''ਦਵਾਈਆਂ ਵੀ ਮੁੱਕ ਗਈਆਂ, ਪੈਸਾ ਵੀ ਮੁੱਕ ਗਿਆ ਅਤੇ ਗੈਸ ਵੀ ਨਹੀਂ ਹੈ,'' ਸੁਰੇਸ਼ ਬਹਾਦੁਰ ਨੇ ਅੱਧ ਅਪ੍ਰੈਲ ਮੌਕੇ ਮੈਨੂੰ ਦੱਸਿਆ।
ਪਿਛਲੇ ਚਾਰ ਸਾਲਾਂ ਤੋਂ ਸੁਰੇਸ਼, ਰਾਤ ਵੇਲ਼ੇ ਸਾਈਕਲ 'ਤੇ ਸਵਾਰ ਹੋ ਸੀਟੀ ਅਤੇ ਲਾਠੀ (ਡੰਡਾ) ਫੜ੍ਹੀ ਘਰਾਂ ਅਤੇ ਦੁਕਾਨਾਂ ਦੀ ਰਾਖੀ ਕਰਨ ਲਈ ਗਸ਼ਤ ਕਰਿਆ ਕਰਦੇ ਰਹੇ ਹਨ। ਉਨ੍ਹਾਂ ਅਤੇ ਉਨ੍ਹਾਂ ਦੇ ਪਿਤਾ, ਰਾਮ ਬਹਾਦਰ, ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ਦੇ ਭੀਮਾਵਰਮ ਸ਼ਹਿਰ ਵਿਖੇ ਸੁਰੱਖਿਆ ਗਾਰਡ ਵਜੋਂ ਕੰਮ ਕੀਤਾ।
22 ਮਾਰਚ ਤੋਂ ਬਾਅਦ, ਜਦੋਂ ਤਾਲਾਬੰਦੀ ਸ਼ੁਰੂ ਹੋਈ ਤਾਂ ਸੁਰੇਸ਼ ਨੇ ਸਾਈਕਲ ਨੂੰ ਇੱਕ ਪਾਸੇ ਰੱਖਿਆ ਅਤੇ ਆਪਣਾ ਸਮਾਂ ਫ਼ੋਨ 'ਤੇ ਕੋਵਿਡ-19 ਦੀਆਂ ਖ਼ਬਰਾਂ ਤਲਾਸ਼ਣ ਵਿੱਚ ਬਿਤਾਉਣ ਲੱਗੇ ਅਤੇ ਨਾਲ਼ ਦੀ ਨਾਲ਼ ਭੋਜਨ, ਰਸੋਈ ਗੈਸ ਅਤੇ ਪਾਣੀ ਦਾ ਬੰਦੋਬਸਤ ਵੀ ਕਰਨ ਲੱਗੇ।
23 ਸਾਲਾ ਸੁਰੇਸ਼, ਤੰਮੀ ਰਾਜੂ ਨਗਰ ਇਲਾਕੇ ਵਿਖੇ ਆਪਣੇ ਦੋਸਤ, 43 ਸਾਲਾ ਸ਼ੁਭਮ ਬਹਾਦਰ ਅਤੇ 21 ਸਾਲਾ ਰਜੇਂਦਰ ਬਹਾਦਰ ਦੇ ਨਾਲ਼ ਕਿਰਾਏ ਦੇ ਇੱਕ ਕਮਰੇ ਵਿੱਚ ਰਹਿੰਦੇ ਸਨ- ਤਿੰਨੋਂ ਹੀ ਨੇਪਾਲ ਦੇ ਬਝਾਂਗ ਜ਼ਿਲ੍ਹੇ ਦੇ ਡਿਕਲਾ ਪਿੰਡ ਦੇ ਵਾਸੀ ਹਨ। ਰਾਮ ਬਹਾਦਰ, ਜੋ ਭੀਮਾਵਰਮ ਦੇ ਇੱਕ ਹੋਰ ਹਿੱਸੇ ਵਿੱਚ ਕਿਰਾਏ ਦਾ ਇੱਕ ਕਮਰਾ ਲੈ ਕੇ ਰਹਿੰਦੇ ਸਨ, ਤਾਲਾਬੰਦੀ ਸ਼ੁਰੂ ਹੋਣ ਤੋਂ ਫ਼ੌਰਨ ਬਾਅਦ ਉਹ ਵੀ ਇਨ੍ਹਾਂ ਦੇ ਕੋਲ਼ ਚਲੇ ਗਏ।
ਓਨਾ ਚਿਰ, ਰਾਮ ਅਤੇ ਸੁਰੇਸ਼ ਮਹੀਨੇ (ਹਰ) ਦੇ ਪਹਿਲੇ ਦੋ ਹਫ਼ਤੇ, ਘਰੋ-ਘਰੀ ਜਾ ਜਾ ਕੇ ਆਪਣੀ ਉਜਰਤ (ਤਨਖ਼ਾਹ) ਇਕੱਠੀ ਕਰਦੇ-ਹਰੇਕ ਘਰ ਤੋਂ 10-20 ਰੁਪਏ ਅਤੇ ਦੁਕਾਨਾਂ ਤੋਂ 30-40 ਰੁਪਏ। ਉਨ੍ਹਾਂ ਵਿੱਚੋਂ ਹਰ ਕੋਈ ਮਹੀਨੇ ਦਾ 7,000-9,000 ਰੁਪਏ ਕਮਾਉਂਦਾ ਸੀ। ਇਹ ਇੱਕ ਰਸਮੀ ਵਿਵਸਥਾ ਸੀ, ਇਸਲਈ ਉਨ੍ਹਾਂ ਦੀ ਆਮਦਨੀ ਘੱਟਦੀ-ਵੱਧਦੀ ਰਹਿੰਦੀ ਸੀ ''ਕਦੇ-ਕਦੇ ਘੱਟ ਕੇ 5,000 ਰੁਪਏ ਵੀ ਹੋ ਜਾਂਦੀ ਸੀ,'' ਅਪ੍ਰੈਲ ਮਹੀਨੇ ਜਦੋਂ ਅਸੀਂ ਉਨ੍ਹਾਂ ਨਾਲ਼ ਗੱਲ ਕੀਤੀ ਸੀ ਤਾਂ ਰਾਮ ਬਹਾਦਰ ਨੇ ਦੱਸਿਆ ਸੀ। ''ਹੁਣ ਇਹ ਕੰਮ ਹੀ ਬੰਦ ਹੋ ਗਿਆ ਹੈ।''
''ਤਾਲਾਬੰਦੀ ਤੋਂ ਪਹਿਲਾਂ, ਅਸੀਂ ਇੱਕ ਦਿਨ ਵੀ ਚਾਰ ਲੋਕਾਂ ਵਾਸਤੇ ਤਿੰਨ ਡੰਗ ਖਾਣਾ ਨਹੀਂ ਪਕਾਇਆ ਹੋਣਾ,'' ਸੁਰੇਸ਼ ਨੇ ਕਿਹਾ। ਉਹ ਆਮ ਤੌਰ 'ਤੇ ਦੁਪਹਿਰ ਅਤੇ ਰਾਤ ਦਾ ਖਾਣਾ ਸੜਕ ਕੰਡੇ ਬਣੀਆਂ ਦੁਕਾਨਾਂ ਅਤੇ ਰੇੜ੍ਹੀਆਂ ਤੋਂ ਹੀ ਖਾ ਲਿਆ ਕਰਦੇ। ਤਾਲਾਬੰਦੀ ਤੋਂ ਪਹਿਲਾਂ ਉਹ ਅਤੇ ਉਨ੍ਹਾਂ ਦੇ ਸਾਥੀ ਬਜ਼ਾਰੋਂ ਗੈਸ ਸਿਲੰਡਰ ਖ਼ਰੀਦ ਕਰ ਲਿਆਏ, ਜਿਹਦਾ ਇਸਤੇਮਾਲ ਉਹ ਸਿਰਫ਼ ਨਾਸ਼ਤਾ ਬਣਾਉਣ ਲਈ ਕਰਦੇ। ਪਰ 22 ਮਾਰਚ ਤੋਂ ਬਾਅਦ, ਉਹ ਆਪਣੇ ਕਮਰੇ ਵਿੱਚ ਹੀ ਸਾਰਾ ਭੋਜਨ ਪਕਾਉਣ ਲੱਗੇ।
''ਅਪ੍ਰੈਲ ਦੇ ਦੂਸਰੇ ਹਫ਼ਤੇ, ਗੈਸ ਅਤੇ ਅਨਾਜ ਮੁੱਕ ਗਿਆ,'' ਸੁਰੇਸ਼ ਨੇ ਕਿਹਾ। ਜਦੋਂ 12 ਅਪ੍ਰੈਲ ਨੂੰ ਮਾੜਾ-ਮੋਟਾ ਖ਼ਰੀਦਿਆ ਰਾਸ਼ਨ ਵੀ ਮੁੱਕ ਗਿਆ ਤਾਂ ਉਨ੍ਹਾਂ ਨੇ ਆਂਧਰਾ ਪ੍ਰਦੇਸ਼ ਦੇ ਸਮੂਹਾਂ ਅਤੇ ਕਾਰਕੁੰਨਾਂ ਵੱਲੋਂ ਇਕੱਠਿਆਂ ਰਲ਼ ਕੇ ਸ਼ੁਰੂ ਕੀਤੀ ਹੈਲਪਲਾਈਨ ਨੰਬਰ 'ਤੇ ਸੰਪਰਕ ਕੀਤਾ। ਉੱਥੋਂ ਦੇ ਸਵੈ-ਸੇਵਕਾਂ ਨੇ ਸੁਰੇਸ਼ ਅਤੇ ਉਨ੍ਹਾਂ ਦੇ ਨਾਲ਼ ਰਹਿ ਰਹੇ ਦੋਸਤਾਂ ਨੂੰ 12 ਅਪ੍ਰੈਲ ਤੋਂ 2 ਮਈ ਤੱਕ ਤਿੰਨ ਵਾਰ ਆਟਾ, ਦਾਲ, ਸਬਜ਼ੀਆਂ, ਤੇਲ, ਖੰਡ, ਸਾਬਣ, ਵਾਸ਼ਿੰਗ ਪਾਊਡਰ ਅਤੇ ਦਵਾਈਆਂ ਦਵਾਉਣ ਵਿੱਚ ਮਦਦ ਕੀਤੀ।
ਉਨ੍ਹਾਂ ਕੋਲ਼ 2 ਮਈ ਨੂੰ ਭਰਿਆ ਸਿਲੰਡਰ ਪਹੁੰਚਿਆ। ਇੰਨੇ ਸਮੇਂ ਤੱਕ ਉਨ੍ਹਾਂ ਨੇ ਚੁੱਲ੍ਹੇ 'ਤੇ ਖਾਣਾ ਪਕਾਇਆ। ਸਿਲੰਡਰ ਮਿਲ਼ਣ ਤੋਂ ਬਾਅਦ ਵੀ ਉਨ੍ਹਾਂ ਨੇ ਬਾਲ਼ਣ ਇਕੱਠਾ ਕਰਨਾ ਨਾ ਛੱਡਿਆ ਕਿਉਂਕਿ ਉਹ ਇਸ ਗੱਲ ਨੂੰ ਲੈ ਕੇ ਅਨਿਸ਼ਚਤ ਸਨ ਕਿ ਪਤਾ ਨਹੀਂ ਸਹਾਇਤਾ ਕਦੋਂ ਤੱਕ ਮਿਲ਼ਦੀ ਰਹੇ। ''ਇਹ ਦੇਸ਼ ਸਾਡਾ ਨਹੀਂ ਹੈ,'' ਸੁਰੇਸ਼ ਨੇ ਕਿਹਾ। ''ਇਸਲਈ ਕੋਈ ਵੀ ਚੀਜ਼ (ਸਾਡੇ ਕੰਟਰੋਲ ਵਿੱਚ) ਸਾਡੀ ਕਿਵੇਂ ਹੋ ਸਕਦੀ ਹੈ?''
ਤਾਲਾਬੰਦੀ ਤੋਂ ਪਹਿਲਾਂ, ਉਹ ਹਰ ਦੁਪਹਿਰ ਨੂੰ ਨਗਰ ਨਿਗਮ ਦੇ ਪਾਣੀ ਦੇ ਟੈਂਕਰ 'ਚੋਂ 8-10 ਬਾਲਟੀਆਂ ਪਾਣੀ ਭਰ ਲੈਂਦੇ। ਇਹ ਟੈਂਕਰ ਉਨ੍ਹਾਂ ਦੇ ਘਰ ਦੇ ਕੋਲ਼ ਹੀ ਖੜ੍ਹਾ ਹੁੰਦਾ ਸੀ, ਜਿਸ ਤੋਂ ਸਥਾਨਕ ਨਿਵਾਸੀਆਂ ਨੂੰ ਮੁਫ਼ਤ ਪਾਣੀ ਮਿਲ਼ਦਾ ਸੀ- ਇਹ ਤਾਲਾਬੰਦੀ ਦੌਰਾਨ ਵੀ ਮਿਲ਼ਣਾ ਜਾਰੀ ਰਿਹਾ। ਉਹ ਹਰ ਦਿਨ (ਪਹਿਲਾਂ), ਨੇੜਲੇ ਨਿਗਮ ਦਫ਼ਤਰ ਤੋਂ 10-15 ਲੀਟਰ ਪਾਣੀ ਦੇ ਦੋ ਕਨਸਤਰ ਖਰੀਦਦੇ ਹੁੰਦੇ ਸਨ, ਜਿਨ੍ਹਾਂ ਵਿੱਚੋਂ ਹਰੇਕ ਦੀ ਕੀਮਤ 5 ਰੁਪਏ ਸੀ। ਤਾਲਾਬੰਦੀ ਦੌਰਾਨ, ਇਹ ਬੋਤਲਾਂ ਉਨ੍ਹਾਂ ਨੂੰ ਮੁਫ਼ਤ ਦਿੱਤੀਆਂ ਜਾ ਰਹੀਆਂ ਸਨ।
ਨੇਪਾਲ ਦੀ ਜਨਸੰਖਿਆ ਮੋਨੋਗ੍ਰਾਫ਼ (2014) ਦੱਸਦੀ ਹੈ ਕਿ ਸਾਲ 2011 ਵਿੱਚ ਭਾਰਤ ਵਿਖੇ 7 ਲੱਖ ਤੋਂ ਵੱਧ ਨੇਪਾਲੀ ਪ੍ਰਵਾਸੀ ਸਨ- ਜੋ ਕਿ ਨੇਪਾਲ ਦੀ 'ਕੁੱਲ ਗ਼ੈਰ-ਹਾਜ਼ਰ ਅਬਾਦੀ' ਦਾ 37.6 ਫ਼ੀਸਦ ਹੈ। ਨੇਪਾਲ ਸਰਕਾਰ ਦੇ ਆਰਥਿਕ ਸਰਵੇਖਣ 2018-19 ਮੁਤਾਬਕ, ਨੇਪਾਲ ਦੇ ਕੁੱਲ ਘਰੇਲੂ ਉਤਪਾਦ ਦਾ ਇੱਕ ਚੌਥਾਈ ਤੋਂ ਵੱਧ ਹਿੱਸਾ ਉਨ੍ਹਾਂ ਹੀ ਲੋਕਾਂ ਦੀ ਆਮਦਨੀ ਵਿੱਚੋਂ ਆਉਂਦਾ ਹੈ।
''ਮੈਂ ਆਪਣੇ ਪਰਿਵਾਰ ਲਈ ਕਮਾਉਣਾ ਚਾਹੁੰਦਾ ਸਾਂ,'' ਸੁਰੇਸ਼ ਨੇ ਕਿਹਾ, ਜਿਨ੍ਹਾਂ ਨੇ 2016 ਵਿੱਚ ਭਾਰਤ ਆਉਣ ਲਈ ਕਾਲਜ ਦੀ ਪੜ੍ਹਾਈ ਛੱਡ ਦਿੱਤੀ ਸੀ। ''ਇਹ ਭੋਜਨ ਪ੍ਰਾਪਤ ਕਰਨ ਲਈ ਸੰਘਰਸ਼ ਹੀ ਸੀ।'' ਰਾਮ ਅਤੇ ਸੁਰੇਸ਼ ਬਹਾਦਰ ਆਪਣੇ ਛੇ ਮੈਂਬਰੀ ਪਰਿਵਾਰ ਦੇ ਇਕੱਲੇ ਕਮਾਊ ਹਨ। ਅਪ੍ਰੈਲ ਵਿੱਚ ਸੁਰੇਸ਼ ਨੂੰ ਆਪਣੀ ਮਾਂ, ਨੰਦਾ ਦੇਵੀ ਨੂੰ ਦੇਖਿਆਂ ਹੋਇਆਂ ਕਰੀਬ ਨੌ ਮਹੀਨੇ ਹੋ ਚੁੱਕੇ ਸਨ, ਉਹ ਇੱਕ ਗ੍ਰਹਿਣੀ ਹਨ। ਉਨ੍ਹਾਂ ਦੇ ਛੋਟੇ ਭਰਾ- 18 ਸਾਲਾ ਰਵਿੰਦਰ ਬਹਾਦਰ ਅਤੇ 16 ਸਾਲਾ ਕਮਲ ਬਹਾਦਰ, ਦੋਵੇਂ ਡਿਕਲਾ ਪਿੰਡ ਵਿਖੇ ਪੜ੍ਹਦੇ ਹਨ। ਸੁਰੇਸ਼ ਨੇ ਭਾਰਤ ਆਉਣ ਤੋਂ ਕੁਝ ਸਮਾਂ ਪਹਿਲਾਂ, ਸਕੂਲ ਵਿਖੇ ਆਪਣੀ ਸਹਿਪਾਠੀ ਇੱਕ ਕੁੜੀ, ਸੁਸ਼ਮਿਤਾ ਦੇਵੀ ਨਾਲ਼ ਵਿਆਹ ਕਰ ਲਿਆ ਸੀ। ''ਜਦੋਂ ਅਸੀਂ 16 ਜਾਂ 17 ਸਾਲਾਂ ਦੇ ਸਾਂ, ਸਾਨੂੰ ਪਿਆਰ ਹੋ ਗਿਆ ਸੀ,'' ਉਹ ਹੱਸਦਿਆਂ ਕਹਿੰਦੇ ਹਨ। ਤਾਲਾਬੰਦੀ ਤੋਂ ਪਹਿਲਾਂ, ਸੁਰੇਸ਼ ਹਰ ਮਹੀਨੇ 2,000-3,000 ਰੁਪਏ ਆਪਣੇ ਘਰ ਭੇਜਦੇ ਸਨ।
ਤਾਲਾਬੰਦੀ ਦੌਰਾਨ, ਰਾਮ ਬਹਾਦਰ ਨੇ ਮੈਨੂੰ ਕਿਹਾ ਸੀ,''ਉਹਨੇ (ਉਨ੍ਹਾਂ ਦੀ ਪਤਨੀ) ਅਜੇ ਤੀਕਰ ਪੈਸੇ ਨਹੀਂ ਮੰਗੇ।'' ਨੇਪਾਲ ਵਿੱਚ ਉਨ੍ਹਾਂ ਦਾ ਪਰਿਵਾਰ ਤਾਲਾਬੰਦੀ ਤੋਂ ਪਹਿਲਾਂ ਰਾਮ ਅਤੇ ਸੁਰੇਸ਼ ਦੁਆਰਾ ਭੇਜੇ ਗਏ ਪੈਸੇ ਨਾਲ਼ ਆਪਣਾ ਕੰਮ ਚਲਾ ਰਿਹਾ ਸੀ ਅਤੇ ਇਸ ਦੌਰਾਨ ਉਨ੍ਹਾਂ ਨੂੰ ਨੇਪਾਲ ਸਰਕਾਰ ਦੁਆਰਾ ਕਦੇ-ਕਦੇ ਰਾਸ਼ਨ ਵੀ ਮਿਲ਼ਿਆ।
1950 ਵਿੱਚ ਭਾਰਤ ਅਤੇ ਨੇਪਾਲ ਦਰਮਿਆਨ ਸ਼ਾਂਤੀ ਅਤੇ ਮਿੱਤਰਤਾ ਸੰਧੀ ਹੋਣ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਸੀਮਾ ਖੁੱਲ੍ਹੀ ਹੋਈ ਹੈ। ਨੇਪਾਲ ਸਰਕਾਰ ਨੇ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ 22 ਮਾਰਚ 2020 ਨੂੰ ਇਸ ਸੀਮਾ ਨੂੰ ਸੀਲ੍ਹ ਕਰ ਦਿੱਤਾ ਸੀ। ਖ਼ਬਰਾਂ ਮੁਤਾਬਕ ਤਾਲਾਬੰਦੀ ਸ਼ੁਰੂ ਹੋਣ ਤੋਂ ਬਾਅਦ ਨੇਪਾਲ ਦੇ ਕਈ ਪ੍ਰਵਾਸੀ ਮਜ਼ਦੂਰ ਭਾਰਤੀ ਸੀਮਾ ਚੌਕੀਆਂ 'ਤੇ ਜਮ੍ਹਾਂ ਹੋਣ ਲੱਗੇ, ਜਿੱਥੇ ਉਹ ਆਪਣੇ ਦੇਸ਼ ਵਿੱਚ ਦਾਖ਼ਲ ਹੋਣ ਦੀ ਉਡੀਕ ਕਰ ਰਹੇ ਹਨ।
ਰਾਮ ਬਹਾਦਰ ਨੇ ਪਹਿਲੀ ਵਾਰ 11 ਸਾਲ ਦੀ ਉਮਰ ਵਿੱਚ ਨੇਪਾਲ-ਭਾਰਤ ਸੀਮਾ ਪਾਰ ਕੀਤੀ ਸੀ- ਉਹ ਕੰਮ ਦੀ ਭਾਲ਼ ਵਿੱਚ ਡਿਕਲਾ ਪਿੰਡੋਂ ਭੱਜ ਗਏ ਸਨ। ਉਨ੍ਹਾਂ ਨੇ ਕਈ ਨੌਕਰੀਆਂ ਕੀਤੀਆਂ- ਦਿੱਲੀ ਦੇ ਤਿਲਕ ਨਗਰ ਵਿੱਚ ਕੁਝ ਦਿਨ ਬਤੌਰ ਘਰੇਲੂ ਸਹਾਇਕ ਕੰਮ ਕੀਤਾ, ਫਿਰ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਵੱਖੋ-ਵੱਖ ਹਿੱਸਿਆਂ ਵਿੱਚ ਸੁਰੱਖਿਆ ਗਾਰਡ ਦੀ ਨੌਕਰੀ ਕੀਤੀ। ''ਜੇ ਤੁਸੀਂ 11 ਸਾਲ ਦੇ ਹੋ ਤਾਂ ਤੁਸੀਂ ਮੁਸੀਬਤਾਂ ਅਤੇ ਮੁਸ਼ਕਲਾਂ ਬਾਰੇ ਜਾਣ ਵੀ ਕਿਵੇਂ ਪਾਓਗੇ?'' ਉਨ੍ਹਾਂ ਨੇ ਕਿਹਾ। ''ਜਿਵੇਂ ਕਿਵੇਂ ਕਰਕੇ ਮੈਂ ਰੋਟੀ ਕਮਾਈ।''
''ਇਸ ਮਹੀਨੇ ਅਸੀਂ ਘਰੇ ਜਾਣ ਦੀ ਯੋਜਨਾ ਬਣਾ ਰਹੇ ਸਾਂ,'' ਸੁਰੇਸ਼ ਨੇ ਮੈਨੂੰ ਅਪ੍ਰੈਲ ਵਿੱਚ ਦੱਸਿਆ ਸੀ। ਉਹ ਅਤੇ ਉਨ੍ਹਾਂ ਦੇ ਪਿਤਾ ਹਰ ਸਾਲ ਗਰਮੀਆਂ ਵਿੱਚ ਡੇਢ ਮਹੀਨੇ ਲਈ ਪਹਾੜੀਆਂ ਵਿਖੇ ਆਪਣੇ ਪਿੰਡ ਚਲੇ ਜਾਂਦੇ ਸਨ, ਰੇਲਾਂ ਅਤੇ ਸਾਂਝੀਆਂ ਟੈਕਸੀਆਂ ਰਾਹੀਂ ਉੱਥੇ ਅਪੜਨ ਵਿੱਚ 3 ਤੋਂ 4 ਦਿਨ ਲੱਗ ਜਾਂਦੇ। ਇਸ ਸਾਲ ਅਪ੍ਰੈਲ ਵਿੱਚ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਹ ਇਹ ਯਾਤਰਾ ਦੋਬਾਰਾ ਸੌਖਿਆਂ ਨਹੀਂ ਹੋਣੀ। ਇਸੇ ਦਰਮਿਆਨ, ਸੁਰੇਸ਼ ਨੂੰ ਗੰਭੀਰ ਚਿੰਤਾ ਸੀ: ''ਮੈਂ ਤਾਂ ਪਹਿਲਾਂ ਹੀ ਬੀਮਾਰ ਹਾਂ, ਜੇ ਮੈਂ ਬਾਹਰ ਗਿਆ ਤਾਂ ਪਤਾ ਨਹੀਂ ਕੀ ਹੋਊਗਾ?''
ਉਹ ਫ਼ਰਵਰੀ 2019 ਦੀ ਇੱਕ ਦੁਰਘਟਨਾ ਦੇ ਚਿਰੋਕਣੇ ਅਸਰਾਤ ਦਾ ਜ਼ਿਕਰ ਕਰ ਰਹੇ ਸਨ, ਜਦੋਂ ਉਹ ਇੱਕ ਦੁਪਹਿਰ ਦੇ ਕਰੀਬ ਆਪਣੀ ਮਜ਼ਦੂਰੀ ਇਕੱਠੀ ਕਰ ਸਾਈਕਲ ਰਾਹੀਂ ਘਰ ਪਰਤ ਰਹੇ ਸਨ ਤਾਂ ਇੱਕ ਲਾਰੀ ਨਾਲ਼ ਟਕਰਾ ਗਏ। ਲਾਰੀ ਚਾਲਕ ਉਨ੍ਹਾਂ ਨੂੰ ਫ਼ੌਰਨ ਚੁੱਕ ਕੇ ਭੀਮਾਵਰਮ ਦੇ ਇੱਕ ਨਿੱਜੀ ਹਸਪਤਾਲ ਲੈ ਗਿਆ। ਜਿਗਰ ਦੀ ਤੁਰਤ-ਫੁਰਤ ਸਰਜਰੀ ਕਰਨੀ ਜ਼ਰੂਰੀ ਸੀ। ਸੁਰੇਸ਼ ਅਤੇ ਰਾਮ ਨੇ ਟੈਕਸੀ ਕਿਰਾਏ 'ਤੇ ਲਈ ਅਤੇ 75 ਕਿਲੋਮੀਟਰ ਦੂਰ, ਏਲੁਰੂ ਸ਼ਹਿਰ ਦੇ ਇੱਕ ਸਰਕਾਰੀ ਹਸਪਤਾਲ ਗਏ, ਜਿੱਥੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਹਸਪਤਾਲ ਵਿੱਚ ਇਸ ਓਪਰੇਸ਼ਨ ਦੀ ਕੋਈ ਸੁਵਿਧਾ ਹੀ ਨਹੀਂ। ਅਖ਼ੀਰ, ਉਨ੍ਹਾਂ ਨੇ ਵਿਜੈਵਾੜਾ ਦੇ ਇੱਕ ਨਿੱਜੀ ਹਸਪਤਾਲ ਤੋਂ ਇਲਾਜ ਕਰਵਾਇਆ। ਸੁਰੇਸ਼ ਨੇ ਆਪਣੇ ਦੋਸਤਾਂ, ਆਂਧਰਾ ਪ੍ਰਦੇਸ਼ ਦੇ ਹੋਰਨਾਂ ਨੇਪਾਲੀ ਪ੍ਰਵਾਸੀਆਂ ਦੀ ਮਦਦ ਨਾਲ਼ ਹਸਪਤਾਲ ਦਾ ਬਿੱਲ ਅਦਾ ਕੀਤਾ: ''ਕਾਕੀਨਾੜਾ ਤੋਂ, ਭੀਮਾਵਰਮ ਤੋਂ, ਮੇਰੀ ਜਾਣ-ਪਛਾਣ ਵਾਲ਼ੇ ਮੈਨੂੰ ਦੇਖਣ ਆਏ ਅਤੇ ਉਨ੍ਹਾਂ ਕੋਲ਼ ਜੋ ਕੁਝ ਵੀ ਸੀ, ਨਾਲ਼ ਲੈ ਆਏ।''
ਇੱਕ ਸਾਲ ਬਾਅਦ ਵੀ ਸੁਰੇਸ਼ ਕਰਜ਼ੇ ਵਿੱਚ ਡੁੱਬੇ ਹੀ ਰਹੇ,''ਲੱਖਾਂ ਰੁਪਏ'', ਉਨ੍ਹਾਂ ਕਿਹਾ ਅਤੇ ਹਰ ਮਹੀਨੇ ਉਨ੍ਹਾਂ ਨੂੰ ਡਾਕਟਰੀ ਜਾਂਚ ਅਤੇ ਦਵਾਈਆਂ ਵਾਸਤੇ 5,000 ਰੁਪਏ ਦੀ ਲੋੜ ਪੈਂਦੀ। ਤਾਲਾਬੰਦੀ ਜਾਰੀ ਰਹਿਣ ਕਾਰਨ, ਅਪ੍ਰੈਲ ਵਿੱਚ ਉਨ੍ਹਾਂ ਨੂੰ ਕਾਫ਼ੀ ਚਿੰਤਾ ਹੋਣ ਲੱਗੀ: ''ਹੁਣ ਮੇਰੀ ਜਾਣ-ਪਛਾਣ (ਨੇਪਾਲੀ ਦੋਸਤ) ਵਾਲ਼ੇ ਇੱਥੇ ਪੈਸੇ-ਪੈਸੇ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਨੇ ਭਾਰਤ ਵਿੱਚ ਕਈ ਨੌਕਰੀਆਂ ਕੀਤੀਆਂ ਹਨ। ਸਿਗਰੇਟ ਵੇਚਣ ਤੋਂ ਲੈ ਕੇ ਰੇਸਤਰਾਂ ਅਤੇ ਹੋਟਲਾਂ ਵਿੱਚ ਕੰਮ ਕਰਨ ਤੱਕ, ਉਨ੍ਹਾਂ ਨੂੰ ਜੋ ਕੰਮ ਮਿਲ਼ਦਾ, ਕਰਦੇ ਰਹੇ। ਮੇਰੇ ਨਾਲ਼ ਹੋਏ ਹਾਦਸੇ ਤੋਂ ਬਾਅਦ, ਮੈਂ ਸੋਚਦਾ ਹਾਂ-ਮੈਂ ਤਾਂ ਬੱਚ ਗਿਆਂ, ਪਰ ਸਾਡਾ ਇੱਕ ਵੀ ਪੈਸਾ ਨਹੀਂ ਬਚਿਆ ਰਿਹਾ।''
ਹਰ ਵਾਰ ਜਦੋਂ ਮੈਂ ਸੁਰੇਸ਼ ਬਹਾਦਰ ਨਾਲ਼ ਫ਼ੋਨ 'ਤੇ ਗੱਲ ਕੀਤੀ (13 ਅਪ੍ਰੈਲ ਤੋਂ 10 ਮਈ ਤੱਕ, ਪੰਜ ਵਾਰੀਂ) ਤਾਂ ਉਨ੍ਹਾਂ ਨੇ ਇਹੀ ਦੱਸਿਆ ਕਿ ਉਹ ਆਪਣੇ ਜਖ਼ਮਾਂ ਤੋਂ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਹਨ। ਸੁਰੇਸ਼ ਨੇ ਆਪਣੀ ਮਹੀਨੇਵਰ ਜਾਂਚ ਵਾਸਤੇ 25 ਮਾਰਚ ਨੂੰ ਆਪਣੇ ਡਾਕਟਰ ਨੂੰ ਮਿਲ਼ਣ ਵਿਜੈਵਾੜਾ ਜਾਣਾ ਸੀ, ਪਰ ਤਾਲਾਬੰਦੀ ਕਾਰਨ ਯਾਤਰਾ ਨਾ ਕਰ ਸਕੇ।
''ਅਸੀਂ ਕਿਸੇ ਨਾ ਕਿਸੇ ਤਰ੍ਹਾਂ ਡੰਗ ਟਪਾ ਰਹੇ ਹਾਂ, ਪਰ ਬੜੀ ਪਰੇਸ਼ਾਨੀ ਹੈ,'' ਸੁਰੇਸ਼ ਨੇ ਮੈਨੂੰ ਕਿਹਾ ਸੀ। ''ਕੋਈ ਡਿਊਟੀ ਨਹੀਂ ਹੈ, ਅਸੀਂ ਭਾਸ਼ਾ ਵੀ ਨਹੀਂ ਜਾਣਦੇ ਅਤੇ ਨਾ ਹੀ ਇੱਥੇ ਸਾਡੇ ਲੋਕ (ਨੇਪਾਲੀ) ਹੀ ਹਨ- ਰੱਬ ਹੀ ਜਾਣਦਾ ਹੈ ਕਿ ਅੱਗੇ ਕੀ ਬਣੂਗਾ।'' ਸੁਰੇਸ਼ ਨੇ ਮਾਰਚ ਵਿੱਚ ਆਪਣੇ ਕਮਰੇ ਦਾ ਕਿਰਾਇਆ ਦੇ ਦਿੱਤਾ ਸੀ ਅਤੇ ਮਕਾਨ ਮਾਲਕ ਤੋਂ ਅਪ੍ਰੈਲ ਅਤੇ ਮਈ ਦੇ ਕਿਰਾਏ ਨੂੰ ਬਾਅਦ ਵਿੱਚ ਲੈਣ ਲਈ ਬੇਨਤੀ ਕੀਤੀ ਸੀ।
10 ਮਈ ਦੀ ਸਾਡੀ ਅਖ਼ੀਰਲੀ ਗੱਲਬਾਤ ਵਿੱਚ, ਸੁਰੇਸ਼ ਨੇ ਮੈਨੂੰ ਦੱਸਿਆ ਸੀ ਕਿ ਗੈਸ ਸਿਲੰਡਰ ਸਿਰਫ਼ ਇੱਕ ਮਹੀਨਾ ਚੱਲੇਗਾ। ਹੈਲਪਲਾਈਨ ਦੇ ਸਵੈ-ਸੇਵਕਾਂ ਨੇ ਵੀ ਉਨ੍ਹਾਂ ਨੂੰ ਸੂਚਿਤ ਕੀਤਾ ਸੀ ਕਿ ਉਹ 10 ਮਈ ਤੋਂ ਬਾਅਦ ਸਹਾਇਤਾ ਲਈ ਨਵੇਂ ਬਿਨੈ ਨਹੀਂ ਲੈ ਰਹੇ ਸਨ ਅਤੇ ਮਹੀਨੇ ਦੇ ਅੰਤ ਵਿੱਚ ਇਸ ਹੈਲਪਲਾਈਨ ਨੂੰ ਰਸਮੀ ਤੌਰ 'ਤੇ ਬੰਦ ਵੀ ਕਰਨ ਲੱਗੇ ਸਨ। ਸੁਰੇਸ਼ ਨੂੰ ਪਤਾ ਸੀ ਕਿ ਉਦੋਂ ਗੈਸ, ਭੋਜਨ ਜਾਂ ਦਵਾਈਆਂ ਖ਼ਰੀਦਣਾ ਹੋਰ ਵੀ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਸੀ ਕਿ ਉਨ੍ਹਾਂ ਲੋਕਾਂ ਕੋਲ਼ ਜੋ ਤਿੰਨ ਫ਼ੋਨ ਸਨ, ਉਨ੍ਹਾਂ ਦਾ ਬੈਲੇਂਸ ਵੀ ਮੁੱਕਣ ਵਾਲ਼ਾ ਸੀ।
ਸੁਰੇਸ਼ ਅਤੇ ਰਾਮ ਬਹਾਦਰ ਦੇ ਮੋਬਾਇਲ ਫ਼ੋਨ 30 ਮਈ ਤੋਂ ਬੰਦ ਹਨ। ਤਾਲਾਬੰਦੀ ਦੌਰਾਨ ਉਨ੍ਹਾਂ ਨੇ ਰਾਸ਼ਨ ਅਤੇ ਦਵਾਈਆਂ ਵੇਚਣ ਵਾਲ਼ੇ ਇੱਕ ਦੁਕਾਨਦਾਰ, ਸੁਰੇ ਮਣਿਕਾਂਤਾ ਨੇ ਸਾਨੂੰ ਦੱਸਿਆ, ''ਕੁਝ ਦਿਨ ਪਹਿਲਾਂ, ਮੈਂ ਕਈ ਨੇਪਾਲੀ ਬੰਦਿਆਂ ਨੂੰ ਸਮਾਨ ਬੰਨ੍ਹ ਕੇ ਇੱਥੋਂ ਜਾਂਦੇ ਦੇਖਿਆ ਸੀ।'' ਉਨ੍ਹਾਂ ਨੇ ਸੁਰੇਸ਼ ਬਹਾਦਰ ਦਾ ਕਮਰਾ ਬੰਦ ਹੋਣ ਦੀ ਪੁਸ਼ਟੀ ਕੀਤੀ।
ਇਸ
ਰਿਪੋਰਟਰ ਨੇ ਅਪ੍ਰੈਲ ਅਤੇ ਮਈ, 2020 ਵਿੱਚ ਆਂਧਰਾ ਪ੍ਰਦੇਸ਼ ਕੋਵਿਡ ਤਾਲਾਬੰਦੀ ਰਿਲੀਫ਼ ਐਂਡ ਐਕਸ਼ਨ
ਕਲੈਕਟਿਵ ਵਿਖੇ ਬਤੌਰ ਸਵੈ-ਸੇਵਿਕਾ ਕੰਮ ਕੀਤਾ, ਜਿੱਥੋਂ ਇਸ ਸਟੋਰੀ ਵਿੱਚ ਦੱਸਿਆ ਗਿਆ ਹੈਲਪਲਾਈਨ
ਨੰਬਰ ਚਲਾਇਆ ਗਿਆ ਸੀ।
ਤਰਜਮਾ: ਨਿਰਮਲਜੀਤ ਕੌਰ