ਸਾਡਾ ਆਦਿਵਾਸੀਆਂ ਦਾ ਨਵ-ਜੰਮੇ ਬੱਚਿਆਂ ਦਾ ਨਾਮ ਰੱਖਣ ਦਾ ਆਪਣਾ ਹੀ ਤਰੀਕਾ ਹੁੰਦਾ ਹੈ। ਅਸੀਂ ਇਹ ਨਾਮ ਨਦੀਆਂ, ਜੰਗਲਾਂ, ਆਪਣੀਆਂ ਜ਼ਮੀਨਾਂ, ਦਿਨਾਂ ਜਾਂ ਖ਼ਾਸ ਤਰੀਕਾਂ ਜਾਂ ਆਪਣੇ ਪੁਰਖ਼ਿਆਂ ਦੇ ਨਾਵਾਂ ਤੋਂ ਰੱਖ ਲਿਆ ਕਰਦੇ ਸਾਂ। ਪਰ, ਸਮੇਂ ਦੇ ਨਾਲ਼ ਨਾਲ਼, ਸਾਡਾ ਨਾਮ ਰੱਖਣ ਦਾ ਇਹ ਤਰੀਕਾ ਵੀ ਖੋਹ ਲਿਆ ਗਿਆ। ਸੰਗਠਤ ਧਰਮ ਅਤੇ ਧਰਮ ਪਰਿਵਰਤਨ ਦੀ ਹਨ੍ਹੇਰੀ ਨੇ ਇਸ ਵਿਲੱਖਣ ਤੇ ਮੂਲ਼ ਅਧਿਕਾਰ ਨੂੰ ਹੀ ਖੋਹ ਲਿਆ। ਸਮੇਂ ਦੇ ਨਾਲ਼ ਨਾਲ਼ ਸਾਡੇ ਨਾਮ ਬਦਲੇ ਜਾਂਦੇ ਰਹੇ। ਜਦੋਂ ਇਹ ਆਦਿਵਾਸੀ ਬੱਚੇ ਸ਼ਹਿਰਾਂ ਦੇ ਆਧੁਨਿਕ ਸਕੂਲਾਂ ਵਿੱਚ ਪੜ੍ਹਨ ਜਾਂਦੇ ਹਨ ਤਾਂ ਕੋਈ ਵੀ ਸੰਗਠਤ ਧਰਮ ਆਪਣੇ ਹਿਸਾਬ ਨਾਲ਼ ਉਨ੍ਹਾਂ ਦੇ ਨਾਮ ਰੱਖ ਦਿੰਦਾ ਹੈ। ਸਰਟੀਫ਼ਿਕੇਟ ਵੀ ਉਨ੍ਹਾਂ ਦੇ ਜ਼ਬਰਦਸਤੀ ਰੱਖੇ ਨਾਵਾਂ ‘ਤੇ ਹੀ ਜਾਰੀ ਹੁੰਦੇ ਹਨ। ਇਸ ਤਰੀਕੇ ਨਾਲ਼ ਉਨ੍ਹਾਂ ਦੀ ਭਾਸ਼ਾ, ਉਨ੍ਹਾਂ ਦੇ ਨਾਵਾਂ, ਉਨ੍ਹਾਂ ਦੇ ਸੱਭਿਆਚਾਰ, ਉਨ੍ਹਾਂ ਦੇ ਪੂਰੇ ਇਤਿਹਾਸ ਦੀ ਹੱਤਿਆ ਹੁੰਦੀ ਹੀ ਰਹਿੰਦੀ ਹੈ। ਇਹ ਸਾਜ਼ਸ਼ ਹੈ ਨਾਮ ਖੋਹਣ ਦੀ ਤੇ ਨਾਮ ਰੱਖਣ ਦੀ। ਅੱਜ ਅਸੀਂ ਉਸ ਜ਼ਮੀਨ ਦੀ ਤਲਾਸ਼ ਕਰ ਰਹੇ ਹਾਂ ਜਿਸ ਨਾਲ਼ ਸਾਡਾ ਇਤਿਹਾਸ ਜੁੜਿਆ ਹੈ ਤੇ ਜਿਸ ਜ਼ਮੀਨ ਵਿੱਚ ਸਾਡੀਆਂ ਜੜ੍ਹਾਂ ਹਨ। ਅਸੀਂ ਉਨ੍ਹਾਂ ਦਿਨਾਂ ਅਤੇ ਤਰੀਕਾਂ ਦੀ ਭਾਲ਼ ਵਿੱਚ ਹਾਂ ਜਿਨ੍ਹਾਂ ਨਾਲ਼ ਸਾਡਾ ਵਜੂਦ ਜੁੜਿਆ ਹੈ।
ਇਹ ਕਿਹਦਾ ਨਾਮ ਹੈ ?
ਮੈਂ
ਸੋਮਵਾਰ ਨੂੰ ਜੰਮਿਆ
ਸੋ
ਸੋਮਰਾ ਕਹਾਇਆ
ਮੈਂ ਮੰਗਲਵਾਰ ਨੂੰ ਜੰਮਿਆ
ਸੋ ਮੰਗਲ, ਮੰਗਰ ਜਾਂ ਮੰਗਰਾ ਕਹਾਇਆ
ਮੈਂ ਬੁੱਧਵਾਰ (ਬ੍ਰਹਿਸਪਤਿਵਾਰ) ਨੂੰ
ਜੰਮਿਆ
ਸੋ ਬੁੱਧ (ਬਿਰਸਾ) ਕਹਾਇਆ
ਮੈਂ ਦਿਨ, ਤਰੀਕ ਵਾਂਗਰ
ਸਮੇਂ ਦੀ ਹਿੱਕ ‘ਤੇ ਸਾਂ ਖੜ੍ਹਿਆ
ਪਰ ਉਹ
ਆਏ ਤੇ ਉਨ੍ਹਾਂ ਮੇਰਾ ਨਾਮ ਬਦਲ ਦਿੱਤਾ
ਉਹ
ਦਿਨ, ਤਰੀਕਾਂ ਸਭ ਮਿਟਾ ਛੱਡੀਆਂ
ਜਿਨ੍ਹਾਂ
ਨਾਲ਼ ਮੇਰਾ ਵਜੂਦ ਜੁੜਿਆ ਸੀ
ਹੁਣ
ਮੈਂ ਰਮੇਸ਼, ਨਰੇਸ਼ ਅਤੇ ਮਹੇਸ਼ ਹਾਂ
ਅਲਬਰਟ,
ਗਿਲਬਰਟ ਜਾਂ ਅਲਫ੍ਰੈਡ ਹਾਂ
ਹਰ ਉਸ ਦੁਨੀਆ
ਦਾ ਨਾਮ ਮੇਰੇ ਕੋਲ਼ ਹੈ
ਜਿਸ
ਨਾਲ਼ ਮੇਰਾ ਕੋਈ ਵਾਹ-ਵਾਸਤਾ ਨਹੀਂ
ਜਿਹਦਾ
ਇਤਿਹਾਸ ਮੇਰਾ ਇਤਿਹਾਸ ਨਹੀਂ
ਮੈਂ
ਉਨ੍ਹਾਂ ਦੇ ਇਤਿਹਾਸ ਦੇ ਅੰਦਰ
ਆਪਣਾ
ਇਤਿਹਾਸ ਪਿਆਂ ਲੱਭਦਾ
ਤੇ ਦੇਖ
ਰਿਹਾਂ ਕਿ
ਦੁਨੀਆ
ਦੇ ਹਰ ਖੂੰਝੇ, ਹਰ ਥਾਵੇਂ
ਮੇਰੀ
ਹੀ ਹੱਤਿਆ ਆਮ ਹੈ
ਤੇ ਹਰ
ਹੱਤਿਆ ਦਾ
ਕੋਈ ਨਾ
ਕੋਈ ਸੁੰਦਰ ਨਾਮ ਹੈ।
ਤਰਜਮਾ: ਕਮਲਜੀਤ ਕੌਰ