''ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆ ਜਾਂਦੀਆਂ, ਅਸੀਂ ਇਸੇ ਤਰ੍ਹਾਂ ਹੀ ਮਾਰਚ ਕੱਢਦੇ ਰਹਾਂਗੇ,'' ਮਈ ਦੀ ਲੂੰਹਦੀ ਦੁਪਹਿਰੇ ਸੜਕ 'ਤੇ ਤੁਰਦਿਆਂ, ਵਿਜਯਾ ਆਂਧੇਰ ਮੱਠੇ ਸੁਰ ਵਿੱਚ ਕਹਿੰਦੀ ਹਨ। ਮੁੰਬਈ ਤੋਂ ਕਰੀਬ 100 ਕਿਲੋਮੀਟਰ ਉੱਤਰ ਵੱਲ, ਠਾਣੇ ਅਤੇ ਪਾਲਘਰ ਜ਼ਿਲ੍ਹਿਆਂ ਦੇ ਕਰੀਬ 35,000 ਹੋਰ ਆਦਿਵਾਸੀ ਕਿਸਾਨ ਉਨ੍ਹਾਂ ਦੇ ਨਾਲ਼ ਚੱਲ ਰਹੇ ਹਨ।
ਠਾਣੇ ਜ਼ਿਲ੍ਹੇ ਦੇ ਸ਼ਹਾਪੁਰ ਤਾਲੁਕਾ ਦੇ ਬੋਰਾਲਾ-ਅਘਈ ਪਿੰਡ ਦੀ ਰਹਿਣ ਵਾਲ਼ੀ ਕਿਸਾਨ, ਵਿਜਯਾ ਨੇ ਇਸ ਸਾਲ ਦੇ ਸ਼ੁਰੂ ਵਿੱਚ 6 ਤੋਂ 12 ਮਾਰਚ ਤੱਕ ਨਾਸਿਕ ਤੋਂ ਮੁੰਬਈ ਤੱਕ ਦੇ ਇਤਿਹਾਸਕ ਲੰਬੇ ਮਾਰਚ ਵਿੱਚ ਹਿੱਸਾ ਲਿਆ ਸੀ, ਜਿਹਦਾ ਅਯੋਜਨ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਸਹਿਯੋਗੀ, ਕੁੱਲ ਭਾਰਤ ਕਿਸਾਨ ਸਭਾ (ਏਆਈਕੇਐੱਸ) ਦੀ ਅਗਵਾਈ ਵਿੱਚ ਕੀਤਾ ਗਿਆ ਸੀ। ਪਿਛਲੇ ਹਫ਼ਤੇ ਵਿਜਯਾ, ਏਆਈਕੇਐੱਸ ਦੁਆਰਾ ਕੱਢੇ ਗਏ ਇੱਕ ਹੋਰ ਮਾਰਚ ਵਿੱਚ ਹਿੱਸਾ ਲੈਣ ਅੱਪੜੀ। ਇਸ ਵਾਰ ਉਹ ਨਿਰਧਾਰ ਮਾਰਚ, ਆਦਿਵਾਸੀ ਕਿਸਾਨਾਂ ਦੀ ਇੱਕ ਜੇਤੂ ਰੈਲੀ ਸੀ, ਇਸ ਦ੍ਰਿੜ ਸੰਕਪਲ ਨੂੰ ਦਰਸਾਉਣ ਲਈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਉਨ੍ਹਾਂ ਦੀ ਇਹ ਲੜਾਈ ਜਾਰੀ ਰਹੇਗੀ।
''ਇਹ ਲੰਬੇ ਮਾਰਚ ਦਾ ਫੈਲੋ-ਅਪ ਹੈ, ਰਾਜ ਸਰਕਾਰ 'ਤੇ ਦਬਾਅ ਬਣਾਈ ਰੱਖਣ ਲਈ ਕਿ ਉਹਨੇ ਜੰਗਲ ਅਧਿਕਾਰ ਐਕਟ ਅਤੇ ਹੋਰਨਾਂ ਮੁੱਦਿਆਂ ਬਾਰੇ ਜੋ ਲਿਖਤੀ ਭਰੋਸਾ ਦਿੱਤਾ ਸੀ, ਉਹਨੂੰ ਲਾਗੂ ਵੀ ਕਰੇ,'' ਏਆਈਕੇਐੱਸ ਦੇ ਪ੍ਰਧਾਨ, ਅਸ਼ੋਕ ਢਲਵੇ ਕਹਿੰਦੇ ਹਨ।
ਉਨ੍ਹਾਂ ਨੇ ਕਿਹਾ ਕਿ ਹੋਰਨਾਂ ਮੁੱਦਿਆਂ ਵਿੱਚ, ਪ੍ਰਸਤਾਵਤ ਮੁੰਬਈ-ਨਾਗਪੁਰ ਸਮਰਿਧੀ ਰਾਜਮਾਰਗ ਜਿਹੇ ਪ੍ਰੋਜੈਕਟਾਂ ਲਈ ਭੂਮੀ-ਗ੍ਰਹਿਣ ਕਰਨ ਦੀਆਂ ਸਰਕਾਰ ਦੀਆਂ ਯੋਜਨਾਵਾਂ ਦਾ ਜ਼ੋਰਦਾਰ ਵਿਰੋਧ ਕਰਨਾ ਵੀ ਸ਼ਾਮਲ ਹੈ। ਰਾਜ ਨੇ ਆਪਣੇ ਇਸ ਭਰੋਸੇ ਨੂੰ ਤੋੜਿਆ ਹੈ ਕਿ ਜ਼ਮੀਨ ਸਿਰਫ਼ ਕਿਸਾਨਾਂ ਦੀ ਸਹਿਤਮੀ ਨਾਲ਼ ਹੀ ਹਾਸਲ ਕੀਤੀ ਜਾਵੇਗੀ।








