''ਤਪਸ਼ ਨਾਲ਼ ਮੇਰੀ ਪਿੱਠ ਹੀ ਲੂਸ ਗਈ ਹੈ। ਗਰਮੀ ਵੱਧ ਰਹੀ ਹੈ, ਫ਼ਸਲ ਦਾ ਝਾੜ ਘੱਟ ਰਿਹਾ ਹੈ,'' ਗਾਜੁਵਾਸ ਪਿੰਡ ਦੇ ਐਨ ਬਾਹਰ, ਖੇਜੜੀ (ਸ਼ਮੀ) ਦੇ ਰੁੱਖਾਂ ਦੀ ਝੁੰਡ ਦੀ ਛਾਵੇਂ ਭੁੰਜੇ ਬੈਠੇ ਬਜਰੰਗ ਗੋਸ੍ਵਾਮੀ ਕਹਿੰਦੇ ਹਨ। ਇੱਕ ਊਠ ਨੇੜੇ ਹੀ ਖੜ੍ਹਾ ਹੈ ਅਤੇ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੀ ਤਾਰਾਨਗਰ ਤਹਿਸੀਲ ਵਿੱਚ ਉਸ 22 ਵਿਘਾ ਖੇਤ ਵਿੱਚ ਸੁੱਕਾ ਘਾਹ ਖਾ ਰਿਹਾ ਹੈ, ਜਿਸ 'ਤੇ ਬਜਰੰਗ ਅਤੇ ਉਨ੍ਹਾਂ ਦੀ ਪਤਨੀ ਰਾਜ ਕੌਰ ਰਾਹਕ ਕਿਸਾਨ ਵਜੋਂ ਖੇਤੀ ਕਰਦੀ ਹਨ।
ਤਾਰਾਨਗਰ ਦੇ ਦੱਖਣ ਵਿੱਚ ਪੈਂਦੇ ਸੁਜਾਨਗੜ੍ਹ ਤਹਿਸੀਲ ਦੀ ਗੀਤਾ ਦੇਵੀ ਨਾਇਕ ਕਹਿੰਦੀ ਹਨ,''ਸਿਰ 'ਤੇ ਖੜ੍ਹਾ ਸੂਰਜ ਗਰਮ ਹੈ, ਪੈਰਾਂ ਹੇਠਲੀ ਰੇਤ ਵੀ ਗਰਮ ਹੈ। ਗੀਤਾ ਦੇਵੀ ਜੋ ਕਿ ਬੇਜ਼ਮੀਨੀ ਵਿਧਵਾ ਹਨ, ਭਗਵਾਨੀ ਦੇਵੀ ਚੌਧਰੀ ਦੇ ਪਰਿਵਾਰ ਦੇ ਮਾਲਿਕਾਨੇ ਵਾਲ਼ੇ ਖੇਤ 'ਤੇ ਮਜ਼ਦੂਰੀ ਕਰਦੀ ਹਨ। ਦੋਵਾਂ ਨੇ ਗੁਡਾਬੜੀ ਪਿੰਡ ਵਿੱਚ ਹੁਣੇ-ਹੁਣੇ, ਸ਼ਾਮ ਦੇ ਕਰੀਬ 5 ਵਜੇ ਆਪਣਾ ਕੰਮ ਮੁਕਾਇਆ ਹੈ। ਭਗਵਾਨੀ ਦੇਵੀ ਕਹਿੰਦੀ ਹਨ,''ਗਰਮੀ ਹੀ ਗਰਮੀ ਪੜੇ ਆਜਕਲ।''
ਉੱਤਰੀ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਵਿੱਚ, ਜਿੱਥੇ ਗਰਮੀ ਰੁੱਤੇ ਰੇਤੀਲੀ ਜ਼ਮੀਨ ਲਿਸ਼ਕਾਂ ਮਾਰਦੀ ਹੈ ਅਤੇ ਮਈ-ਜੂਨ ਦੀ ਹਵਾ ਤਪਦੀ ਭੱਠੀ ਵਾਂਗ ਮਹਿਸੂਸ ਹੁੰਦੀ ਹੈ। ਗਰਮੀ ਕਿਵੇਂ ਤੀਬਰ ਹੁੰਦੀ ਜਾ ਰਹੀ ਹੈ-ਇਸੇ ਬਾਰੇ ਹੁੰਦੀ ਗੱਲਬਾਤ ਇੱਥੇ ਆਮ ਗੱਲ ਹੈ। ਉਨ੍ਹਾਂ ਮਹੀਨਿਆਂ ਵਿੱਚ ਤਾਪਮਾਨ ਸੌਖਿਆਂ 40 ਡਿਗਰੀ ਦੇ ਪਾਰ ਚਲਾ ਜਾਂਦਾ ਹੈ। ਪਿਛਲੇ ਮਹੀਨੇ ਹੀ, ਮਈ 2020 ਵਿੱਚ, ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਅੱਪੜ ਗਿਆ ਸੀ-ਅਤੇ 26 ਮਈ ਨੂੰ ਤਾਂ ਦੁਨੀਆ ਦਾ ਸਭ ਤੋਂ ਵੱਧ ਤਾਪਮਾਨ ਇੱਥੇ ਹੀ ਸੀ, ਜਿਸ ਬਾਰੇ ਖ਼ਬਰਾਂ ਵਿੱਚ ਰਿਪੋਰਟ ਕੀਤਾ ਗਿਆ ਸੀ।
ਪਿਛਲੇ ਸਾਲ, ਜਦੋਂ ਚੁਰੂ ਵਿੱਚ ਤਾਪਮਾਨ ਨੇ ਆਪਣਾ ਰਿਕਾਰਡ ਤੋੜਿਆ ਅਤੇ ਜੂਨ 2019 ਦੀ ਸ਼ੁਰੂਆਤ ਵਿੱਚ ਪਾਰਾ 51 ਡਿਗਰੀ ਸੈਲਸੀਅਸ ਦੇ ਪੱਧਰ ਤੀਕਰ ਪਹੁੰਚ ਗਿਆ ਜੋ ਕਿ ਪਾਣੀ ਦੇ ਉਬਾਲ਼ ਦਰਜੇ ਦੇ ਅੱਧੇ ਤੋਂ ਵੱਧ ਹੈ-ਤਾਂ ਉੱਥੋਂ ਦੇ ਕਈ ਲੋਕਾਂ ਲਈ ਇਹ ਕੋਈ ਵੱਡੀ ਗੱਲ ਨਹੀਂ ਸੀ। ਹਰਦਿਆਲਜੀ ਸਿੰਘ (75 ਸਾਲ), ਜੋ ਕਿ ਇੱਕ ਸੇਵਾਮੁਕਤ ਸਕੂਲੀ ਅਧਿਆਪਕ ਅਤੇ ਜ਼ਿਮੀਂਦਾਰ ਹਨ, ਗਾਜੁਵਾਸ ਪਿੰਡ ਵਿਖੇ ਪੈਂਦੇ ਆਪਣੇ ਵੱਡੇ ਘਰ ਵਿੱਚ ਇੱਕ ਮੰਜੀ 'ਤੇ ਲੇਟਦੇ ਹੋਏ ਕਹਿੰਦੇ ਹਨ,''ਮੈਨੂੰ ਚੇਤੇ ਹੈ, ਕਰੀਬ 30 ਸਾਲ ਪਹਿਲਾਂ ਵੀ ਇਹ 50 ਡਿਗਰੀ ਤੱਕ ਅੱਪੜ ਗਿਆ ਸੀ।''
ਛੇ ਮਹੀਨਿਆਂ ਬਾਅਦ, ਦਸੰਬਰ-ਜਨਵਰੀ ਤੱਕ, ਚੁਰੂ ਵਿੱਚ ਤਾਪਮਾਨ ਸਿਫ਼ਰ ਤੋਂ ਹੇਠਾਂ ਦੇਖਿਆ ਗਿਆ ਹੈ; ਇੰਝ ਕਈ ਸਾਲਾਂ ਤੋਂ ਹੁੰਦਾ ਆਇਆ ਹੈ ਅਤੇ ਫਰਵਰੀ 2020 ਵਿੱਚ, ਭਾਰਤ ਦੇ ਮੌਸਮ ਵਿਭਾਗ ਨੇ ਦੇਖਿਆ ਹੈ ਕਿ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਸਭ ਤੋਂ ਘੱਟ ਘੱਟੋਘੱਟ ਤਾਪਮਾਨ, 4.1 ਡਿਗਰੀ, ਚੁਰੂ ਦਾ ਹੀ ਰਿਹਾ।


















