ਨਾਰੀਅਲ ਦੇ ਰੁੱਖਾਂ ਹੇਠ ਖੜ੍ਹੀ ਤਨਕੰਮਾ ਏ.ਕੇ. ਭੁੰਜੇ ਡਿੱਗੀ ਟਹਿਣੀ ਚੁੱਕ ਕੇ ਤੇ ਉਹਨੂੰ ਖੜਕਾ ਕੇ ਆਪਣੇ ਆਉਣ ਦਾ ਐਲਾਨ ਕਰਦੀ ਹਨ। ਟਹਿਣੀ ਨੂੰ ਖੜਕਾ-ਖੜਕਾ ਕੇ ਆਪਣਾ ਰਾਹ ਬਣਾਉਂਦਿਆਂ ਉਹ ਕਹਿੰਦੇ ਹਨ,''ਮੈਂ ਇੰਨੇ ਝਾੜੀਆਂ ਉੱਗੇ ਪਲਾਟਾਂ ਵਿੱਚ ਬੜੇ ਧਿਆਨ ਨਾਲ਼ ਜਾਂਦੀ ਹਾਂ। ਮੈਂ ਟਹਿਣੀ ਨਾਲ਼ ਖੜਾਕ ਕਰਦੀ ਹਾਂ ਤਾਂਕਿ ਜੇ ਕਿਤੇ ਕੋਈ ਸੱਪ ਹੋਵੇ ਤਾਂ ਚਲਾ ਜਾਵੇ।'' ਇੰਝ ਤੁਰਦਿਆਂ ਉਹ ਇਸ ਗੱਲ ਦਾ ਖ਼ਾਸ ਧਿਆਨ ਰੱਖਦੀ ਹਨ ਕਿ ਸੰਘਣੀਆਂ ਵੇਲਾਂ, ਟੁੱਟੀਆਂ ਟਹਿਣੀਆਂ ਤੇ ਨਾਰੀਅਲ ਦੇ ਰੁੱਖ ਹੇਠ ਉੱਗੇ ਜੰਗਲੀ ਘਾਹ ਹੇਠਾਂ ਕੋਈ ਜੀਵ ਲੁਕ ਕੇ ਨਾ ਬੈਠਾ ਹੋਵੇ।
ਇਹ ਉਜਾੜ ਥਾਂ ਏਰਨਾਕੁਲਮ ਦੀ ਇੱਕ ਹਾਊਸਿੰਗ ਕਲੋਨੀ ਦੀ ਖਾਲੀ ਪਈ ਜ਼ਮੀਨ ਦਾ ਇੱਕ ਹਿੱਸਾ ਹੈ। ''ਇੰਝ ਰਾਹ ਵਿੱਚ ਨਾਰੀਅਲ ਲੱਭਣਾ ਖ਼ੁਸ਼ਕਿਸਮਤੀ ਦੀ ਨਿਸ਼ਾਨੀ ਹੈ!'' 62 ਸਾਲਾ ਔਰਤ ਦਾ ਕਹਿਣਾ ਹੈ, ਜੋ ਰੋਜ਼ੀ-ਰੋਟੀ ਕਮਾਉਣ ਖ਼ਾਤਰ ਡਿੱਗੇ ਨਾਰੀਅਲ ਨੂੰ ਇਕੱਠਾ ਕਰਕੇ ਵੇਚਦੀ ਹੈ। ਨਾਰੀਅਲ ਕਈ ਮਲਿਆਲੀ ਪਕਵਾਨਾਂ ਵਿੱਚ ਖ਼ਾਸ ਤੌਰ 'ਤੇ ਇਸਤੇਮਾਲ ਹੁੰਦਾ ਹੈ ਤੇ ਇਸ ਫਲ ਦੀ ਮੰਗ ਪੂਰਾ ਸਾਲ ਬਣੀ ਰਹਿੰਦੀ ਹੈ।
ਲੰਬੇ ਘਾਹ ਵਿੱਚੋਂ ਦੀ ਬੜੀ ਸਾਵਧਾਨੀ ਨਾਲ਼ ਅੱਗੇ ਵੱਧਦਿਆਂ ਤਨਕੰਮਾ ਕਹਿੰਦੀ ਹਨ,''ਪਹਿਲਾਂ-ਪਹਿਲ ਮੈਂ ਆਪਣਾ ਕੰਮ ਮੁਕਾ ਕੇ ਗੁਆਂਢੀ ਇਲਾਕੇ (ਪੁਥਿਆ ਰੋਡ ਜੰਕਸ਼ਨ) ਤੋਂ ਨਾਰੀਅਲ ਚੁਗਣ ਜਾਂਦੀ ਸਾਂ, ਪਰ ਹੁਣ ਮੇਰੀ ਬੀਮਾਰੀ ਕਾਰਨ ਉੱਥੇ ਜਾਣਾ ਸੰਭਵ ਨਹੀਂ ਹੈ।'' ਥੋੜ੍ਹੇ-ਥੋੜ੍ਹੇ ਚਿਰ ਬਾਅਦ ਰੁੱਕ ਕੇ ਉਹ ਹੰਭਣ ਲੱਗਦੀ ਹਨ ਤੇ ਚੁੰਧਿਆ ਸੁੱਟਣ ਵਾਲ਼ੀ ਧੁੱਪ ਵਿੱਚ ਕਿਸੇ ਤਰ੍ਹਾਂ ਬੱਚਦੇ-ਬਚਾਉਂਦੇ ਡਿੱਗੇ ਫਲ ਦੇਖਣ ਲਈ ਰੁੱਕਦੀ ਹਨ।
ਪੰਜ ਸਾਲ ਪਹਿਲਾਂ ਤਨਕੰਮਾ ਨੂੰ ਸਾਹ ਫੁੱਲਣ, ਬਹੁਤ ਜ਼ਿਆਦਾ ਥਕਾਵਟ ਰਹਿਣ ਤੇ ਥਾਇਰਾਈਡ-ਸਬੰਧੀ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਸਾਰੀਆਂ ਪਰੇਸ਼ਾਨੀਆਂ ਕਾਰਨ ਉਨ੍ਹਾਂ ਨੂੰ ਘਰਾਂ ਦਾ ਕੰਮ ਕਰਨ ਦੀ ਆਪਣੀ ਨੌਕਰੀ (ਕੁਲਵਕਤੀ) ਛੱਡਣ ਲਈ ਮਜ਼ਬੂਰ ਹੋਣਾ ਪਿਆ ਤੇ 6,000 ਰੁਪਏ ਦੀ ਉਸ ਕਮਾਈ ਤੋਂ ਵੀ ਹੱਥ ਧੋਣਾ ਪਿਆ ਜੋ ਉਨ੍ਹਾਂ ਨੂੰ ਹਰ ਮਹੀਨੇ ਹੁੰਦੀ ਸੀ। ਪਰ ਤਨਕੰਮਾ ਵਾਸਤੇ ਕੰਮ ਛੱਡ ਕੇ ਘਰੇ ਬੈਠਣਾ ਸੰਭਵ ਹੀ ਨਹੀਂ ਸੀ, ਉਨ੍ਹਾਂ ਲਈ ਕਮਾਈ ਕਰਨਾ ਜ਼ਰੂਰੀ ਸੀ। ਇਸਲਈ ਉਨ੍ਹਾਂ ਨੇ ਥੋੜ੍ਹੇ ਘੱਟ-ਥਕਾਊ ਕੰਮ ਭਾਲ਼ੇ ਤੇ ਗੁਆਂਢ ਦੇ ਘਰਾਂ ਦੇ ਵਿਹੜੇ ਹੂੰਝਣ ਜਿਹੇ ਕੰਮ ਫੜ੍ਹ ਲਏ। ਪਰ ਜਿਓਂ ਹੀ ਕੋਵਿਡ-19 ਨੇ ਦਸਤਕ ਦਿੱਤੀ, ਇਹ ਕੰਮ ਵੀ ਬੰਦ ਹੋ ਗਿਆ।














