“ਚੌਦਾਂ, ਸੋਲ੍ਹਾਂ, ਅਠ੍ਹਾਰਾਂ...” ਖਾਂਡੂ ਮਾਨੇ ਕੱਚੀਆਂ ਇੱਟਾਂ ਦੀ ਗਿਣਤੀ ਪੂਰੀ ਕਰਦੇ ਹੋਏ ਉਨ੍ਹਾਂ ਨੂੰ ਅੱਠਿਆ ਦੀ ਪਿੱਠ ‘ਤੇ ਬੱਝੀ ਬੋਰੀ ਅੰਦਰ ਰੱਖੀ ਜਾਂਦੇ ਹਨ। ਜਦੋਂ ਉਹ 36 ਇੱਟਾਂ ਲੱਦ ਲੈਂਦੇ ਹਨ ਤਾਂ ਗਧੇ ਨੂੰ ਹਦਾਇਤ ਕਰਦੇ ਹਨ: “ਚਲਾ...ਫਰਰਰਰ... ਫਰਰਰਰ...” ਅੱਠਿਆ ਅਤੇ ਦੋ ਹੋਰ ਇੱਟਾਂ ਲੱਦੇ ਗਧੇ ਭੱਠੀ ਵੱਲ ਤੁਰਨ ਲੱਗਦੇ ਹਨ ਜੋ ਇੱਥੋਂ ਮਸਾਂ ਹੀ 50 ਮੀਟਰ ਦੂਰ ਹੈ, ਜਿੱਥੇ ਇਨ੍ਹਾਂ ਇੱਟਾਂ ਨੂੰ ਲਾਹਿਆ ਅਤੇ ਫਿਰ ਪਕਾਇਆ ਜਾਣਾ ਹੈ।
“ਬੱਸ ਇੱਕ ਘੰਟਾ ਹੋਰ ਫਿਰ ਅਸੀਂ ਅਰਾਮ ਕਰਾਂਗੇ,” ਖਾਂਡੂ ਕਹਿੰਦੇ ਹਨ। ਪਰ ਅਜੇ ਤਾਂ ਸਵੇਰ ਦੇ ਸਿਰਫ਼ 9 ਹੀ ਵੱਜੇ ਹਨ! ਸਾਡੇ ਚਿਹਰਿਆਂ ਦੀ ਉਲਝਣ ਦੇਖ ਉਹ ਕਹਿੰਦੇ ਹਨ: “ਅਸੀਂ ਰਾਤੀਂ 1 ਵਜੇ ਕੰਮ ਸ਼ੁਰੂ ਕੀਤਾ ਸੀ ਅਤੇ ਸਾਡੀ ਸ਼ਿਫ਼ਟ ਸਵੇਰੇ 10 ਵਜੇ ਖ਼ਤਮ ਹੁੰਦੀ ਹੈ। ਰਾਤਭਰ ਹੀ ਅਸਾਚ ਚਾਲੂ ਆਹੇ (ਪੂਰੀ ਰਾਤ ਅਸੀਂ ਇਹੀ ਕੰਮ ਕੀਤਾ ਹੈ)।”
ਖਾਂਡੂ ਦੇ ਚਾਰੇ ਗਧੇ ਖਾਲੀ ਹੋਈਆਂ ਬੋਰੀਆਂ ਲਈ ਭੱਠੀ ਤੋਂ ਵਾਪਸ ਮੁੜ ਆਉਂਦੇ ਹਨ। ਫਿਰ ਦੋਬਾਰਾ ਉਹੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ: “ਚੌਦਾਂ, ਸੋਲ੍ਹਾਂ, ਅਠ੍ਹਾਰਾਂ...”
ਫਿਰ, ਅਚਾਨਕ, “ਰੁਕੋ...” ਦੀ ਅਵਾਜ ਸਾਡੇ ਕੰਨੀ ਪੈਂਦੀ ਹੈ। ਉਹ ਆਪਣੇ ਗਧੇ ਨੂੰ ਹਿੰਦੀ ਵਿੱਚ ਹਦਾਇਤ ਕਰਦੇ ਹਨ। “ਸਾਡੇ ਇਲਾਕੇ ਦੇ ਗਧੇ ਮਰਾਠੀ ਸਮਝਦੇ ਹਨ, ਪਰ ਇਹ ਵਾਲ਼ਾ ਨਹੀਂ ਸਮਝਦਾ। ਉਹ ਰਾਜਸਥਾਨ ਤੋਂ ਆਇਆ ਹੈ। ਇਸ ਨਾਲ਼ ਸਾਨੂੰ ਹਿੰਦੀ ਬੋਲਣੀ ਪੈਂਦੀ ਹੈ, ਉਹ ਕਹਿੰਦੇ ਹਨ ਠਹਾਕਾ ਲਾਉਂਦੇ ਹਨ। ਫਿਰ ਸਾਨੂੰ ਸਾਬਤ ਕਰਨ ਲਈ ਕਹਿੰਦੇ ਹਨ: ਰੁਕੋ । ਗਧਾ ਰੁੱਕ ਜਾਂਦਾ ਹੈ। ਚਲੋ । ਉਹ ਤੁਰਨ ਲੱਗਦਾ ਹੈ।
ਖਾਂਡੂ ਦਾ ਆਪਣੇ ਚਾਰ ਪੈਰਾਂ ਵਾਲ਼ੇ ਇਸ ਦੋਸਤ ’ਤੇ ਫ਼ਖਰ ਦੇਖਿਆਂ ਹੀ ਬਣਦਾ ਹੈ। “ਲਿੰਬੂ ਅਤੇ ਪਾਂਧਰਿਆ ਦੋਵੇਂ ਚਰਨ ਗਏ ਹੋਏ ਹਨ ਅਤੇ ਉਨ੍ਹਾਂ ਦੇ ਨਾਲ਼ ਮੇਰੀ ਅਜ਼ੀਜ਼, ਬੁਲੇਟ ਵੀ ਗਈ ਹੋਈ ਹੈ। ਉਹ ਲੰਬੀ, ਸੋਹਣੀ ਅਤੇ ਬੜੀ ਫੁਰਤੀਲੀ ਗਧੀ ਹੈ!”
















