ਸੁਨੀਲ ਗੁਪਤਾ ਘਰੋਂ ਕੰਮ ਨਹੀਂ ਕਰ ਸਕਦੇ ਅਤੇ ਉਨ੍ਹਾਂ ਦਾ 'ਦਫ਼ਤਰ', ਗੇਟਵੇਅ ਇੰਡੀਆ, ਪਿਛਲੇ 15 ਮਹੀਨਿਆਂ ਦੀ ਤਾਲਾਬੰਦੀ ਦੌਰਾਨ ਲੰਬੇ ਸਮੇਂ ਤੋਂ ਬੰਦ ਪਿਆ ਹੈ।
''ਸਾਡੇ ਲਈ ਤਾਂ ਇਹੀ ਦਫ਼ਤਰ (ਆਫਿਸ) ਹੈ। ਹੁਣ ਅਸੀਂ ਕਿੱਥੇ ਜਾਈਏ?'' ਉਹ ਦੱਖਣ ਮੁੰਬਈ ਸਥਿਤ ਇਸ ਸਮਾਰਕ ਵੱਲ਼ ਇਸ਼ਾਰਾ ਕਰਦਿਆਂ ਪੁੱਛਦੇ ਹਨ।
ਤਾਲਾਬੰਦੀ ਸ਼ੁਰੂ ਹੋਣ ਤੱਕ, ਸੁਨੀਲ ਸਵੇਰੇ 9 ਵਜੇ ਤੋਂ ਰਾਤ ਦੇ 9 ਵਜੇ ਤੱਕ ਸੈਰ-ਸਪਾਟੇ ਦੀ ਲੋਕਪ੍ਰਿਯ ਥਾਂ 'ਤੇ ਆਪਣਾ ਕੈਮਰਾ ਚੁੱਕੀ ਲੋਕਾਂ ਦੀ ਉਡੀਕ ਕਰਿਆ ਕਰਦੇ ਸਨ। ਜਿਓਂ ਹੀ ਲੋਕ ਚੈੱਕਪੁਆਇੰਟ ਪਾਰ ਕਰਕੇ ਗੇਟਵੇਅ ਵੱਲ ਵੱਧਦੇ ਤਾਂ ਉਹ ਅਤੇ ਉਨ੍ਹਾਂ ਜਿਹੇ ਹੋਰ ਉਤਸਾਹੀ ਫ਼ੋਟੋਗਰਾਫ਼ਰ ਲੋਕਾਂ ਨੂੰ ਆਪਣੀਆਂ ਵੰਨ-ਸੁਵੰਨੀਆਂ ਐਲਬਮਾਂ ਦਿਖਾ ਦਿਖਾ ਕੇ ਖੁਸ਼ ਕਰਿਆ ਕਰਦੇ ਅਤੇ ਕਹਿੰਦੇ: 'ਏਕ ਮਿੰਟ ਮੇਂ ਫੁਲ ਫੈਮਿਲੀ ਫ਼ੋਟੋ' ਜਾਂ 'ਕ੍ਰਿਪਾ ਇੱਕ ਫ਼ੋਟੋ ਤਾਂ ਖਿਚਾਓ '। ਕੀਮਤ ਸਿਰਫ਼ 30 ਰੁਪਏ।
ਇਸ ਸਾਲ ਅਪ੍ਰੈਲ ਦੇ ਅੱਧ ਤੋਂ ਮੁੰਬਈ ਅੰਦਰ ਲੱਗੀਆਂ ਨਵੀਆਂ ਪਾਬੰਦੀਆਂ ਤੋਂ ਬਾਅਦ, ਕੋਵਿਡ-19 ਮਾਮਲਿਆਂ ਵਿੱਚ ਹੋਏ ਵਾਧੇ ਤੋਂ ਬਾਅਦ, ਉਨ੍ਹਾਂ ਸਾਰਿਆਂ ਕੋਲ਼ ਬਹੁਤ ਹੀ ਥੋੜ੍ਹਾ ਕੰਮ ਬਚਿਆ। ''ਇੱਕ ਸਵੇਰ ਮੈਂ ਇੱਥੇ ਆਇਆ ਤਾਂ ਇੰਝ ਲੱਗਿਆ ਜਿਵੇਂ ਮੇਰੇ ਮੂੰਹ 'ਤੇ 'ਨੌ ਐਂਟਰੀ' ਦੀ ਮੁਹਰ ਲੱਗ ਗਈ ਹੋਵੇ,'' 39 ਸਾਲਾ ਸੁਨੀਲ ਨੇ ਅਪ੍ਰੈਲ ਮਹੀਨੇ ਵਿੱਚ ਮੈਨੂੰ ਦੱਸਿਆ। ''ਅਸੀਂ ਤਾਂ ਪਹਿਲਾਂ ਹੀ ਕਮਾਈ ਵਾਸਤੇ ਸੰਘਰਸ਼ ਕਰ ਰਹੇ ਸਾਂ ਅਤੇ ਹੁਣ ਸਾਡੀ ਆਮਦਨੀ ਮਨਫ਼ੀ ਹੋਣ ਜਾ ਰਹੀ ਹੈ। ਮੇਰੇ ਅੰਦਰ ਹੁਣ ਹੋਰ ਨੁਕਸਾਨ ਝੱਲਣ ਦੀ ਹਿੰਮਤ ਨਹੀਂ ਬਚੀ।''


















