''ਦੇਖਿਓ! ਮੇਰੀ ਮੋਟਰ ਮਿੱਟੀ ਹੇਠ ਦੱਬੀ ਪਈ ਹੈ।'' ਦਵਿੰਦਰ ਰਾਵਤ ਮਿੱਟੀ ਹੇਠ ਦੱਬੇ ਪੰਪਿੰਗ ਸੈੱਟ ਨੂੰ ਬਾਹਰ ਖਿੱਚਣ ਦੀ ਕੋਸ਼ਿਸ਼ ਕਰਦਿਆਂ ਕਹਿੰਦੇ ਹਨ। ਦਵਿੰਦਰ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਹੇਠ ਪੈਂਦੇ ਪਿੰਡ ਸੂੰਡ ਦੇ ਕਿਸਾਨ ਹਨ। 48 ਸਾਲਾ ਕਿਸਾਨ ਖਿੱਝੇ ਮਨ ਨਾਲ਼ ਕਹਿੰਦੇ ਹਨ,''ਹੜ੍ਹ ਕਾਰਨ ਮਿੱਟੀ ਦੇ ਖੁਰਨ ਕਰਕੇ ਸਾਡੀਆਂ ਤਿੰਨ ਮੋਟਰਾਂ ਮਿੱਟੀ ਹੇਠ ਦੱਬ ਗਈਆਂ। ਇੱਕ ਖ਼ੂਹ ਵੀ ਢਹਿ ਗਿਆ। ਅਸੀਂ ਕੀ ਕਰੀਏ?''
ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਦੀ ਨਰਵਰ ਤਹਿਸੀਲ 'ਚ ਪੈਣ ਵਾਲ਼ਾ ਇਹ ਪਿੰਡ ਸਿੰਧ ਨਦੀ ਦੀਆਂ ਦੋ ਧਾਰਾਵਾਂ ਵਿਚਾਲੇ ਵੱਸਿਆ ਹੋਇਆ ਹੈ। ਸਾਲ 2021 ਦੇ ਅਗਸਤ ਮਹੀਨੇ ਵਿੱਚ ਸਿੰਧ ਨਦੀ ਵਿੱਚ ਆਏ ਹੜ੍ਹ ਨੇ 635 ਲੋਕਾਂ ਦੀ ਵਸੋਂ (ਮਰਦਮਸ਼ੁਮਾਰੀ 2011) ਵਾਲ਼ੇ ਇਸ ਪਿੰਡ ਵਿੱਚ ਕਹਿਰ ਮਚਾ ਛੱਡਿਆ ਸੀ। ਦਵਿੰਦਰ ਕਹਿੰਦੇ ਹਨ,''ਅਜਿਹਾ ਹੜ੍ਹ ਅਸੀਂ ਪਹਿਲਾਂ ਕਦੇ ਨਹੀਂ ਦੇਖਿਆ। ਸਾਡੇ ਪਿੰਡ ਦੇ ਚੁਫ਼ੇਰੇ ਪਾਣੀ ਭਰਿਆ ਹੋਇਆ ਸੀ। ਹੜ੍ਹ ਨੇ ਸਾਡੀ 30 ਵਿਘਾ (ਕਰੀਬ 18 ਏਕੜ) ਝੋਨੇ ਦੀ ਫ਼ਸਲ ਬਰਬਾਦ ਕਰ ਦਿੱਤੀ। ਮੇਰੇ ਪਰਿਵਾਰ ਦਾ ਛੇ ਵਿਘਾ (ਕਰੀਬ 3.7 ਏਕੜ) ਖੇਤ ਨਦੀ ਵਿੱਚ ਹੀ ਸਮਾ ਗਿਆ।''
ਚੁਫ਼ੇਰੇ ਪਾਣੀ ਨਾਲ਼ ਘਿਰਿਆ ਹੋਣ ਕਾਰਨ ਕਾਲ਼ੀ ਪਹਾੜੀ ਪੰਚਾਇਤ ਦਾ ਸੂੰਡ ਪਿੰਡ ਇੱਕ ਦੀਪ ਵਾਂਗਰ ਹੀ ਜਾਪਦਾ ਹੈ। ਇੱਥੋਂ ਦੇ ਲੋਕਾਂ ਨੂੰ ਆਮ ਦਿਨੀਂ ਵੱਧ ਮੀਂਹ ਪੈ ਜਾਣ ਦੀ ਸੂਰਤ ਵਿੱਚ ਇੱਧਰ-ਓਧਰ ਜਾਣ ਲੱਗਿਆਂ ਜਾਂ ਤਾਂ ਪਾਣੀ ਅੰਦਰ ਲੱਥਣਾ ਪੈਂਦਾ ਹੈ ਜਾਂ ਫਿਰ ਤੈਰ ਕੇ ਜਾਣਾ ਪੈਂਦਾ ਹੈ।
ਦਵਿੰਦਰ ਮੁਤਾਬਕ,''ਹੜ੍ਹ ਵੇਲ਼ੇ ਤਾਂ ਪਿੰਡ ਤਿੰਨ ਦਿਨਾਂ ਤੱਕ ਪਾਣੀ ਹੇਠ ਡੁੱਬਿਆ ਰਿਹਾ।'' ਉਸ ਵੇਲ਼ੇ ਸਰਕਾਰੀ ਬੇੜੀ ਆਈ ਸੀ ਤੇ ਲੋਕਾਂ ਨੂੰ ਕੱਢ ਕੇ ਬਾਹਰ ਲੈ ਗਈ, ਜਦੋਂਕਿ 10-12 ਲੋਕ ਪਿੰਡ ਵਿੱਚ ਹੀ ਰੁਕੇ ਰਹੇ। ਲੋਕ ਨੇੜਲੇ ਬਜ਼ਾਰ ਜਾਂ ਫਿਰ ਆਪਣੇ ਰਿਸ਼ਤੇਦਾਰਾਂ ਕੋਲ਼ ਜਾ ਕੇ ਰਹਿੰਦੇ ਰਹੇ। ਅੱਗੇ ਦਵਿੰਦਰ ਦੱਸਦੇ ਹਨ ਕਿ ਹੜ੍ਹ ਵੇਲ਼ੇ ਬਿਜਲੀ ਵੀ ਗੁੱਲ ਰਹੀ ਤੇ ਇੱਕ ਮਹੀਨੇ ਬਾਅਦ ਜਾ ਕੇ ਬਿਜਲੀ ਦਾ ਮੂੰਹ ਦੇਖਿਆ।










