਕ ਕਿ ਉਸ ਸੰਯੁਕਤ ਸਮਾਜ ਮੋਰਚੇ ਦਾ ਵੀ ਨਹੀਂ, ਜੋ ਦਸੰਬਰ 2021 ਵਿੱਚ
ਉਨ੍ਹਾਂ ਕਿਸਾਨ ਯੂਨੀਅਨਾਂ ਦੁਆਰਾ ਗਠਿਤ ਕੀਤਾ ਗਿਆ ਸੀ ਜੋ ਕਦੇ ਸੰਯੁਕਤ ਕਿਸਾਨ ਮੋਰਚੇ (ਪਾਰਟੀ
ਦੇ ਉਮੀਦਵਾਰਾਂ ਦੀ ਸੂਚੀ ਵਿੱਚ ਚਾਰ ਔਰਤਾਂ ਵੀ ਹਨ ਜਿਨ੍ਹਾਂ
ਅਜ਼ਾਦ ਉਮੀਦਵਾਰ ਵਜੋਂ ਚੋਣ ਲੜੀ
।) ਦਾ ਹਿੱਸਾ ਰਹੀਆਂ ਸਨ। ਜਿਓਂ ਜਿਓਂ ਪੰਜਾਬ ਦੀ ਫਿਜ਼ਾ ਵਿੱਚ
ਚੁਣਾਵੀਂ ਰੰਗ ਬਦਲਣ ਲੱਗਿਆ, ਸਾਰੀਆਂ ਹੀ ਪਾਰਟੀਆਂ ਦੇ ਲੀਡਰਾਂ ਅਤੇ ਕਾਡਰਾਂ ਨੇ ਕਿਸਾਨ ਅੰਦੋਲਨ
ਦੌਰਾਨ ਆਪਣੀਆਂ ਜਾਨਾਂ ਗੁਆ ਚੁੱਕੇ ਕਿਸਾਨਾਂ ਦੀ ਕੁਰਬਾਨੀ ਨੂੰ ਲੈ ਕੇ ਚੁੱਪੀ ਧਾਰ ਲਈ, ਉਹ
ਅੰਦੋਲਨ ਜੋ ਅਜੇ ਕੁਝ ਮਹੀਨੇ ਪਹਿਲਾਂ ਹੀ ਖ਼ਤਮ ਹੋਇਆ।
''ਐੱਸਐੱਸਐੱਮ
(ਸੰਯੁਕਤ ਸਮਾਜ ਮੋਰਚਾ) ਨੇ ਅਤੇ ਇੱਥੋਂ ਤੱਕ ਕਿ ਆਮ ਪਾਰਟੀ ਨੇ ਵੀ ਪੇਂਡੂ ਇਲਾਕਿਆਂ ਵਿੱਚ ਸਿਫ਼ਰ
ਦੇ ਬਰਾਬਰ ਦਿਲਚਸਪੀ ਲਈ ਜਾਂ ਆਪਣੀ ਚਿੰਤਾ ਪ੍ਰਗਟਾਈ,'' ਇੱਕ ਨੌਜਵਾਨ ਔਰਤ, ਜੀਵਨ ਜਯੋਤ ਕਹਿੰਦੀ ਹਨ ਜੋ ਸੰਗਰੂਰ ਜ਼ਿਲ੍ਹੇ ਦੇ ਬੇਨਰਾ ਪਿੰਡ ਦੀ
ਵਾਸੀ ਹਨ। ''ਸਿਆਸੀ ਪਾਰਟੀਆਂ
ਦੇ ਇਨ੍ਹਾਂ ਕਰਿੰਦਿਆਂ ਨੂੰ ਇਹ ਤੱਕ ਨਹੀਂ ਪਤਾ ਬਈ ਕੌਣ ਜਿਊਂਦਾ ਹੈ ਅਤੇ ਕੌਣ ਮੋਇਆ,'' ਉਹ ਬੜੇ ਦੁਖੀ
ਮਨ ਨਾਲ਼ ਗੱਲ ਜਾਰੀ ਰੱਖਦਿਆਂ ਕਹਿੰਦੀ ਹਨ।
23 ਸਾਲਾ
ਸਕੂਲੀ ਅਧਿਆਪਕਾ ਅਤੇ ਆਪਣੇ ਘਰੇ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦੀ ਜੀਵਨ ਜਯੋਤ ਦਾ ਸਿਆਸੀ
ਪਾਰਟੀਆਂ ਪ੍ਰਤੀ ਗੁੱਸਾ ਉਸ ਸਮੇਂ ਫੁੱਟ ਪਿਆ ਜਦੋਂ ਉਨ੍ਹਾਂ ਦੀ ਗੁਆਂਢਣ, ਪੂਜਾ ਦੀ ਬੱਚਾ ਜੰਮਣ
ਦੌਰਾਨ ਮੌਤ ਹੋ ਗਈ। ''ਜਿਹੜੀ ਗੱਲ ਨੇ
ਮੈਨੂੰ ਜ਼ਿਆਦਾ ਦੁੱਖ ਪਹੁੰਚਾਇਆ ਉਹ ਇਹ ਸੀ ਕਿ ਕਿਸੇ ਵੀ ਪਾਰਟੀ ਦੇ ਲੀਡਰ ਜਾਂ ਪਿੰਡ ਦੇ ਸਰਪੰਚ
ਨੇ ਪੀੜਤ ਪਰਿਵਾਰ ਨਾਲ਼ ਮਿਲ਼ਣ ਦੀ ਕੋਸ਼ਿਸ਼ ਨਹੀਂ ਕੀਤੀ, ਕਿਸੇ ਦੇ ਦੁੱਖ ਵਿੱਚ ਸ਼ਾਮਲ ਹੋਣਾ ਤਾਂ
ਮਨੁੱਖ ਦਾ ਸੁਭਾਅ ਹੈ।'' ਇਸ ਪਰਿਵਾਰ ਦੀ
ਮਦਦ ਵਾਸਤੇ ਜੀਵਨ ਜਯੋਤ ਅੱਗੇ ਆਈ ਕਿਉਂਕਿ ਇਸ ਨਵਜੰਮੇ ਬੱਚੇ ਅਤੇ ਉਹਦੀ ਤਿੰਨ ਸਾਲਾ ਭੈਣ
ਗੁਰਪਿਆਰ ਦੀ ਦੇਖਭਾਲ਼ ਦੀ ਜ਼ਿੰਮੇਦਾਰੀ ਉਨ੍ਹਾਂ ਦੇ ਪਿਤਾ ਸਤਪਾਲ ਸਿੰਘ (32 ਸਾਲਾ) ਦੇ ਸਿਰ ਆਉਣ
ਪਈ ਹੈ ਜੋ ਕਿ ਦਿਹਾੜੀਦਾਰ ਮਜ਼ਦੂਰ ਹਨ।
ਬੇਨਰਾ
ਵਿਖੇ ਜਦੋਂ ਮੈਂ ਜੀਵਨ ਜਯੋਤ ਨੂੰ ਮਿਲ਼ਿਆਂ ਤਾਂ ਗੁਰਪਿਆਰ ਉਨ੍ਹਾਂ ਦੇ ਨਾਲ਼ ਹੀ ਬੈਠੀ ਹੋਈ ਸੀ। ''ਮੈਨੂੰ ਜਾਪਦਾ
ਜਿਵੇਂ ਮੈਂ ਇਨ੍ਹਾਂ ਦੋਹਾਂ ਦੀ ਮਾਂ ਹੋਵਾਂ। ਮੈਂ ਇਸ ਬੱਚੀ ਨੂੰ ਗੋਦ ਲੈਣਾ ਚਾਹੁੰਗੀ। ਮੈਨੂੰ
ਲੋਕਾਂ ਵੱਲੋਂ ਉਡਾਈਆਂ ਜਾਂਦੀਆਂ ਅਫ਼ਵਾਹਾਂ ਦਾ ਡਰ ਨਹੀਂ ਕਿ ਮੇਰੇ ਆਪਣੇ ਬੱਚਾ ਨਹੀਂ ਹੋ ਸਕਦਾ
ਇਸਲਈ ਮੈਂ ਇਹ ਸਭ ਕਰ ਰਹੀ ਹਾਂ,'' ਜੀਵਨ ਨੇ
ਕਿਹਾ।
ਕਿਸਾਨ
ਅੰਦੋਲਨ ਵਿੱਚ ਔਰਤਾਂ ਦੀ ਭਾਗੀਦਾਰੀ ਨੇ ਜੀਵਨ ਜਯੋਤ ਜਿਹੀ ਨੌਜਵਾਨ ਔਰਤ ਨੂੰ ਉਮੀਦ ਦਿੱਤੀ।
ਜਿੱਥੇ ਮਰਦ-ਪ੍ਰਧਾਨ ਸਮਾਜ ਔਰਤਾਂ ਨੂੰ ਵੱਖ-ਵੱਖ ਲੜਾਈਆਂ ਵਿੱਚ ਖੜ੍ਹਾ ਕਰਦਾ ਆਇਆ ਹੈ ਉੱਥੇ ਹੀ,
ਖੇਤੀ ਕਨੂੰਨਾਂ ਖ਼ਿਲਾਫ਼ ਇਹ ਲੜਾਈ ਉਨ੍ਹਾਂ ਦੀ ਆਪਣੀ ਭਾਵਨਾ ਦੀ ਨਿਰੰਤਰਤਾ ਦੀ ਨਿਸ਼ਾਨੀ ਹੈ,
ਉਨ੍ਹਾਂ ਕਿਹਾ।
ਅੰਦੋਲਨ
ਦੌਰਾਨ ਜਿਨ੍ਹਾਂ ਤਾਕਤਵਰ ਅਵਾਜ਼ਾਂ ਨੇ ਇੱਕੋ ਸੁਰ ਨਾਅਰੇ ਲਾਏ, ਉਨ੍ਹਾਂ ਪੰਜਾਬ ਦੀਆਂ ਔਰਤਾਂ ਨੂੰ
ਅੱਜ ਲਾਂਭੇ ਕੀਤਾ ਜਾ ਰਿਹਾ ਹੈ। ''ਔਰਤਾਂ ਇੱਕ ਵਾਰ
ਫਿਰ ਤੋਂ ਚੌਂਕੇ-ਚੁੱਲ੍ਹੇ ਤੱਕ ਹੀ ਸੀਮਤ ਹੋ ਕੇ ਰਹਿ ਗਈਆਂ ਨੇ,'' ਹਰਜੀਤ ਕਹਿੰਦੀ
ਹਨ। ਵਾਪਸ ਡੂੰਘਾਣਾਂ ਵਿੱਚ ਧੱਕੇ ਜਾਣ ਦੇ ਡਰੋਂ ਅਤੇ ਲੋਕ-ਸਰਗਰਮੀਆਂ ਤੋਂ ਦੂਰ ਰੱਖੇ ਜਾਣ ਨੂੰ
ਲੈ ਕੇ ਫ਼ਿਕਰਮੰਦ ਇਹ ਔਰਤਾਂ, ਇਸ ਗੱਲੋਂ ਵੀ ਚਿੰਤਤ ਹਨ ਕਿ ਉਨ੍ਹਾਂ ਦੁਆਰਾ ਕਮਾਇਆ ਗਿਆ ਸਨਮਾਨ
ਇਤਿਹਾਸ ਦੇ ਵਰਕੇ 'ਤੇ ਕਿਤੇ
ਪਾਉ-ਟਿੱਪਣੀ (ਫੁੱਟਨੋਟ) ਹੀ ਬਣ ਕੇ ਨਾ ਰਹਿ ਜਾਵੇ।
ਲੇਖਕ, ਇਸ ਕਹਾਣੀ ਦੀ ਰਿਪੋਰਟਿੰਗ ਵਾਸਤੇ ਆਪਣੇ ਮਦਦ ਪੇਸ਼
ਕਰਨ ਲਈ ਮੁਸ਼ੱਰਫ਼ ਅਤੇ ਪਰਗਟ ਦਾ ਸ਼ੁਕਰੀਆ ਅਦਾ ਕਰਦੇ ਹਨ।
ਤਰਜਮਾ: ਕਮਲਜੀਤ
ਕੌਰ