ਇੱਕ ਵਾਰ ਫਿਰ ਪੂਰੇ ਅਗਰਤਲਾ ਅੰਦਰ ਢਾਕ ਦੀਆਂ ਅਵਾਜ਼ਾਂ ਗੂੰਜਣ ਲੱਗੀਆਂ ਹਨ। ਦੁਰਗਾ ਪੂਜਾ 11 ਅਕਤੂਬਰ ਨੂੰ ਆ ਰਹੀ ਹੈ ਅਤੇ ਇਹਦੇ ਜਸ਼ਨ ਦੀਆਂ ਤਿਆਰੀ ਹਫ਼ਤਾ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ ਜਿਵੇਂ ਪੰਡਾਲ ਲਾਉਣਾ, ਮੂਰਤੀਕਾਰਾਂ ਵੱਲੋਂ ਮੂਰਤੀਆਂ ਨੂੰ ਆਖ਼ਰੀ ਛੋਹਾਂ ਦੇਣੀਆਂ, ਪਰਿਵਾਰਾਂ ਦੁਆਰਾ ਨਵੇਂ ਕੱਪੜੇ ਖਰੀਦਣੇ ਆਦਿ।
ਢਾਕ, ਬੈਰਲ-ਨੁਮਾ (ਪੀਪਾ) ਡ੍ਰਮ ਜਿਹਨੂੰ ਗ਼ਲੇ ਵਿੱਚ ਲਮਕਾਇਆ ਜਾਂਦਾ ਹੈ ਜਾਂ ਇੱਕ ਠੋਸ ਥਾਵੇਂ ਟਿਕਾ ਕੇ ਸੋਟੀਆਂ ਦੇ ਸਹਾਰੇ ਵਜਾਇਆ ਜਾਂਦਾ, ਇਨ੍ਹਾਂ ਸਮਾਰੋਹਾਂ ਦਾ ਅਟੁੱਟ ਅੰਗ ਹੁੰਦਾ ਹੈ।
ਢਾਕ ਦਾ ਵਜਾਇਆ ਜਾਣਾ ਮੌਸਮੀ ਕੰਮ ਹੈ। ਹਰ ਸਾਲ ਪੂਜਾ ਦੇ ਪੰਜ ਦਿਨ ਹੁੰਦੇ ਹਨ ਅਤੇ ਅੰਤਮ ਧੁਨ ਲਕਸ਼ਮੀ ਪੂਜਾ ਦੇ ਦਿਨ ਵੱਜਦੀ ਹੈ ਜੋ ਇਸ ਸਾਲ 20 ਅਕਤੂਬਰ ਨੂੰ ਹੈ। ਕਈ ਢਾਕੀਆਂ ਨੂੰ ਦਿਵਾਲੀ ਮੌਕੇ ਵੀ ਢਾਕ ਵਜਾਉਣ ਲਈ ਸੱਦਾ ਦਿੱਤਾ ਜਾਂਦਾ ਹੈ। ਪਰ ਅਗਰਤਲਾ ਅਤੇ ਤ੍ਰਿਪੁਰਾ ਰਾਜ ਦੇ ਹੋਰਨਾਂ ਹਿੱਸਿਆਂ ਵਿੱਚ ਢਾਕ ਦੀ ਜ਼ਿਆਦਾ ਮੰਗ ਦੁਰਗਾ ਪੂਜਾ ਦੌਰਾਨ ਹੀ ਰਹਿੰਦੀ ਹੈ।
ਢਾਕੀਆਂ ਨੂੰ ਨਾ ਸਿਰਫ਼ ਪੰਡਾਲ ਕਮੇਟੀਆਂ ਦੁਆਰਾ ਸਗੋਂ ਪਰਿਵਾਰਾਂ ਵੱਲੋਂ ਵੀ ਢਾਕ ਵਜਾਉਣ ਲਈ ਸੱਦਿਆ ਜਾਂਦਾ ਹੈ। ਕਈ ਵਾਰੀ, ਉਨ੍ਹਾਂ ਨੂੰ ਪੇਸ਼ਕਾਰੀ ਵਾਸਤੇ ਸੱਦਾ ਦੇਣ ਤੋਂ ਪਹਿਲਾਂ ਉਨ੍ਹਾਂ ਨੂੰ ਅਜ਼ਮਾਇਸ਼ ਵਜੋਂ ਪ੍ਰਦਰਸ਼ਨ ਕਰਨ ਲਈ ਕਿਹਾ ਜਾਂਦਾ ਹੈ- ਉਨ੍ਹਾਂ ਵਿੱਚੋਂ ਬਹੁਤ ਸਾਰੇ ਮਾਹਰ ਹੁੰਦੇ ਹਨ, ਜਿਨ੍ਹਾਂ ਨੇ ਇਹ ਕਲਾ ਪਰਿਵਾਰ ਦੇ ਬਜ਼ੁਰਗਾਂ ਪਾਸੋਂ ਸਿੱਖੀ ਹੁੰਦੀ ਹੈ। ''ਮੈਂ ਆਪਣੇ ਵੱਡੇ ਭਰਾਵਾਂ (ਚਚੇਰੇ) ਨਾਲ਼ ਰਲ਼ ਕੇ ਵਜਾਇਆ ਕਰਦਾ,'' 45 ਸਾਲਾ ਇੰਦਰਾਜੀਤ ਰਿਸ਼ੀਦਾਸ ਕਹਿੰਦੇ ਹਨ। ''ਮੈਂ ਆਪਣੀ ਸ਼ੁਰੂਆਤ ਕਾਸ਼ੀ (ਧਾਤੂ ਪਲੇਟਨੁਮਾ ਸਾਜ਼ ਜੋ ਛੋਟੀ ਸੋਟੀ ਨਾਲ਼ ਵਜਾਇਆ ਜਾਂਦਾ ਹੈ) ਨੂੰ ਵਜਾਉਣ ਤੋਂ ਕੀਤੀ, ਫਿਰ ਢੋਲ 'ਤੇ ਹੱਥ ਅਜ਼ਮਾਇਆ ਅਤੇ ਫਿਰ ਢਾਕ 'ਤੇ।'' (ਉਹ ਅਤੇ ਹੋਰ ਰਿਸ਼ੀਦਾਸ, ਰੋਹੀਦਾਸ ਅਤੇ ਰਵੀਦਾਸ ਪਰਿਵਾਰ ਮੂਚੀ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ, ਜੋ ਕਿ ਤ੍ਰਿਪੁਰਾ ਅੰਦਰ ਪਿਛੜੀ ਜਾਤੀ ਵਜੋਂ ਸੂਚੀਬੱਧ ਹਨ।)
ਅਗਰਤਲਾ ਦੇ ਹੋਰਨਾ ਢਾਕੀਆਂ ਵਾਂਗਰ, ਇੰਦਰਾਜੀਤ ਵੀ ਸਾਲ ਦੇ ਬਾਕੀ ਦਿਨ ਬਤੌਰ ਸਾਈਕਲ ਰਿਕਸ਼ਾ ਚਾਲਕ ਕੰਮ ਕਰਦੇ ਹਨ। ਕਦੇ-ਕਦਾਈਂ ਉਹ ਵਿਆਹ ਅਤੇ ਹੋਰ ਸਮਾਗਮਾਂ ਦੌਰਾਨ ਸਥਾਨਕ ਪੱਧਰ 'ਤੇ ਜਾਣੀ ਜਾਂਦੀ 'ਬੈਂਡ-ਪਾਰਟੀ' ਵਿੱਚ ਵਾਜਾ ਵਜਾਉਂਦੇ ਹਨ। ਕਦੇ-ਕਦਾਈਂ ਮਿਲ਼ਣ ਵਾਲ਼ੇ ਇਨ੍ਹਾਂ ਕੰਮਾਂ ਤੋਂ ਛੁੱਟ, ਢਾਕੀ ਦਿਹਾੜੀਦਾਰ ਕਾਮਿਆਂ ਵਜੋਂ ਬਿਜਲੀ ਦਾ ਕੰਮ ਜਾਂ ਪਲੰਬਰ ਦਾ ਕੰਮ ਕਰਦੇ ਹਨ, ਕਈ ਸਬਜ਼ੀ ਵੇਚਦੇ ਹਨ ਅਤੇ ਕੁਝ ਨੇੜਲੇ ਪਿੰਡਾਂ ਵਿੱਚ ਕਿਸਾਨੀ ਕਰਦੇ ਹਨ ਅਤੇ ਜਦੋਂ ਉਨ੍ਹਾਂ ਨੂੰ ਪੇਸ਼ਕਾਰੀ ਵਾਸਤੇ ਸੱਦਿਆ ਜਾਂਦਾ ਹੈ ਤਾਂ ਉਹ ਅਗਰਤਲਾ ਆਉਂਦੇ ਹਨ।




















