ਅਗਸਤ 2020 ਵਿੱਚ, ਆਪਣੇ ਦੂਸਰੇ ਬੱਚੇ ਦੇ ਜਨਮ ਤੋਂ ਬਾਅਦ ਅੰਜਨੀ ਯਾਦਵ ਪੇਕੇ ਆ ਗਈ ਸਨ। ਉਹ ਅਜੇ ਤੱਕ ਆਪਣੇ ਸਹੁਰੇ ਘਰ ਵਾਪਸ ਨਹੀਂ ਗਈ। 31 ਸਾਲਾ ਅੰਜਨੀ ਆਪਣੇ ਦੋਵਾਂ ਬੱਚਿਆਂ ਦੇ ਨਾਲ਼ ਹੁਣ ਆਪਣੇ ਪੇਕੇ ਹੀ ਰਹਿੰਦੀ ਹਨ। ਉਨ੍ਹਾਂ ਦੇ ਪੇਕੇ ਬਿਹਾਰ ਦੇ ਗਯਾ ਜ਼ਿਲ੍ਹੇ ਵਿੱਚ ਬੋਧਗਯਾ ਬਲਾਕ ਦੇ ਬਕਰੌਰ ਪਿੰਡ ਵਿਖੇ ਸਥਿਤ ਹੈ। ਉਹ ਆਪਣੇ ਪਤੀ ਦੇ ਪਿੰਡ ਦਾ ਨਾਮ ਨਹੀਂ ਲੈਣਾ ਚਾਹੁੰਦੀ, ਹਾਲਾਂਕਿ ਉੱਥੋਂ ਉਨ੍ਹਾਂ ਦਾ ਸਹੁਰਾ ਘਰ ਮਹਿਜ ਅੱਧੇ ਘੰਟੇ ਦੀ ਦੂਰੀ ‘ਤੇ ਹੈ।
“ਸਰਕਾਰੀ ਹਸਪਤਾਲ ਵਿੱਚ ਜਦੋਂ ਮੈਂ ਆਪਣੇ ਦੂਸਰੇ ਬੱਚੇ ਨੂੰ ਜਨਮ ਦਿੱਤਾ ਸੀ, ਉਸ ਤੋਂ ਦੋ ਦਿਨਾਂ ਬਾਅਦ ਹੀ ਮੇਰੀ ਭਾਬੀ ਨੇ ਮੈਨੂੰ ਖਾਣਾ ਬਣਾਉਣ ਅਤੇ ਸਫਾਈ ਕਰਨ ਤੋਂ ਰੋਕਿਆ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਵੀ ਬੱਚੇ ਦੇ ਜਨਮ ਤੋਂ ਬਾਅਦ ਘਰ ਆ ਕੇ ਸਾਰੀਆਂ ਜ਼ਿੰਮੇਦਾਰੀਆਂ ਚੁੱਕੀਆਂ ਸਨ। ਉਹ ਮੇਰੇ ਤੋਂ ਦਸ ਸਾਲ ਵੱਡੀ ਹਨ। ਪ੍ਰਸਵ ਦੌਰਾਨ ਮੇਰੇ ਸਰੀਰ ਵਿੱਚ ਲਹੂ ਦੀ ਕਾਫੀ ਘਾਟ ਹੋ ਗਈ ਸੀ। ਇੱਥੋਂ ਤੱਕਕਿ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਮੇਰੀ ਨਰਸ ਨੇ ਮੈਨੂੰ ਦੱਸਿਆ ਸੀ ਕਿ ਮੇਰੇ ਸਰੀਰ ਵਿੱਚ ਲਹੂ ਦੀ ਕਾਫੀ ਜ਼ਿਆਦਾ ਘਾਟ ਹੈ ਅਤੇ ਮੈਨੂੰ ਫ਼ਲ ਅਤੇ ਸਬਜੀਆਂ ਖਾਣੀਆਂ ਚਾਹੀਦੀਆਂ ਹਨ। ਜੇ ਮੈਂ ਆਪਣੇ ਸਹੁਰੇ ਘਰ ਹੀ ਰਹੀ ਹੁੰਦੀ ਤਾਂ ਤਬੀਅਤ ਹੋਰ ਨਾਸਾਜ਼ ਹੋ ਗਈ ਹੁੰਦੀ।"
ਰਾਸ਼ਟਰੀ ਸਿਹਤ ਸਰਵੇਖਣ (ਐੱਨਐੱਫ਼ਐੱਚਐੱਸ-5) ਮੁਤਾਬਕ, ਪਿਛਲੇ ਪੰਜ ਸਾਲਾਂ ਵਿੱਚ ਬਹੁਤੇਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਬੱਚਿਆਂ ਅਤੇ ਔਰਤਾਂ ਵਿੱਚ ਅਨੀਮਿਆ, ਯਾਨੀ ਲਹੂ ਦੀ ਕਾਫ਼ੀ ਗੰਭੀਰ ਘਾਟ ਹੋ ਗਈ ਹੈ।
ਅੰਜਨੀ ਦੱਸਦੀ ਹਨ ਕਿ ਉਨ੍ਹਾਂ ਦੇ ਪਤੀ ਸੁਖੀਰਾਮ (32 ਸਾਲਾ) ਗੁਜਰਾਤ ਦੇ ਸੂਰਤ ਵਿੱਚ ਇੱਕ ਕੱਪੜਾ ਮਿੱਲ ਵਿੱਚ ਕੰਮ ਕਰਦੇ ਹਨ। ਉਹ ਪਿਛਲੇ ਡੇਢ ਸਾਲ ਤੋਂ ਘਰ ਨਹੀਂ ਆਏ ਹਨ। ਅੰਜਨੀ ਮੁਤਾਬਕ,''ਉਹ ਮੇਰੇ ਪ੍ਰਸਵ ਦੌਰਾਨ ਹੀ ਘਰ ਆਉਣ ਵਾਲ਼ੇ ਸਨ, ਪਰ ਉਨ੍ਹਾਂ ਦੀ ਕੰਪਨੀ ਨੇ ਉਨ੍ਹਾਂ ਨੂੰ ਨੋਟਿਸ ਦਿੱਤਾ ਸੀ ਕਿ ਜੇ ਉਹ ਦੋ ਦਿਨਾਂ ਤੋਂ ਵੱਧ ਸਮੇਂ ਲਈ ਛੁੱਟੀ 'ਤੇ ਰਹੇ ਤਾਂ ਉਹ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦੇਣਗੇ। ਕਰੋਨਾ ਬੀਮਾਰੀ ਦੇ ਬਾਅਦ ਆਰਥਿਕ, ਭਾਵਨਾਤਮਕ ਅਤੇ ਸਿਹਤ ਪੱਧਰ 'ਤੇ ਸਾਨੂੰ ਗ਼ਰੀਬਾਂ ਦੀ ਹਾਲਤ ਹੋਰ ਵੀ ਪਤਲੀ ਹੋ ਗਈ। ਇਸਲਈ, ਮੈਂ ਇੱਥੇ ਇਕੱਲੇ ਹੀ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰ ਰਹੀ ਸਾਂ।''
ਉਨ੍ਹਾਂ ਨੇ ਪਾਰੀ ਨੂੰ ਦੱਸਦਿਆਂ ਕਿਹਾ,''ਇਸਲਈ ਮੈਨੂੰ ਉੱਥੋਂ ਭੱਜਣਾ ਪਿਆ, ਕਿਉਂਕਿ ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿੱਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਸਨ। ਪ੍ਰਸਵ ਤੋਂ ਬਾਅਦ ਸਿਹਤ-ਸੰਭਾਲ਼ ਦਾ ਮਸਲਾ ਤਾਂ ਇੱਕ ਪਾਸੇ ਰਿਹਾ, ਘਰਾਂ ਦੇ ਕੰਮਾਂ ਜਾਂ ਬੱਚਿਆਂ ਨੂੰ ਸੰਭਾਲ਼ਣ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਮਦਦ ਨਹੀਂ ਕਰਦਾ ਸੀ।'' ਅੰਜਨੀ ਯਾਦਵ ਨੂੰ ਅਜੇ ਵੀ ਲਹੂ ਦੀ ਗੰਭੀਰ ਘਾਟ ਹੈ; ਜਿਸ ਤਰ੍ਹਾਂ ਨਾਲ਼ ਰਾਜ ਦੀਆਂ ਲੱਖਾਂ ਔਰਤਾਂ ਲਹੂ ਦੀ ਘਾਟ ਦੀਆਂ ਸ਼ਿਕਾਰ ਹਨ।
ਐੱਨਐੱਫ਼ਐੱਚਐੱਸ-5 ਦੀ ਰਿਪੋਰਟ ਮੁਤਾਬਕ, ਬਿਹਾਰ ਦੀਆਂ 64 ਫ਼ੀਸਦ ਔਰਤਾਂ ਲਹੂ ਦੀ ਘਾਟ ਦੀਆਂ ਸ਼ਿਕਾਰ ਹਨ।
ਕੋਰੋਨਾ ਮਹਾਂਮਾਰੀ ਦੇ ਸੰਦਰਭ ਵਿੱਚ 2020 ਦੀ ਗਲੋਬਲ ਨਿਊਟ੍ਰੀਸ਼ਨ ਰਿਪੋਰਟ ਮੁਤਾਬਕ,''ਭਾਰਤ ਨੇ ਔਰਤਾਂ ਅੰਦਰ ਲਹੂ ਦੀ ਘਾਟ ਦੀ ਸਮੱਸਿਆ ਨੂੰ ਘੱਟ ਕਰਨ ਦੇ ਆਪਣੇ ਟੀਚੇ ਵਿੱਚ ਕੋਈ ਤਰੱਕੀ ਨਹੀਂ ਕੀਤੀ ਹੈ ਅਤੇ ਦੇਸ ਦੀਆਂ 15 ਤੋਂ 49 ਉਮਰ ਵਰਗ ਦੀਆਂ ਕਰੀਬ 51.4 ਫ਼ੀਸਦ ਔਰਤਾਂ ਲਹੂ ਦੀ ਘਾਟ ਨਾਲ਼ ਜੂਝ ਰਹੀਆਂ ਹਨ।''








