ਤੁਸੀਂ ਲੇਟ ਹੋ ਗਏ ਹੋ। ''ਗਣਪਤੀ ਬਾਲਾ ਯਾਦਵ ਤੁਹਾਨੂੰ ਮਿਲ਼ਣ ਲਈ ਆਪਣੇ ਪਿੰਡੋਂ ਪਹਿਲਾਂ ਹੀ ਦੋ ਵਾਰ ਗੇੜੀ ਮਾਰ ਚੁੱਕੇ ਹਨ,'' ਸ਼ਿਰਗਾਓਂ ਵਿੱਚ ਸਾਡੇ ਇੱਕ ਪੱਤਰਕਾਰ ਦੋਸਤ ਸੰਪਤ ਮੋਰੇ ਨੇ ਦੱਸਿਆ। ''ਉਹ ਦੋਵੇਂ ਵਾਰ ਹੀ ਆਪਣੇ ਪਿੰਡ, ਰਾਮਪੁਰ ਵਾਪਸ ਪਰਤ ਗਏ। ਹੁਣ ਤੁਹਾਡੇ ਆਉਣ ਦੀ ਖ਼ਬਰ ਮਿਲ਼ਣ 'ਤੇ ਉਹ ਤੀਸਰੀ ਵਾਰ ਆਉਣਗੇ।'' ਦੋਵਾਂ ਪਿੰਡਾਂ ਵਿਚਲੀ ਦੂਰੀ ਪੰਜ ਕਿਲੋਮੀਟਰ ਹੈ ਅਤੇ ਗਣਪਤੀ ਯਾਦਵ ਸਾਈਕਲ ਰਾਹੀਂ ਇਹ ਦੂਰੀ ਤੈਅ ਕਰਦੇ ਹਨ। ਗਰਮੀ ਭਰੇ ਅੱਧ ਮਈ ਦੇ ਲੂੰਹਦੇ ਦਿਨ ਤਿੰਨ ਚੱਕਰ ਲਾਉਣ ਦਾ ਮਤਲਬ ਹੋਇਆ 30 ਕਿ.ਮੀ ਦਾ ਪੈਂਡਾ ਕਰਨ ਖਾਤਰ ਘੱਟੇ ਭਰੀ 'ਸੜਕ' 'ਤੇ ਰਹਿਣਾ ਅਤੇ ਪੰਝੀ ਸਾਲ ਪੁਰਾਣੀ ਸਾਈਕਲ ਦੇ ਅਣਗਿਣਤ ਪੈਂਡਲ ਮਾਰਨੇ। ਇੰਨਾ ਹੀ ਨਹੀਂ ਸਾਈਕਲ ਭਾਵੇਂ ਪੰਝੀ ਸਾਲ ਦਾ ਹੈ ਪਰ ਸਾਈਕਲ ਚਾਲਕ ਪੂਰੇ 97 ਸਾਲਾਂ ਦਾ।
ਮਹਾਰਾਸ਼ਟਰ ਦੇ ਸਾਂਗਲੀ ਜਿਲ੍ਹੇ ਦੇ ਕਾਡੇਗਾਓਂ ਬਲਾਕ ਦੇ ਸ਼ਿਰਗਾਓਂ ਵਿੱਚ, ਜਿਓਂ ਹੀ ਅਸੀਂ ਮੋਰੇ ਦੇ ਦਾਦਾ ਦੇ ਘਰ ਦੁਪਹਿਰ ਦਾ ਭੋਜਨ ਕਰਨ ਜਾ ਰਹੇ ਸਾਂ, ਉਵੇਂ ਹੀ ਗਣਪਤੀ ਬਾਲਾ ਯਾਦਵ ਆਪਣੀ ਅਲਬੇਲੇ ਸਾਈਕਲ 'ਤੇ ਸਵਾਰ ਹੋ ਪਹੁੰਚੇ। ਮੈਂ ਜਦੋਂ ਇਹ ਕਹਿੰਦਿਆਂ ਮੁਆਫੀ ਮੰਗੀ ਕਿ ਮੇਰੇ ਕਰਕੇ ਤੁਹਾਨੂੰ ਸਿਖਰ ਧੁੱਪੇ ਕਈ ਚੱਕਰ ਲਾਉਣੇ ਪਏ ਤਾਂ ਉਹ ਖਿਸਿਆ ਗਏ। ''ਕੋਈ ਗੱਲ ਨਹੀਂ,'' ਉਨ੍ਹਾਂ ਨੇ ਮਸਾਂ-ਸੁਣੀਂਦੇ ਸੁਰ ਅਤੇ ਸਾਫ਼ਗੋਅ ਮੁਸਕਾਨ ਨਾਲ਼ ਕਿਹਾ। ''ਮੈਂ ਕੱਲ੍ਹ ਦੁਪਹਿਰ ਵਿਆਹ 'ਚ ਸ਼ਰੀਕ ਹੋਣ ਵੀਟਾ ਗਿਆ ਸਾਂ। ਉੱਥੇ ਵੀ ਮੈਂ ਸਾਈਕਲ 'ਤੇ ਹੀ ਗਿਆ ਸਾਂ। ਬੱਸ ਮੈਂ ਇਸੇ ਤਰ੍ਹਾਂ ਘੁੰਮਦਾ ਰਹਿੰਦਾ ਹਾਂ।'' ਰਾਮਪੁਰ ਤੋਂ ਵੀਟਾ ਆਉਣ-ਜਾਣ ਦਾ ਮਤਲਬ ਹੈ 40 ਕਿਲੋਮੀਟਰ ਦਾ ਪੈਂਡਾ ਅਤੇ ਕੱਲ੍ਹ ਤਾਂ ਤਾਪਮਾਨ ਵੀ 40 ਸੈਲਸੀਅਸ ਵਿਚਾਲੇ ਅੱਪੜ ਗਿਆ ਸੀ।
''ਇੱਕ ਜਾਂ ਦੋ ਸਾਲ ਪਹਿਲਾਂ, ਉਹ ਪਾਂਡਰਪੁਰ ਤੱਕ ਇਸੇ ਤਰ੍ਹਾਂ ਗਏ ਅਤੇ ਆਏ ਸਨ, ਕਰੀਬ 150 ਕਿਲੋਮੀਟਰ,'' ਸੰਪਤ ਮੋਰੇ ਕਹਿੰਦੇ ਹਨ। ''ਹੁਣ ਉਹ ਇੰਨੀ ਦੂਰੀ ਤੈਅ ਨਹੀਂ ਕਰਦੇ।''







