ਸਾਡੇ ਸਮਿਆਂ ਵਿੱਚ ਜਦੋਂ ਅੱਤਿਆਚਾਰ, ਯੁੱਧ ਅਤੇ ਖ਼ੂਨ-ਖ਼ਰਾਬਾ ਆਪਣੇ ਪੈਰ ਪਸਾਰ ਰਿਹਾ ਹੈ, ਅਸੀਂ ਅਕਸਰ ਵਿਸ਼ਵ-ਸ਼ਾਂਤੀ ਨੂੰ ਲੈ ਕੇ ਸਵਾਲ ਚੁੱਕੇ ਹਨ। ਪਰ ਮੁਕਾਬਲੇ, ਲਾਲਚ, ਵੈਰ, ਨਫ਼ਰਤ ਅਤੇ ਹਿੰਸਾ ਅਧਾਰਤ ਇਹ ਸੱਭਿਆਤਾਵਾਂ ਇਸ ਸਭ ਕਾਸੇ ਦੀ ਕਲਪਨਾ ਵੀ ਕਿਵੇਂ ਕਰ ਸਕਦੀਆਂ ਹਨ? ਅਸੀਂ ਜਿਹੜੀਆਂ ਥਾਵਾਂ ਤੋਂ ਆਉਂਦੇ ਹਨ ਉੱਥੇ ਇਸ ਕਿਸਮ ਦਾ ਸੱਭਿਆਚਾਰ ਨਹੀਂ ਹੁੰਦਾ। ਸਾਡੇ ਆਦਿਵਾਸੀਆਂ ਦੀ ਸੱਭਿਆਚਾਰ ਨੂੰ ਲੈ ਕੇ ਆਪਣੀ ਹੀ ਸਮਝ ਹੈ। ਅਸੀਂ ਉਸ ਪੜ੍ਹਾਈ ਵਿੱਚ ਯਕੀਨ ਨਹੀਂ ਕਰਦੇ ਜਿੱਥੇ ਰਾਤ ਵੇਲ਼ੇ ਪੜ੍ਹੇ-ਲਿਖੇ ਲੋਕ ਚੁੱਪ-ਚਾਪ ਆਪਣੇ ਘਰਾਂ ਵਿੱਚੋਂ ਨਿਕਲ਼ਣ ਤੇ ਬਾਹਰ ਆਣ ਕੇ ਗੰਦ ਖਲਾਰਨ ਅਤੇ ਅਨਪੜ੍ਹ ਬੰਦਾ ਅਗਲੀ ਸਵੇਰੇ ਉੱਠੇ ਅਤੇ ਉਸ ਗੰਦ ਨੂੰ ਸਾਫ਼ ਕਰੇ। ਅਸੀਂ ਅਜਿਹੀ ਕਿਸੇ ਸੱਭਿਅਤਾ ਨੂੰ ਸੱਭਿਅਤਾ ਹੀ ਨਹੀਂ ਮੰਨਦੇ ਜੋ ਕਿਸੇ ਵੀ ਹੋਰ ਸੱਭਿਅਤਾ ਨੂੰ ਆਤਮਸਾਤ ਕਰਨ ਤੋਂ ਇਨਕਾਰੀ ਹੋਵੇ। ਅਸੀਂ ਨਦੀ ਕੰਢੇ ਜੰਗਲ-ਪਾਣੀ ਨਹੀਂ ਜਾਂਦੇ। ਅਸੀਂ ਰੁੱਖਾਂ ਤੋਂ ਕੱਚੇ ਫਲਾਂ ਨੂੰ ਨਹੀਂ ਤੋੜਦੇ। ਜਦੋਂ ਹੋਲੀ ਨੇੜੇ ਹੁੰਦੀ ਹੈ ਤਾਂ ਜ਼ਮੀਨ ਵਾਹੁਣੀ ਬੰਦ ਕਰ ਦਿੰਦੇ ਹਾਂ। ਅਸੀਂ ਆਪਣੀ ਜ਼ਮੀਨ ਦਾ ਲਹੂ ਨਹੀਂ ਚੂਸਦੇ ਤੇ ਨਾ ਹੀ ਅਸੀਂ ਆਪਣੀ ਜ਼ਮੀਨ ਤੋਂ ਸਾਰਾ ਸਾਲ ਬੇਰੋਕ ਪੈਦਾਵਾਰ ਮਿਲ਼ਣ ਦੀ ਉਮੀਦ ਹੀ ਕਰਦੇ ਹਾਂ। ਅਸੀਂ ਉਹਨੂੰ ਸਾਹ ਲੈਣ ਦਾ ਸਮਾਂ ਦਿੰਦੇ ਹਾਂ ਤਾਂ ਕਿ ਉਹ ਖ਼ੁਦ ਨੂੰ ਤਰੋ-ਤਾਜ਼ਾ ਕਰ ਸਕੇ। ਅਸੀਂ ਕੁਦਰਤ ਦਾ ਵੀ ਓਨਾ ਹੀ ਸਨਮਾਨ ਕਰਦੇ ਹਾਂ ਜਿੰਨਾ ਕਿ ਇਨਸਾਨਾਂ ਦਾ।
ਇਸੇ ਲਈ ਤਾਂ ਜੰਗਲ ‘ ਚੋਂ ਵਾਪਸ ਨਹੀਂ ਆਏ ਅਸੀਂ
ਸਾਡੇ ਪੁਰਖਿਆਂ ਨੂੰ ਤੁਸਾਂ
ਲਕਸ਼ਾਗ੍ਰਹਿ ‘ਚ ਸਾੜ ਸੁੱਟਿਆ
ਕਈਆਂ ਦੇ ਕੱਟ ਲਏ ਅੰਗੂਠੇ
ਕਿਤੇ ਭਰਾ ਹੱਥੋਂ ਭਰਾ ਮਰਵਾ ਸੁੱਟਿਆ
ਕਈਆਂ ਹੱਥੋਂ ਆਪਣੇ ਹੀ ਘਰ ਫੁਕਵਾਏ
ਇਹੀ ਆ ਤੇਰੀ ਖ਼ੂਨੀ ਸੱਭਿਅਤਾ ਦਾ ਡਰਾਉਣਾ ਰੂਪ
ਇਸੇ ਲਈ ਤਾਂ ਜੰਗਲ ‘ਚੋਂ ਵਾਪਸ ਨਹੀਂ ਆਏ ਅਸੀਂ
ਪੀਲ਼ਾ ਪੱਤਾ ਸਹਿਜੇ ਝੜ ਜਿਓਂ
ਰਲ਼ ਮਿੱਟੀ ਨਾਲ਼ ਮਿੱਟੀ ਹੁੰਦਾ
ਇਹੀ ਤਾਂ ਮੌਤ ਦਾ ਸਿਧਾਂਤ ਏ
ਦੇਵਤਿਆਂ ਨੂੰ ਅਸਮਾਨੀਂ ਨਾ ਲੱਭੀਏ ਅਸੀਂ
ਉਹ ਤਾਂ ਨੇ ਕੁਦਰਤ ਦੇ ਹੀ ਵੱਖਰੇ ਰੂਪ
ਨਿਰਜੀਵ ਦੀ ਕਲਪਨਾ ਮੰਨੀਏ ਵਿਅਰਥ ਅਸੀਂ
ਜੋ ਹੈ ਬੱਸ ਕੁਦਰਤ ਹੀ ਹੈ ਸਵਰਗ ਵੀ ਜਾਨ ਵੀ
ਕੁਦਰਤ ਦੀ ਬੇਅਦਬੀ ਨਰਕ ਮੰਨੀਏ ਅਸੀਂ
ਅਜ਼ਾਦੀ ਸਾਡੇ ਜੀਵਨ ਦਾ ਧਰਮ ਹੈ
ਤੂੰ ਗੁਲਾਮੀ ਦੇ ਜਾਲ਼ ਨੂੰ ਧਰਮ ਕਹਿ ਦਿੱਤਾ
ਇਹੀ ਆ ਤੇਰੀ ਖ਼ੂਨੀ ਸੱਭਿਅਤਾ ਦਾ ਡਰਾਉਣਾ ਰੂਪ
ਇਸੇ ਲਈ ਤਾਂ ਜੰਗਲ ‘ਚੋਂ ਵਾਪਸ ਨਹੀਂ ਆਏ ਅਸੀਂ
ਅਸੀਂ ਹਾਂ ਧਰਤੀ ਮਾਂ ਦੇ ਸੈਨਿਕ, ਸਾਹਬ
ਆਪਣੇ ਵਜੂਦ ਲਈ ਹੀ ਨਾ ਬਚਾਈਏ ਆਪੇ ਨੂੰ
ਜਲ, ਜੰਗਲ, ਜ਼ਮੀਨ, ਜਨ, ਜਾਨਵਰ
ਨੇ ਸਾਡੇ ਵਜੂਦ ਦੀਆਂ ਜੜ੍ਹਾਂ, ਸਾਹਬ
ਤੂੰ ਸਾਡੇ ਪੁਰਖਿਆਂ ਨੂੰ
ਤੋਪ ਮੂਹਰੇ ਬੰਨ੍ਹ ਉਡਾ ਦਿੱਤਾ
ਰੁੱਖਾਂ ਨਾਲ਼ ਲਮਕਾ ਹੇਠਾਂ ਅੱਗ ਬਾਲ਼ ਦਿੱਤੀ
ਸਾਡੀ ਹੀ ਪਲਟਣ ਖੜ੍ਹੀ ਕਰ
ਤੂੰ ਸਾਨੂੰ ਹੀ ਮਰਵਾਇਆ
ਕੁਦਰਤ ਦੀ ਹਰ ਤਾਕਤ ਖੋਹਣ ਲਈ
ਤੂੰ ਸਾਨੂੰ ਚੋਰ, ਲੁਟੇਰੇ, ਬਾਗ਼ੀ,
ਕੀ ਕੀ ਨਹੀਂ ਗਰਦਾਨਿਆਂ
ਤੂੰ ਤਾਂ ਕਾਗ਼ਜ਼ ਨਾਲ਼ ਵੀ ਸਾਨੂੰ ਮਾਰ ਮੁਕਾ ਸਕਦੈ
ਇਹੀ ਆ ਤੇਰੀ ਖ਼ੂਨੀ ਸੱਭਿਅਤਾ ਦਾ ਡਰਾਉਣਾ ਰੂਪ
ਇਸੇ ਲਈ ਤਾਂ ਜੰਗਲ ‘ਚੋਂ ਵਾਪਸ ਨਹੀਂ ਆਏ ਅਸੀਂ
ਆਪਣੇ ਜੀਵਨ ਨੂੰ ਤੂੰ ਮੰਡੀ ਬਣਾ ਲਿਆ
ਪੜ੍ਹਿਆਂ-ਲਿਖਿਆਂ ਨੂੰ ਅੰਨ੍ਹਾ ਕਰ ਛੱਡਿਆ
ਸਾਹਬ, ਦੇਖੀਂ ਤੇਰੀ ਸਿੱਖਿਆ ਨੇ
ਸਾਡੇ ਵਜੂਦ ਨੂੰ ਵੀ ਵੇਚ ਘੱਤਣਾ
ਮੰਡੀ ‘ਚ ਗ਼ੁਲਾਮਾਂ ਵਾਂਗ ਲਿਆ ਖੜ੍ਹਾ ਕਰਨਾ
ਤੇਰੀ ਮੰਡੀ ਸਾਹ ਨਈਓਂ ਲੈਂਦੀ, ਸਾਹਬ
ਸੱਭਿਅਤਾ ਅਤੇ ਸੱਭਿਆਚਾਰ ਦੇ ਨਾਂਅ ‘ਤੇ ਤੂੰ
ਬੇਰਹਿਮੀ ਤੇ ਜ਼ੁਲਮ ਦੇ ਪਹਾੜ ਖੜ੍ਹੇ ਕੀਤੇ
ਬੰਦਾ ਹੀ ਬੰਦੇ ਨੂੰ ਨਫ਼ਰਤ ਕਰਨ ਲੱਗੇ
ਇਹੀ ਹੈ ਤੇਰੀ ਵਿਸ਼ਵ-ਸ਼ਾਂਤੀ ਦਾ ਪਾਠ?
ਬੰਦੂਕ, ਬਰੂਦ ਦੇ ਸਹਾਰੇ
ਤੂੰ ਕਿਹੜੀ ਵਿਸ਼ਵ-ਸ਼ਾਂਤੀ ਲਿਆਉਣਾ ਚਾਹੁੰਨੈ
ਇਹੀ ਆ ਤੇਰੀ ਖ਼ੂਨੀ ਸੱਭਿਅਤਾ ਦਾ ਡਰਾਉਣਾ ਰੂਪ
ਇਸੇ ਲਈ ਤਾਂ ਜੰਗਲ ‘ਚੋਂ ਵਾਪਸ ਨਹੀਂ ਆਏ ਅਸੀਂ
ਤਰਜਮਾ: ਕਮਲਜੀਤ ਕੌਰ