ਪਹਿਲੀ ਮੰਜ਼ਲ ਦਾ ਇਹ ਕਮਰਾ ਸ਼ਾਂਤ ਅਤੇ ਬੰਦ ਪਿਆ ਹੈ, ਹਾਲਾਂਕਿ ਵੈਸੇ ਦੇਖੀਏ ਤਾਂ ਇਹਦੇ ਬੰਦ ਹੋਣ ਵਿੱਚ ਕਾਫ਼ੀ ਸਮਾਂ ਬਾਕੀ ਹੈ। ਐਨ ਨਾਲ਼ ਕਰਕੇ ਟੀਨ ਅਤੇ ਲੱਕੜ ਦੀ ਝੌਂਪੜੀ ਵਿੱਚ ਵੀ ਕੋਈ ਨਹੀਂ ਹੈ, ਸਿਵਾਏ ਕੁਰਸੀਆਂ ਅਤੇ ਮੇਜ਼ਾਂ ਦੇ ਢੇਰ ਦੇ। ਇਸ ਢੇਰ ਵਿੱਚ ਹੀ ਮੈਟਲ ਦਾ ਇੱਕ ਬੈਂਚ ਪਿਆ ਹੈ, ਆਇਰਨ ਦੀਆਂ ਸ਼ੀਸ਼ੀਆਂ ਅਤੇ ਫ਼ੌਲਿਕ ਐਸਿਡ ਦੀਆਂ ਗੋਲ਼ੀਆਂ ਦਾ ਡੱਬਾ ਮੂਧਾ ਪਿਆ ਹੈ ਅਤੇ ਪੱਟੀਆਂ ਰੜ੍ਹੇ ਸੁੱਟੀਆਂ ਪਈਆਂ ਹਨ। ਇੱਕ ਪੁਰਾਣੀ ਜਿਹੀ ਜੰਗਾਲ਼ ਖਾਦੀ ਨੇਮ-ਪਲੇਟ ਪਈ ਹੋਈ ਹੈ, ਜਦੋਂਕਿ ਬੰਦ ਕਮਰੇ ਵਾਲ਼ੀ ਇਮਾਰਤ ਦੇ ਬੂਹੇ 'ਤੇ ਇੱਕ ਨਵੀਂ ਨੇਮ-ਪਲੇਟ ਲੱਗੀ ਹੈ, ਜਿਸ 'ਤੇ ਲਿਖਿਆ ਹੈ: 'ਗਵਰਨਮੈਂਟ ਨਿਊ ਟਾਈਪ ਪ੍ਰਾਇਮਰੀ ਹੈਲਥ ਸੈਂਟਰ, ਸ਼ਾਬਰੀ ਮੁਹੱਲਾ, ਡਲ ਐੱਜੀਆਰ (ਸ਼੍ਰੀਨਗਰ)। '
ਇੱਥੋਂ ਕਿਸ਼ਤੀ ਦੀ 10 ਮਿੰਟ ਦੀ ਸਵਾਰੀ ਤੁਹਾਨੂੰ ਨਜ਼ੀਰ ਅਹਿਮਦ ਭਟ ਦੇ 'ਕਲੀਨਿਕ' ਲੈ ਜਾਂਦੀ ਹੈ, ਜੋ ਆਮ ਤੌਰ 'ਤੇ ਖੁੱਲ੍ਹਿਆ ਰਹਿੰਦਾ ਹੈ ਅਤੇ ਉੱਥੇ ਲੋਕਾਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ। ਸਰਦੀਆਂ ਦੀ ਇੱਕ ਠੰਡੀ ਦੁਪਹਿਰ ਵਿੱਚ ਉਹ ਲੱਕੜ ਦੇ ਖੰਭਿਆਂ 'ਤੇ ਟਿਕੀ ਆਪਣੀ ਲੱਕੜੀ ਦੀ ਛੋਟੀ ਜਿਹੀ ਦੁਕਾਨ ਵਿੱਚ, ਦੁਪਹਿਰ (ਉਹ ਬਾਕੀ ਦੀ ਮਰੀਜ਼ਾਂ ਨੂੰ ਸ਼ਾਮੀਂ ਦੇਖਦੇ ਹਨ) ਦੇ ਆਪਣੇ ਅਖ਼ੀਰਲੇ ਗ੍ਰਾਹਕ (ਮਰੀਜ਼) ਨੂੰ ਦੇਖ ਰਹੇ ਹਨ। ਉਨ੍ਹਾਂ ਦੀ ਦੁਕਾਨ ਵਿੱਚ ਇੰਜੈਕਸ਼ਨ ਲਵਾਉਣ ਲਈ ਇੱਕ ਛੋਟਾ-ਜਿਹਾ ਕਮਰਾ ਵੀ ਹੈ। ਬਾਹਰ ਲੱਗੇ ਬੋਰਡ 'ਤੇ ਲਿਖਿਆ ਹੈ, 'ਭਟ ਮੈਡੀਕਲ ਕੈਮਿਸਟ ਐਂਡ ਡ੍ਰਗਿਸਟ'।
ਕਰੀਬ 60 ਸਾਲਾ ਹਫ਼ੀਜ਼ਾ ਦਾਰ ਨੇੜੇ ਹੀ ਇੱਕ ਬੈਂਚ 'ਤੇ ਬਹਿ ਕੇ ਆਪਣੀ ਵਾਰੀ ਦੀ ਉਡੀਕ ਕਰ ਰਹੀ ਹਨ। ਉਨ੍ਹਾਂ ਦਾ ਮੁਹੱਲਾ 10 ਮਿੰਟਾਂ ਦੀ ਦੂਰੀ 'ਤੇ ਹੈ ਅਤੇ ਉਹ ਕਿਸ਼ਤੀ 'ਤੇ ਸਵਾਰ ਹੋ 'ਡਾਕਟਰ' ਨਜ਼ੀਰ ਨੂੰ ਮਿਲ਼ਣ ਆਈ ਹਨ। ਉਹ ਨਜ਼ੀਰ ਨੂੰ ਦੁਆਵਾਂ ਦਿੰਦਿਆਂ ਕਹਿੰਦੀ ਹਨ,''ਮੇਰੀ ਸੱਸ ਨੂੰ ਕੁਝ ਇੰਜੈਕਸ਼ਨ (ਡਾਇਬਟੀਜ਼) ਲੈਣੇ ਪੈਂਦੇ ਹਨ। ਉਹ ਕਾਫ਼ੀ ਬੁੱਢੀ ਹਨ ਅਤੇ ਉਨ੍ਹਾਂ ਲਈ ਇੱਥੇ ਆਉਣਾ ਸੰਭਵ ਨਹੀਂ ਹੈ, ਇਸਲਈ ਨਜ਼ੀਰ ਸਾਹਬ ਸਾਡੇ ਘਰ ਆ ਕੇ ਉਨ੍ਹਾਂ ਦਾ ਇਲਾਜ ਕਰਦੇ ਹਨ। ਹਫ਼ੀਜ਼ਾ ਦਾਰ ਖ਼ੁਦ ਇੱਕ ਗ੍ਰਹਿਣੀ ਹਨ ਅਤੇ ਕਿਸਾਨੀ ਦਾ ਕੰਮ ਵੀ ਕਰ ਲੈਂਦੀ ਹਨ। ਉਨ੍ਹਾਂ ਦੇ ਪਤੀ ਵੀ ਕਿਸਾਨ ਹਨ ਅਤੇ ਡਲ ਝੀਲ 'ਤੇ ਸ਼ਿਕਾਰਾ ਵੀ ਚਲਾਉਂਦੇ ਹਨ। ਉਹ ਕਹਿੰਦੀ ਹਨ,''ਉੱਥੇ (NTPHC ਵਿਖੇ) ਤਾਂ ਸਾਨੂੰ ਕੋਈ ਡਾਕਟਰ ਮਿਲ਼ਦਾ ਨਹੀਂ। ਉਹ ਸਿਰਫ਼ ਬੱਚਿਆਂ ਨੂੰ ਹੀ ਪੋਲਿਓ ਬੂੰਦਾਂ ਪਿਆਉਂਦੇ ਹਨ ਅਤੇ ਦੁਪਹਿਰ ਦੇ 4 ਵਜੇ ਤੋਂ ਬਾਅਦ ਉੱਥੇ ਕੋਈ ਨਹੀਂ ਹੁੰਦਾ।''
ਅਗਸਤ 2019 ਤੋਂ ਕਸ਼ਮੀਰ ਵਿੱਚ ਸ਼ੁਰੂ ਹੋਏ ਕਰਫ਼ਿਊ ਦੇ ਇਸ ਸਿਲਸਿਲੇ ਅਤੇ ਤਾਲਾਬੰਦੀ ਤੋਂ ਬਾਅਦ, ਡਲ ਝੀਲ ਦੇ ਦੀਪਾਂ 'ਤੇ ਰਹਿਣ ਵਾਲ਼ੇ ਲੋਕਾਂ ਨੂੰ ਚੇਤਾ ਨਹੀਂ ਕਿ ਉਨ੍ਹਾਂ ਨੇ ਪਿਛਲੇ ਦੋ ਸਾਲ ਵਿੱਚ ਪ੍ਰਾਇਮਰੀ ਸਿਹਤ ਕੇਂਦਰ ਵਿਖੇ ਕਿਸੇ ਡਾਕਟਰ ਨੂੰ ਦੇਖਿਆ ਵੀ ਹੈ ਜਾਂ ਨਹੀਂ। ਨੇੜੇ ਹੀ ਰਹਿੰਦੇ 40 ਸਾਲਾ ਮੁਹੰਮਦ ਰਫ਼ੀਕ ਮੱਲਾ (ਪੇਸ਼ੇ ਤੋਂ ਟੂਰਿਸਟ ਫ਼ੋਟੋਗ੍ਰਾਫ਼ਰ) ਕਹਿੰਦੇ ਹਨ,''ਕਈ ਸਾਲ ਪਹਿਲਾਂ ਇੱਕ ਡਾਕਟਰ ਸੀ ਜਿਹਨੇ ਕਾਫ਼ੀ ਚੰਗਾ ਕੰਮ ਕੀਤਾ ਸੀ ਪਰ ਉਨ੍ਹਾਂ ਦਾ ਤਬਾਦਲਾ ਹੋ ਗਿਆ। ਸਾਲ 2019 ਤੋਂ ਬਾਅਦ ਅਸੀਂ ਇੱਥੇ ਕਦੇ ਕੋਈ ਡਾਕਟਰ ਨਹੀਂ ਦੇਖਿਆ। ਉਹ (ਬਾਕੀ ਕਰਮੀ) ਵੀ ਨਿਰੰਤਰ ਨਹੀਂ ਆਉਂਦੇ ਅਤੇ ਨਾ ਹੀ ਲੋੜੀਂਦੇ ਸਮੇਂ ਵਾਸਤੇ ਠਹਿਰਦੇ ਹੀ ਹਨ।''
ਮੁੱਖ ਮੈਡੀਕਲ ਅਧਿਕਾਰੀ ਦੇ ਸਹਾਇਕ ਨਿਰਦੇਸ਼ਕ ਯੋਜਨਾ ਦਫ਼ਤਰ, ਸ਼੍ਰੀਨਗਰ, ਮੁਤਾਬਕ ਸਾਰੇ 'ਨਿਊ ਟਾਈਪ ਪੀਐੱਚਸੀ' (ਕਸ਼ਮੀਰ ਦੇ ਅਪਗ੍ਰੇਡ ਕੀਤੇ ਗਏ ਉਪ-ਕੇਂਦਰ) ਵਿੱਚ ਮੈਡੀਕਲ ਅਧਿਕਾਰੀ ਦੇ ਰੂਪ ਵਿੱਚ ਘੱਟ ਤੋਂ ਘੱਟ ਇੱਕ ਐੱਮਬੀਬੀਐੱਸ ਡਾਕਟਰ, ਇੱਕ ਫ਼ਾਰਮਾਸਿਸਟ, ਇੱਕ ਐੱਫ਼ਐੱਮਪੀਐੱਚਡਬਿਲਊ (ਬਹੁ-ਉਦੇਸ਼ੀ ਜਨਾਨਾ- ਸਿਹਤ ਕਰਮੀ) ਅਤੇ ਇੱਕ ਨਰਸ ਹੋਣੀ ਚਾਹੀਦੀ ਹੈ। ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਨੂੰ ਇਨ੍ਹਾਂ ਦੀ ਨਿਯੁਕਤੀ ਦੀ ਜ਼ਿੰਮੇਦਾਰੀ ਹੱਥ ਲੈਣੀ ਚਾਹੀਦੀ ਹੈ।
ਇੱਕ ਟੂਰਿਸਟ ਬੋਟ 'ਤੇ ਬਤੌਰ ਫ਼ੋਟੋਗਰਾਫ਼ਰ ਕੰਮ ਕਰਨ ਵਾਲ਼ੇ 25 ਸਾਲਾ ਵਸੀਮ ਰਾਜਾ ਉਸੇ ਮੁਹੱਲੇ ਵਿੱਚ ਰਹਿੰਦੇ ਹਨ ਜਿੱਥੇ ਐੱਨਟੀਪੀਐੱਚਸੀ (ਜੋ ਅਸਲ ਵਿੱਚ ਕੂਲੀ ਮੁਹੱਲਾ ਹੈ, ਪਰ ਉਹਦੇ ਬੋਰਡ 'ਤੇ ਨਾਲ਼ ਵਾਲ਼ੇ ਇਲਾਕੇ ਦਾ ਨਾਮ ਹੈ) ਹੈ। ਵਸੀਮ ਕਹਿੰਦੇ ਹਨ ਕਿ ''ਇਹ ਕੇਂਦਰ ਸਿਰਫ਼ (ਪੋਲਿਓ) ਟੀਕਾਕਰਨ ਮੁਹਿੰਮ ਦੌਰਾਨ ਹੀ ਖੁੱਲ੍ਹਦਾ ਹੈ ਅਤੇ ਉਦੋਂ ਲਾਊਡਸਪੀਕਰ 'ਤੇ ਐਲਾਨ ਵੀ ਕੀਤਾ ਜਾਂਦਾ ਹੈ।'' ਉਹ ਅੱਗੇ ਕਹਿੰਦੇ ਹਨ,''ਜਦੋਂ ਵੀ ਲੋੜ ਪੈਂਦੀ ਸੀ, ਫ਼ਾਰਮਾਸਿਸਟ ਮੇਰੇ ਪਿਤਾ ਨੂੰ ਡ੍ਰਿਪ ਲਾਉਣ ਲਈ ਘਰ ਆ ਜਾਂਦੇ ਸਨ। ਪਰ ਜਦੋਂ ਸਾਨੂੰ ਇਸ ਡਿਸਪੈਂਸਰੀ ਦੀ ਸਭ ਤੋਂ ਵੱਧ ਲੋੜ ਪਈ ਤਾਂ ਇਹ ਬੰਦ ਹੋ ਗਈ। ਇਸ ਕਾਰਨ ਕਰਕੇ ਸਾਨੂੰ ਨਜ਼ੀਰ ਜਾਂ ਬਿਲਾਲ (ਦੂਸਰੇ ਕੈਮਿਸਟ-ਕਲੀਨਿਸ਼ਅਨ) ਦੇ ਕੋਲ਼ ਜਾਣਾ ਪਿਆ ਜਾਂ ਹਸਪਤਾਲ ਜਾਣ ਲਈ ਸੜਕ ਤੱਕ ਜਾਣ ਦਾ ਹੀਲਾ ਕਰਨਾ ਪਿਆ। ਇਸ ਸਭ ਵਿੱਚ ਕਾਫ਼ੀ ਸਮਾਂ ਲੱਗ ਜਾਂਦਾ ਹੈ ਅਤੇ ਕਿਸੇ ਸੰਕਟਕਾਲੀਨ ਹਾਲਤ ਦੌਰਾਨ ਇੰਝ ਕਰਨਾ ਮੁਸ਼ਕਲ ਹੁੰਦਾ ਹੈ।''
ਸ਼੍ਰੀਨਗਰ ਦੇ ਰੈਨਾਵਾਰੀ ਇਲਾਕੇ ਵਿੱਚ ਸਥਿਤ ਜਵਾਹਰਲਾਲ ਨਹਿਰੂ ਮੈਮੋਰੀਅਲ ਹਸਪਤਾਲ ਇੱਥੋਂ ਸਭ ਤੋਂ ਨੇੜੇ ਪੈਣ ਵਾਲ਼ਾ ਸਰਕਾਰੀ ਜਨਰਲ ਹਸਪਤਾਲ ਹੈ। ਹਸਪਤਾਲ ਤੱਕ ਪਹੁੰਚਣ ਲਈ ਪਹਿਲਾਂ ਕੂਲੀ ਮੁਹੱਲੇ ਦੇ ਬੁਲੇਵਾਰਡ ਰੋਡ ਤੱਕ 15 ਮਿੰਟ ਦੀ ਕਿਸ਼ਤੀ ਦੀ ਸਵਾਰੀ ਕਰਨੀ ਪੈਂਦੀ ਹੈ ਅਤੇ ਫਿਰ ਦੋ ਵਾਰ ਬੱਸ ਬਦਲਣੀ ਪੈਂਦੀ ਹੈ। ਇਸ ਤੋਂ ਇਲਾਵਾ, ਝੀਲ ਦੇ ਨਿਵਾਸੀਆਂ ਨੂੰ 40 ਮਿੰਟ ਦੀ ਕਿਸ਼ਤੀ ਦੀ ਸਵਾਰੀ ਕਰਕੇ ਇੱਕ ਦੂਜੇ ਨੂੰ ਮਿਲ਼ਣ ਜਾਣਾ ਪੈਂਦਾ ਹੈ ਅਤੇ ਫਿਰ ਉੱਥੋਂ ਹਸਪਤਾਲ ਪਹੁੰਚਣ ਵਾਸਤੇ ਕਰੀਬ 15 ਮਿੰਟ ਤੱਕ ਪੈਦਲ ਤੁਰਨਾ ਪੈਂਦਾ ਹੈ। ਕਸ਼ਮੀਰ ਦੀ ਕੜਾਕੇ ਦੀ ਠੰਡ ਵਾਲ਼ੇ ਲੰਬੇ ਮੌਸਮ ਵਿੱਚ ਇਹ ਸਫ਼ਲ ਖ਼ਾਸ ਤੌਰ 'ਤੇ ਮੁਸ਼ਕਲ ਹੋ ਨਿਬੜਦਾ ਹੈ।
ਕਦੇ-ਕਦਾਈਂ ਹੀ ਕੰਮ ਕਰਨ ਵਾਲ਼ੇ ਐੱਨਟੀਪੀਐੱਚਸੀ ਤੋਂ ਇਲਾਵਾ, 18-20 ਵਰਗ ਕਿਲੋਮੀਟਰ ਇਲਾਕੇ ਵਿੱਚ ਫ਼ੈਲੇ ਡਲ ਝੀਲ ਦੇ ਕਈ ਦੀਪਾਂ 'ਤੇ ਰਹਿਣ ਵਾਲ਼ੇ ਕਰੀਬ 50,000-60,000 ਲੋਕਾਂ ਵਾਸਤੇ, ਨੰਦਪੋਰਾ ਵਿੱਚ ਇਕੱਲੀ ਦੂਸਰੀ ਸਰਕਾਰੀ ਸਿਹਤ ਸੁਵਿਧਾਵਾਂ ਆਈਐੱਸਐੱਮ (ਦਵਾਈਆਂ ਦੀ ਭਾਰਤੀ ਪ੍ਰਣਾਲੀ) ਡਿਸਪੈਂਸਰੀ ਹੈ। ਇਹ ਵੱਡੀ ਝੀਲ ਦੇ ਦੂਸਰੇ ਪਾਸੇ ਹੈ ਅਤੇ ਉੱਥੇ ਵੀ ਸਿਹਤ ਕਰਮੀ ਹਮੇਸ਼ਾ ਮੌਜੂਦ ਨਹੀਂ ਹੁੰਦੇ। ਬੁਲੇਵਾਰਡ ਰੋਡ ਵਾਲ਼ੇ ਕੰਢੇ 'ਤੇ ਇੱਕ ਉੱਪ-ਕੇਂਦਰ ਹੈ (ਇਹ ਦੀਪਾਂ 'ਤੇ ਰਹਿਣ ਵਾਲ਼ੇ ਲੋਕਾਂ ਵਾਸਤੇ ਕੋਵਿਡ-19 ਦੀ ਵੈਕਸੀਨ ਲੈਣ ਅਤੇ ਕਰੋਨਾ ਟੈਸਟ ਕਰਵਾਉਣ ਲਈ ਸਭ ਤੋਂ ਨੇੜਲਾ ਸੈਂਟਰ ਹੈ)।
ਇਸਲਈ, ਝੀਲ ਦੇ ਨਿਵਾਸੀਆਂ ਲਈ, ਖ਼ਾਸ ਤੌਰ 'ਤੇ ਇਹਦੇ ਅੰਦਰੂਨੀ ਦੀਪਾਂ 'ਤੇ ਰਹਿਣ ਵਾਲ਼ਿਆਂ ਨੂੰ ਨਜ਼ੀਰ ਅਤੇ ਉਨ੍ਹਾਂ ਵਾਂਗਰ ਹੀ ਫ਼ਾਰਮੇਸੀ ਚਲਾਉਣ ਵਾਲ਼ੇ ਤਿੰਨ ਹੋਰ ਲੋਕ ਹੀ ਡਾਕਟਰ ਜਾਂ ਸਿਹਤ ਸਲਾਹਕਾਰ ਵਾਂਗਰ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ। ਇਨ੍ਹਾਂ ਦੁਆਰਾ ਦਿੱਤੀਆਂ ਜਾਣ ਵਾਲ਼ੀਆਂ ਸਿਹਤ ਸੇਵਾਵਾਂ ਹੀ ਇਲਾਕੇ ਦੇ ਨਿਵਾਸੀਆਂ ਵਾਸਤੇ ਅਸਾਨੀ ਨਾਲ਼ ਉਪਲਬਧ ਇਕੱਲੀ ਸਿਹਤ ਵਿਵਸਥਾ ਹੈ।
ਨਜ਼ੀਰ ਅਹਿਮਦ ਭਟ ਕਰੀਬ 50 ਸਾਲ ਦੇ ਹਨ ਅਤੇ ਲਗਭਗ 15-20 ਸਾਲਾਂ ਤੋਂ ਡਲ ਝੀਲ ਵਿੱਚ ਕੰਮ ਕਰ ਰਹੇ ਹਨ। ਉਹ ਆਪਣੀ ਦੁਕਾਨਨੁਮਾ ਕਲੀਨਿਕ ਵਿੱਚ ਸਵੇਰੇ 10 ਵਜੇ ਤੋਂ ਰਾਤੀਂ 10 ਵਜੇ ਤੱਕ ਮੌਜੂਦ ਰਹਿੰਦੇ ਹਨ ਅਤੇ ਦੁਪਹਿਰ ਨੂੰ ਇੱਕ ਬ੍ਰੇਕ ਲੈਂਦੇ ਹਨ। ਉਹ ਦੱਸਦੇ ਹਨ ਕਿ ਉਹ ਇੱਕ ਦਿਨ ਵਿੱਚ 15-20 ਮਰੀਜਾਂ ਨੂੰ ਦੇਖਦੇ ਹਨ, ਜਿਸ ਵਿੱਚ ਮੁੱਖ ਰੂਪ ਨਾਲ਼ ਮਾਮੂਲੀ ਬੁਖ਼ਾਰ ਅਤੇ ਖੰਘ, ਬਲੱਡ ਪ੍ਰੈਸ਼ਰ ਦੀ ਸਮੱਸਿਆ, ਸੱਟਾਂ ਅਤੇ ਮਾਮੂਲੀ ਜ਼ਖ਼ਮਾਂ ਦੀ ਸਫ਼ਾਈ ਅਤੇ ਪੱਟੀ ਵਗੈਰਾ ਕਰਾਉਣ ਵਾਸਤੇ ਲੋਕਾਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ। (ਨਜ਼ੀਰ ਆਪਣੀ ਮੈਡੀਕਲ ਜਾਂ ਫ਼ਾਰਮਾਸਿਸਟ ਹੋਣ ਨਾਲ਼ ਜੁੜੀ ਯੋਗਤਾ ਬਾਬਤ ਕੁਝ ਨਹੀਂ ਦੱਸਦੇ)। ਨਜ਼ੀਰ ਸਲਾਹ ਦੇਣ ਦੀ ਫ਼ੀਸ ਨਹੀਂ ਲੈਂਦੇ ਪਰ ਸੁਝਾਈ ਗਈ ਦਵਾਈ ਦੇ ਪੈਸੇ ਲੈਂਦੇ ਹਨ (ਅਤੇ ਇਹੀ ਉਨ੍ਹਾਂ ਦੀ ਆਮਦਨੀ ਦਾ ਵਸੀਲਾ ਹੈ) ਅਤੇ ਦਵਾਈਆਂ ਦਾ ਸਟਾਕ ਵੀ ਰੱਖਦੇ ਹਨ ਜਿਨ੍ਹਾਂ ਲੋਕਾਂ ਨੂੰ ਨਿਰੰਤਰ ਦਵਾਈ ਦੀ ਲੋੜ ਰਹਿੰਦੀ ਹੈ।
ਨੇੜੇ ਹੀ ਇੱਕ ਹੋਰ ਕੈਮਿਸਟ-ਕਲੀਨਿਕ ਵਿੱਚ ਸੈਲਾਨੀਆਂ ਨੂੰ ਚਮੜੇ ਦਾ ਸਮਾਨ ਵੇਚਣ ਵਾਲ਼ੇ 65 ਸਾਲਾ ਮੁਹੰਮਦ ਸਿਦੀਕ ਚਾਚੂ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰਵਾ ਰਹੇ ਹਨ। ਹਾਲ ਹੀ ਵਿੱਚ ਉਨ੍ਹਾਂ ਦੀ ਸ਼੍ਰੀਨਗਰ ਦੇ ਇੱਕ ਪ੍ਰਾਇਵੇਟ ਹਸਪਤਾਲ ਵਿੱਚ ਪਿੱਤਾ ਕੱਢਣ ਦਾ ਓਪਰੇਸ਼ਨ ਹੋਇਆ। ''ਡਿਸਪੈਂਸਰੀ (ਐੱਨਟੀਪੀਐੱਚਸੀ) ਬੇਕਾਰ ਹੈ। ਉੱਥੇ ਕੋਈ ਨਹੀਂ ਜਾਂਦਾ। ਅਸੀਂ ਇਨ੍ਹਾਂ ਕਲੀਨਿਕਾਂ 'ਤੇ ਆਉਣਾ ਪਸੰਦ ਕਰਦੇ ਹਾਂ ਕਿਉਂਕਿ ਉਹ ਨੇੜੇ ਹਨ ਅਤੇ ਦਵਾਈਆਂ ਵੀ ਸੌਖਿਆਂ ਹੀ ਮਿਲ਼ ਜਾਂਦੀਆਂ ਹਨ।''
ਚਾਚੂ ਜਿਹੜੇ ਕਲੀਨਿਕ 'ਤੇ ਗਏ ਹਨ ਉਹਨੂੰ ਬਿਲਾਲ ਅਹਿਮਦ ਭਟ ਚਲਾਉਂਦੇ ਹਨ। ਬਿਲਾਲਾ ਸ਼੍ਰੀਨਗਰ ਦੇ ਦੱਖਣੀ ਸਿਰੇ ਦੇ ਬਾਹਰੀ ਇਲਾਕੇ ਵੱਲ ਨੌਗਾਮ ਵਿਖੇ ਰਹਿੰਦੇ ਹਨ। ਜੰਮੂ ਅਤੇ ਕਸ਼ਮੀਰ ਫ਼ਾਰਮੇਸੀ ਕਾਊਂਸਿਲ ਦੁਆਰਾ ਦਿੱਤੇ ਗਏ ਆਪਣੇ ਸਰਟੀਫ਼ਿਕੇਟ ਨੂੰ ਕੱਢਦਿਆਂ ਉਹ ਮੈਨੂੰ ਕਹਿੰਦੇ ਹਨ ਕਿ ਉਹ ਇੱਕ ਲਾਈਸੈਂਸਸ਼ੁਦਾ ਕੈਮਿਸਟ ਅਤੇ ਡ੍ਰਗਿਸਟ ਹਨ।
ਉਨ੍ਹਾਂ ਦੀ ਦੁਕਾਨ ਜਿਸ ਵਿੱਚ ਪਲਾਈਵੁੱਡ ਦੀ ਅਲਮਾਰੀ ਵਿੱਚ ਦਵਾਈਆਂ ਟਿਕਾਈਆਂ ਹੋਈਆਂ ਹਨ ਅਤੇ ਮਰੀਜ਼ਾਂ ਦੇ ਲੰਮੇ ਪੈਣ ਵਾਸਤੇ ਇੱਕ ਬਿਸਤਰਾ ਵੀ ਰੱਖਿਆ ਹੋਇਆ ਹੈ, ਸਵੇਰੇ 11 ਵਜੇ ਤੋਂ ਸ਼ਾਮੀਂ 7 ਵਜੇ ਤੀਕਰ ਭਟ ਸਾਹਬ ਮਰੀਜ਼ਾਂ ਨੂੰ ਮਿਲ਼ਦੇ ਹਨ। ਉਹ ਦੱਸਦੇ ਹਨ ਕਿ ਇਸ ਦੌਰਾਨ ਉਹ ਕਰੀਬ 10 ਤੋਂ 25 ਮਰੀਜ਼ਾਂ ਨੂੰ ਦੇਖਦੇ ਹਨ, ਜਿਨ੍ਹਾਂ ਵਿੱਚੋਂ ਬਹੁਤੇਰੇ ਉਨ੍ਹਾਂ ਦੇ ਕੋਲ਼ ਛੋਟੀਆਂ-ਮੋਟੀਆਂ ਸਿਹਤ ਸਮੱਸਿਆਵਾਂ ਲੈ ਕੇ ਆਉਂਦੇ ਹਨ। ਬਿਲਾਲ ਵੀ ਦੇਖਣ ਦੀ ਫ਼ੀਸ ਨਹੀਂ ਲੈਂਦੇ ਸਿਰਫ਼ ਐੱਮਆਰਪੀ 'ਤੇ ਦਵਾਈਆਂ ਵੇਚਦੇ ਹਨ।
ਬਿਲਾਲ ਜ਼ੋਰ ਦੇ ਕੇ ਕਹਿੰਦੇ ਹਨ ਕਿ ਡਲ ਝੀਲ ਨੂੰ ਹਸਪਤਾਲ ਦੀ ਲੋੜ ਹੈ। ''ਇੱਥੇ ਘੱਟ ਤੋਂ ਘੱਟ ਇੱਕ ਜਨਾਨਾ ਰੋਗ ਮਾਹਰ, ਪ੍ਰਸਵ ਵਾਸਤੇ ਇੱਕ ਮਿਨੀ-ਹਸਪਤਾਲ ਤਾਂ ਹੋਣਾ ਹੀ ਚਾਹੀਦਾ ਹੈ ਜਿੱਥੇ ਔਰਤਾਂ ਨੂੰ ਲੋੜੀਂਦੀਆਂ ਸੇਵਾਵਾਂ ਮਿਲ਼ ਸਕਣ। ਇੱਥੇ ਮੈਡੀਕਲ ਜਾਂਚ ਦੀ ਕੋਈ ਸੁਵਿਧਾ ਨਹੀਂ ਹੈ। ਇੰਨੀ ਸੁਵਿਧਾ ਤਾਂ ਹੋਣੀ ਚਾਹੀਦੀ ਹੈ ਕਿ ਲੋਕ ਘੱਟ ਤੋਂ ਘੱਟ ਆਪਣੇ ਬਲੱਡ ਸ਼ੂਗਰ ਦੀ ਜਾਂਚ ਤਾਂ ਕਰਾ ਸਕਣ, ਆਪਣਾ ਸੀਬੀਸੀ ਟੈਸਟ ਕਰਾ ਸਕਣ। ਇੱਥੋਂ ਦੇ ਬਹੁਤੇਰੇ ਲੋਕ ਮਜ਼ਦੂਰ ਹਨ, ਗ਼ਰੀਬ ਹਨ। ਜੇਕਰ ਡਿਸਪੈਂਸਰੀ (ਐੱਨਟੀਪੀਐੱਚ) ਵਿੱਚ ਇਹ ਸੁਵਿਧਾਵਾਂ ਮਿਲ਼ਦੀਆਂ ਤਾਂ ਉਨ੍ਹਾਂ ਨੂੰ ਇੰਨੀ ਠੰਡ ਵਿੱਚ 5 ਰੁਪਏ ਦੀ ਗੋਲ਼ੀ ਲੈਣ ਲਈ ਮੇਰੇ ਤੱਕ ਨਾ ਆਉਣਾ ਪੈਂਦਾ।''
ਉਸ ਦਿਨ ਪਹਿਲਾਂ, ਬਿਲਾਲ ਨੂੰ ਕੂਲੀ ਮੁਹੱਲੇ ਵਿੱਚ ਆਪਣੇ ਘਰੇ ਇੱਕ ਕੈਂਸਰ ਰੋਗੀ ਦੀ ਜਾਂਚ ਕਰਨੀ ਪਈ ਸੀ। ਝੀਲ ਦੇ ਪੂਰਬੀ ਪਾਸੇ ਸਥਿਤ ਨਹਿਰੂ ਪਾਰਕ ਘਾਟ ਤੋਂ ਕਰੀਬ 10 ਕਿਲੋਮੀਟਰ ਦੂਰ, ਸ਼੍ਰੀਨਗਰ ਵਿੱਚ ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸੇਜ ਦਾ ਜ਼ਿਕਰ ਕਰਦਿਆਂ ਉਹ ਕਹਿੰਦੇ ਹਨ,''ਐੱਸਕੇਆਈਐੱਮਐੱਸ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਮੈਨੂੰ ਉਨ੍ਹਾਂ ਨੂੰ ਡ੍ਰਿਪ ਲਾਉਣੀ ਈ। ਮੈਨੂੰ ਓਨੀ ਦੇਰ ਵਾਸਤੇ ਦੁਕਾਨ ਬੰਦ ਕਰਨੀ ਪਈ। ਉਹ ਸ਼ਿਕਾਰਾ ਚਲਾਉਣ ਵਾਲ਼ਾ ਇੱਕ ਗ਼ਰੀਬ ਬੰਦਾ ਹੈ। ਮੈਂ ਉਸ ਤੋਂ ਪੈਸੇ ਨਹੀਂ ਲੈ ਸਕਦਾ ਸਾਂ।''
ਸ਼ਾਮ ਦੇ 4 ਵਜੇ ਐੱਨਟੀਪੀਐੱਚ ਦੇ ਬੰਦ ਹੋਣ 'ਤੇ ਝੀਲ 'ਤੇ ਰਹਿੰਦੇ ਲੋਕ ਕੈਮਿਸਟ-ਕਲੀਨਿਸ਼ਅਨਾਂ 'ਤੇ ਵੱਧ ਨਿਰਭਰ ਹੋ ਜਾਂਦੇ ਹਨ। ਬਿਲਾਲ ਕਹਿੰਦੇ ਹਨ,''ਜਦੋਂ ਮੈਂ ਆਪਣੇ ਘਰੇ ਹੁੰਦਾ ਹਾਂ ਤਾਂ ਮੈਨੂੰ ਰਾਤੀਂ ਫ਼ੋਨ ਆਉਂਦੇ ਹਨ।'' ਉਹ ਇੱਕ ਘਟਨਾ ਨੂੰ ਚੇਤਿਆਂ ਕਰਦੇ ਦੱਸਦੇ ਹਨ ਕਿ ਇੱਕ ਦਿਨ ਇੱਕ ਬਜ਼ੁਰਗ ਔਰਤ ਦੇ ਪਰਿਵਾਰ ਨੇ ਫ਼ੋਨ ਕੀਤਾ ਕਿ ਉਨ੍ਹਾਂ ਦਾ ਸਾਹ ਫੁਲ ਰਿਹਾ ਹੈ। ਸ਼੍ਰੀਨਗਰ ਦੇ ਇੱਕ ਹਸਪਤਾਲ ਵਿੱਚ ਉਨ੍ਹਾਂ ਦੀ ਸਰਜਰੀ ਹੋਈ ਸੀ ਅਤੇ ਉਨ੍ਹਾਂ ਨੂੰ ਸ਼ੂਗਰ ਅਤੇ ਦਿਲ ਨਾਲ਼ ਜੁੜੀਆਂ ਸਮੱਸਿਆਵਾਂ ਵੀ ਹਨ। ''ਜਦੋਂ ਉਨ੍ਹਾਂ ਨੇ ਅੱਧੀ ਰਾਤੀਂ ਮੈਨੂੰ ਫ਼ੋਨ ਕੀਤਾ ਤਾਂ ਮੈਨੂੰ ਕਾਰਡੀਏਕ ਅਰੈੱਸਟ ਹੋਏ ਹੋਣ ਦਾ ਖ਼ਦਸ਼ਾ ਹੋਇਆ ਅਤੇ ਉਨ੍ਹਾਂ ਨੂੰ ਫ਼ੌਰਨ ਹਸਪਤਾਲ ਜਾਣ ਦੀ ਸਲਾਹ ਦਿੱਤੀ। ਉਨ੍ਹਾਂ ਦੇ ਪਰਿਵਾਰ ਨੇ ਓਵੇਂ ਹੀ ਕੀਤਾ ਅਤੇ ਉੱਥੇ ਜਾ ਕੇ ਪਤਾ ਚੱਲਿਆ ਕਿ ਉਨ੍ਹਾਂ ਨੂੰ ਸਟ੍ਰੋਕ ਆਇਆ ਸੀ। ਵਢਭਾਗੀਂ ਉਹ ਬੱਚ ਗਈ।''
ਝੀਲ ਦੇ ਅੰਦਰੂਨੀ ਹਿੱਸਿਆਂ ਦੇ ਇਹ ਦੀਪਾਂ ਨਾ ਪ੍ਰੈੱਸ ਰਿਪੋਰਟਰਾਂ ਦੀ ਖ਼ਬਰਾਂ ਦਾ ਹਿੱਸਾ ਬਣਦੇ ਹਨ ਅਤੇ ਨਾ ਹੀ ਮਨੋਹਰ ਤਸਵੀਰਾਂ ਦਾ। ਸੋ ਸਮੱਸਿਆਵਾਂ ਹੋਰ ਵੱਧ ਜਾਂਦੀਆਂ ਹਨ। ਠੰਡ ਦੇ ਮਹੀਨਿਆਂ ਵਿੱਚ ਕਿਸ਼ਤੀਆਂ ਨੂੰ ਕੁਝ ਫੁੱਟ ਅੱਗੇ ਲੈ ਜਾਣ ਵਾਸਤੇ, ਬਰਫ਼ ਦੀ ਛੇ ਇੰਚ ਮੋਟੀ ਚਾਦਰ ਤੋੜਨੀ ਪੈਂਦੀ ਹੈ। ਗਰਮੀਆਂ ਵਿੱਚ ਜਿੰਨੇ ਸਫ਼ਰ ਵਾਸਤੇ 30 ਮਿੰਟ ਲੱਗਦੇ ਹਨ ਸਰਦੀਆਂ ਵਿੱਚ ਝੀਲ ਦੇ ਜੰਮਣ ਕਾਰਨ ਓਨੇ ਸਫ਼ਰ ਨੂੰ ਤਿੰਨ ਘੰਟਿਆਂ ਤੋਂ ਵੀ ਵੱਧ ਸਮਾਂ ਲੱਗ ਜਾਂਦਾ ਹੈ।
ਇਨ੍ਹਾਂ ਅੰਦਰੂਨੀ ਇਲਾਕਿਆਂ ਦੇ ਟਿੰਡ ਮੁਹੱਲੇ ਦੀ ਰਹਿਣ ਵਾਲ਼ੀ 24 ਸਾਲਾ ਹਦੀਸਾ ਭੱਟ ਕਹਿੰਦੀ ਹਨ,''ਸਾਨੂੰ ਇੱਕ ਅਜਿਹੀ ਸੁਵਿਧਾ ਦੀ ਲੋੜ ਹੈ ਜਿੱਥੇ ਦਿਨ ਅਤੇ ਰਾਤ ਵੇਲ਼ੇ ਡਾਕਟਰ ਮੌਜੂਦ ਹੋਣ। ਦਿਨ ਨੂੰ ਜਾਂ ਦੇਰ ਸ਼ਾਮੀਂ ਤਾਂ ਅਸੀਂ ਨਜ਼ੀਰ ਦੇ ਕਲੀਨਿਕ ਜਾਂਦੇ ਹਾਂ ਪਰ ਜੇ ਰਾਤੀਂ ਕੋਈ ਬੀਮਾਰ ਪੈ ਜਾਂਦਾ ਹੈ ਤਾਂ ਬੇੜੀ ਨੂੰ ਚੱਪੂਆਂ ਸਹਾਰੇ ਚਲਾ ਚਲਾ ਕੇ ਰੈਨਾਵਾੜੀ ਜਾਣਾ ਪੈਂਦਾ ਹੈ।'' ਹਦੀਸਾ ਗ੍ਰਹਿਣੀ ਹਨ ਅਤੇ ਉਨ੍ਹਾਂ ਦੇ ਚਾਰ ਭਰਾ ਹਨ ਅਤੇ ਸਾਰੇ ਭਰਾ ਮੌਸਮ ਦੇ ਹਿਸਾਬ ਨਾਲ਼ ਕਦੇ ਕਿਸਾਨੀਂ ਕਰਦੇ ਹਨ ਅਤੇ ਕਦੇ ਸ਼ਿਕਾਰਾ ਚਲਾਉਂਦੇ ਹਨ। ਹਦੀਸਾ ਕਹਿੰਦੀ ਹਨ,''ਇੱਕ ਬਾਲਗ਼ ਇਨਸਾਨ ਪੂਰੀ ਰਾਤ ਉਡੀਕ ਵੀ ਕਰ ਸਕਦਾ ਹੈ, ਪਰ ਇੱਕ ਬੱਚਾ ਨਹੀਂ ਕਰ ਸਕਦਾ।''
ਮਾਰਚ 2021 ਵਿੱਚ, ਜਦੋਂ ਉਨ੍ਹਾਂ ਦੀ ਮਾਂ ਡਿੱਗ ਗਈ ਸਨ ਅਤੇ ਹੱਡੀ ਵਿੱਚ ਸੱਟ ਵੱਜੀ ਸੀ ਤਾਂ ਉਨ੍ਹਾੰ ਨੂੰ ਨਹਿਰੂ ਪਾਰਕ ਦੇ ਕਰੀਬ 8 ਕਿਲੋਮੀਟਰ ਦੂਰ ਦੱਖਣ ਸ਼੍ਰੀਨਗ ਵਿੱਚ ਸਥਿਤ ਬਰਜੁੱਲਾ ਵਿੱਚ ਹੱਡੀ ਅਤੇ ਜੋੜਾਂ ਦੇ ਸਰਕਾਰੀ ਹਸਪਤਾਲ ਲਿਜਾਣਾ ਪਿਆ ਸੀ। ਹਦੀਸਾ ਦੇ ਭਰਾ ਆਬਿਦ ਹੁਸੈਨ ਭਟ ਕਹਿੰਦੇ ਹਨ,''ਹਾਲਾਂਕਿ ਉਨ੍ਹਾਂ ਦੀ ਸੱਟ ਕੋਈ ਬਹੁਤੀ ਡੂੰਘੀ ਨਹੀਂ ਸੀ ਪਰ ਉੱਥੇ ਪੁੱਜਣ ਵਿੱਚ ਹੀ ਸਾਨੂੰ ਦੋ ਘੰਟੇ (ਆਟੋਰਿਕਸ਼ਾ ਅਤੇ ਟੈਕਸੀ ਰਾਹਂ) ਲੱਗੇ। ਬਾਅਦ ਵਿੱਚ ਅਸੀਂ ਹਸਪਤਾਲ ਦੇ ਦੋ ਹੋਰ ਚੱਕਰ ਲਾਏ ਕਿਉਂਕਿ ਆਸ-ਪਾਸ ਕੋਈ ਅਜਿਹੀ ਸੁਵਿਧਾ ਮੌਜੂਦ ਹੀ ਨਹੀਂ ਸੀ ਜਿੱਥੇ ਉਨ੍ਹਾਂ ਦਾ ਇਲਾਜ ਕਰਾਇਆ ਜਾ ਸਕਦਾ।''
ਦਸੰਬਰ 2020 ਵਿੱਚ, ਇੱਕ ਹਾਊਸਬੋਟ ਦੇ ਮਾਲਕ ਤਾਰਿਕ ਅਹਿਮਦ ਪਤਲੂ ਨੇ ਲੋਕਾਂ ਦੇ ਹਸਪਤਾਲ ਲਿਜਾਣ ਦੀ ਸਮੱਸਿਆ ਦਾ ਹੱਲ ਕੱਢਣ ਵਾਸਤੇ, ਇੱਕ ਸ਼ਿਕਾਰੇ ਨੂੰ ਐਂਬੂਲੈਂਸ ਵਿੱਚ ਬਦਲ ਦਿੱਤਾ। ਉਸ ਸਮੇਂ ਦੀ ਮੀਡਿਆ ਰਿਪੋਰਟ ਵਿੱਚ ਦੱਸਿਆ ਗਿਆ ਕਿ ਇੰਝ ਕਰਨ ਮਗਰ ਉਨ੍ਹਾਂ ਦੀ ਚਾਚੀ ਨੂੰ ਪਿਆ ਦਿਲ ਦਾ ਦੌਰਾ ਅਤੇ ਉਨ੍ਹਾਂ ਦਾ ਆਪਣਾ ਕੋਵਿਡ-19 ਸੰਕਰਮਣ ਹੈ। ਉਨ੍ਹਾਂ ਨੂੰ ਇੱਕ ਟ੍ਰਸਟ ਤੋਂ ਆਰਥਿਕ ਮਦਦ ਮਿਲ਼ੀ ਹੈ ਅਤੇ ਐਂਬੂਲੈਂਸ ਵਿੱਚ ਹੁਣ ਇੱਕ ਸਟ੍ਰੈਚਰ, ਇੱਕ ਵ੍ਹੀਲਚੇਅਰ, ਇੱਕ ਆਕਸੀਜਨ ਸਿਲੰਡਰ, ਪ੍ਰਾਇਮਰੀ ਮੈਡੀਕਲ ਕਿਟ, ਮਾਸਕ, ਗਲੁਕੋਮੀਟਰ ਅਤੇ ਇੱਕ ਬਲੱਡ ਪ੍ਰੈਸ਼ਰ ਮੌਨੀਟਰ ਵੀ ਹੈ। 50 ਸਾਲਾ ਪਤਲੂ ਦਾ ਕਹਿਣਾ ਹੈ ਕਿ ਉਹ ਛੇਤੀ ਹੀ ਪੈਰਾਮੈਡਿਕ ਅਤੇ ਇੱਕ ਡਾਕਟਰ ਨੂੰ ਆਪਣੇ ਨਾਲ਼ ਲਿਆਉਣ ਦੀ ਉਮੀਦ ਕਰ ਰਹੇ ਹਾਂ। ਉਨ੍ਹਾਂ ਦਾ ਅੰਦਾਜ਼ਾ ਹੈ ਕਿ ਐਂਬੂਲੈਂਸ ਹੁਣ ਤੱਕ 30 ਮਰੀਜ਼ਾਂ ਨੂੰ ਹਸਪਤਾਲ ਲਿਜਾ ਚੁੱਕੀ ਹੈ ਅਤੇ ਝੀਲ ਤੋਂ ਪਾਰ ਲਾਸ਼ਾਂ ਨੂੰ ਲਿਜਾਣ ਵਿੱਚ ਵੀ ਮਦਦ ਕੀਤੀ ਹੈ।
ਸ਼੍ਰੀਨਗਰ ਦੇ ਸਿਹਤ ਵਿਭਾਗ ਵੀ ਸੰਘਰਸ਼ ਕਰ ਰਿਹਾ ਹੈ। ਡਲ ਝੀਲ ਵਿੱਚ ਸੁਵਿਧਾਵਾਂ ਬਾਰੇ ਪੁੱਛੇ ਜਾਣ 'ਤੇ, ਇੱਕ ਸੀਨੀਅਰ ਅਧਿਕਾਰੀ ਨੇ ਸ਼੍ਰੀਨਗਰ ਦੇ ਖਾਨਯਾਰ ਵਿਖੇ ਸਥਿਤ ਆਪਣੇ ਹਸਪਤਾਲ ਵਿੱਚ ਕਰਮਚਾਰੀਆਂ ਦੀ ਕਮੀ ਦਾ ਹਾਲ ਦੱਸਿਆ। ਉਹ ਕਹਿੰਦੇ ਹਨ, ਮਾਰਚ 2020 ਵਿੱਚ ਜ਼ਿਲ੍ਹਾ ਹਸਪਤਾਲ (ਰੈਨਾਵਾੜੀ ਦਾ ਜਵਾਹਰਲਾਲ ਨਹਿਰੂ ਮੈਮੋਰੀਅਲ ਹਸਪਤਾਲ) ਨੂੰ ਕੋਵਿਡ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਪਰ ਇਸ ਕਾਰਨ ਕਰਕੇ ਕਈ ਗ਼ੈਰ-ਕੋਵਿਡ ਮਰੀਜ਼ ਵੀ ਉੱਥੇ ਆਉਣ ਲੱਗੇ, ਜਿਸ ਕਾਰਨ ਮਰੀਜ਼ਾਂ ਦੀ ਗਿਣਤੀ ਵਿੱਚ ਭਾਰਾ ਵਾਧਾ ਹੋਇਆ। ਇੰਨੇ ਸਾਰੇ ਲੋਕਾਂ ਨੂੰ ਸੰਭਾਲ਼ਣ ਲਈ ਵਾਧੂ ਕਰਮਚਾਰੀ ਵੀ ਨਹੀਂ ਦਿੱਤੇ ਗਏ ਸਨ। ਉਨ੍ਹਾਂ ਨੇ ਇਸ ਸਾਲ ਜਨਵਰੀ ਵਿੱਚ ਦੱਸਿਆ ਸੀ,''ਜੇਕਰ ਇਕ ਸਧਾਰਣ ਦਿਨ 300 ਮਰੀਜ਼ ਆਉਂਦੇ ਸਨ ਤਾਂ ਹੁਣ ਸਾਡੇ ਕੋਲ਼ 800-900 ਮਰੀਜ਼ ਰੋਜ਼ ਆਉਂਦੇ ਹਨ, ਇੱਥੋਂ ਤੱਕ ਕਿ ਕਦੀ ਕਦੀ 1,500 ਵੀ ਆ ਜਾਂਦੇ ਹਨ।''
ਅਧਿਕਾਰੀ ਦਾ ਕਹਿਣਾ ਹੈ ਕਿ ਝੀਲ ਦੇ ਨਿਵਾਸੀਆਂ ਦੀਆਂ ਛੋਟੀਆਂ ਲੋੜਾਂ ਦੇ ਮੁਕਾਬਲੇ ਉਨ੍ਹਾਂ ਦੀਆਂ ਵੱਡੀਆਂ ਬੀਮਾਰੀਆਂ ਨੂੰ ਤਰਜੀਹ ਦੇਣ ਵਾਸਤੇ, ਐੱਨਟੀਪੀਐੱਚਸੀ ਅਤੇ ਉਪ-ਕੇਂਦਰਾਂ ਦੇ ਕਰਮਚਾਰੀਆਂ ਨੂੰ ਲਗਾਤਾਰ ਰਾਤ ਦੀ ਡਿਊਟੀ ਕਰਨ ਵਾਸਤੇ ਬੁਲਾਇਆ ਜਾ ਰਿਹਾ ਹੈ। ਇਸੇ ਕਾਰਨ ਕਰਕੇ ਕੂਲੀ ਮੁਹੱਲਾ ਵਿੱਚ ਐੱਨਟੀਪੀਐੱਚਸੀ ਦੇ ਫ਼ਾਰਮਾਸਿਸਟ ਅਕਸਰ ਗਾਇਬ ਹੀ ਰਹਿੰਦੇ ਹਨ। ਸਾਰੇ ਐੱਫ਼ਐੱਮਪੀਐੱਚਡਬਲਿਊ, ਸਿਹਤ ਕੇਂਦਰਾਂ ਵਿੱਚ ਆਪਣੇ ਕੰਮ ਤੋਂ ਇਲਾਵਾ, ਕੋਵਿਡ-19 ਦੌਰਾਨ ਸੰਕ੍ਰਮਣ ਦੇ ਸ਼ੱਕੀਆਂ ਦਾ ਪਤਾ ਲਾਉਣ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਹਨ ਅਤੇ ਉਹ ਜ਼ਿੰਮੇਦਾਰੀ ਤੋਂ ਵੱਧ ਕੇ ਹੀ ਕੰਮ ਕਰ ਰਹੇ ਹਨ।
ਕੂਲੀ ਮੁਹੱਲਾ ਦੇ ਐੱਨਟੀਪੀਐੱਚਸੀ ਵਿੱਚ 10 ਸਾਲ ਤੋਂ ਵੱਧ ਕੰਮ ਕਰ ਚੁੱਕੇ, 50 ਸਾਲਾ ਫ਼ਾਰਮਾਸਿਸਟ ਇਫ਼ਤਾਖਾਰ ਅਹਿਮਦ ਵਫ਼ਾਈ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਹੀਨੇ ਵਿੱਚ ਪੰਜ ਵਾਰੀ ਖਾਨਯਾਰ ਦੇ ਹਸਪਤਾਲ ਵਿੱਚ ਰਾਤ ਦੀ ਡਿਊਟੀ ਲਈ ਬੁਲਾਇਆ ਜਾਂਦਾ ਹੈ ਅਤੇ ਇਸਲਈ ਉਹ ਅਗਲੀ ਸਵੇਰ ਐੱਨਟੀਪੀਐੱਚਸੀ ਵਿੱਚ ਰਿਪੋਰਟ ਨਹੀਂ ਕਰ ਪਾਉਂਦੇ। ਉਹ ਕਹਿੰਦੇ ਹਨ,''ਸਾਨੂੰ ਇਹਦੇ ਲਈ ਅੱਡ ਤੋਂ ਪੈਸੇ ਨਹੀਂ ਦਿੱਤੇ ਜਾਂਦੇ, ਪਰ ਅਸੀਂ ਇਹ ਕੰਮ ਕਰਦੇ ਹਾਂ। ਅਸੀਂ ਜਾਣਦੇ ਹਾਂ ਕਿ ਹਰ ਸਿਹਤ ਕੇਂਦਰ ਵਿਖੇ ਕਰਮੀਆਂ ਦੀ ਘਾਟ ਹੈ ਅਤੇ ਇਸ ਮਹਾਂਮਾਰੀ ਕਾਰਨ ਕਰਕੇ ਸਾਰੀਆਂ ਹੱਦਾਂ ਪਾਰ ਹੋ ਚੁੱਕੀਆਂ ਹਨ।''
ਉਨ੍ਹਾਂ ਦਾ ਕਹਿਣਾ ਹੈ ਕਿ ਐੱਨਟੀਪੀਐੱਚਸੀ ਨੂੰ ਕਰੀਬ ਤਿੰਨ ਸਾਲ ਤੋਂ ਡਾਕਟਰ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਕਰਮਚਾਰੀਆਂ ਦੀ ਕਿੱਲਤ ਦੇ ਮੁੱਦੇ ਨੂੰ ਵੀ ਚੁੱਕਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਨ੍ਹਾਂ ਨੂੰ 'ਕੰਮ ਸਾਰਨ' ਲਈ ਕਿਹਾ ਗਿਆ। ਵਫ਼ਾਈ ਦੱਸਦੇ ਹਨ ਕਿ ਉਹ ਆਪਣੀ ਨੌਕਰੀ ਤਹਿਤ ਕੀ ਨਹੀਂ ਕਰਦੇ, ''ਮੈਂ ਖ਼ੁਦ ਹੀ ਸਿਹਤ ਕੇਂਦਰ ਦੀ ਸਫ਼ਾਈ ਕਰਦਾ ਹਾਂ। ਮੈਂ ਕਦੇ-ਕਦੇ ਮਰੀਜ਼ਾਂ ਨੂੰ ਇੰਜੈਕਸ਼ਨ ਵੀ ਲਾਉਂਦਾ ਹਾਂ। ਕਦੇ-ਕਦੇ ਜਦੋਂ ਲੋਕ ਜ਼ੋਰ ਦੇਣ ਲੱਗਦੇ ਨ ਤਾਂ ਮੈਂ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਜਾਂਚਦਾ ਹਾਂ। ਪਰ, ਇੱਕ ਮਰੀਜ਼ ਸਮਝ ਨਹੀਂ ਪਾਉਂਦਾ ਕਿ ਇਹ ਕੰਮ ਮੇਰੀ ਨੌਕਰੀ ਦਾ ਹਿੱਸਾ ਹੈ ਹੀ ਨਹੀਂ ਅਤੇ ਤੁਸੀਂ ਵੀ ਕਿਸੇ ਵੀ ਹੀਲੇ ਉਹਦੀ ਮਦਦ ਕਰਨਾ ਹੀ ਚਾਹੁੰਦੇ ਹੋ।''
ਜਦੋਂ ਸਿਹਤ ਕੇਂਦਰ ਵਿਖੇ ਵਫ਼ਾਈ ਮੌਜੂਦ ਨਹੀਂ ਹੁੰਦੇ ਤਾਂ ਡਲ ਝੀਲ ਵਿੱਚ ਰਹਿਣ ਵਾਲ਼ੇ ਲੋਕ ਬੰਦ ਪਏ ਐੱਨਟੀਪੀਐੱਚਸੀ ਦੀ ਬਜਾਇ ਕੈਮਿਸਟ-ਕਲੀਨਿਕ ਜਾਂਦੇ ਹਨ, ਜਿੱਥੇ ਸਭ ਤੋਂ ਜ਼ਿਆਦਾ ਮੁਸ਼ਕਲ ਵੇਲ਼ੇ ਉਨ੍ਹਾਂ ਦੀ ਮਦਦ ਕੀਤੀ ਜਾਂਦੀ ਹੈ।
ਤਰਜਮਾ: ਕਮਲਜੀਤ ਕੌਰ