“ਤੁਸੀਂ ਇੰਨੇ ਸਾਲਾਂ ਤੋਂ ਮੇਰੀਆਂ ਫ਼ੋਟੋਆਂ ਖਿੱਚਦੇ ਆ ਰਹੇ ਹੋ, ਦੱਸੋ ਤਾਂ ਸਹੀ ਤੁਸੀਂ ਕਰਨ ਕੀ ਵਾਲ਼ੇ ਹੋ?” ਗੋਵਿੰਦੱਮਾ ਵੇਲੂ ਯਕਦਮ ਵਿਲ਼ਕ ਹੀ ਪੈਂਦੀ ਹਨ। ਇਸ ਸਾਲ ਮਾਰਚ ਮਹੀਨੇ ਵਿੱਚ ਉਨ੍ਹਾਂ ਦੇ ਬੇਟੇ, ਸੇਲਾਯਾ ਦੀ ਮੌਤ ਨੇ ਉਨ੍ਹਾਂ ਨੂੰ ਧੁਰ-ਅੰਦਰੋਂ ਤੋੜ ਸੁੱਟਿਆ ਹੈ। “ਮੇਰੀ ਨਜ਼ਰ ਵੀ ਖ਼ਤਮ ਹੋ ਗਈ ਹੈ। ਮੈਨੂੰ ਤਾਂ ਤੂੰ ਵੀ ਨਹੀਂ ਦਿੱਸ ਰਿਹਾ। ਦੱਸੋ ਹੁਣ ਮੇਰਾ ਤੇ ਮੇਰੀ ਬੁੱਢੀ ਮਾਂ ਦਾ ਕੌਣ ਧਿਆਨ ਰੱਖੂ?”

ਉਹ ਮੈਨੂੰ ਆਪਣੇ ਹੱਥਾਂ ’ਤੇ ਪਏ ਡੂੰਘੇ ਚੀਰੇ ਤੇ ਛਾਲ਼ੇ ਦਿਖਾਉਂਦੀ ਹਨ। “ਤਿਰਕਾਲੀਂ ਸਿਰਫ਼ 200 ਰੁਪਏ ਘਰ ਲਿਜਾਣ ਬਦਲੇ ਮੈਨੂੰ ਬਹੁਤ ਪੀੜ੍ਹ ਝੱਲਣੀ ਪੈਂਦੀ ਹੈ। ਦੱਸੋ ਹੁਣ ਮੇਰੀ ਉਮਰ ਹੈ ਜਾਲ਼ ਸੁੱਟ ਕੇ ਝੀਂਗੇ ਫੜ੍ਹਨ ਦੀ? ਨਹੀਂ, ਮੇਰੇ ਅੰਦਰ ਜਾਲ਼ ਸੁੱਟਣ ਦੀ ਤਾਕਤ ਕਿੱਥੇ। ਮੈਂ ਤਾਂ ਆਪਣੇ ਹੱਥਾਂ ਤੋਂ ਹੀ ਕੰਮ ਲੈ ਸਕਦੀ ਹਾਂ,” ਗੋਵਿੰਦੱਮਾ ਕਹਿੰਦੀ ਹਨ। ਝੀਂਗੇ ਫੜ੍ਹਨ ਵਾਲ਼ੀ ਮੱਧਰੀ ਜਿਹੀ ਤੇ ਮਾੜੂ ਜਿਹੀ ਇਸ ਔਰਤ ਦਾ ਮੰਨਣਾ ਹੈ ਕਿ ਉਹ 77 ਸਾਲਾਂ ਦੀ ਹੈ। “ਇੰਝ ਲੋਕੀਂ ਹੀ ਕਹਿੰਦੇ ਹਨ,” ਗੋਵਿੰਦੱਮਾ ਦਾ ਕਹਿਣਾ ਹੈ। “ਰੇਤ ਅੰਦਰ ਹੱਥ ਪਾਉਣ ਅਤੇ ਝੀਂਗਿਆਂ ਨੂੰ ਫੜ੍ਹਨ ਕਾਰਨ ਡੂੰਘੇ ਚੀਰੇ ਪੈ ਜਾਂਦੇ ਹਨ। ਜਦੋਂ ਮੇਰੇ ਹੱਥ ਪਾਣੀ ਵਿੱਚ ਡੁੱਬੇ ਹੋਣ ਤਾਂ ਲਹੂ ਸਿੰਮਣ ਦਾ ਮੈਨੂੰ ਕਿੱਥੇ ਪਤਾ ਲੱਗਦਾ।”

2019 ਵਿੱਚ ਮੈਂ ਉਨ੍ਹਾਂ ਨੂੰ ਪਹਿਲੀ ਵਾਰੀ ਦੇਖਿਆ ਸੀ ਜਦੋਂ ਮੈਂ ਬਕਿੰਘਮ ਕੈਨਾਲ ਦੇ ਇਲਾਕੇ ਵੱਲ ਸਫ਼ਰ ਕਰ ਰਿਹਾ ਸਾਂ। ਇਹ  ਕੈਨਾਲ ਏਨੌਰ ਵਿਖੇ ਕੋਸਾਸਤਲੀਅਰ ਨਦੀ ਦੇ ਐਨ ਸਮਾਂਨਤਰ ਹੀ ਵਗਦੀ ਹੈ, ਉੱਤਰੀ ਚੇਨੱਈ ਦਾ ਇਹ ਇਲਾਕੇ ਗੁਆਂਢੀ ਤਿਰੂਵੱਲੂਰ ਜ਼ਿਲ੍ਹੇ ਤੀਕਰ ਫੈਲਿਆ ਹੋਇਆ ਹੈ। ਗ੍ਰੇਬ ਪੰਛੀ ਵਾਂਗਰ, ਨਹਿਰ ਵਿੱਚ ਡੁੱਬਕੀ ਲਾਉਣ ਅਤੇ ਪਾਣੀ ਹੇਠਾਂ ਲੱਥਣ ਦੀ ਉਨ੍ਹਾਂ ਦੀ ਇਸ ਮੁਹਾਰਤ ਨੇ ਮੇਰਾ ਧਿਆਨ ਖਿੱਚਿਆ। ਉਨ੍ਹਾਂ ਨੇ ਨਦੀ ਤਲ਼ੇ ਦੀ ਖੁਰਦੁਰੀ ਰੇਤ ਦੀ ਮੋਟੀ ਤਹਿ ਵਿੱਚ ਬੜੀ ਫੁਰਤੀ ਨਾਲ਼ ਆਪਣਾ ਹੱਥ ਘੁਮਾਇਆ ਅਤੇ ਕਿਸੇ ਵੀ ਹੋਰ ਦੇ ਮੁਕਾਬਲੇ ਬੜੀ ਕਾਹਲੀ ਦੇਣੀ ਝੀਂਗਾ ਫੜ੍ਹ ਲਿਆ। ਕਮਰ ਤੱਕ ਡੂੰਘੇ ਪਾਣੀ ਵਿੱਚ ਲੱਥੀ ਉਹ ਲੱਕ ਦੁਆਲ਼ੇ ਬੱਝੀ ਖਜ਼ੂਰ ਦੇ ਪੱਤਿਆਂ ਦੀ ਬਣੀ ਟੋਕਰੀ ਵਿੱਚ ਝੀਂਗੇ ਇਕੱਠੀ ਕਰਦੀ ਹੋਈ ਇਸ ਔਰਤ ਦੀ ਚਮੜੀ ਨਹਿਰ ਦੇ ਪਾਣੀ ਨਾਲ਼ ਹੀ ਰਲ਼ੀ ਪਈ ਜਾਪਦੀ ਸੀ। ਇੰਨੀ ਇਕਸਾਰ ਕਿ ਵੱਖ ਕਰ ਪਾਉਣਾ ਮੁਸ਼ਕਲ ਜਾਪਿਆ।

19ਵੀਂ ਸਦੀ ਵਿੱਚ ਬਣਿਆ ਨੇਵੀਗੇਸ਼ਨ ਚੈਨਲ, ਬਰਕਿੰਘਮ  ਕੈਨਾਲ ਅਤੇ ਏਨੌਰ ਥਾਣੀਂ ਹੋ ਕੇ ਵਹਿਣ ਵਾਲ਼ੀ ਕੋਸਾਸਤਲੀਅਰ ਅਥੇ ਅਰਾਨਿਯਾਰ ਨਦੀਆਂ, ਇੱਕ ਮਹੱਤਵਪੂਰਨ ਜਲ ਪ੍ਰਣਾਲੀ ਬਣਾਉਂਦੀਆਂ ਹਨ ਜੋ ਚੇਨੱਈ ਸ਼ਹਿਰ ਨੂੰ ਜੀਵਨ-ਰੇਖਾ ਪ੍ਰਦਾਨ ਕਰਦੀ ਹੈ।

PHOTO • M. Palani Kumar

ਗੋਵਿੰਦੱਮਾ ਵੇਲੂ (ਸੱਜੇ), ਇੱਕ ਰਿਸ਼ਤੇਦਾਰ (ਖੱਬੇ) ਦੇ ਨਾਲ਼ ਉੱਤਰੀ ਚੇਨੱਈ ਦੇ ਏਨੌਰ ਵਿਖੇ ਕਾਮਰਾਜਰ ਬੰਦਰਗਾਹ ਦੇ ਨੇੜੇ ਕੋਸਾਸਤਲੀਅਰ ਨਦੀ ਤੋਂ ਬਾਹਰ ਨਿਕਲ਼ਦੀ ਹੋਈ। ਜਦੋਂ ਤੱਕ ਉਹ ਗੁਜ਼ਾਰੇ ਜੋਗੇ ਝੀਂਗੇ ਫੜ੍ਹ ਨਾ ਲੈਣ ਉਹ ਬਰਕਿੰਘਮ  ਕੈਨਾਲ ਦੇ ਅੱਗੇ ਹੋਰ ਅੱਗੇ ਵੱਧਦੇ ਰਹੇ,  ਕੈਨਾਲ ਜੋ ਕੋਸਾਸਤਲੀਅਰ ਨਦੀ ਦੇ ਸਮਾਨਾਂਤਰ ਵਹਿੰਦਾ ਹੈ

PHOTO • M. Palani Kumar

ਗੋਵਿੰਦੱਮਾ (ਐਨ ਖੱਬੇ) ਆਪਣੇ ਇਰੂਲਰ ਭਾਈਚਾਰੇ ਦੇ ਹੋਰਨਾਂ ਲੋਕਾਂ ਦੇ ਨਾਲ਼ ਕੋਸਾਸਤਲੀਅਰ ਨਦੀ ਵਿੱਚੋਂ ਝੀਂਗੇ ਫੜ੍ਹਦੀ ਹੋਈ। ਉਹ ਝੀਂਗੇ ਫੜ੍ਹਨ ਖਾਤਰ ਨਦੀ ਦੇ ਰਸਤਿਓਂ 2-4 ਕਿਲੋਮੀਟਰ ਦੂਰ ਨਿਕਲ਼ ਜਾਂਦੇ ਹਨ

ਮੈਨਗ੍ਰੋਵ ਜੰਗਲ ਨੇ ਇੱਕ ਹਿਸਾਬੇ ਕੋਸਾਸਤਲੀਅਰ ਨਦੀ ਨੂੰ ਗਲ਼ੇ ਲਾਇਆ ਹੋਇਆ ਹੈ ਕਿਉਂਕਿ ਇਹ ਏਨੌਰ ਤੋਂ ਘੁੰਮਦੀ ਹੈ, ਪਜ਼ਵੇਰਕਾਡੂ ਵਿਖੇ ਪੈਂਦੀ ਝੀਲ਼ ਤੀਕਰ ਅੱਪੜਦੀ ਹੈ, ਜਿਹਨੂੰ ਪੁਲੀਕਟ ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ। ਨਦੀ ਦੇ ਨਾਲ਼-ਨਾਲ਼ 27 ਕਿਲੋਮੀਟਰ ਦੇ ਘੇਰੇ ਵਿੱਚ ਰਹਿਣ ਵਾਲ਼ੇ ਲੋਕਾਂ ਦਾ ਜਲ ਅਤੇ ਭੂਮੀ ਸਾਧਨਾਂ ਨਾਲ਼ ਡੂੰਘਾ ਰਿਸ਼ਤਾ ਹੈ। ਇੱਥੇ ਪੁਰਸ਼ਾਂ ਅਤੇ ਔਰਤਾਂ ਨੂੰ ਮੱਛੀਆਂ ਫੜ੍ਹਦੇ ਦੇਖਿਆ ਜਾ ਸਕਦਾ ਹੈ, ਇਹੀ ਇਨ੍ਹਾਂ ਦੇ ਗੁਜ਼ਾਰੇ ਦਾ ਮੁੱਖ ਵਸੀਲਾ ਹੈ। ਇੱਥੇ ਮਿਲ਼ਣ ਵਾਲ਼ੇ ਝੀਂਗਿਆਂ ਦੀਆਂ ਕਿਸਮਾਂ ਦਾ ਚੰਗਾ ਮੁੱਲ ਪੈਂਦਾ ਹੈ।

ਜਦੋਂ 2019 ਵਿੱਚ ਅਸੀਂ ਪਹਿਲੀ ਦਫ਼ਾ ਮਿਲ਼ੇ ਸਾਂ ਤਾਂ ਗੋਵਿੰਦੱਮਾ ਨੇ ਮੈਨੂੰ ਦੱਸਿਆ,“ਮੇਰੇ ਦੋ ਬੱਚੇ ਹਨ। ਜਦੋਂ ਮੇਰਾ ਬੇਟਾ 10 ਸਾਲਾਂ ਦਾ ਅਤੇ ਧੀ 8 ਸਾਲਾਂ ਦੀ ਸੀ ਤਾਂ ਮੇਰੇ ਪਤੀ ਦੀ ਮੌਤ ਹੋ ਗਈ। ਇਸ ਗੱਲ ਨੂੰ ਹੁਣ 24 ਸਾਲ ਬੀਤ ਚੁੱਕੇ ਹਨ। ਮੇਰੇ ਬੇਟੇ ਦਾ ਵਿਆਹ ਹੋ ਚੁੱਕਿਆ ਹੈ ਜਿਹਦੀਆਂ ਹੁਣ ਚਾਰ ਧੀਆਂ ਹਨ; ਮੇਰੀ ਧੀ ਦੀਆਂ ਅੱਗੋਂ ਦੋ ਧੀਆਂ ਹਨ। ਦੱਸੋ ਹੋਰ ਮੈਨੂੰ ਕੀ ਚਾਹੀਦਾ ਹੈ?,” ਗੋਵਿੰਦੱਮਾ ਨੇ ਗੱਲ ਰੋਕੀ ਅਤੇ ਕਿਹਾ,“ਆਓ ਘਰ ਚੱਲੀਏ, ਉੱਥੇ ਬਹਿ ਕੇ ਗੱਲ ਕਰ ਸਕਦੇ ਹਾਂ।” ਇੰਨਾ ਕਹਿ ਉਨ੍ਹਾਂ ਨੇ ਆਪਣੀ ਟੋਕਰੀ ਚੁੱਕੀ ਅਤੇ ਅਤੀਪੱਟੂ ਪੁਡੂਨਗਰ ਵੱਲ ਨੂੰ ਤੁਰਨ ਲੱਗੀ। ਇਹ ਥਾਂ ਉਨ੍ਹਾਂ ਦੇ ਝੀਂਗੇ ਫੜ੍ਹਨ ਅਤੇ ਵੇਚਣ ਵਾਲ਼ੀ ਥਾਂ ਤੋਂ ਕੋਈ 7 ਕਿਲੋਮੀਟਰ ਦਾ ਪੈਦਲ ਰਾਹ ਹੈ। ਕੋਵਿਡ-19 ਤਾਲਾਬੰਦੀਆਂ ਕਾਰਨ ਮੈਨੂੰ ਦੋ ਸਾਲ ਬਾਅਦ ਕਿਤੇ ਜਾ ਕੇ ਉਨ੍ਹਾਂ ਨਾਲ਼ ਦੋਬਾਰਾ ਮਿਲ਼ਣ ਦਾ ਮੌਕਾ ਮਿਲ਼ਿਆ।

ਗੋਵਿੰਦਮ ਇਰੂਲਰ ਭਾਈਚਾਰੇ ਨਾਲ਼ ਤਾਅਲੁੱਕ ਰੱਖਦੀ ਹਨ ਜੋ ਤਮਿਲਨਾਡੂ ਵਿਖੇ ਪਿਛੜੇ ਕਬੀਲੇ ਵਜੋਂ ਸੂਚੀਬੱਧ ਹੈ। ਉਹ ਕਮਾਰਜਾਰ ਪੋਰਟ (ਪੁਰਾਣਾ ਨਾਮ ਏਨੌਰ ਪੋਰਟ) ਦੇ ਨੇੜੇ ਰਿਹਾ ਕਰਦੀ ਸਨ, ਜੋ ਥਾਂ ਕੋਸਾਸਤਲੀਅਰ ਨਦੀ ਦੇ ਨੇੜੇ ਹੈ, ਇੱਥੇ ਹੀ ਉਹ ਝੀਂਗੇ ਫੜ੍ਹਦੀ ਹਨ। ਪਰ 2004 ਵਿੱਚ ਆਈ ਸੁਨਾਮੀ ਨੇ ਉਨ੍ਹਾਂ ਦਾ ਘਰ ਤਬਾਹ ਕਰ ਛੱਡਿਆ। ਉਸ ਤੋਂ ਇੱਕ ਸਾਲ ਬਾਅਦ, ਉਹ ਤਿਰੂਵੱਲੂਰ ਜ਼ਿਲ੍ਹੇ ਦੇ ਅਟੀਪੱਟੂ ਸ਼ਹਿਰ ਆ ਗਈ ਜੋ 10 ਕਿਲੋਮੀਟਰ ਦੂਰ ਹੈ। ਸੁਨਾਮੀ ਤੋਂ ਪ੍ਰਭਾਵਤ ਬਹੁਤੇਰੇ ਇਰੂਲਰ ਭਾਈਚਾਰੇ ਦੇ ਲੋਕਾਂ ਨੂੰ ਅਰੁਣੋਧਾਯਾਮ ਨਗਰ, ਨੇਸਾ ਨਗਰ ਅਤੇ ਮਰਿਅੰਮਾ ਨਗਰ ਦੀਆਂ ਤਿੰਨ ਬਸਤੀਆਂ ਵਿੱਚ ਵਸਾਇਆ ਗਿਆ।

ਸੁਨਾਮੀ ਤੋਂ ਬਾਅਦ ਅਰੁਣੋਧਾਯਾਮ ਨਗਰ ਵਿਖੇ ਕਤਾਰਾਂ ਦੇ ਕਤਾਰ ਘਰ ਬਣਾਏ ਗਏ ਜਿੱਥੇ ਹੁਣ ਗੋਵਿੰਦੱਮਾ ਰਹਿੰਦੀ ਹਨ। ਇਹ ਘਰ ਹੁਣ ਬੇਰੰਗ ਜਾਪਦੇ ਹਨ। ਕੁਝ ਸਾਲ ਪਹਿਲਾਂ, ਜਦੋਂ ਉਨ੍ਹਾਂ ਦੀ ਪੋਤੀ ਦਾ ਵਿਆਹ ਹੋਇਆ ਤਾਂ ਗੋਵਿੰਦੱਮਾ ਨੇ ਉਸ ਖ਼ਾਤਰ ਆਪਣਾ ਘਰ ਖਾਲੀ ਕਰ ਦਿੱਤਾ ਅਤੇ ਖ਼ੁਦ ਘਰ ਦੇ ਨੇੜੇ ਨਿੰਮ ਦੇ ਰੁੱਖ ਹੇਠ ਡੇਰਾ ਲਾ ਲਿਆ।

PHOTO • M. Palani Kumar
PHOTO • M. Palani Kumar

ਖੱਬੇ : ਗੋਵਿੰਦੱਮਾ (ਹਰੀ ਸਾੜੀ ਵਿੱਚ ਮਲਬੂਸ) ਅਤੇ ਉਨ੍ਹਾਂ ਦੀ ਮਾਂ (ਸੱਜੇ) ਅਰੁਣੋਧਾਯਾਮ ਨਗਰ ਵਿਖੇ ਆਪਣੇ ਘਰ ਦੇ ਬਾਹਰ। ਸੱਜੇ : ਗੋਵਿੰਦੱਮਾ, ਉਨ੍ਹਾਂ ਦਾ ਬੇਟਾ ਸੇਲਾਯਾ (ਵਿਚਕਾਰ, ਨੀਲੀ ਡੱਬੀਦਾਰ ਲੂੰਗੀ ਪਾਈ), ਉਨ੍ਹਾਂ ਦੇ ਪੋਤੇ-ਪੋਤੀਆਂ ਅਤੇ ਰਿਸ਼ਤੇਦਾਰਾਂ ਦੇ ਨਾਲ਼। ਸੇਲਾਯਾ ਨੇ ਇਸੇ ਸਾਲ ਮਾਰਚ ਮਹੀਨੇ ਵਿੱਚ ਘਰੇਲੂ ਕਲੇਸ਼ ਕਾਰਨ ਆਤਮਹੱਤਿਆ ਕਰ ਲਈ

ਗੋਵਿੰਦੱਮਾ ਹਰ ਰੋਜ਼ ਸਵੇਰੇ 5 ਵਜੇ ਉੱਠਦੀ ਹਨ ਅਤੇ ਦੋ ਕਿਲੋਮੀਟਰ ਦੂਰ ਅਟੀਪੱਟੂ ਰੇਲਵੇ ਸਟੇਸ਼ਨ ਜਾਂਦੀ ਹਨ। ਉੱਥੋਂ ਫਿਰ ਉਹ ਅਟੀਪੱਟੂ ਪੁਡੂਨਗਰ ਜਾਣ ਵਾਸਤੇ ਟ੍ਰੇਨ ਫੜ੍ਹਦੀ ਹਨ।  ਉੱਥੋਂ ਫਿਰ ਉਹ 7 ਕਿਲੋਮੀਟਰ ਦਾ ਪੈਦਲ ਪੈਂਡਾ ਮਾਰਦੀ ਹਨ ਤੇ ਕਮਾਰਜਾਰ ਦੇ ਮਤਾ (ਸੈਂਟ. ਮੇਰੀ) ਚਰਚ ਜਾਂਦੀ ਹਨ। ਕਈ ਦਫ਼ਾ ਉਹ ਸਾਂਝਾ ਆਟੋ ਕਰ ਲੈਂਦੀ ਹਨ। ਬੰਦਰਗਾਹ ਦਾ ਇਹ ਪੂਰਾ ਇਲਾਕਾ ਛੋਟੇ-ਛੋਟੇ ਤੰਬੂਆਂ ਨਾਲ਼ ਭਰਿਆ ਪਿਆ ਹੈ, ਜਿਨ੍ਹਾਂ ਵਿੱਚ ਝੀਂਗੇ ਫੜ੍ਹਨ ਵਾਲ਼ੇ ਇਰੂਲਰ ਭਾਈਚਾਰੇ ਦੇ ਲੋਕ ਰਹਿੰਦੇ ਹਨ। ਗੋਵਿੰਦੱਮਾ ਵੀ ਉਨ੍ਹਾਂ ਨਾਲ਼ ਜਾ ਰਲ਼ਦੀ ਹਨ ਅਤੇ ਬੜੀ ਫੁਰਤੀ ਦਿਖਾਉਂਦਿਆਂ ਪਾਣੀ ਵਿੱਚ ਗੋਤਾ ਲਾਉਂਦੀ ਹਨ।

ਉਨ੍ਹਾਂ ਦੀ ਘਟਦੀ ਜਾਂਦੀ ਨਜ਼ਰ ਨੇ ਕੰਮ ਨੂੰ ਹੋਰ ਔਖ਼ੇਰਾ ਬਣਾ ਛੱਡਿਆ ਹੈ। “ਟ੍ਰੇਨ ਅਤੇ ਆਟੋ ਵਿੱਚ ਚੜ੍ਹਨ ਵੇਲ਼ੇ ਵੀ ਮੈਨੂੰ ਸਹਾਰੇ ਦੀ ਲੋੜ ਪੈਂਦੀ ਹੈ। ਹੁਣ ਮੈਂ ਪਹਿਲਾਂ ਵਾਂਗਰ ਨਹੀਂ ਦੇਖ ਪਾਉਂਦੀ,” ਗੋਵਿੰਦੱਮਾ ਕਹਿੰਦੀ ਹਨ। ਉਨ੍ਹਾਂ ਨੂੰ ਕਿਰਾਏ ਭਾੜੇ ਲਈ ਹਰ ਰੋਜ਼ 50 ਰੁਪਏ ਖਰਚਣੇ ਪੈਂਦੇ ਹਨ। “ਝੀਂਗੇ ਵੇਚ ਕੇ ਬੜੀ ਮੁਸ਼ਕਲ ਨਾਲ਼ ਮਸਾਂ ਹੀ 200 ਰੁਪਿਆ ਕਮਾਉਂਦੀ ਹਾਂ ਜਿਸ ਵਿੱਚੋਂ ਕਿੰਨੇ ਪੈਸੇ ਖਰਚ ਹੋ ਜਾਂਦੇ ਹਨ, ਦੱਸੋ ਮੈਂ ਆਪਣਾ ਗੁਜ਼ਾਰਾ ਕਿਵੇਂ ਚਲਾਊਂਗੀ?” ਉਹ ਪੁੱਛਦੀ ਹਨ। ਕਦੇ-ਕਦੇ ਗੋਵਿੰਦੱਮਾ 500 ਰੁਪਏ ਵੀ ਕਮਾ ਲੈਂਦੀ ਹਨ ਪਰ ਬਹੁਤੇਰੀ ਵਾਰੀਂ ਤਾਂ 100 ਰੁਪਿਆ ਕਮਾਉਣਾ ਵੀ ਮੁਸ਼ਕਲ ਬਣ ਜਾਂਦਾ ਹੈ ਤੇ ਕਈ ਵਾਰੀ ਤਾਂ ਕੁਝ ਵੀ ਪੱਲੇ ਨਹੀਂ ਪੈਂਦਾ।

ਜਦੋਂ ਜਵਾਰ ਕਾਰਨ ਸਵੇਰ ਵੇਲ਼ੇ ਪਾਣੀ ਬਹੁਤਾ ਉੱਚਾ ਹੁੰਦਾ ਹੈ, ਉਨ੍ਹੀਂ ਦਿਨੀਂ ਗੋਵਿੰਦੱਮਾ ਰਾਤ ਵੇਲ਼ੇ ਜਾਂਦੀ ਹਨ ਜਦੋਂ ਪਾਣੀ ਲੱਥ ਜਾਂਦਾ ਹੈ। ਆਪਣੀ ਨਜ਼ਰ ਕਮਜ਼ੋਰ ਹੋਣ ਦੇ ਬਾਵਜੂਦ ਵੀ ਉਹ ਹਨ੍ਹੇਰੇ ਵਿੱਚ ਵੀ ਸੌਖਿਆਂ ਹੀ ਝੀਂਗੇ ਫੜ੍ਹ ਲੈਂਦੀ ਹਨ। ਪਰ ਪਾਣੀ ਦੇ ਸੱਪ ਅਤੇ ਖ਼ਾਸ ਕਰਕੇ ਇਰੂਨ ਕੇਲਾਥੀ ਮੱਛੀਆਂ ਉਨ੍ਹਾਂ ਅੰਦਰ ਡਰ ਭਰਦੀਆਂ ਹਨ। “ਮੈਂ ਚੰਗੀ ਤਰ੍ਹਾਂ ਦੇਖ ਨਹੀਂ ਸਕਦੀ... ਮੈਨੂੰ ਇਹ ਵੀ ਪਤਾ ਨਹੀਂ ਚੱਲਦਾ ਕਿ ਮੇਰੇ  ਪੈਰਾਂ ਨੂੰ ਸੱਪ ਨੇ ਛੂਹਿਆ ਹੈ ਜਾਂ ਕੋਈ ਜਾਲ਼ ਹੈ,” ਉਹ ਕਹਿੰਦੀ ਹਨ।

“ਅਸੀਂ ਜਿਵੇਂ-ਕਿਵੇਂ ਖ਼ੁਦ ਨੂੰ ਉਨ੍ਹਾਂ ਦੁਆਰਾ ਕੱਟੇ ਜਾਣ ਤੋਂ ਬਚਾਉਣਾ ਹੁੰਦਾ ਹੈ। ਜੇ ਇਹ ਕਾਲ਼ੀ ਮੱਛੀ ਸਾਡੇ ਹੱਥ ਨੂੰ ਛੂਹ ਵੀ ਲਵੇ ਤਾਂ ਵੀ ਇਹਦੇ ਜ਼ਹਿਰ ਦਾ ਇੰਨਾ ਅਸਰ ਹੋਵੇਗਾ ਕਿ ਅਸੀਂ ਆਉਂਦੇ ਸੱਤ ਜਾਂ ਅੱਠ ਦਿਨਾਂ ਤੱਕ ਜਾਗ ਨਹੀਂ ਪਾਵਾਂਗੇ,” ਗੋਵਿੰਦੱਮਾ ਕਹਿੰਦੀ ਹਨ। ਇਸ ਮੱਛੀ ਦੇ ਖੰਭ ਬੜੇ ਜ਼ਹਿਰੀਲੇ ਮੰਨੇ ਜਾਂਦੇ ਹਨ ਅਤੇ ਇਹਦੀ ਛੂਹ ਨਾਲ਼ ਹੀ ਤਕਲੀਫ਼ਦੇਹ ਫੱਟ ਲੱਗ ਸਕਦੇ ਹੁੰਦੇ ਹਨ। “ਇੱਥੋਂ ਤੱਕ ਕਿ ਦਵਾਈ ਵੀ ਅਸਰ ਨਹੀਂ ਕਰਦੀ। ਨੌਜਵਾਨ ਲੋਕੀਂ ਤਾਂ ਪੀੜ੍ਹ ਝੱਲ ਸਕਦੇ ਹਨ। ਦੱਸੋ ਮੈਂ ਕਿਵੇਂ ਝੱਲ ਸਕਦੀ ਹਾਂ?”

PHOTO • M. Palani Kumar

ਬਕਿੰਘਮ  ਕੈਨਾਲ ਵਿਖੇ ਗੋਵਿੰਦੱਮਾ ਝੀਂਗੇ ਫੜ੍ਹਦੀ ਅਤੇ ਉਨ੍ਹਾਂ ਨੂੰ ਦੰਦਾਂ ਨਾਲ਼ ਘੁੱਟ ਕੇ ਫੜ੍ਹੀ ਟੋਕਰੀ ਵਿੱਚ ਜਮ੍ਹਾ ਕਰਦੀ ਹੋਈ

PHOTO • M. Palani Kumar

ਗੋਵਿੰਦੱਮਾ ਦੇ ਹੱਥਾਂ ਤੇ ਲੱਗੇ ਚੀਰੇ ਅਤੇ ਪਏ ਛਾਲ਼ੇ। ਰੇਤ ਵਿੱਚ ਹੱਥ ਵਾੜ੍ਹਨ ਅਥੇ ਝੀਂਗੇ ਫੜ੍ਹਨ ਨਾਲ਼ ਡੂੰਘੇ ਚੀਰੇ ਪੈ ਜਾਂਦੇ ਹਨ

ਏਨੌਰ ਦੇ ਥਰਮਲ ਪਲਾਂਟਾਂ ਦੁਆਰਾ ਉੱਡਦੀ ਸੁਆਹ (ਕੇਰੀ) ਅਤੇ ਕੂੜਿਆਂ ਦੇ ਅੰਨ੍ਹੇਵਾਹ ਨਿਪਟਾਰੇ ਦੀ ਇਸ ਪ੍ਰਕਿਰਿਆ ਨੇ ਨਹਿਰ ਦੇ ਅੰਦਰ ਕੂੜੇ ਦੇ ਢੇਰ ਉਸਾਰ ਛੱਡੇ ਹਨ, ਜਿਸ ਨਾਲ਼ ਉਨ੍ਹਾਂ ਦੀਆਂ ਸਮੱਸਿਆਵਾਂ ਵੱਧ ਗਈਆਂ ਹਨ। “ ਅੰਤ ਸਗਾਤਿ ਪਾਰੂ (ਇਸ ਚਿੱਕੜ ਵੱਲ ਦੇਖੀਂ),” ਜਦੋਂ ਮੈਂ ਤਸਵੀਰਾਂ ਖਿੱਚਣ ਲਈ ਨਦੀ ਵਿੱਚ ਉੱਤਰਦਾ ਹਾਂ ਤਾਂ ਉਹ ਮੈਨੂੰ ਇਸ਼ਾਰਾ ਕਰ ਕਰ ਕੇ ਦੱਸਦੀ ਹਨ। “ ਕਾਲੂ ਏਡਤੂ ਵਾਚੂ ਪੋਗਾ ਨਮੱਕੂ ਸੱਤੂ ਪੋਇਦੁਡੂ (ਇਸ ਕੂੜੇ ਕਾਰਨ ਤੁਰਦੇ ਵੇਲ਼ੇ ਮੇਰੇ ਸੰਤੁਲਨ ਵਿਗੜ ਵਿਗੜ ਜਾਂਦਾ ਹੈ)।”

ਬਕਿੰਘਮ ਕੈਨਾਲ ਦੇ ਨੇੜੇ-ਤੇੜੇ ਦੇ ਏਨੌਰ-ਮਨਾਲੀ ਸਨਅਤੀ ਇਲਾਕੇ ਵਿੱਚ ਘੱਟ ਤੋਂ ਘੱਟ 34 ਅਜਿਹੇ ਵੱਡੇ ਉਦਯੋਗ ਹਨ ਜਿਨ੍ਹਾਂ ਤੋਂ ਵਾਤਾਵਰਣ ਨੂੰ ਵੱਡਾ ਖਤਰਾ ਹੈ। ਇਨ੍ਹਾਂ ਵਿੱਚ ਥਰਮਲ ਪਲਾਂਟ, ਪੈਟ੍ਰੋ-ਕੈਮੀਕਲ ਅਤੇ ਖਾਦ ਦੀਆਂ ਫ਼ੈਕਟਰੀਆਂ ਸ਼ਾਮਲ ਹਨ। ਬਾਕੀ ਇੱਥੇ ਤਿੰਨ ਵੱਡੀਆਂ ਬੰਦਰਗਾਹਾਂ ਵੀ ਸਥਿਤ ਹਨ। ਸਨਅਤੀ ਕੂੜੇ ਦੀ ਬਹੁਤਾਤ ਨੇ ਪਾਣੀ ਦੇ ਸਥਾਨਕ ਸ੍ਰੋਤਾਂ ਤੋਂ ਪ੍ਰਾਪਤ ਹੋ ਸਣ ਵਾਲ਼ੇ ਵਸੀਲਿਆਂ ਨੂੰ ਵੱਡੀ ਮਾਰ ਮਾਰੀ ਹੈ। ਸਥਾਨਕ ਮਛੇਰੇ ਦਾ ਕਹਿਣਾ ਹੈ ਕਿ ਦੋ ਦਹਾਕੇ ਪਹਿਲਾਂ ਜਿੱਥੇ ਉਨ੍ਹਾਂ ਨੂੰ ਝੀਂਗਿਆਂ ਦੀਆਂ 6-7 ਪ੍ਰਜਾਤੀਆਂ ਮਿਲ਼ ਜਾਂਦੀਆਂ ਸਨ ਉੱਥੇ ਹੁਣ ਮਹਿਜ 2-3 ਪ੍ਰਜਾਤੀਆਂ ਹੀ ਮਿਲ਼ ਪਾਉਂਦੀਆਂ ਹਨ।

ਪਿਛਲੇ ਕੁਝ ਸਾਲਾਂ ਵਿੱਚ ਝੀਂਗਿਆਂ ਦੀ ਉਪਲਬਧਤਾ ਵਿੱਚ ਆਈ ਘਾਟ ਨੂੰ ਲੈ ਕੇ ਗੋਵਿੰਦੱਮਾ ਪਰੇਸ਼ਾਨ ਹਨ। ਉਹ ਕਹਿੰਦੀ ਹਨ,“ਜਦੋਂ ਰੱਜਵਾਂ ਮੀਂਹ ਵਰ੍ਹਦਾ ਸੀ ਤਾਂ ਝੀਂਗੇ ਵੀ ਬਹੁਤ ਜ਼ਿਆਦਾ ਮਿਲ਼ਦੇ ਸਨ। ਅਸੀਂ ਉਨ੍ਹਾਂ ਇਕੱਠਾ ਕਰ ਸਵੇਰੇ 10 ਵਜੇ ਤੱਕ ਵੇਚਣ ਵੀ ਨਿਕਲ਼ ਜਾਇਆ ਕਰਦੇ ਸਾਂ। ਹੁਣ ਪਹਿਲਾਂ ਵਾਂਗ ਝੀਂਗੇ ਲੱਭਦੇ ਹੀ ਨਹੀਂ। ਬਾਕੀ ਮੌਸਮਾਂ ਵੇਲ਼ੇ ਸਾਨੂੰ ਇੱਕ ਕਿਲੋ ਝੀਂਗੇ ਫੜ੍ਹਨ ਵਾਸਤੇ ਵੀ ਦੁਪਹਿਰ ਦੇ 2 ਵਜੇ ਤੱਕ ਕੰਮ ਕਰਨਾ ਪੈਂਦਾ ਹੈ।” ਇਸਲਈ ਵਿਕਰੀ ਦਾ ਕੰਮ ਬਾਅਦ ਦੁਪਹਿਰ ਹੀ ਕੀਤਾ ਜਾਂਦਾ ਹੈ।

ਬਹੁਤੇਰੇ ਦਿਨੀਂ ਤਾਂ ਉਨ੍ਹਾਂ ਨੂੰ ਝੀਂਗੇ ਵੇਚਣ ਵਾਸਤੇ ਰਾਤ ਦੇ 9 ਜਾਂ 10 ਵਜੇ ਤੱਕ ਬੈਠਣ ਲਈ ਮਜ਼ਬੂਰ ਹੋਣਾ ਪੈਂਦਾ ਹੈ। “ਜੋ ਲੋਕ ਖਰੀਦਣ ਆਉਂਦੇ ਵੀ ਹਨ ਉਹ ਵੀ ਮੁੱਲ ਘੱਟ ਕਰਨ ਲਈ ਸੌਦੇਬਾਜ਼ੀ ਕਰਨ ਲੱਗਦੇ ਹਨ। ਦੱਸੋ ਮੈਂ ਭਲ਼ਾ ਕੀ ਕਰਿਆ ਕਰਾਂ? ਅਸੀਂ ਝੀਂਗੇ ਵੇਚਣ ਲਈ ਤੱਪਦੀ ਦੁਪਹਿਰੇ ਬੈਠੇ ਰਹਿੰਦੇ ਹਾਂ, ਪਰ ਗਾਹਕ ਇਸ ਗੱਲ ਨੂੰ ਕਿੱਥੇ ਸਮਝਦੇ ਹਨ,” ਬੜੇ ਹਿਰਖੇ ਮਨ ਨਾਲ਼ ਗੋਵਿੰਦੱਮਾ ਕਹਿੰਦੀ ਹਨ। 20-25 ਝੀਂਗਿਆਂ ਦੀ ਹਰੇਕ ਢੇਰੀ 100 ਤੋਂ 150 ਰੁਪਏ ਦੀ ਵਿਕਦੀ ਹੈ। “ਮੈਨੂੰ ਕੋਈ ਹੋਰ ਕੰਮ ਵੀ ਨਹੀਂ ਆਉਂਦਾ, ਇਸਲਈ ਇਹੀ ਮੇਰੀ ਰੋਜ਼ੀਰੋਟੀ ਹੈ,” ਹਊਕਾ ਭਰਦਿਆਂ ਉਹ ਕਹਿੰਦੀ ਹਨ।

PHOTO • M. Palani Kumar
PHOTO • M. Palani Kumar

ਖੱਬੇ : ਝੀਂਗੇ ਫੜ੍ਹਨ ਵਾਲ਼ੇ ਉਨ੍ਹਾਂ ਦੇ ਔਜ਼ਾਰ ਜੋ ਉਨ੍ਹਾਂ ਦੀ ਜੀਵਨ ਰੇਖਾ ਹੈ। ਸੱਜੇ : ਕੰਮ ਮੁਕਾਉਣ ਤੋਂ ਬਾਅਦ ਥੱਕੀ-ਹਾਰੀ ਗੋਵਿੰਦੱਮਾ ਬਕਿੰਘਮ ਨਹਿਰ ਕੰਢੇ ਬੈਠੀ ਪਾਣੀ ਪੀਂਦੀ ਹੋਈ

PHOTO • M. Palani Kumar
PHOTO • M. Palani Kumar

ਖੱਬੇ : ਕਮਾਰਜਾਰ ਪੋਰਟ ਨੇੜੇ ਸੰਤ ਮੇਰੀ ਚਰਚ ਦੇ ਕੋਲ਼ ਖੜ੍ਹੀ ਗੋਵਿੰਦੱਮਾ ਕਿਸੇ ਆਟੋ ਜਾਂ ਰਿਕਸ਼ੇ ਦੀ ਉਡੀਕ ਕਰਦੀ ਹੋਈ।  ਸੱਜੇ : ਅਟੀਪੱਟੂ ਪੁਡੂਨਗਰ ਵਿਖੇ ਤਿਰੂਵੋਟਿਯੂਰ ਹਾਈਵੇਅ ਕੰਢੇ ਆਪਣੇ ਝੀਂਗਿਆਂ ਨੂੰ ਵੇਚਦੀ ਹੋਈ ਗੋਵਿੰਦੱਮਾ। 20-25 ਝੀਂਗਿਆਂ ਦੇ ਇੱਕ ਢੇਰ ਦੀ ਕੀਮਤ 100-150 ਰੁਪਏ ਤੱਕ ਹੁੰਦੀ ਹੈ

ਗੋਵਿੰਦੱਮਾ ਬਚੇ ਹੋਏ ਝੀਂਗਿਆਂ ਨੂੰ ਬਰਫ਼ ਵਿੱਚ ਨਹੀਂ ਲਾਉਂਦੀ, ਸਗੋਂ ਉਨ੍ਹਾਂ ਨੂੰ ਗਿੱਲੀ ਰੇਤ ਨਾਲ਼ ਢੱਕ ਦਿੰਦੀ ਹਨ ਜਿਸ ਕਰਕੇ ਝੀਂਗਿਆਂ ਵਿੱਚ ਨਮੀ ਅਤੇ ਤਾਜ਼ਗੀ ਬਣੀ ਰਹਿੰਦੀ ਹੈ। “ਇਹ ਉਦੋਂ ਤੱਕ ਤਾਜ਼ੇ ਰਹਿੰਦੇ ਹਨ, ਜਦੋਂ ਤੱਕ ਗਾਹਕ ਉਨ੍ਹਾਂ ਨੂੰ ਘਰ ਲਿਜਾ ਕੇ ਪਕਾ ਨਹੀਂ ਲੈਂਦੇ।” ਅੱਗੇ ਮੈਨੂੰ ਸਵਾਲ ਪੁੱਛਣ ਦੇ ਲਹਿਜੇ ਵਿੱਚ ਉਹ ਕਹਿੰਦੀ ਹਨ,“ਕੀ ਤੁਹਾਨੂੰ ਪਤਾ ਹੈ ਇਹ ਕਿੰਨੇ ਸੁਆਦੀ ਬਣਦੇ ਹਨ?” “ਮੈਂ ਆਪਣੇ ਫੜ੍ਹੇ ਝੀਂਗੇ ਉਸੇ ਦਿਨ ਹੀ ਵੇਚਣੇ ਹੁੰਦੇ ਹਨ। ਮੈਂ ਉਹਦੇ ਬਾਅਦ ਹੀ ਕਾਂਜੀ (ਪਤਲਾ ਦਲੀਆ) ਪੀਂਦੀ ਹਾਂ ਅਤੇ ਆਪਣੇ ਪੋਤੇ-ਪੋਤੀਤਆਂ ਦੀਆਂ ਲੋੜਵੰਦੇ ਚੀਜ਼ਾਂ ਖਰੀਦਦੀ ਹਾਂ। ਜੇ ਵਿਕਰੀ ਨਾ ਹੋਵੇ ਤਾਂ ਮੈਨੂੰ ਭੁੱਖੇ ਢਿੱਡ ਘਰ ਮੁੜਨਾ ਪੈਂਦਾ ਹੈ।”

ਝੀਂਗੇ ਫੜ੍ਹਨ ਦੀ ‘ਕਲਾ’ ਉਨ੍ਹਾਂ ਨੇ ਬਚਪਨ ਤੋਂ ਹੀ ਸਿੱਖ ਲਈ ਸੀ। ਗੋਵਿੰਦੱਮਾ ਆਪਣੇ ਬਚਪਨ ਦੇ ਦਿਨਾਂ ਨੂੰ ਚੇਤਿਆਂ ਕਰਦਿਆਂ ਕਹਿੰਦੀ ਹਨ,“ਮੇਰੇ ਮਾਪਿਆਂ ਨੇ ਮੈਨੂੰ ਸਕੂਲ ਨਹੀਂ ਭੇਜਿਆ। ਉਹ ਮੈਨੂੰ ਆਪਣੇ ਨਾਲ਼ ਨਦੀ ਲੈ ਜਾਂਦੇ ਸਨ ਅਤੇ ਝੀਂਗੇ ਫੜ੍ਹਨੇ ਸਿਖਾਉਂਦੇ ਸਨ। ਮੈਂ ਆਪਣੀ ਤਾਉਮਰ ਪਾਣੀ ਅੰਦਰ ਹੀ ਲੰਘਾ ਦਿੱਤੀ। ਮੇਰੇ ਲਈ ਨਦੀ ਹੀ ਮੇਰੀ ਮੁਕੰਮਲ ਹਯਾਤੀ ਰਹੀ। ਇਹਦੇ ਬਗ਼ੈਰ ਮੇਰਾ ਕੋਈ ਵਜੂਦ ਹੀ ਨਹੀਂ ਹੈ। ਆਪਣੇ ਪਤੀ ਦੀ ਮੌਤ ਤੋਂ ਬਾਅਦ ਆਪਣੇ ਬੱਚੇ ਪਾਲ਼ਣ ਲਈ ਮੈਂ ਜਿੰਨਾ ਸੰਘਰਸ਼ ਕੀਤਾ ਉਹ ਸਿਰਫ਼ ਰੱਬ ਹੀ ਜਾਣਦਾ ਹੈ। ਜੇ ਮੈਂ ਨਦੀ ਵਿੱਚੋਂ ਝੀਂਗੇ ਨਾ ਫੜ੍ਹੇ ਹੁੰਦੇ ਤਾਂ ਸ਼ਾਇਦ ਮੈਂ ਜ਼ਿਊਂਦੀ ਹੀ ਨਾ ਬੱਚਦੀ।”

ਉਨ੍ਹਾਂ ਦੀ ਮਾਂ ਨੇ ਨਦੀ ਵਿੱਚੋਂ ਝੀਂਗੇ ਫੜ੍ਹਨ ਅਤੇ ਵੰਨ-ਸੁਵੰਨੀਆਂ ਛੋਟੀਆਂ ਮੱਛੀਆਂ ਨੂੰ ਵੇਚ ਕੇ ਹੁੰਦੀ ਕਮਾਈ ਨਾਲ਼ ਹੀ ਗੋਵਿੰਦੱਮਾ ਅਤੇ ਉਨ੍ਹਾਂ ਦੇ ਚਾਰੋ ਭੈਣ-ਭਰਾਵਾਂ ਨੂੰ ਪਾਲ਼ਿਆ-ਪੋਸਿਆ। ਗੋਵਿੰਦੱਮਾ ਦੇ ਪਿਤਾ ਦੀ ਜਿਸ ਵੇਲ਼ੇ ਮੌਤ ਹੋਈ ਉਦੋਂ ਉਹ ਮਹਿਜ ਦਸ ਸਾਲ ਦੀ ਸਨ। “ਮੇਰੀ ਮਾਂ ਨੇ ਦੋਬਾਰਾ ਵਿਆਹ ਨਹੀਂ ਕੀਤਾ। ਉਨ੍ਹਾਂ ਨੇ ਆਪਣੀ ਤਾਉਮਰ ਸਾਡੀ ਦੇਖਰੇਖ ਕਰਦਿਆਂ ਹੀ ਬਿਤਾ ਦਿੱਤੀ। ਹੁਣ ਉਹ 100 ਸਾਲ ਤੋਂ ਵੀ ਵੱਧ ਉਮਰ ਦੀ ਹੋ ਚੁੱਕੀ ਹਨ। ਸੁਨਾਮੀ ਕਲੋਨੀ ਵਿੱਚ ਲੋਕ ਉਨ੍ਹਾਂ ਨੂੰ ਸਭ ਤੋਂ ਵਡੇਰੀ ਉਮਰ ਦੇ ਇਨਸਾਨ ਵਜੋਂ ਜਾਣਦੇ ਹਨ।”

ਗੋਵਿੰਦੱਮਾ ਦੇ ਬੱਚਿਆਂ ਦੀਆਂ ਜ਼ਿੰਦਗੀਆਂ ਵੀ ਇਸੇ ਨਦੀ ਸਿਰ ਹੀ ਨਿਰਭਰ ਰਹੀਆਂ। ਉਹ ਦੱਸਦੀ ਹਨ,“ਮੰਦਭਾਗੀਂ, ਮੇਰੀ ਧੀ ਦਾ ਵਿਆਹ ਇੱਕ ਸ਼ਰਾਬੀ ਨਾਲ਼ ਹੋ ਗਿਆ ਹੈ। ਉਹ ਟਿਕ ਕੇ ਕੋਈ ਕੰਮ ਨਹੀਂ ਕਰਦਾ। ਮੇਰੀ ਧੀ ਦੀ ਸੱਸ ਵੀ ਝੀਂਗੇ ਫੜ੍ਹਦੀ ਹੈ ਤੇ ਪਰਿਵਾਰ ਦੀ ਰੋਟੀ ਦਾ ਬੰਦੋਬਸਤ ਕਰਦੀ ਹੈ।”

PHOTO • M. Palani Kumar

ਕੋਸਾਸਤਲੀਅਰ ਨਦੀ ਵਿੱਚੋਂ ਝੀਂਗੇ ਫੜ੍ਹਨ ਦੀ ਤਿਆਰ ਕਰਦੇ ਹੋਏ ਸੇਲਾਯਾ। ਇਹ ਤਸਵੀਰ 2021 ਵਿੱਚ ਲਈ ਗਈ ਸੀ

PHOTO • M. Palani Kumar

ਸੇਲਾਯਾ (ਖੱਬੇ) ਫੜ੍ਹੀਆਂ ਹੋਈਆਂ ਮੱਛੀਆਂ ਦੇ ਨਾਲ਼ ਜਾਲ਼ ਨੂੰ ਚੁੱਕੀ, ਜਦੋਂਕਿ ਉਨ੍ਹਾਂ ਦੀ ਪਤਨੀ ਕੋਸਾਸਤਲੀਅਰ ਨਦੀ ਦੇ ਤਟ ਵਿਖੇ ਗੱਡੇ ਇੱਕ ਤੰਬੂ ਦੇ ਐਨ ਨਾਲ਼ ਕਰਕੇ ਆਪਣੇ ਪਰਿਵਾਰ ਲਈ ਖਾਣਾ ਪਕਾਉਂਦੀ ਹੋਈ

ਉਨ੍ਹਾਂ ਦਾ ਵੱਡਾ (ਇਕਲੌਤਾ) ਬੇਟਾ ਸੇਲਾਯਾ, ਆਪਣੀ ਮੌਤ ਵੇਲ਼ੇ ਮਹਿਜ 45 ਸਾਲਾਂ ਦਾ ਸੀ। ਉਹ ਵੀ ਆਪਣੇ ਪਰਿਵਾਰ ਨੂੰ ਪਾਲ਼ਣ ਵਾਸਤੇ ਝੀਂਗੇ ਹੀ ਫੜ੍ਹਿਆ ਕਰਦਾ ਸੀ। ਜਦੋਂ ਮੈਂ 2021 ਵਿੱਚ ਮਿਲ਼ਿਆ ਸਾਂ, ਤਾਂ ਉਨ੍ਹਾਂ ਨੇ ਮੈਨੂੰ ਯਾਦ ਕਰਦੇ ਹੋਏ ਦੱਸਿਆ ਸੀ: “ਜਦੋਂ ਮੈਂ ਛੋਟਾ ਸਾਂ, ਤਾਂ ਮੇਰੇ ਮਾਂ-ਬਾਪ ਨਦੀ ਜਾਣ ਵਾਸਤੇ ਸਵੇਰੇ 5 ਵਜੇ ਹੀ ਘਰੋਂ ਨਿਕਲ਼ ਜਾਂਦੇ ਸਨ ਤੇ ਜਦੋਂ ਘਰ ਮੁੜਦੇ ਤਾਂ ਰਾਤ ਦੇ 9 ਜਾਂ 10 ਵੱਜੇ ਹੁੰਦੇ। ਮੈਂ ਤੇ ਮੇਰੀ ਭੈਣ ਭੁੱਖੇ-ਭਾਣੇ ਹੀ ਸੌਂ ਚੁੱਕੇ ਹੁੰਦੇ। ਉਹ ਆਪਣੇ ਨਾਲ਼ ਰਾਸ਼ਨ ਲਿਆਉਂਦੇ ਤੇ ਫਿਰ ਕਿਤੇ ਜਾ ਕੇ ਅੱਧੀ ਰਾਤੀਂ ਮੇਰੀ ਮਾਂ ਖਾਣਾ ਪਕਾਉਂਦੀ ਤੇ ਸਾਨੂੰ ਜਗਾ ਜਗਾ ਕੇ ਖਾਣਾ ਖੁਆਉਂਦੀ।”

ਸੇਲਾਯਾ ਜਦੋਂ ਮਹਿਜ 10 ਸਾਲ ਦੇ ਸਨ ਤਦ ਉਹ ਇੱਕ ਖੰਡ ਮਿਲ ਵਿਖੇ ਕੰਮ ਕਰਨ ਲਈ ਆਂਧਰਾ ਪ੍ਰਦੇਸ ਚਲੇ ਗਏ ਸਨ। ਉਨ੍ਹਾਂ ਨੇ ਕਿਹਾ ਸੀ,“ਜਦੋਂ ਮੈਂ ਉੱਥੇ ਸਾਂ, ਉਦੋਂ ਮੇਰੇ ਪਿਤਾ ਝੀਂਗਾ ਫੜ੍ਹ ਕੇ ਘਰ ਪਰਤ ਰਹੇ ਸਨ ਕਿ ਦੁਰਘਟਨਾ ਦਾ ਸ਼ਿਕਾਰ ਹੋ ਗਏ ਤੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਤੋਂ ਬਾਅਦ ਮੇਰੀ ਮਾਂ ਨੇ ਹੀ ਸਾਰੇ ਫ਼ਰਜ਼ ਪੂਰੇ ਕੀਤੇ। ਉਹ ਆਪਣਾ ਬਹੁਤੇਰਾ ਸਮਾਂ ਨਦੀ ਵਿੱਚ ਹੀ ਗੁਜਾਰਨ ਲੱਗੀ।”

ਫ਼ੈਕਟਰੀ ਉਨ੍ਹਾਂ ਨੂੰ ਸਮੇਂ-ਸਿਰ ਪੈਸਾ ਨਾ ਦਿੰਦੀ, ਇਸਲਈ ਸੇਲਾਯਾ ਆਪਣੀ ਮਾਂ ਦਾ ਹੱਥ ਵੰਡਾਉਣ ਦੇ ਇਰਾਦੇ ਨਾਲ਼ ਘਰ ਪਰਤ ਆਏ। ਪਰ ਗੋਵਿੰਦੱਮਾ ਦੇ ਉਲਟ, ਸੇਲਾਯਾ ਅਤੇ ਉਨ੍ਹਾਂ ਦੀ ਪਤਨੀ ਝੀਂਗਿਆਂ ਨੂੰ ਫੜ੍ਹਨ ਵਾਸਤੇ ਜਾਲ਼ ਇਸਤੇਮਾਲ ਕਰਿਆ ਕਰਦੇ ਸਨ। ਉਨ੍ਹਾਂ ਦੀਆਂ ਚਾਰ ਧੀਆਂ ਹਨ। ਸੇਲਾਯਾ ਨੇ ਕਿਹਾ,“ਮੈਂ ਸਭ ਤੋਂ ਵੱਡੀ ਧੀ ਦਾ ਵਿਆਹ ਕਰ ਦਿੱਤਾ ਹੈ। ਇੱਕ ਅੰਗਰੇਜ਼ੀ ਵਿੱਚ ਬੀਏ ਕਰ ਰਹੀ ਹੈ ਅਤੇ ਬਾਕੀ ਦੋ ਸਕੂਲ ਜਾਂਦੀਆਂ ਹਨ। ਝੀਂਗਿਆਂ ਨੂੰ ਵੇਚ ਕੇ ਮੇਰੀ ਜੋ ਵੀ ਕਮਾਈ ਹੁੰਦੀ ਹੈ, ਉਸੇ ਨਾਲ਼ ਮੈਂ ਉਨ੍ਹਾਂ ਦੀ ਪੜ੍ਹਾਈ ਜਾਰੀ ਰੱਖ ਪਾਉਂਦਾ। ਗ੍ਰੇਜੂਏਸ਼ਨ ਕਰਨ ਬਾਅਦ ਮੇਰੀ ਬੇਟੀ ਕਨੂੰਨ ਦੀ ਪੜ੍ਹਾਈ ਕਰਨਾ ਚਾਹੁੰਦੀ ਹੈ। ਮੈਂ ਉਹਦੇ ਸੁਪਨੇ ਨੂੰ ਪੂਰਿਆਂ ਕਰਨਾ ਹੈ।”

ਖ਼ੈਰ, ਉਨ੍ਹਾਂ ਦੀ ਇਹ ਇੱਛਾ ਤਾਂ ਪੂਰੀ ਨਾ ਹੋ ਸਕੀ। ਮਾਰਚ 2022 ਵਿੱਚ ਇੱਕ ਪਰਿਵਾਰਕ ਕਲੇਸ਼ ਕਾਰਨ ਗੁੱਸੇ ਵਿੱਚ ਆ ਕੇ ਉਨ੍ਹਾਂ (ਸੇਲਾਯਾ) ਨੇ ਆਤਮਹੱਤਿਆ ਕਰ ਲਈ। ਵਲੂੰਧਰੇ ਦਿਲ ਨਾਲ਼ ਗੋਵਿੰਦੱਮਾ ਕਹਿੰਦੀ ਹਨ,“ਮੇਰੇ ਪਤੀ ਵੀ ਛੇਤੀ ਹੀ ਮੇਰਾ ਸਾਥ ਛੱਡ ਗਏ ਸਨ ਅਤੇ ਹੁਣ ਮੇਰਾ ਬੇਟਾ ਵੀ ਨਹੀਂ ਰਿਹਾ। ਮੇਰਾ ਸਿਵਾ ਬਾਲ਼ਣ ਵਾਲ਼ਾ ਵੀ ਕੋਈ ਨਹੀਂ ਬਚਿਆ। ਕੀ ਕੋਈ ਵੀ ਮੇਰੀ ਉਵੇਂ ਦੇਖਭਾਲ਼ ਕਰ ਸਕੂਗਾ ਜਿਵੇਂ ਮੇਰਾ ਬੇਟਾ ਕਰਦਾ ਸੀ?”

PHOTO • M. Palani Kumar

ਸੇਲਾਯਾ ਦੀ ਮੌਤ ਤੋਂ ਬਾਅਦ, ਅਰੁਣੋਧਾਯਾਮ ਨਗਰ ਵਿਖੇ ਸਥਿਤ ਘਰ ਵਿੱਚ ਲੱਗੀ ਤਸਵੀਰ ਨੂੰ ਦੇਖ ਗੋਵਿੰਦੱਮਾ ਫੁੱਟ-ਫੁੱਟ ਰੋਣ ਲੱਗਦੀ ਹਨ

PHOTO • M. Palani Kumar
PHOTO • M. Palani Kumar

ਖੱਬੇ : ਆਪਣੇ ਬੇਟੇ ਦੀ ਮੌਤ ਤੋਂ ਬਾਅਦ ਟੁੱਟ ਚੁੱਕੀ ਗੋਵਿੰਦੱਮਾ। ਮੇਰੇ ਪਤੀ ਵੀ ਛੇਤੀ ਹੀ ਮੇਰਾ ਸਾਥ ਛੱਡ ਗਏ ਸਨ ਅਤੇ ਹੁਣ ਮੇਰਾ ਬੇਟਾ ਵੀ ਨਹੀਂ ਰਿਹਾ । ਸੱਜੇ : ਅਰੁਣੋਧਾਯਾਮ ਨਗਰ ਦੇ ਆਪਣੇ ਘਰ ਦੇ ਬਾਹਰ ਦੰਦਾਂ ਨਾਲ਼ ਝੀਂਗਿਆਂ ਵਾਲ਼ੀ ਟੋਕਰੀ ਫੜ੍ਹੀ ਗੋਵਿੰਦੱਮਾ। ਉਹ ਅੱਜ ਵੀ ਆਪਣੇ ਪਰਿਵਾਰ ਦਾ ਢਿੱਡ ਭਰਨ ਖ਼ਾਤਰ ਕੰਮ ਕਰਦੀ ਹਨ

ਇਹ ਕਹਾਣੀ ਤਾਮਿਲ ਵਿੱਚ ਲਿਖੀ ਗਈ ਸੀ ਜਿਸਨੂੰ ਸੇਂਤਲਿਰ ਨੇ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ। ਰਿਪੋਰਟਰ ਪਾਰੀ ਦੇ ਤਾਮਿਲ ਭਾਸ਼ਾ ਦੇ ਟ੍ਰਾਂਸਲੇਸ਼ਨ ਐਡੀਟਰ, ਰਾਜਸੰਗਿਤਨ ਦੀ ਮਦਦ ਦੇਣ ਲਈ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਨ ਜਿਨ੍ਹਾਂ ਨੇ ਤਾਮਿਲ ਲਿਖਤ ਦਾ ਸੰਪਾਦਨ ਕੀਤਾ।

ਤਰਜਮਾ: ਕਮਲਜੀਤ ਕੌਰ

M. Palani Kumar

एम. पलनी कुमार २०१९ सालचे पारी फेलो आणि वंचितांचं जिणं टिपणारे छायाचित्रकार आहेत. तमिळ नाडूतील हाताने मैला साफ करणाऱ्या कामगारांवरील 'काकूस' या दिव्या भारती दिग्दर्शित चित्रपटाचं छायांकन त्यांनी केलं आहे.

यांचे इतर लिखाण M. Palani Kumar
Translator : Kamaljit Kaur

कमलजीत कौर पंजाबच्या रहिवासी असून मुक्त अनुवादक आहेत. त्यांनी पंजाबी साहित्यामध्ये एमए केलं आहे. समाज न्याय आणि समताधिष्ठित असावा असा त्यांचा ठाम विश्वास असून तो प्रत्यक्षात आणण्यासाठी त्या कार्यरत असतात.

यांचे इतर लिखाण Kamaljit Kaur