ਇੱਕ ਹੱਥ ਵਿੱਚ ਤਲਵਾਰ, ਦੂਜੇ ਹੱਥ ਵਿੱਚ ਘੋੜੇ ਦੀਆਂ ਲਗਾਮਾਂ ਫੜ੍ਹੀ ਇਹ ਸਨ ਰਾਣੀ ਰੇਲੂ ਨਚਿਯਾਰ- ਜੋ ਚੇਨੱਈ ਵਿਖੇ ਅਯੋਜਿਤ ਹੋਈ ਰਾਜ ਗਣਤੰਤਰ ਦਿਵਸ ਪਰੇਡ ਮੌਕੇ 'ਤੇ ਮਸ਼ਹੂਰ ਇਤਿਹਾਸਕ ਹਸਤੀਆਂ ਵਿੱਚੋਂ ਇੱਕ ਸਨ ਜਿਨ੍ਹਾਂ ਬਾਰੇ ਕਾਫ਼ੀ ਚਰਚਾਵਾਂ ਵੀ ਹੋਈਆਂ ਅਤੇ ਉਨ੍ਹਾਂ ਦੀਆਂ ਤਸਵੀਰਾਂ ਵੀ ਕਾਫ਼ੀ ਖਿੱਚੀਆਂ ਗਈਆਂ। ਰਾਣੀ ਦੀ ਝਾਕੀ ਨੂੰ ਵੀ.ਓ. ਚਿੰਦਬਰਮ ਪਿੱਲਈ, ਸੁਬਰਮਨੀਅਮ ਭਾਰਤੀ ਅਤੇ ਮਰੁਥੂ ਭਰਾਵਾਂ ਜਿਹੀਆਂ ਤਮਿਲ ਹਸਤੀਆਂ ਦੀਆਂ ਝਾਕੀਆਂ ਦੇ ਨਾਲ਼ ਦੇਖਿਆ ਗਿਆ।
'ਅਜ਼ਾਦੀ ਦੇ ਘੋਲ਼ ਵਿੱਚ ਤਮਿਲਨਾਡੂ' ਦੀ ਨੁਮਾਇੰਦਗੀ ਕਰਨ ਵਾਲ਼ੀ ਉਸ ਝਾਕੀ ਨੂੰ ਕੇਂਦਰ ਸਰਕਾਰ ਦੀ 'ਮਾਹਰ ਕਮੇਟੀ' ਵੱਲੋਂ ਦਿੱਲੀ ਗਣਤੰਤਰ ਦਿਵਸ ਪਰੇਡ ਵਿੱਚ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ। ਤਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਪ੍ਰਧਾਨਮੰਤਰੀ ਨੂੰ ਇਸ ਮਾਮਲੇ ਵਿੱਚ ਪੈਣ ਦੀ ਅਪੀਲ ਵੀ ਕੀਤੀ ਪਰ ਕੋਈ ਸੁਣਵਾਈ ਨਾ ਹੋਈ। ਅਖ਼ੀਰ, ਇਹਨੂੰ ਚੇਨੱਈ ਦੇ ਰਾਜ ਗਣਤੰਤਰ ਦਿਵਸ ਪਰੇਡ ਦੇ ਸਮਾਰੋਹ ਵਿੱਚ ਥਾਂ ਦਿੱਤੀ ਗਈ, ਜੋ ਸਭ ਤੋਂ ਵੱਧ ਹਰਮਨਪਿਆਰੀ ਹੋਈ।
ਕੇਂਦਰ ਦੀ 'ਮਾਹਰ' ਕਮੇਟੀ ਵੱਲੋਂ ਦਿੱਤੇ ਕਈ ਕਾਰਨਾਂ ਵਿੱਚੋਂ ਇੱਕ ਕਾਰਨ ਸੀ ਕਿ ਇਨ੍ਹਾਂ ਹਸਤੀਆਂ ਬਾਰੇ ''ਰਾਸ਼ਟਰੀ ਦਰਸ਼ਕ ਅਣਜਾਣ'' ਹਨ। ਅਕਸ਼ਯਾ ਕ੍ਰਿਸ਼ਨਾਮੂਰਤੀ ਇਸ ਗੱਲ ਨਾਲ਼ ਅਸਹਿਮਤ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਨਿੱਜੀ ਤੌਰ 'ਤੇ ਵੇਲੂ ਨਚਿਯਾਰ ਨਾਲ਼ ਡੂੰਘਾ ਲਗਾਅ ਹੈ ਜੋ ਬ੍ਰਿਟਿਸ਼ ਸ਼ਾਸ਼ਨ ਖ਼ਿਲਾਫ਼ ਲੜੀ ਅਤੇ ਸ਼ਿਵਗੰਗਾ (ਹੁਣ ਤਮਿਲਨਾਡੂ ਦਾ ਇੱਕ ਜ਼ਿਲ੍ਹਾ) 'ਤੇ ਆਪਣੀ ਮੌਤ ਤੱਕ ਭਾਵ 1796 ਤੱਕ ਰਾਜ ਕੀਤਾ।
''ਮੇਰੇ ਜੀਵਨ ਦਾ ਮੋੜ ਨੁਕਤਾ ਉਹ ਪਲ ਬਣੇ ਜਦੋਂ ਮੈਂ 11ਵੀਂ ਜਮਾਤ ਵਿੱਚ ਸਾਂ ਅਤੇ ਮੈਂ ਸਕੂਲ ਦੇ ਸਮਾਰੋਹ ਵਿੱਚ ਵੇਲੂ ਨਚਿਯਾਰ ਦੀ ਭੂਮਿਕਾ ਅਦਾ ਕੀਤੀ,'' ਉਹ ਕਹਿੰਦੀ ਹਨ।
''ਗੱਲ ਸਿਰਫ਼ ਅਦਾਕਾਰੀ ਕਰਨ ਜਾਂ ਨੱਚਣ ਤੱਕ ਹੀ ਨਹੀਂ ਸੀ,'' ਅਕਸ਼ਯਾ ਕਹਿੰਦੀ ਹਨ। ਉਨ੍ਹਾਂ ਨੇ ਆਪਣੇ ਧੁਰ ਅੰਦਰ 'ਵੀਰਮੰਗਈ' (ਰਾਣੀ ਨੂੰ ਕਿਹਾ ਜਾਂਦਾ ਸੀ) ਦੀ ਤਾਕਤ ਅਤੇ ਹਿੰਮਤ ਨੂੰ ਮਹਿਸੂਸ ਕੀਤਾ। ਗੀਤਾਂ ਅਤੇ ਬੋਲਾਂ ਜ਼ਰੀਏ ਰਾਣੀ ਨੂੰ ਵੀਰਮੰਗਈ ਹੀ ਕਿਹਾ ਜਾਂਦਾ ਰਿਹਾ ਹੈ। ਅਕਸ਼ਯਾ ਇੱਕ ਸਿਖਲਾਈ-ਪ੍ਰਾਪਤ ਕਲਾਸੀਕਲ ਨ੍ਰਿਤਕੀ ਹਨ, ਉਹ ਦੱਸਦੀ ਹਨ ਕਿ ਸਕੂਲ ਪ੍ਰਤੀਯੋਗਿਤਾ ਦੇ ਦਿਨ ਉਹ ਥੋੜ੍ਹੀ ਬੀਮਾਰ ਸਨ ਅਤੇ ਉਨ੍ਹਾਂ ਨੂੰ ਪਤਾ ਨਹੀਂ ਲੱਗ ਪਾ ਰਿਹਾ ਸੀ ਕਿ ਉਹ ਅਦਾਕਾਰੀ ਕਰ ਵੀ ਪਾਵੇਗੀ ਜਾਂ ਨਹੀਂ। ਪਰ ਉਨ੍ਹਾਂ ਨੇ ਆਪਣੀ ਪੂਰੀ ਵਾਹ ਲਾ ਦਿੱਤੀ।
ਜਿਓਂ ਹੀ ਉਹ ਮੰਚ ਤੋਂ ਹੇਠਾਂ ਉੱਤਰੀ, ਬੇਹੋਸ਼ ਹੋ ਗਈ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਉੱਥੇ ਉਨ੍ਹਾਂ ਨੂੰ ਸਲਾਇਨ ਡ੍ਰਿਪ ਚੜ੍ਹਾਇਆ ਗਿਆ। ''ਅਸੀਂ ਦੂਸਰੀ ਥਾਂ ਹਾਸਲ ਕੀਤੀ ਅਤੇ ਆਪਣੇ ਆਈਵੀ ਲਾਈਨ ਲੱਗੇ ਹੱਥਾਂ ਨਾਲ਼ ਮੈਂ ਆਪਣਾ ਪੁਰਸਕਾਰ ਲਿਆ।'' ਇਸ ਘਟਨਾ ਨੇ ਉਨ੍ਹਾਂ ਨੂੰ ਆਪਣੀ ਸਮਰੱਥਾ 'ਤੇ ਭਰੋਸਾ ਕਰਨਾ ਸਿਖਾਇਆ। ਉਹ ਕਾਫ਼ੀ ''ਸਾਹਸੀ'' ਹੋ ਗਈ ਅਤੇ ਇਸ ਘਟਨਾ ਤੋਂ ਬਾਅਦ ਉਨ੍ਹਾਂ ਨੇ ਮੋਟਰਸਾਈਕਲ ਅਤੇ ਕਾਰ ਚਲਾਉਣੀ ਸਿੱਖੀ।












