''ਪੂਰਾ ਸਮਾਂ ਕਿਸਾਨੀ ਕਰਨਾ ਤੇ ਉਸੇ ਦੇ ਸਿਰ 'ਤੇ ਢੁੱਕਵਾਂ ਪੈਸਾ ਕਮਾ ਸਕਣਾ ਹੁਣ ਸੰਭਵ ਹੈ ਭਲ਼ਾ?'', ਸੀ. ਜੇਯਾਬਲ ਸਵਾਲ ਪੁੱਛਦੇ ਹਨ। ਤਮਿਲਨਾਡੂ ਵਿਖੇ ਉਨ੍ਹਾਂ ਦੇ ਝੋਨੇ ਦੇ ਖੇਤਾਂ ਵਿੱਚ ਤੁਰਦੇ ਵੇਲ਼ੇ ਅਸੀਂ ਗੱਲਬਾਤ ਕਰ ਰਹੇ ਸਾਂ, ਉਨ੍ਹਾਂ ਨੇ ਬੋਹੜ ਦੇ ਰੁੱਖ ਹੇਠਾਂ ਬੈਠੇ ਇੱਕ ਝੁੰਡ ਵੱਲ ਇਸ਼ਾਰਾ ਕਰਦਿਆਂ ਕਿਹਾ,'' ਉਨ੍ਹਾਂ ਲੋਕ ਵੱਲ ਦੇਖ ਰਹੀ ਹੋ?'' ਗੱਲ ਜਾਰੀ ਰੱਖਦਿਆਂ ਕਹਿਣ ਲੱਗੇ,''ਉਨ੍ਹਾਂ ਵਿੱਚੋਂ ਕੋਈ ਵੀ ਸਿਰਫ਼ ਖੇਤੀ ਕਰਕੇ ਹੀ ਗੁਜ਼ਾਰਾ ਨਹੀਂ ਚਲਾ ਸਕਦਾ। ਉਨ੍ਹਾਂ ਵਿੱਚੋਂ ਕੋਈ ਟਰੈਕਟਰ ਚਲਾਉਂਦਾ ਹੈ, ਕੋਈ ਲਾਰੀਆਂ ਵਿੱਚ ਲੱਦ ਕੇ ਉਸਾਰੀ ਦੀਆਂ ਥਾਵਾਂ 'ਤੇ ਸਮਾਨ ਢੋਂਹਦਾ ਹੈ, ਤਾਂ ਕੋਈ ਬੇਕਰੀ ਚਲਾਉਂਦਾ ਹੈ ਅਤੇ ਮੈਂ ਖ਼ੁਦ ਇੱਥੋਂ 25 ਕਿਲੋਮੀਟਰ ਦੂਰ, ਮਦੁਰਈ ਦੇ ਇੱਕ ਹੋਟਲ ਵਿਖੇ ਤੈਰਾਕੀ ਸਿਖਾਉਣ ਜਾਂਦਾ ਹਾਂ।''
ਮਦੁਰਈ ਜ਼ਿਲ੍ਹੇ ਦੇ ਨਾਡੂਮੁਦਲਈਕੁਲਮ ਪਿੰਡ ਵਿਖੇ ਜੇਯਾਬਲ ਦੀ ਥੋੜ੍ਹੀ-ਬਹੁਤ ਪੈਲ਼ੀ ਹੈ। ਉਨ੍ਹਾਂ ਕੋਲ਼ 1.5 ਏਕੜ ਜ਼ਮੀਨ ਹੈ, ਜੋ ਉਨ੍ਹਾਂ ਨੂੰ ਆਪਣੇ ਪਿਤਾ, 75 ਸਾਲਾ ਚਿੰਨਤੇਵਰ ਪਾਸੋਂ ਵਿਰਸੇ ਵਿੱਚ ਮਿਲ਼ੀ ਸੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਪਟੇ 'ਤੇ ਦੋ ਜ਼ਮੀਨਾ ਲੈ ਰੱਖੀਆਂ ਹਨ। ਜੇਯਾਬਲ ਸਾਲ ਵਿੱਚ ਤਿੰਨ ਵਾਰੀ ਝੋਨੇ ਦੀ ਕਾਸ਼ਤ ਕਰਦੇ ਹਨ- ਇਹ ਇੱਕ ਅਜਿਹੀ ਫ਼ਸਲ ਹੈ ਜੋ ਸਦਾ ਮੰਗ ਵਿੱਚ ਬਣੀ ਰਹਿੰਦੀ ਹੈ ਅਤੇ ਕਦੇ-ਕਦਾਈਂ ਫ਼ਾਇਦਾ ਵੀ ਦੇ ਜਾਂਦੀ ਹੈ। ਉਹ ਪ੍ਰਤੀ ਏਕੜ ਦੇ ਹਿਸਾਬ ਨਾਲ਼ 20,000 ਰੁਪਏ ਖਰਚਾ ਕਰਦੇ ਹਨ, ਪਰ ਇਹਦੇ ਬਦਲੇ ਮੁਨਾਫ਼ਾ ਕਾਫ਼ੀ ਨਿਗੂਣਾ ਹੀ ਹੁੰਦਾ ਹੈ। ਇਸ ਵਾਸਤੇ ਵੀ ਜੇਯਾਬਲ ਅਤੇ ਉਨ੍ਹਾਂ ਦੀ ਪਤਨੀ ਨੂੰ 12 ਘੰਟੇ ਹੱਡ-ਭੰਨ੍ਹਵੀਂ ਮਿਹਨਤ ਕਰਨੀ ਪੈਂਦੀ ਹੈ। ਜੇ ਹਿਸਾਬ ਲਾਇਆ ਜਾਵੇ ਤਾਂ ਉਹ ਦੋਵੇਂ ਪ੍ਰਤੀ ਏਕੜ 'ਤੇ ਕੰਮ ਕਰਨ ਲਈ ਪ੍ਰਤੀ ਘੰਟਾ ਤੇ ਪ੍ਰਤੀ ਵਿਅਕਤੀ ਸਿਰਫ਼ 9.25 ਰੁਪਏ ਹੀ ਬਣਾ ਪਾਉਂਦੇ ਹਨ। ਜੇਯਾਬਲ ਸਵਾਲ ਪੁੱਛਦੇ ਹਨ,''ਫਿਰ ਤੁਸੀਂ ਹੀ ਦੱਸੋ ਮੇਰੇ ਬੇਟੇ ਇਹ ਕੰਮ ਕਿਉਂ ਕਰਨਾ ਚਾਹੁੰਣਗੇ?''








