"ਠੀਕ ਹੀ ਹੋਊ ਜੇ ਮੈਂ ਮਰ ਜਾਵਾਂ, ਪਰ ਅਸੀਂ ਇੰਨੇ ਮੋਟੇ ਬਿੱਲ ਨਹੀਂ ਦੇ ਸਕਦੇ," ਹਰੀਸ਼ਚੰਦਰ ਧਾਰਵੇ ਆਪਣੀ ਮੌਤ ਤੋਂ ਦੋ ਦਿਨ ਪਹਿਲਾਂ ਆਪਣੀ ਪਤਨੀ ਨੂੰ ਕਹਿੰਦੇ ਹਨ। ਕੋਵਿਡ-19 ਤੋਂ ਪੀੜਤ 48 ਸਾਲਾ ਇਸ ਪੱਤਰਕਾਰ ਦੀ ਹਾਲਤ ਕਾਫ਼ੀ ਗੰਭੀਰ ਹੋ ਗਈ ਅਤੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਲਗਾ ਦਿੱਤਾ ਗਿਆ।
ਫਿਰ ਵੀ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੀ ਚਿੰਤਾ ਨਹੀਂ ਸੀ। ਇੰਨੇ ਸਭ ਦੇ ਬਾਵਜੂਦ ਵੀ ਉਨ੍ਹਾਂ ਨੂੰ ਹਸਪਤਾਲ ਦੇ ਬਿੱਲਾਂ ਦੀ ਚਿੰਤਾ ਸਤਾਉਂਦੀ ਰਹੀ। "ਉਹ ਮੇਰੇ ਨਾਲ਼ ਲੜੇ ਅਤੇ ਫੁੱਟ-ਫੁੱਟ ਕੇ ਰੋਣ ਲੱਗੇ," 38 ਸਾਲਾ ਜਯਸ਼੍ਰੀ ਚੇਤੇ ਕਰਦੀ ਹਨ। "ਉਹ ਘਰ ਜਾਣ ਦੀ ਜ਼ਿੱਦ ਕਰ ਰਹੇ ਸਨ।"
ਬਤੌਰ ਪੱਤਰਕਾਰ ਵੀਹ ਸਾਲ ਕਿਸੇ ਲੇਖੇ ਨਹੀਂ ਲੱਗੇ ਜਦੋਂ ਮਾਰਚ 2021 ਨੂੰ ਮਰਹੂਮ ਹਰੀਸ਼ਚੰਦਰ ਨੂੰ ਕਰੋਨਾ ਸੰਕ੍ਰਮਣ ਹੋਇਆ ਸੀ। ਉਨ੍ਹਾਂ ਦੀ ਨੌਕਰੀ ਕਰਕੇ ਹੀ ਉਹ ਇਸ ਚਪੇਟ ਵਿੱਚ ਆਏ।
ਮਹਾਰਾਸ਼ਟਰ ਦੇ ਉਸਮਾਨਾਬਾਦ ਜਿਲ੍ਹੇ ਵਿੱਚ ਨਿਊਜ ਆਊਟਲੈਟ ਲਈ 2001 ਦੀ ਸ਼ੁਰੂਆਤ ਤੋਂ ਕੰਮ ਕਰ ਰਹੇ ਇੱਕ ਪੱਤਰਕਾਰ, ਹਰੀਸ਼ਚੰਦਰ ਦੀ ਆਖ਼ਰੀ ਨੌਕਰੀ ਮਰਾਠੀ ਦੈਨਿਕ ਰਾਜਧਰਮ ਵਿੱਚ ਸੀ। "ਉਹ ਕੋਵਿਡ-19 ਦੀ ਦੂਜੀ ਲਹਿਰ ਬਾਰੇ ਰਿਪੋਰਟਿੰਗ ਕਰ ਰਹੇ ਸਨ। ਉਹ ਪ੍ਰੈੱਸ ਕਾਨਫਰੰਸ ਵਿੱਚ ਹਾਜ਼ਰ ਰਹਿੰਦੇ ਅਤੇ ਅਕਸਰ ਤੋਰੇ-ਫੇਰੇ ਵਾਲ਼ਾ ਕੰਮ ਹੀ ਕਰਦੇ," ਜਯਸ਼੍ਰੀ ਕਹਿੰਦੀ ਹਨ। "ਜਿੰਨੀ ਵਾਰ ਵੀ ਉਹ ਬਾਹਰ ਜਾਂਦੇ ਸਾਨੂੰ ਚਿੰਤਾ ਲੱਗੀ ਰਹਿੰਦੀ। ਉਨ੍ਹਾਂ ਨੂੰ ਉੱਚ-ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਸੀ। ਪਰ ਉਹ ਕਹਿੰਦੇ ਉਨ੍ਹਾਂ ਨੂੰ ਆਪਣਾ ਕੰਮ ਕਰਨਾ ਹੀ ਪੈਣਾ ਹੈ।"
22 ਮਾਰਚ ਨੂੰ ਧਾਰਵੇ ਨੂੰ ਕੋਵਿਡ ਦੇ ਸਰੀਰ ਦੁਖਣ ਅਤੇ ਬੁਖਾਰ ਜਿਹੇ ਲੱਛਣ ਦਿੱਸਣੇ ਸ਼ੁਰੂ ਹੋ ਗਏ। "ਜਦੋਂ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਨਾ ਹੋਇਆ ਤਾਂ ਅਸੀਂ ਉਨ੍ਹਾਂ ਨੂੰ ਨਗਰ ਦੇ ਸਿਵਿਲ ਹਸਪਤਾਲ ਲੈ ਗਏ," ਜਯਸ਼੍ਰੀ ਕਹਿੰਦੀ ਹਨ। ਜਾਂਚ ਪੋਜੀਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਦਾਖ਼ਲ ਕਰ ਲਿਆ ਗਿਆ। "ਉੱਥੇ ਸੁਵਿਧਾਵਾਂ ਚੰਗੀਆਂ ਨਹੀਂ ਸਨ ਅਤੇ ਉਨ੍ਹਾਂ ਸਿਹਤ ਵਿੱਚ ਸੰਤੋਖਜਨਕ ਸੁਧਾਰ ਨਹੀਂ ਸੀ ਹੋ ਰਿਹਾ," ਜਯਸ਼੍ਰੀ ਅੱਗੇ ਕਹਿੰਦੀ ਹਨ। ਇਸਲਈ 31 ਮਾਰਚ, ਪਰਿਵਾਰ ਨੇ ਸੋਲਾਪੁਰ ਦੇ ਨਿੱਜੀ ਹਸਪਤਾਲ ਜਾਣ ਦਾ ਫ਼ੈਸਲਾ ਕੀਤਾ, ਜੋ ਕਿ 60 ਕਿਲੋਮੀਟਰ ਦੂਰ ਹੈ।
ਉੱਥੇ ਛੇ ਦਿਨ ਬਿਤਾ ਲੈਣ ਤੋਂ ਬਾਅਦ, ਧਾਰਵੇ ਦੀ 6 ਅਪ੍ਰੈਲ ਨੂੰ ਸਵੇਰੇ ਮੌਤ ਹੋ ਗਈ।
ਹਸਤਪਾਲ ਨੇ 4 ਲੱਖ ਦਾ ਬਿੱਲ ਫੜ੍ਹਾ ਦਿੱਤਾ। ਹਰੀਸ਼ਚੰਦਰ ਦੀ ਮੌਤ ਵੇਲ਼ੇ ਉਨ੍ਹਾਂ ਦੀ ਮਹੀਨੇਵਾਰ ਤਨਖ਼ਾਹ 4000 ਰੁਪਏ ਸੀ। ਜਯਸ਼੍ਰੀ ਨੇ, ਉਨ੍ਹਾਂ ਦੀ ਮੌਤ ਤੋਂ ਬਾਅਦ ਆਪਣੇ 1 ਲੱਖ ਦੇ ਗਹਿਣੇ ਵੇਚ ਦਿੱਤੇ। "ਰਿਸ਼ਤੇਦਾਰਾਂ ਨੇ ਮੈਨੂੰ ਕੁਝ ਪੈਸੇ ਉਧਾਰ ਦਿੱਤੇ। ਓਸਮਾਨਾਬਾਦ ਦੇ ਪੱਤਰਕਾਰਾਂ ਨੇ ਸਹਿਯੋਗ (20,000 ਰੁਪਏ) ਰਾਸ਼ੀ ਦਿੱਤੀ ਅਤੇ ਮੇਰੀ ਕੁਝ ਮਦਦ ਹੋ ਗਈ," ਉਹ ਕਹਿੰਦੀ ਹਨ। "ਪਰ ਅਸੀਂ ਆਪਣੇ ਪਰਿਵਾਰ ਦਾ ਇਕਲੌਤਾ ਕਮਾਊ ਮੈਂਬਰ ਗੁਆ ਲਿਆ ਅਤੇ ਅਸੀਂ ਨਹੀਂ ਜਾਣਦੇ ਕਿ ਹੁਣ ਕਰਜ਼ਾ ਕਿਵੇਂ ਲੱਥੇਗਾ।"
ਹਰੀਸ਼ਚੰਦਰ ਦੀ ਸਲਾਨਾ ਆਮਦਨ ਤਕਰੀਬਨ 1 ਲੱਖ ਰੁਪਏ ਤੱਕ ਆ ਗਈ। ਇਸ ਵਿੱਚ ਉਹ ਆਪਣੀ ਤਨਖ਼ਾਹ ਦੇ ਉੱਪਰੋਂ ਕੁਝ ਅਖ਼ਬਾਰ ਲਈ ਲਿਆਂਦੇ ਗਏ ਇਸ਼ਤਿਹਾਰ ਬਦਲੇ 40 ਪ੍ਰਤੀਸ਼ਤ ਕਮਿਸ਼ਨ ਵੀ ਸ਼ਾਮਲ ਹੁੰਦਾ ਸੀ। ਜਯਸ਼੍ਰੀ ਆਪਣੇ ਘਰ ਰਹਿ ਕੇ ਹੀ ਇੱਕ ਛੋਟੀ ਜਿਹੀ ਹੱਟੀ ਚਲਾਉਂਦੀ ਹਨ, ਜਿੱਥੇ ਉਹ ਬਿਸਕੁਟ, ਚਿਪਸ ਅਤੇ ਆਂਡੇ ਵੇਚਦੀ ਹਨ। "ਮੈਂ ਇਸ ਵਿੱਚੋਂ ਮਸਾਂ ਹੀ ਕੁਝ ਕਮਾ ਪਾਉਂਦੀ ਹਾਂ," ਉਹ ਕਹਿੰਦੀ ਹਨ। ਉਹ ਇੱਕ ਬਿਊਟੀ ਪਾਰਲਰ ਵੀ ਚਲਾਇਆ ਕਰਦੀ ਸਨ, ਪਰ ਮਹਾਂਮਾਰੀ ਦੇ ਚੱਲਦਿਆਂ ਪਿਛਲੇ ਡੇਢ ਸਾਲ ਤੋਂ ਕੋਈ ਗਾਹਕ ਨਹੀਂ ਆਉਂਦਾ।
ਧਾਰਵੇ ਪਰਿਵਾਰ, ਜੋ ਨਵ ਬੌਧ ਕਮਿਊਨਿਟੀ ਨਾਲ਼ ਸਬੰਧ ਰੱਖਦਾ ਹੈ, ਮਹਾਤਮਾ ਜਿਓਤੀ ਰਾਓ ਫੂਲੇ ਜਨ ਅਰੋਗਯ ਯੋਜਨਾ (MJPJAY) ਤਹਿਤ ਸਿਹਤ ਬੀਮੇ ਲਈ ਯੋਗ ਹੈ- ਰਾਜ ਸਰਕਾਰ ਦੀ ਇੱਕ ਸਕੀਮ ਜੋ ਉਨ੍ਹਾਂ ਪਰਿਵਾਰਾਂ ਲਈ 2.5 ਲੱਖ ਤੱਕ ਦੇ ਮੈਡੀਕਲ ਖਰਚੇ ਕਵਰ ਕਰਦੀ ਹੈ ਜਿਨ੍ਹਾਂ ਦੀ ਸਲਾਨਾ ਆਮਦਨੀ 1 ਲੱਖ ਤੋਂ ਵੀ ਘੱਟ ਹੈ। ਇਸ ਵਿੱਚ ਰਾਜ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਯੋਜਨਾ ਤਹਿਤ ਹਸਪਤਾਲ ਮਰੀਜ ਦਾ ਇਲਾਜ ਕਰਦਾ ਹੈ, ਪਰ ਬਿੱਲ ਰਾਜ ਸਰਕਾਰ ਨੂੰ ਜਾਂਦਾ ਹੈ।
ਹਸਪਤਾਲ ਨੇ ਹਰੀਸ਼ਚੰਦਰ ਨੂੰ ਇਸ ਸਕੀਮ ਲਈ ਅਪਲਾਈ ਕਰਨ ਦੀ ਵੇਟਿੰਗ ਸੂਚੀ ਵਿੱਚ ਪਾ ਦਿੱਤਾ, ਜਯਸ਼੍ਰੀ ਕਹਿੰਦੀ ਹਨ, ਜੋ ਕਰੋਨਾਵਾਇਰਸ ਦੇ ਸੰਪਰਕ ਵਿੱਚ ਆਉਣ ਨਾਲ਼ ਬੀਮਾਰ ਹੋ ਗਈ ਸਨ ਅਤੇ ਉਨ੍ਹਾਂ ਨੇ ਓਸਮਾਨਾਬਾਦ ਸਰਕਾਰੀ ਹਸਪਤਾਲ ਵਿੱਚ ਤਿੰਨ ਦਿਨ ਬਿਤਾਏ। "ਅਸੀਂ ਉਨ੍ਹਾਂ ਨੂੰ ਕਿਹਾ ਕਿ ਉਦੋਂ ਤੱਕ ਉਨ੍ਹਾਂ ਦਾ ਇਲਾਜ ਕਰਨ। ਪਰ ਇਸ ਤੋਂ ਪਹਿਲਾਂ ਕਿ ਅਰਜ਼ੀ ਅੱਗੇ ਵੱਧਦੀ ਉਨ੍ਹਾਂ ਦੀ ਮੌਤ ਹੋ ਗਈ। ਮੈਨੂੰ ਲੱਗਦਾ ਉਨ੍ਹਾਂ ਨੇ ਜਾਣਬੁੱਝ ਕੇ ਦੇਰੀ ਕੀਤੀ ਹੈ।" ਜਿਸ ਦਿਨ ਹਰੀਸ਼ਚੰਦਰ ਦੀ ਮੌਤ ਹੋਈ ਉਸੇ ਦਿਨ ਜਯਸ਼੍ਰੀ ਨੂੰ ਵੀ ਛੁੱਟੀ ਮਿਲ਼ ਗਈ।
ਇਸ ਸਾਲ ਫਰਵਰੀ ਵਿੱਚ ਕੋਵਿਡ-19 ਦੀ ਦੂਸਰੀ ਲਹਿਰ ਸ਼ੁਰੂ ਹੋਣ ਤੋਂ ਬਾਅਦ ਤੋਂ ਹੀ ਪੂਰੇ ਦੇਸ਼ ਵਿੱਚ ਪੱਤਰਕਾਰਾਂ, ਖ਼ਾਸ ਕਰਕੇ ਫੀਲਡ ਪੱਤਰਕਾਰਾਂ ਦੀ ਸੁਰੱਖਿਆ ਦਾ ਮੁੱਦਾ ਚੁੱਕਿਆ ਜਾ ਰਿਹਾ ਹੈ। ਪਰ ਕੇਂਦਰ ਸਰਕਾਰ ਵੱਲੋਂ ਪੱਤਰਕਾਰਾਂ ਨੂੰ ਫਰੰਟਲਾਈਨ ਵਰਕਰਾਂ ਵਜੋਂ ਮਾਨਤਾ ਨਹੀਂ ਦਿੱਤੀ ਜਾਂਦੀ, ਓਡੀਸਾ, ਤਮਿਲਨਾਡੂ, ਕਰਨਾਟਕ, ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਬਿਹਾਰ ਜਿਹੇ ਕੁਝ ਰਾਜਾਂ ਵਿੱਚ ਪੱਤਰਕਾਰਾਂ ਨੂੰ ਇਸ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦਾ ਪਹਿਲ ਦੇ ਅਧਾਰ 'ਤੇ ਟੀਕਾਕਰਣ ਕੀਤਾ ਜਾ ਰਿਹਾ ਹੈ।
ਮਹਾਰਾਸ਼ਟਰ ਵਿੱਚ, ਕੁਝ ਕੈਬਿਨਟ ਮੰਤਰੀਆਂ ਦੁਆਰਾ ਵੀ ਰਾਜ ਸਰਕਾਰ ਖਿਲਾਫ਼ ਪ੍ਰਦਰਸ਼ਨ ਅਤੇ ਕੀਤੀਆਂ ਜਾਂਦੀਆਂ ਅਪੀਲਾਂ ਦੇ ਬਾਵਜੂਦ ਵੀ ਮੁੱਖ ਮੰਤਰੀ ਊਧਵ ਠਾਕਰੇ ਨੇ ਪੱਤਰਕਾਰਾਂ ਨੂੰ ਤਰਜੀਹੀ ਸ਼੍ਰੇਣੀ ਵਿੱਚ ਸ਼ਾਮਲ ਨਹੀਂ ਕੀਤਾ ਹੈ।
ਐੱਸ.ਐੱਮ. ਦੇਸ਼ਮੁਖ, ਮਰਾਠੀ ਪੱਤਰਕਾਰ ਪਰਿਸ਼ਦ ਦੇ ਮੁੱਖ ਟਰੱਸਟੀ, ਮਹਾਰਾਸ਼ਟਰ ਵਿਚਲੀ 8000 ਪੱਤਰਕਾਰਾਂ ਦੀ ਯੂਨੀਅਨ ਦਾ ਕਹਿਣਾ ਹੈ,"ਰਾਜ ਅੰਦਰ ਅਗਸਤ 2020 ਤੋਂ ਮਈ 2021 ਦਰਮਿਆਨ 132 ਪੱਤਕਾਰਾਂ ਦੀ ਮੌਤ ਹੋ ਗਈ।" ਪਰ ਇਹ ਇੱਕ ਮੋਟਾ-ਮੋਟੀ ਅੰਦਾਜ਼ਾ ਹੈ ਗ੍ਰਾਮੀਣ ਇਲਾਕਿਆਂ ਦੇ ਪੱਤਰਕਾਰ ਕਹਿੰਦੇ ਹਨ- ਘੱਟ ਜਾਣੇ ਜਾਂਦੇ ਲੋਕਲ ਨਿਊਜਲੈਟਸ ਦੇ ਪੱਤਰਕਾਰਾਂ ਦੇ ਨਾਮ ਛੁੱਟੇ ਵੀ ਹੋਏ ਹੋ ਸਕਦੇ ਹਨ।
"ਇਹ ਸੰਭਾਵਨਾ ਹੈ ਕਿ ਗ੍ਰਾਮੀਣ ਇਲਾਕਿਆਂ ਦੇ ਕੁਝ ਮਾਮਲੇ (ਸੂਚਨਾ) ਮੇਰੇ ਤੱਕ ਨਾ ਪਹੁੰਚੇ ਹੋਣ," ਦੇਸ਼ਮੁੱਖ ਮੰਨਦੇ ਹਨ। ਕਰੀਬ 6,000 ਪੱਤਕਾਰ- ਉਨ੍ਹਾਂ ਵਿੱਚੋਂ ਸਾਰੇ ਐੱਮਪੀਪੀ ਮੈਂਬਰ ਨਹੀਂ ਹਨ- ਰਾਜ ਵਿੱਚ ਹੁਣ ਤੱਕ ਕੋਵਿਡ-19 ਨਾਲ਼ ਸੰਕ੍ਰਮਿਤ ਹੋ ਚੁੱਕੇ ਹਨ, ਉਹ ਕਹਿੰਦੇ ਹਨ। "ਕਈ ਮਾਮਲਿਆਂ ਵਿੱਚ, ਭਾਵੇਂ ਉਹ ਠੀਕ ਹੋ ਗਏ, ਪਰ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਮੌਤ ਹੋ ਗਈ।"
11 ਮਈ ਨੂੰ, ਫਰੰਟਲਾਈਨ-ਵਰਕਰ ਸਟੇਟਸ ਦੀ ਮੰਗ ਨੂੰ ਤੇਜ਼ ਕਰਨ ਲਈ ਪੂਰੇ ਮਹਾਰਾਸ਼ਟਰ ਦੇ 90 ਪੱਤਰਕਾਰਾਂ ਨੇ ਇੱਕ ਆਨਲਾਈਨ ਬੈਠਕ ਵਿੱਚ ਹਿੱਸਾ ਲਿਆ। ਕੋਵਿਡ-19 ਛੋਟੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਫੈਲ ਰਿਹਾ ਹੈ, ਗ੍ਰਾਮੀਣ ਖੇਤਰਾਂ ਵਿੱਚ ਪੱਤਰਕਾਰਾਂ ਦੀ ਸੁਰੱਖਿਆ ਹੁਣ ਵੱਧ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਹੋ ਸਕਦਾ ਹੈ ਕਿ ਕੁਝ ਪੈਂਡਾ ਤੈਅ ਕੀਤੇ ਬਗ਼ੈਰ ਸਿਹਤ ਸੇਵਾਵਾਂ ਤੱਕ ਉਨ੍ਹਾਂ ਦੀ ਪਹੁੰਚ ਹੀ ਨਾ ਬਣਦੀ ਹੋਵੇ।
ਨਵੀਂ ਦਿੱਲੀ ਸਥਿਤ ਇੰਸਟੀਚਿਊਟ ਆਫ਼ ਪਰਸੈਪਸ਼ਨ ਸਟੱਡੀਜ਼ ਦੁਆਰਾ ਭਾਰਤ ਵਿੱਚ ਕੋਵਿਡ-19 ਦੇ ਕਾਰਨ ਪੱਤਰਕਾਰਾਂ ਦੀਆਂ ਮੌਤਾਂ 'ਤੇ ਕੀਤੀ ਗਈ ਖੋਜ ਮੁਤਾਬਕ, 1 ਅਪ੍ਰੈਲ 2020 ਅਤੇ ਮਈ 2021 ਦਰਮਿਆਨ ਹੋਈਆਂ 219 ਮੌਤਾਂ ਵਿੱਚੋਂ 138 ਛੋਟੇ ਪੇਂਡੂ ਖੇਤਰਾਂ ਵਿੱਚ ਹੋਈਆਂ ਸਨ।
ਗ੍ਰਾਮੀਣ ਭਾਰਤ ਵਿੱਚ ਪੱਤਰਕਾਰ ਬਿਨਾ ਕਿਸੇ ਮਾਨਤਾ ਦੇ, ਘੱਟ ਤਨਖ਼ਾਹ 'ਤੇ ਸਖ਼ਤ ਮਿਹਨਤ ਕਰਦੇ ਹਨ। ਉਨ੍ਹਾਂ ਦੀ ਲਗਾਤਾਰ ਅਣਦੇਖੀ ਕੀਤੀ ਜਾ ਰਹੀ ਹੈ, ਓਸਮਾਨਾਬਾਦ ਦੇ 37 ਸਾਲਾ ਪੱਤਰਕਾਰ ਸੰਤੋਸ਼ ਜਾਧਵ ਕਹਿੰਦੇ ਹਨ। "ਪੱਤਰਕਾਰਾਂ ਦੀ (ਲੋਕਤੰਤਰ ਵਿੱਚ) ਚੌਥੇ ਥੰਮ੍ਹ ਅਤੇ ਕੋਵਿਡ ਯੋਧਿਆਂ ਵਜੋਂ ਸਿਫ਼ਤ ਕੀਤੀ ਜਾਂਦੀ ਹੈ। ਪੱਤਰਕਾਰਤਾ ਨੂੰ ਜ਼ਰੂਰੀ ਸੇਵਾ ਵੀ ਕਿਹਾ ਜਾਂਦਾ ਹੈ, ਪਰ ਟੀਕਾਕਰਣ ਲਈ ਸਾਨੂੰ ਤਰਜੀਹ ਨਹੀਂ ਦਿੱਤੀ ਜਾ ਰਹੀ ਹੈ," ਜਾਧਵ ਕਹਿੰਦੇ ਹਨ, ਜੋ ਇੱਕ ਮਰਾਠੀ ਟੈਲੀਵਿਯਨ ਚੈਨਲ ਲਈ ਰਿਪੋਰਟਿੰਗ ਕਰਦੇ ਹਨ, ਜਿਹਦਾ ਹੈਡਕੁਆਰਟਰਸ ਮੁੰਬਈ ਵਿੱਚ ਹੈ। "ਸਾਡੇ ਤੋਂ ਜਾਗਰੂਕਤਾ ਫੈਲਾਉਣ ਦੀ ਤਵੱਕੋ ਕੀਤੀ ਜਾਂਦੀ ਹੈ। ਸਾਡੇ ਤੋਂ ਉੱਚਿਤ ਜਾਣਕਾਰੀ ਪ੍ਰਸਾਰਤ ਕਰਨਰ ਦੀ ਉਮੀਦ ਕੀਤੀ ਜਾਂਦੀ ਹੈ। ਅਸੀਂ ਦੂਸਰਿਆਂ ਦੀਆਂ ਚਿੰਤਾਵਾਂ ਨੂੰ ਅਵਾਜ਼ ਦਿੰਦੇ ਹਾਂ। ਪਰ ਪੱਤਰਕਾਰਾਂ ਦੀ ਪਰੇਸ਼ਾਨੀ ਕੋਈ ਨਹੀਂ ਸੁਣਦਾ।"
ਜਾਧਵ ਜਿਹੇ ਪੱਤਰਕਾਰਾਂ ਦੀ ਹਾਲਤ ਹੋਰ ਵੀ ਖ਼ਰਾਬ ਹੈ। "ਜੇ ਤੁਸੀਂ ਮੁੰਬਈ ਜਾਂ ਦਿੱਲੀ ਵਿੱਚ ਹੋ, ਤਾਂ ਤੁਹਾਡੀ ਅਵਾਜ਼ ਮਾਇਨੇ ਰੱਖਦੀ ਹੈ। ਇਸ ਸਮੇਂ ਗ੍ਰਾਮੀਣ ਖੇਤਰਾਂ ਵਿੱਚ ਕੰਮ ਕਰ ਰਹੇ ਆਪਣੇ ਪੱਤਰਕਾਰਾਂ ਦੀ ਸੁਰੱਖਿਆ ਲਈ ਨਿਊਜ ਚੈਨਲ ਅਤੇ ਅਖ਼ਬਾਰਾਂ ਨੇ ਕੀ ਕੀਤਾ ਹੈ? ਕਿੰਨੇ ਸੰਪਾਦਕਾਂ ਨੇ ਆਪਣੇ ਪੱਤਰਕਾਰਾਂ ਨੂੰ ਬੇਫ਼ਿਕਰ ਕੀਤਾ ਹੈ? ਕਿੰਨੇ ਲੋਕਾਂ ਨੇ ਪ੍ਰਾਥਮਿਕਤਾ ਦੇ ਅਧਾਰ 'ਤੇ ਉਨ੍ਹਾਂ ਦੇ ਟੀਕਾਕਰਣ ਦੇ ਲਈ ਮੁਹਿੰਮ ਵਿੱਢੀ ਹੈ?" ਉਹ ਪੁੱਛਦੇ ਹਨ। "ਗ੍ਰਾਮੀਣ ਖੇਤਰਾਂ ਵਿੱਚ ਕੰਮ ਕਰਨ ਵਾਲ਼ੇ ਪੱਤਰਕਾਰਾਂ ਨੂੰ ਚੰਗੀ ਤਨਖਾਹ ਨਹੀਂ ਮਿਲ਼ਦੀ। ਜੇ ਉਹ ਮਰ ਗਏ ਤਾਂ ਉਨ੍ਹਾਂ ਦੇ ਬੱਚਿਆਂ ਦਾ ਕੀ ਬਣੂਗਾ?"
ਕੋਵਿਡ-19 ਹੁਣ ਛੋਟੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਫੈਲਣ ਲੱਗਿਆ ਹੈ, ਇਸਲਈ ਗ੍ਰਾਮੀਣ ਖੇਤਰਾਂ ਵਿੱਚ ਪੱਤਰਕਾਰਾਂ ਦੀ ਸੁਰੱਖਿਆ ਦਾ ਮਸਲਾ ਗੰਭੀਰ ਹੋ ਗਿਆ ਹੈ, ਕਿਉਂਕਿ ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਉਨ੍ਹਾਂ ਦੇ ਕੋਲ਼ ਚੰਗੀਆਂ ਸਿਹਤ ਸੁਵਿਧਾਵਾਂ ਉਪਲਬਧ ਹੋਣਗੀਆਂ
ਧਾਵਰੇ ਦੀ 18 ਸਾਲਾਂ ਦੀ ਧੀ, ਵਿਸ਼ਾਖਾ 12ਵੀਂ ਜਮਾਤ ਵਿੱਚ ਹੈ। ਉਹ ਡਾਕਟਰ ਬਣਨਾ ਚਾਹੁੰਦੀ ਹੈ, ਪਰ ਹੁਣ ਇਹ ਅਨਿਸ਼ਚਤ ਹੈ। "ਮੈਂ ਉਹਦੀ ਪੜ੍ਹਾਈ ਦਾ ਖ਼ਰਚ ਨਹੀਂ ਝੱਲ ਸਕਦੀ," ਮਾਂ ਜਯਸ਼੍ਰੀ ਕਹਿੰਦੀ ਹਨ ਅਤੇ ਵਿਸ਼ਾਖਾ ਉਨ੍ਹਾਂ ਦਾ ਮੂੰਹ ਦੇਖ ਰਹੀ ਹੈ।
ਵਿਸ਼ਾਖਾ (ਕਵਰ ਫੋਟੋ ਵਿੱਚ, ਐਨਕ ਲਗਾਈ) ਯਾਦ ਕਰਦੀ ਹੈ ਕਿ ਮਰਨ ਤੋਂ ਚਾਰ ਦਿਨ ਪਹਿਲਾਂ ਜਦੋਂ ਉਹਨੇ ਆਪਣੇ ਪਿਤਾ ਨੂੰ ਵੀਡਿਓ ਕਾਲ ਕੀਤੀ ਸੀ, ਤਾਂ ਉਨ੍ਹਾਂ ਨੇ ਢੇਰ ਸਾਰੀਆਂ ਗੱਲਾਂ ਕੀਤੀਆਂ ਸਨ। "2 ਅਪ੍ਰੈਲ ਨੂੰ ਉਨ੍ਹਾਂ ਦਾ ਜਨਮਦਿਨ ਸੀ," ਉਹ ਦੱਸਦੀ ਹੈ। "ਮੈਂ ਉਨ੍ਹਾਂ ਨੂੰ ਵਧਾਈ ਦੇਣ ਲਈ ਕਾਲ ਕੀਤੀ ਸੀ। ਉਨ੍ਹਾਂ ਨੇ ਮੈਨੂੰ ਆਪਣੀ ਪੜ੍ਹਾਈ ਵੱਲ ਧਿਆਨ ਕੇਂਦਰਤ ਕਰਨ ਅਤੇ ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿੱਚ ਵੀ ਕਿਤਾਬਾਂ ਤੋਂ ਨਜ਼ਰਾਂ ਨਾ ਹਟਾਉਣ ਦੇ ਲਈ ਕਿਹਾ ਸੀ। ਉਹ ਚਾਹੁੰਦੇ ਸਨ ਕਿ ਜਿੱਥੋਂ ਤੱਕ ਸੰਭਵ ਹੋਵੇ ਮੈਂ ਜ਼ਿਆਦਾ ਤੋਂ ਜ਼ਿਆਦਾ ਪੜ੍ਹਾਈ ਕਰਾਂ।"
ਵਿਸ਼ਾਖਾ ਦੀ ਪੜ੍ਹਾਈ ਦਾ ਮਾਮਲਾ ਠੰਡੇ ਬਸਤੇ ਪਿਆ ਹੈ ਅਤੇ ਜਯਸ਼੍ਰੀ ਨੇ ਹਸਪਤਾਲ ਦਾ ਬਿੱਲ ਅਦਾ ਕਰਨ ਲਈ ਜੋ ਕਰਜ਼ਾ ਚੁੱਕਿਆ ਸੀ ਉਹਦੇ ਬਾਰੇ ਚਿੰਤਤ ਹਨ। "ਮੇਰੇ ਰਿਸ਼ਤੇਦਾਰ ਇੰਨੇ ਚੰਗੇ ਹਨ ਕਿ ਉਨ੍ਹਾਂ ਨੇ ਹਾਲੇ ਤੱਕ ਪੈਸੇ ਨਹੀਂ ਮੰਗੇ ਹਨ, ਪਰ ਮਾੜਾ ਸਮਾਂ ਹੈ ਅਤੇ ਹਰ ਕਿਸੇ ਨੂੰ ਪੈਸੇ ਦੀ ਲੋੜ ਹੈ," ਉਹ ਕਹਿੰਦੀ ਹਨ। "ਮੈਂ ਆਪਣਾ ਕਰਜ਼ ਚੁਕਾਉਣਾ ਚਾਹੁੰਦੀ ਹਾਂ, ਪਰ ਕਿਵੇਂ... ਮੈਨੂੰ ਨਹੀਂ ਪਤਾ। ਮੈਂ ਆਪਣੀ ਹਿੰਮਤ 'ਤੇ ਜੀਅ ਰਹੀ ਹਾਂ।"
ਓਸਮਾਨਾਬਾਦ ਦੇ ਕੁਝ ਪੱਤਰਕਾਰਾਂ ਨੂੰ ਜਾਪਦਾ ਹੈ ਕਿ ਪਰਿਵਾਰ ਨੂੰ ਵਿੱਤੀ ਸੰਕਟ ਵਿੱਚ ਛੱਡਣ ਦਾ ਖਤਰਾ ਮੁੱਲ ਲੈਣ ਦੀ ਬਜਾਇ ਉਨ੍ਹਾਂ ਲਈ ਇਹੀ ਬਿਹਤਰ ਹੋਵੇਗਾ ਕਿ ਉਹ ਫੀਲਡ ਵਿੱਚ ਹੀ ਨਾ ਜਾਣ।
ਜਾਧਵ, ਜਿਨ੍ਹਾਂ ਦੇ 6 ਅਤੇ 4 ਸਾਲ ਦੇ ਦੋ ਬੱਚੇ ਹਨ, ਫਰਵਰੀ ਵਿੱਚ ਕੋਵਿਡ ਦੀ ਦੂਸਰੀ ਲਹਿਰ ਸ਼ੁਰੂ ਹੋਣ ਤੋਂਥ ਬਾਅਦ ਤੋਂ ਬਾਹਰ ਨਹੀਂ ਜਾ ਰਹੇ ਹਨ। ਉਨ੍ਹਾਂ ਨੇ 2020 ਵਿੱਚ ਪਹਿਲੀ ਲਹਿਰ ਦੌਰਾਨ ਫੀਲਡ ਤੋਂ ਰਿਪੋਰਟਿੰਗ ਕਰਨ ਦੀ ਬਹੁਤ ਵੱਡੀ ਕੀਮਤ ਤਾਰੀ ਸੀ। "ਮੇਰੇ ਕਰਕੇ ਮੇਰੀ ਮਾਂ ਦੀ ਮੌਤ ਹੋ ਗਈ," ਉਹ ਕਹਿੰਦੇ ਹਨ। "11 ਜੁਲਾਈ ਨੂੰ ਮੇਰੀ ਜਾਂਚ ਪੋਜੀਟਿਵ ਆਈ ਸੀ। ਮਾਂ ਉਸ ਤੋਂ ਬਾਅਦ ਸੰਕ੍ਰਮਿਤ ਹੋਈ। ਮੈਂ ਠੀਕ ਹੋ ਗਿਆ, ਪਰ ਉਹ ਠੀਕ ਨਹੀਂ ਹੋ ਸਕੀ। ਮੈਂ ਉਨ੍ਹਾਂ ਦੇ ਅੰਤਮ ਸਸਕਾਰ ਲਈ ਵੀ ਨਹੀਂ ਜਾ ਸਕਿਆ। ਹੁਣ ਮੇਰੇ ਅੰਦਰ ਬਾਹਰ ਨਿਕਲ਼ਣ ਦੀ ਹਿੰਮਤ ਨਹੀਂ ਬਚੀ।" ਉਹ ਓਸਮਾਨਾਬਾਦ ਜਿਲ੍ਹੇ ਦੇ ਵੱਖੋ ਵੱਖ ਹਿੱਸਿਆਂ ਵਿੱਚ ਆਪਣੇ ਸੰਪਰਕਾਂ ਪਾਸੋਂ ਵੀਡਿਓ ਪ੍ਰਾਪਤ ਕਰਦੇ ਹਨ। "ਕਿਸੇ ਮਹੱਤਵਪੂਰਨ ਇੰਟਰਵਿਊ ਜਾਂ ਪੀਸ ਲਈ ਕੈਮਰੇ ਦੀ ਲੋੜ ਹੋਣ 'ਤੇ ਹੀ ਮੈਂ ਘਰੋਂ ਬਾਹਰ ਨਿਕਲ਼ਦਾ ਹਾਂ।"
ਪਰ 39 ਸਾਲਾ ਦਾਦਾਸਾਹੇਬ ਬਾਨ ਨੇ ਮੌਕੇ ਤੋਂ ਰਿਪੋਰਟਿੰਗ ਨੂੰ ਤਰਜੀਹ ਦਿੱਤੀ। ਪ੍ਰਿੰਟ ਮੀਡਿਆ ਲਈ ਕੰਮ ਕਰਨ ਵਾਲ਼ੇ ਬੀਡ ਜਿਲ੍ਹੇ ਦੇ ਆਸ਼ਟੀ ਤਾਲੁਕਾ ਦੇ ਕਾਸਰੀ ਪਿੰਡ ਦੇ ਪੱਤਰਕਾਰ, ਦਾਦਾਸਾਹੇਬ ਜਿਲ੍ਹੇ ਦੇ ਇੱਕ ਮਰਾਠੀ ਦੈਨਿਕ, ਲੋਕਾਸ਼ਾ ਲਈ ਲਿਖਦੇ ਸਨ। ਉਹ ਆਪਣੀ ਰਿਪੋਰਟ ਲਈ ਸੈਕੰਡਰੀ ਸ੍ਰੋਤਾਂ ਦੇ ਕੋਲ਼ ਜਾਣ ਬਾਰੇ ਸੋਚਦੇ ਵੀ ਨਹੀਂ ਸਨ।
"ਉਹ ਹਸਪਤਾਲਾਂ, ਜਾਂਚ ਕੇਂਦਰਾਂ ਅਤੇ ਹੋਰ ਥਾਵਾਂ ਦਾ ਦੌਰਾ ਕਰਦੇ ਅਤੇ ਜ਼ਮੀਨੀ ਹਾਲਾਤ ਬਾਰੇ ਲਿਖਦੇ ਸਨ," ਉਨ੍ਹਾਂ ਦੀ 34 ਸਾਲਾ ਪਤਨੀ ਮੀਨਾ ਕਹਿੰਦੀ ਹਨ। "ਨਵੀਂ ਲਹਿਰ ਬਾਰੇ ਰਿਪੋਰਟਿੰਗ ਕਰਦੇ ਸਮੇਂ, ਉਹ ਮਾਰਚ ਦੇ ਅੰਤ ਵਿੱਚ ਇਸ ਬੀਮਾਰੀ ਦੀ ਜਕੜ ਵਿੱਚ ਆ ਗਏ ਸਨ।"
ਬਾਨ ਪਰਿਵਾਰ ਉਨ੍ਹਾਂ ਨੂੰ ਕਾਸਰੀ ਤੋਂ 60 ਕਿਲੋਮੀਟਰ ਦੂਰ, ਅਹਿਮਦਨਗਰ ਦੇ ਇੱਕ ਨਿੱਜੀ ਹਸਪਤਾਲ ਲੈ ਗਿਆ। "ਪਰ ਉਨ੍ਹਾਂ ਦੀ ਤਬੀਅਤ ਵਿੱਚ ਮਾਸਾ ਸੁਧਾਰ ਨਾ ਹੋਇਆ," ਮੀਨਾ ਦੱਸਦੀ ਹਨ। "ਉਨ੍ਹਾਂ ਦੀ ਆਕਸੀਜਨ ਦਾ ਲੈਵਲ ਘੱਟ ਕੇ 80 ਰਹਿ ਗਿਆ ਸੀ। ਫਿਰ ਇਹ ਘੱਟਦਾ ਹੀ ਚਲਾ ਗਿਆ।"
ਬਾਨ ਨੂੰ ਕੋਈ ਹੋਰ ਗੰਭੀਰ ਬੀਮਾਰੀ ਨਹੀਂ ਸੀ, ਪਰ ਚਾਰ ਦਿਨ ਬਾਅਦ ਕੋਵਿਡ-19 ਦੇ ਕਾਰਨ ਉਨ੍ਹਾਂ ਨੇ ਦਮ ਤੋੜ ਦਿੱਤਾ। "ਅਸੀਂ ਹਸਪਤਾਲਾਂ ਅਤੇ ਦਵਾਈਆਂ 'ਤੇ ਇੱਕ ਲੱਖ ਰੁਪਿਆ ਖ਼ਰਚ ਕੀਤਾ," ਬਾਨ ਦੇ 35 ਸਾਲਾ ਭਤੀਜੇ ਦਿਲੀਪ ਗਿਰੀ ਕਹਿੰਦੇ ਹਨ। "ਹਸਪਤਾਲ ਦਾ ਬਿੱਲ ਅਦਾ ਕਰਨ ਲਈ ਅਸੀਂ ਦੋਸਤਾਂ ਅਤੇ ਰਿਸ਼ਤੇਦਾਰਾਂ ਪਾਸੋਂ ਪੈਸੇ ਉਧਾਰ ਲਏ। ਮੇਰੇ ਚਾਚਾ ਮਹੀਨੇ ਵਿੱਚ 7,000-8,000 ਰੁਪਏ ਤੋਂ ਵੱਧ ਨਹੀਂ ਕਮਾਉਂਦੇ ਸਨ। ਸਾਡੇ ਕੋਲ਼ ਕੋਈ ਵੱਡੀ ਬੱਚਤ ਵੀ ਨਹੀਂ ਹੈ।"
ਬਾਨ ਦਾ ਇਲਾਜ MJPJAY ਤਹਿਤ ਵੀ ਕੀਤਾ ਜਾ ਸਕਦਾ ਸੀ, ਜੋ ਬੀਡ ਸਣੇ ਰਾਜ ਦੇ ਖੇਤੀ ਸੰਕਟ ਨਾਲ਼ ਜੂਝ ਰਹੇ 14 ਜਿਲ੍ਹਿਆਂ ਦੇ ਕਿਸਾਨ ਪਰਿਵਾਰਾਂ ਨੂੰ ਕਵਰ ਕਰਦਾ ਹੈ। ਬਾਨ ਪਰਿਵਾਰ ਦੇ ਕੋਲ਼ ਉਨ੍ਹਾਂ ਦੇ ਪਿੰਡ ਵਿੱਚ ਪੰਜ ਏਕੜ ਖੇਤ ਹੈ, ਜਿਹਨੇ ਉਨ੍ਹਾਂ ਨੂੰ ਇਸ ਯੋਜਨਾ ਲਈ ਯੋਗ ਬਣਾਇਆ।
ਅਹਿਮਦਨਗਰ ਦੇ ਜਿਸ ਨਿੱਜੀ ਹਸਪਤਾਲ ਨੇ ਬਾਨ ਦਾ ਇਲਾਜ ਕੀਤਾ ਸੀ, ਉਹਨੇ ਉਨ੍ਹਾਂ ਨੂੰ MJPJAY ਦੇ ਤਹਿਤ ਭਰਤੀ ਕਰਨ ਤੋਂ ਮਨ੍ਹਾ ਕਰ ਦਿੱਤਾ। "ਉਨ੍ਹਾਂ ਨੇ ਸਾਨੂੰ ਕਿਹਾ ਕਿ ਜੇਕਰ ਅਸੀਂ ਯੋਜਨਾ ਦਾ ਲਾਭ ਚੁੱਕਣਾ ਹੈ ਤਾਂ ਅਸੀਂ ਕੋਈ ਦੂਸਰਾ ਹਸਪਤਾਲ ਲੱਭੀਏ," ਮੀਨਾ ਦੱਸਦੀ ਹਨ। "ਜਦੋਂ ਤੁਸੀਂ ਇੱਕ ਚੰਗਾ ਹਸਪਤਾਲ ਲੱਭਣ ਲਈ ਸੰਘਰਸ਼ ਕਰ ਰਹੇ ਹੋਵੋ ਤਾਂ ਉਸ ਸਮੇਂ ਤੁਸੀਂ ਪੈਸੇ ਦੀ ਚਿੰਤਾ ਨਹੀਂ ਕਰਦੇ ਸਗੋਂ ਸਿਰਫ਼ ਉਸ ਵਿਅਕਤੀ ਨੂੰ ਬਚਾਉਣ ਬਾਰੇ ਸੋਚਦੇ ਹੋ। ਪਰ ਅਸੀਂ ਨਾ ਤਾਂ ਉਸ ਵਿਅਕਤੀ ਨਾ ਬਚਾ ਸਕੇ ਅਤੇ ਨਾ ਹੀ ਪੈਸਾ।"
ਬਾਨ ਅਤੇ ਮੀਨਾ ਦੇ ਦੋ ਬੇਟੇ ਹਨ- 15 ਸਾਲਾ ਰੁਸ਼ੀਕੇਸ਼ ਅਤੇ 14 ਸਾਲਾ ਯਸ਼- ਜਿਨ੍ਹਾਂ ਦਾ ਭਵਿੱਖ ਹੁਣ ਹਨ੍ਹੇਰੇ ਖੂਹ ਵਾਂਗ ਹੈ। ਉਨ੍ਹਾਂ ਦੇ ਪਿਤਾ ਚਾਹੁੰਦੇ ਸਨ ਕਿ ਉਹ ਪੜ੍ਹਾਈ ਕਰਨ ਅਤੇ ਡਾਕਟਰ ਬਣਨ। "ਉਹ ਉਨ੍ਹਾਂ ਦੇ ਪੱਤਰਕਾਰ ਬਣਨ ਦੇ ਇਛੁੱਕ ਨਹੀਂ ਸਨ," ਦਿਲੀਪ ਕਹਿੰਦੇ ਹਨ। "ਉਨ੍ਹਾਂ ਦਾ ਭਵਿੱਖ ਹੁਣ ਉਨ੍ਹਾਂ ਦੀ ਮਾਂ ਦੇ ਹੱਥ ਵਿੱਚ ਹੀ ਹੈ। ਉਨ੍ਹਾਂ ਦੀ ਆਮਦਨੀ ਦਾ ਇੱਕੋ-ਇੱਕ ਵਸੀਲਾ ਖੇਤੀ ਹੀ ਹੈ। ਅਸੀਂ ਸਿਰਫ਼ ਜਵਾਰ ਅਤੇ ਬਾਜਰਾ ਉਗਾਉਂਦੇ ਹਨ। ਅਸੀਂ ਨਕਦੀ ਫ਼ਸਲਾਂ ਨਹੀਂ ਉਗਾਉਂਦੇ," ਉਹ ਅੱਗੇ ਕਹਿੰਦੇ ਹਨ।
ਇੱਕ-ਦੂਸਰੇ ਦੇ ਨਾਲ਼ ਲੱਗ ਕੇ ਖ਼ਾਮੋਸ਼ ਬੈਠੇ ਦੋਵੇਂ ਭਰਾ ਸਾਡੀ ਗੱਲਬਾਤ ਸੁਣ ਰਹੇ ਹਨ। "ਜਦੋਂ ਤੋਂ ਇਨ੍ਹਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠਿਆ ਹੈ, ਉਦੋਂ ਤੋਂ ਉਹ ਅਸਾਧਰਣ ਰੂਪ ਵਿੱਚ ਖ਼ਾਮੋਸ਼ ਹੀ ਰਹਿੰਦੇ ਹਨ," ਦਿਲੀਪ ਦੱਸਦੇ ਹਨ। "ਉਹ ਚੰਚਲ ਸਨ, ਲਗਾਤਾਰ ਮਜ਼ਾਕ ਕਰਦੇ ਰਹਿੰਦੇ ਸਨ। ਪਰ ਹੁਣ ਉਹ ਕਦੇ-ਕਦੇ ਕਹਿੰਦੇ ਹਨ ਕਿ ਉਹ ਵੀ ਉੱਥੋਂ ਜਾਣਾ ਚਾਹੁੰਦੇ ਹਨ ਜਿੱਥੇ ਉਨ੍ਹਾਂ ਦੇ ਪਾਪਾ ਚਲੇ ਗਏ ਹਨ।"
ਤਰਜਮਾ : ਕਮਲਜੀਤ ਕੌਰ