ਗ੍ਰਾਮੀਣ ਇਲਾਕਿਆਂ ਵਿੱਚ ਇਹ ਆਵਾਜਾਈ ਦਾ ਇੱਕ ਸਧਾਰਣ ਰੂਪ ਹੈ ਅਤੇ ਇਹ ਉਨ੍ਹਾਂ ਟਰੱਕਾਂ ਜਾਂ ਟਰੱਕ ਚਾਲਕਾਂ ਵਾਸਤੇ ਆਮਦਨੀ ਦਾ ਇੱਕ ਵਸੀਲਾ ਬਣ ਜਾਂਦਾ ਹੈ ਜੋ ਮਾਲ ਢੋਂਹਦੇ ਹਨ ਜਾਂ ਆਪਣੀਆਂ ਮੰਜ਼ਲਾਂ ਵੱਲ ਪਰਤ ਰਹੇ ਹੁੰਦੇ ਹਨ। ਕੋਈ ਵੀ ਇਸ ਰਾਹੀਂ ਸਫ਼ਰ ਕਰ ਸਕਦਾ ਹੈ- ਤੁਸੀਂ ਵੀ ਕਰ ਸਕਦੇ, ਹਾਲਾਂਕਿ ਹਫ਼ਤਾਵਰੀ ਹਾਟ (ਗ੍ਰਾਮੀਣ ਮੰਡੀ) ਤੋਂ ਘਰ ਪਰਤਣ ਦੇ ਇਛੁੱਕ ਲੋਕਾਂ ਦੀ ਭੀੜ ਵਿਚਾਲੇ ਇਹਨੂੰ ਵਾਹਨਾਂ ਲੱਭਣਾ ਜਾਂ ਇਨ੍ਹਾਂ ਤੱਕ ਪਹੁੰਚਣਾ ਅਸਾਨ ਨਹੀਂ ਹੁੰਦਾ। ਗ੍ਰਾਮੀਣ ਭਾਰਤ ਦੇ ਦੂਰ-ਦੁਰਾਡੇ ਇਲਾਕਿਆਂ ਹਰੇਕ ਟਰੱਕ ਜਾਂ ਲਾਰੀ ਚਾਲਕ ਇੱਕ ਸੁਤੰਤਰ ਟੈਕਸੀ ਚਾਲਕ ਹੁੰਦਾ ਹੈ ਜਦੋਂ ਮਾਲਕ ਦੇਖ ਨਹੀਂ ਰਿਹਾ ਹੁੰਦਾ। ਉਨ੍ਹਾਂ ਇਲਾਕਿਆਂ ਵਿੱਚ ਜਿੱਥੇ ਢੁੱਕਵੀਂ ਆਵਾਜਾਈ ਦੁਰਲੱਭ ਹੈ, ਇਹ ਆਪਣੀ ਅਨਮੋਲ ਸੇਵਾ ਪ੍ਰਦਾਨ ਕਰਦਾ ਹੈ ਅਤੇ ਬੇਸ਼ੱਕ ਮਿਹਨਤਾਨਾ ਲੈ ਕੇ।
ਵਾਹਨ ਉਸ ਸਮੇਂ ਉੜੀਸਾ ਦੇ ਕੋਰਾਪੁਟ ਦੇ ਹਾਈਵੇਅ ਦੇ ਕੋਲ਼ ਇੱਕ ਪਿੰਡ ਦੇ ਨੇੜੇ ਸੀ ਅਤੇ ਲੋਕ ਹਨ੍ਹੇਰੇ ਵਿੱਚ ਘਰ ਜਾਣ ਲਈ ਹੱਥ-ਪੈਰ ਮਾਰ ਰਹੇ ਸਨ। ਇਹ ਜਾਣ ਸਕਣਾ ਔਖਾ ਹੈ ਕਿ ਉਸ ਹਾਲਤ ਵਿੱਚ ਕਿੰਨੇ ਲੋਕ ਸਵਾਰ ਹੋਏ। ਸਿਰਫ਼ ਡਰਾਈਵਰ ਨੂੰ ਹੀ ਮੋਟੀ-ਮੋਟੀ ਅੰਦਾਜਾ ਹੁੰਦਾ ਕਿਉਂਕਿ ਉਹਨੇ ਸਾਰਿਆਂ ਤੋਂ ਕਿਰਾਇਆ ਵਸੂਲਿਆ ਹੁੰਦਾ। ਹਾਲਾਂਕਿ, ਉਹਦਾ ਅੰਦਾਜਾ ਸਹੀ ਨਹੀਂ ਹੋ ਸਕਦਾ ਕਿਉਂਕਿ ਉਹ ਵੱਖੋ-ਵੱਖਰੇ ਸਮੂਹਾਂ ਲਈ ਜਾਂ ਕੁਝ ਪੋਲਟਰੀ ਜਾਂ ਬੱਕਰੀ ਜਾਂ ਵੱਡੀਆਂ ਪੰਡਾਂ ਲਿਜਾਂਦੇ ਲੋਕਾਂ ਲਈ ਥੋੜ੍ਹਾ ਵੱਖਰਾ ਕਿਰਾਇਆ ਵਸੂਲ ਸਕਦਾ ਹੁੰਦਾ ਹੈ। ਉਹ ਕੁਝ ਪੁਰਾਣੇ ਯਾਤਰੀਆਂ ਜਾਂ ਪੁਰਾਣੇ ਗਾਹਕਾਂ ਪਾਸੋਂ ਥੋੜ੍ਹਾ ਘੱਟ ਕਿਰਾਇਆ ਵੀ ਵਸੂਲ ਸਕਦਾ ਹੁੰਦਾ ਹੈ। ਇਹ ਮੁਸਾਫ਼ਰਾਂ ਨੂੰ ਮੁੱਖ ਮਾਰਗ 'ਤੇ ਕੁਝ ਜਾਣ-ਪਛਾਣ ਵਾਲ਼ੀਆਂ ਥਾਵਾਂ 'ਤੇ ਲਾਹੁੰਦਾ ਜਾਂਦਾ ਹੈ। ਉੱਥੋਂ ਉਹ ਇਕੱਠੇ ਹਨ੍ਹੇਰੇ ਵਿੱਚ, ਜੰਗਲਾਂ ਵਿੱਚੋਂ ਦੀ ਹੁੰਦੇ ਹੋਏ ਛੋਹਲੇ ਪੈਰੀਂ ਆਪੋ-ਆਪਣੇ ਘਰਾਂ ਨੂੰ ਪਰਤਦੇ ਜਾਂਦੇ ਹਨ।
ਕਈਆਂ ਨੇ ਹਾਟ ਤੱਕ ਪਹੁੰਚਣ ਲਈ ਕਰੀਬ 30 ਕਿਲੋਮੀਟਰ ਦਾ ਪੈਂਡਾ ਤੈਅ ਕੀਤਾ ਅਤੇ ਅਕਸਰ ਉਨ੍ਹਾਂ ਦੇ ਘਰ ਹਾਈਵੇਅ ਤੋਂ ਦੂਰ ਹੁੰਦੇ। ਉਸ ਸਮੇਂ 1994 ਵਿੱਚ ਕੋਰਾਪੁਟ ਵਿੱਚ ਜ਼ਮੀਨੀ ਹਾਲਤਾਂ ਅਤੇ ਕਠਿਨਾਈਆਂ ਦੇ ਅਧਾਰ 'ਤੇ ਉੱਥੋਂ ਦੇ ਲੋਕ ਦੋ ਤੋਂ ਪੰਜ ਰੁਪਏ ਵਿੱਚ ਕਰੀਬ 20 ਕਿਲੋਮੀਟਰ ਤੱਕ ਦੀ ਯਾਤਰਾ ਕਰ ਸਕਦੇ ਸਨ। ਹਰੇਕ ਡਰਾਈਵਰ ਜ਼ਰੂਰਤ ਅਤੇ ਦੋਵਾਂ ਧਿਰਾਂ ਦੀ ਤਤਕਾਰ ਸੌਦੇਬਾਜੀ (ਬਹਿਸਬਾਜੀ) ਦੀ ਸ਼ਕਤੀ ਦੇ ਅਧਾਰ 'ਤੇ ਥੋੜ੍ਹੀ ਵੱਖਰੀ ਕੀਮਤ ਮੰਗ ਸਕਦਾ ਹੁੰਦਾ ਸੀ। ਭਾਵੇਂ ਕਿ ਮੈਂ ਆਵਾਜਾਈ ਦੇ ਇਸ ਸਾਧਨ ਜ਼ਰੀਏ ਹਜਾਰਾਂ ਕਿਲੋਮੀਟਰ ਦੀ ਦੂਰੀ ਤੈਅ ਕੀਤੀ ਹੈ ਪਰ ਮੇਰੀ ਸਮੱਸਿਆ ਡਰਾਈਵਰ ਨੂੰ ਇਹ ਯਕੀਨ ਦਵਾਉਣ ਵਿੱਚ ਬਣੀ ਰਹਿੰਦੀ ਕਿ ਮੈਂ ਉਹਦੇ ਮਾਲ-ਅਸਬਾਬ ਦੇ ਨਾਲ਼ ਮਗਰਲੇ ਪਾਸੇ ਬੈਠਣਾ ਚਾਹੁੰਦਾ ਹਾਂ। ਉਹ ਥਾਂ ਉਹਦੇ ਕੈਬਿਨ ਦੇ ਉੱਪਰ ਵੀ ਹੋ ਸਕਦੀ ਹੈ ਪਰ ਕੈਬਿਨ ਦੇ ਅੰਦਰ ਨਹੀਂ।
ਪਰ ਉਸ ਦਿਆਲੂ ਅਤੇ ਦੋਸਤਾਨਾ ਸੁਭਾਅ ਦੇ ਡਰਾਈਵਰ ਨੂੰ ਸਮਝ ਨਹੀਂ ਆਇਆ। ਉਹਨੇ ਕਿਹਾ,''ਪਰ ਮੇਰੇ ਕੋਲ਼ ਇੱਕ ਸਟੀਰਿਓ , ਇੱਕ ਕੈਸਟ ਪਲੇਅਰ ਹੈ ਅਤੇ ਪੂਰੀ ਯਾਤਰਾ ਦੌਰਾਨ ਤੁਸੀਂ ਸੰਗੀਤ ਸੁਣ ਸਕਦੇ ਹੋ।'' ਉਸ ਕੋਲ਼ ਪਾਈਰੇਟਡ ਸੰਗੀਤ ਦਾ ਇੱਕ ਵੱਡਾ ਸਾਰਾ ਸੰਗ੍ਰਹਿ ਸੀ। ਕਈ ਵਾਰ ਮੈਂ ਇਸ ਤਰੀਕੇ ਨਾਲ਼ ਯਾਤਰਾ ਕੀਤੀ ਹੈ ਤੇ ਸੰਗੀਤ ਦਾ ਲੁਤਫ਼ ਮਾਣਿਆ ਹੈ। ਪਰ ਮੇਰਾ ਇੱਥੇ ਮਕਸਦ ਇਹ ਪਤਾ ਲਾਉਣਾ ਸੀ ਕਿ ਜਿਨ੍ਹਾਂ ਲੋਕਾਂ ਨੂੰ ਉਹ ਆਪਣੇ ਵਾਹਨ ਨਾਲ਼ ਢੋਹ ਰਿਹਾ ਸੀ ਉਨ੍ਹਾਂ ਦਾ ਹਾਟ ਵਿਖੇ ਅੱਜ ਦਾ ਦਿਨ ਕਿਵੇਂ ਬੀਤਿਆ। ਮੈਂ ਉਸ ਨੂੰ ਯਾਤਰੀਆਂ ਦੀਆਂ ਤਸਵੀਰਾਂ ਲੈਣ ਲਈ ਬੇਨਤੀ ਕੀਤੀ ਕਿਉਂਕਿ ਰੌਸ਼ਨੀ ਮੱਧਮ ਪੈ ਰਹੀ ਸੀ। ਮੈਂ ਇਨ੍ਹਾਂ ਵਾਪਸ ਪਰਤ ਰਹੇ ਯਾਤਰੀਆਂ ਨਾਲ਼ ਗੱਲ ਕਰਨੀ ਚਾਹੁੰਦਾ ਸਾਂ। ਅਖੀਰ ਉਹ ਸਹਿਮਤ ਹੋ ਗਿਆ ਹਾਲਾਂਕਿ ਉਹ ਇਸ ਗੱਲੋਂ ਨਿਰਾਸ਼ ਸੀ ਕਿ ਜਿਹੜੇ ਵਿਅਕਤੀ ਨੂੰ ਉਹਨੇ ਮੈਟਰੋ ਇੰਡੀਆ ਦੇ ਸੱਜਣ ਪੁਰਖ ਵਜੋਂ ਮੰਨਿਆ, ਉਹ ਇੰਨਾ ਮੂਰਖ ਸਾਬਤ ਹੋਇਆ।
ਹਾਲਾਂਕਿ, ਉਹਨੇ ਗੱਡੀ ਦੇ ਪਿਛਲੇ ਪਾਸੇ ਚੜ੍ਹਨ ਵਿੱਚ ਮੇਰੀ ਮਦਦ ਕੀਤੀ, ਜਿੱਥੇ ਮੌਜੂਦ ਲੋਕਾਂ ਨੇ ਆਪਣੇ ਸਵਾਗਤੀ ਹੱਥ ਵਧਾ ਕੇ ਮੈਨੂੰ ਉਤਾਂਹ ਖਿੱਚਿਆ। ਹਾਟ ਤੋਂ ਮੁੜੇ ਇਨ੍ਹਾਂ ਥੱਕੇ-ਟੁੱਟੇ ਚਿਹਰਿਆਂ ਦੇ ਉਤਸ਼ਾਹ ਵਿੱਚ ਕੋਈ ਘਾਟ ਨਹੀਂ ਸੀ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੇ ਨਾਲ਼ ਬੱਕਰੀਆਂ ਅਤੇ ਮੁਰਗੀਆਂ ਵੀ ਮੇਰੇ ਲਈ ਥਾਂ ਬਣਾ ਰਹੀਆਂ ਸਨ। ਇਨ੍ਹਾਂ ਲੋਕਾਂ ਦੇ ਨਾਲ਼ ਮੇਰੀ ਗੱਲਬਾਤ ਸ਼ਾਨਦਾਰ ਰਹੀ ਅਤੇ ਜਿਵੇਂ- ਕਿਵੇਂ ਹਨ੍ਹੇਰਾ ਹੋਣ ਤੋਂ ਪਹਿਲਾਂ ਪਹਿਲਾਂ ਮੈਂ ਉਨ੍ਹਾਂ ਦੀਆਂ ਤਸਵੀਰਾਂ ਲੈ ਸਕਿਆ।
ਇਹ 22 ਸਤੰਬਰ, 1995 ਨੂੰ ਦਿ ਹਿੰਦੂ ਬਿਜਨੈੱਸ ਲਾਇਨ ਵਿੱਚ ਛਪੇ ਲੇਖ ਦਾ ਇੱਕ ਛੋਟਾ ਅੰਸ਼ ਹੈ।
ਤਰਜਮਾ: ਕਮਲਜੀਤ ਕੌਰ