ਤਨੂਬਾਈ ਗੋਵਿਲਕਰ ਦੇ ਇਸ ਪਾਠ ਵਿੱਚ ਗ਼ਲਤੀ ਸੋਧਣ ਦੀ ਕੋਈ ਗੁਜਾਇੰਸ਼ ਨਹੀਂ। ਹੱਥੀਂ ਸਿਊਤੇ ਜਾ ਰਹੇ ਇਨ੍ਹਾਂ ਮਹੀਨ ਤੋਪਿਆਂ ਵਿੱਚੋਂ ਕਿਸੇ ਇੱਕ ਤੋਪੇ ਨੂੰ ਸੋਧਣ ਦਾ ਮਤਲਬ ਹੋਇਆ 97,800 ਟਾਂਕਿਆਂ ਦੇ ਪੂਰੇ ਦੇ ਪੂਰੇ ਜਾਲ਼ ਨੂੰ ਉਧੇੜਨਾ ਅਤੇ ਦੋਬਾਰਾ ਸ਼ੁਰੂ ਕਰਨਾ।
''ਜੇ ਤੁਸੀਂ ਇੱਕ ਵੀ ਗ਼ਲਤੀ ਕਰਦੇ ਹੋ ਤਾਂ ਵਾਕਲ (ਰਜ਼ਾਈ) ਨੂੰ ਦੋਬਾਰਾ ਠੀਕ ਨਹੀਂ ਕਰ ਸਕਦੇ,'' ਆਪਣੀ ਕਲਾ ਵਿੱਚ ਇਸ ਮੁਹਾਰਤ ਦੇ (ਹੁਨਰਮੰਦਗੀ) ਲਾਜ਼ਮੀ ਹੋਣ ਬਾਰੇ ਗੱਲ ਕਰਦਿਆਂ 74 ਸਾਲਾ ਬਜ਼ੁਰਗ ਕਹਿੰਦੀ ਹਨ। ਹਾਲਾਂਕਿ, ਉਹ ਅਜਿਹੀ ਇੱਕ ਵੀ ਔਰਤ ਬਾਰੇ ਦੱਸ ਨਹੀਂ ਸਕੀ ਜਿਹਨੂੰ ਵਾਕਲ ਨੂੰ ਦਰੁੱਸਤ ਕਰਨ ਲਈ ਤੋਪਿਆਂ ਨੂੰ ਉਧੇੜਨਾ ਪਿਆ ਹੋਵੇ। ''ਏਕਦਾ ਸ਼ਿਕਲਾ ਕੀ ਚੂਕ ਹੋਤ ਨਾਹੀ (ਇੱਕ ਵਾਰ ਇਹ ਕਲਾ ਸਿੱਖਣ ਤੋਂ ਬਾਅਦ, ਗ਼ਲਤੀ ਦੀ ਕੋਈ ਗੁਜਾਇਸ਼ ਰਹਿੰਦੀ ਹੀ ਨਹੀਂ),'' ਮੁਸਕਰਾ ਕੇ ਉਹ ਕਹਿੰਦੀ ਹਨ।
ਆਪਣੇ ਚੇਤਿਆਂ ਵਿੱਚ ਕਦੇ ਵੀ ਉਨ੍ਹਾਂ ਨੇ ਇੰਨੀ ਸੂਖ਼ਮ ਕਲਾ ਸਿੱਖਣ ਬਾਰੇ ਨਹੀਂ ਸੋਚਿਆ ਸੀ। ਜ਼ਿੰਦਗੀ ਜਦੋਂ ਉਨ੍ਹਾਂ ਦੇ ਵਜੂਦ 'ਤੇ ਸਵਾਲ ਦਾਗ਼ਣ ਲੱਗੀ ਤਾਂ ਉਨ੍ਹਾਂ ਨੂੰ ਸੂਈ ਚੁੱਕਣੀ ਪਈ। ''ਪੋਟਾਨੇ ਸ਼ਿਕਾਵਲਾ ਮਾਲਾ (ਗ਼ਰੀਬੀ ਨੇ ਮੈਨੂੰ ਕਲਾ ਸਿਖਾਈ),'' ਆਪਣੇ ਜੀਵਨ ਦੇ ਸ਼ੁਰੂਆਤੀ ਦਹਾਕਿਆਂ ਨੂੰ ਚੇਤੇ ਕਰਦਿਆਂ ਉਹ ਬੜੀ ਦ੍ਰਿੜਤਾ ਨਾਲ਼ ਕਹਿੰਦੀ ਹਨ, ਜਦੋਂ ਉਹ ਮਹਿਜ 15 ਸਾਲ ਦੀ ਉਮਰੇ ਦੁਲਹਨ ਬਣੀ ਸਨ।
''ਜੋ ਸਮਾਂ ਬੱਚੇ ਦੇ ਸਕੂਲ ਜਾਣ ਦਾ ਹੁੰਦਾ ਹੈ, ਉਦੋਂ ਮੇਰੇ ਹੱਥਾਂ ਵਿੱਚ ਪੈਨ ਅਤੇ ਪੈਨਸਿਲ ਦੀ ਬਜਾਇ ਵਿੱਚ ਦਾਤੀ ਅਤੇ ਸੂਈ ਆ ਗਈ। ਦੱਸੋ ਮੈਂ ਸਕੂਲ ਜਾਂਦੀ ਜਾਂ ਢਿੱਡ ਪਾਲਣ ਲਈ ਇਹ ਹੁਨਰ ਸਿੱਖਦੀ?'' ਤਨੂਬਾਈ ਪੁੱਛਦੀ ਹਨ, ਉਨ੍ਹਾਂ ਨੂੰ ਪਿਆਰ ਨਾਲ਼ ਆਜੀ (ਦਾਦੀ) ਵਿੱਚ ਕਿਹਾ ਜਾਂਦਾ ਹੈ।





















