ਨੌਜਵਾਨ ਖਮਰੀ ਊਠ, ਹਿਰਾਸਤ ਦੇ ਸਦਮੇ ‘ਚੋਂ ਅਜੇ ਤਾਈਂ ਉੱਭਰ ਨਹੀਂ ਸਕਿਆ ਹੈ।
ਕੰਮਾਭਾਈ ਲਖਾਭਾਈ ਰਬਾੜੀ ਦੱਸਦੇ ਹਨ,''ਉਹਨੂੰ ਪਹਿਲਾਂ ਵਾਂਗਰ ਸਿਹਤਮੰਦ ਹੋਣ 'ਚ ਸਮਾਂ ਲੱਗੇਗਾ।''
ਇਹ ਖ਼ਾਨਾਬਦੋਸ਼ ਆਜੜੀ ਆਪਣੇ ਊਠ ਦੇ ਇੱਕ ਨੌਜਵਾਨ ਨਰ ਊਠ ਬਾਰੇ ਗੱਲ ਕਰ ਰਹੇ ਹਨ।
ਸਾਲ 2022 ਦੇ ਜਨਵਰੀ ਮਹੀਨੇ ਵਿੱਚ ਜਦੋਂ ਮਹਾਰਾਸ਼ਟਰ ਦੇ ਅਮਰਾਵਤੀ ਵਿੱਚ ਸਥਾਨਕ ਪੁਲਿਸ ਨੇ 58 ਊਠਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਉਸ ਅਸਧਾਰਣ ਘਟਨਾ ਦੇ ਦੌਰ ਨੂੰ ਜਾਣਦੇ ਹੋਏ, ਕੰਮਾਭਾਈ ਦੇ ਇਸ ਆਸ਼ਾਵਾਦੀ ਸੁਰ ਨੂੰ ਸਮਝਿਆ ਜਾ ਸਕਦਾ ਹੈ। ਹਾਲਾਂਕਿ, ਇੱਕ ਮਹੀਨੇ ਬਾਅਦ ਫਰਵਰੀ ਵਿੱਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ, ਪਰ ਉਸ ਵੇਲ਼ੇ ਤੱਕ ਤਕਰੀਬਨ ਸਾਰੇ ਊਠਾਂ ਦੀ ਸਿਹਤ ਵਿਗੜ ਚੁੱਕੀ ਸੀ।
ਉਨ੍ਹਾਂ ਆਜੜੀਆਂ ਦਾ ਕਹਿਣਾ ਹੈ ਕਿ ਹਿਰਾਸਤ ਦੌਰਾਨ ਜਾਨਵਰਾਂ ਨੂੰ ਉਨ੍ਹਾਂ ਦੀ ਨਿਯਮਿਤ ਖ਼ੁਰਾਕ ਨਹੀਂ ਮਿਲ਼ੀ। ਹਿਰਾਸਤ ਦੌਰਾਨ ਜਿਹੜੇ ਕੇਂਦਰ ਵਿਖੇ ਉਨ੍ਹਾਂ ਨੂੰ ਰੱਖਿਆ ਗਿਆ ਸੀ ਉਹ ਗਾਵਾਂ ਲਈ ਬਣੀ ਗਊਸ਼ਾਲਾ ਸੀ, ਜਿੱਥੇ ਗਾਵਾਂ ਦਾ ਹੀ ਚਾਰਾ ਸੀ। ਕੰਮਾਭਾਈ ਕਹਿੰਦੇ ਹਨ,''ਉਹ ਖੁੱਲ੍ਹੇ ਵਿੱਚ ਚਰਨ ਵਾਲ਼ੇ ਜਾਨਵਰੀ ਹਨ ਤੇ ਵੱਡੇ ਰੁੱਖਾਂ ਦੇ ਪੱਤੇ ਖਾਂਦੇ ਹਨ। ਉਹ ਆਮ ਤੌਰ 'ਤੇ ਉਹ ਚਾਰਾ ਨਹੀਂ ਖਾਂਦੇ ਜੋ ਹੋਰ ਡੰਗਰ ਖਾਂਦੇ ਹਨ।''
ਇੱਕ ਮਹੀਨੇ ਤੋਂ ਵੱਧ ਸਮੇਂ ਤੱਕ ਉਨ੍ਹਾਂ ਨੂੰ ਸੋਇਆਬੀਨ ਤੇ ਹੋਰ ਫ਼ਸਲਾਂ ਦਾ ਚਾਰਾ ਜ਼ਬਰਦਸਤੀ ਖੁਆਇਆ ਗਿਆ ਤੇ ਉਨ੍ਹਾਂ ਦੀ ਸਿਹਤ ਡਿੱਗਣ ਲੱਗੀ। ਸਾਲ 2022 ਦੇ ਫ਼ਰਵਰੀ ਮਹੀਨੇ ਦੇ ਅੱਧ ਵਿੱਚ ਜਦੋਂ ਉਨ੍ਹਾਂ ਨੂੰ ਹਿਰਾਸਤ 'ਚੋਂ ਛੱਡਿਆ ਗਿਆ ਤੇ ਉਨ੍ਹਾਂ ਦੇ ਫ਼ਿਕਰਾਂ ਮਾਰੇ ਆਜੜੀਆਂ ਹਵਾਲੇ ਕੀਤਾ ਗਿਆ ਤਾਂ ਇਹਦੇ ਬਾਅਦ ਅਚਾਨਕ ਇੱਕ-ਇੱਕ ਕਰਕੇ ਊਠ ਮਰਨ ਲੱਗੇ। ਜੁਲਾਈ ਤੱਕ 24 ਊਠਾਂ ਦੀ ਮੌਤ ਹੋ ਚੁੱਕੀ ਸੀ।
ਇਹ ਆਜੜੀ ਇਨ੍ਹਾਂ ਮੌਤਾਂ ਮਗਰਲਾ ਕਾਰਨ, ਊਠਾਂ ਨੂੰ ਇੰਝ ਅਚਾਨਕ ਅਲੱਗ-ਥਲੱਗ ਰੱਖ ਦੇਣ ਤੇ ਫਿਰ ਬਾਅਦ ਵਿੱਚ ਹਿਰਾਸਤ ਦੇ ਸਦਮੇ ਨੂੰ ਮੰਨਦੇ ਹਨ। ਕੰਮਾਭਾਈ ਸਣੇ ਚਾਰ ਆਜੜੀ ਰਬਾੜੀ ਭਾਈਚਾਰੇ ਦੇ ਹਨ; ਅਤੇ ਉਨ੍ਹਾਂ ਵਿੱਚੋਂ ਇੱਕ ਫਕੀਰਾਨੀ ਜਾਟ ਭਾਈਚਾਰੇ ਤੋਂ ਹੈ। ਸਾਰੇ ਮੂਲ਼ ਰੂਪ ਨਾਲ਼ ਗੁਜਰਾਤ ਦੇ ਕੱਛ-ਭੁੱਜ ਜ਼ਿਲ੍ਹੇ ਦੇ ਰਵਾਇਤੀ ਊਠ-ਪਾਲਕ ਹਨ।
ਇਸ ਕਹਿਰ ਦੇ ਥੋਪੇ ਜਾਣ ਦੇ ਨਾਲ਼ ਨਾਲ਼ ਹੋਰ ਮਾੜੀ ਗੱਲ ਇਹ ਹੋਈ ਕਿ ਇਨ੍ਹਾਂ ਮੰਦਭਾਗੇ ਆਜੜੀਆਂ ਨੂੰ ਸੰਸਥਾ ਵੱਲੋਂ ਊਠਾਂ ਨੂੰ ਦਿੱਤੀ ਜਾ ਰਹੀ ਅਢੁੱਕਵੀਂ ਖ਼ੁਰਾਕ ਬਦਲੇ ਵੀ ਪ੍ਰਤੀ ਊਠ ਦੇ ਹਿਸਾਬ ਨਾਲ਼ 350 ਰੁਪਏ ਅਦਾ ਕਰਨੇ ਪਏ ਸਨ। ਗਊ-ਰੱਖਿਆ ਸੰਸਥਾ ਮੁਤਾਬਕ ਇਹ ਬਿੱਲ਼ 4 ਲੱਖ ਦਾ ਬਣਿਆ। ਇਹ ਗਊਸ਼ਾਲਾ ਖ਼ੁਦ ਨੂੰ ਇੱਕ ਸਵੈ-ਸੇਵੀ ਸੰਗਠਨ ਕਹਿੰਦਾ ਹੈ, ਪਰ ਉਨ੍ਹਾਂ ਨੇ ਊਠਾਂ ਦੀ ਦੇਖਭਾਲ਼ ਤੇ ਰੱਖਰਖਾਅ ਵਾਸਤੇ ਆਜੜੀਆਂ ਕੋਲ਼ੋਂ ਪੈਸੇ ਉਗਰਾਹੇ।
ਜਕਾਰਾ ਰਬਾੜੀ ਦੱਸਦੇ ਹਨ,''ਵਿਦਰਭ ਵਿਖੇ ਰਹਿਣ ਵਾਲ਼ੇ ਆਪਣੇ ਭਾਈਚਾਰੇ ਦੇ ਲੋਕਾਂ ਤੋਂ ਇੰਨੇ ਪੈਸੇ ਇਕੱਠੇ ਕਰਨ ਵਿੱਚ ਸਾਨੂੰ ਦੋ ਦਿਨ ਲੱਗ ਗਏ ਸਨ।'' ਜਕਾਰਾ ਰਬਾੜੀ ਇੱਕ ਤਜ਼ਰਬੇਕਾਰ ਆਜੜੀ ਹਨ, ਜੋ ਸਮਾਨ ਢੋਹਣ ਵਾਸਤੇ ਊਠਾਂ ਦਾ ਇਸਤੇਮਾਲ ਕਰਦੇ ਹਨ। ਉਹ ਨਾਗਪੁਰ ਜ਼ਿਲ੍ਹੇ ਦੇ ਸਿਰਸੀ ਪਿੰਡ ਵਿਖੇ ਵੱਸੇ ਇੱਕ ਡੇਰੇ ਵਿੱਚ ਰਹਿੰਦੇ ਹਨ ਤੇ ਉਨ੍ਹਾਂ 20 ਪਰਿਵਾਰਾਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੂੰ ਮੱਧ ਭਾਰਤ ਤੋਂ ਹੋ ਕੇ ਲਿਆਂਦੇ ਜਾ ਰਹੇ ਇਨ੍ਹਾਂ ਊਠਾਂ ਦੇ ਇੱਜੜ 'ਚੋਂ ਕੁਝ ਊਠ ਮਿਲ਼ਣ ਵਾਲ਼ੇ ਸਨ।
*****
ਇੱਕ ਸਾਲ ਪਹਿਲਾਂ ਹੈਦਰਾਬਾਦ ਦੇ ਇੱਕ ਪਸ਼ੂ ਅਧਿਕਾਰ ਕਾਰਕੁੰਨਾਂ ਨੇ ਪੰਜ ਆਜੜੀਆਂ ਖ਼ਿਲਾਫ਼ ਤਲੇਗਾਓਂ ਦਸ਼ਾਸਰ ਪੁਲਿਸ ਥਾਣੇ ਵਿਖੇ ਸ਼ਿਕਾਇਤ ਦਰਜ ਕਰਾਈ ਸੀ। ਉਨ੍ਹਾਂ 'ਤੇ ਦੋਸ਼ ਸੀ ਕਿ ਉਹ ਊਠਾਂ ਨੂੰ ਹੈਦਰਾਬਾਦ ਦੇ ਬੁੱਚੜਖਾਨੇ ਵਿਖੇ ਲੈ ਜਾ ਰਹੇ ਸਨ। ਉਸ ਸਮੇਂ ਰਬਾੜੀ ਊਠ ਪਾਲਕ ਮਹਾਰਾਸ਼ਟਰ ਦੇ ਵਿਦਰਭ ਇਲਾਕੇ ਵਿੱਚ ਆਪਣਾ ਡੇਰਾ ਪਾਈ ਬੈਠੇ ਸਨ। ਅਮਰਾਵਤੀ ਜ਼ਿਲ੍ਹਾ ਪੁਲਿਸ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲ਼ੇ ਨਿਮਗਵਹਾਣ ਨਾਮਕ ਪਿੰਡੋਂ ਪੁਲਿਸ ਨੇ ਪੰਜਾਂ ਆਜੜੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਨ੍ਹਾਂ 'ਤੇ ਪਸ਼ੂ ਕਰੂਰਤਾ ਨਿਵਾਰਣ ਐਕਟ, 1960 ਦੀ ਧਾਰਾ 11(1) (d) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਤੇ ਊਠਾਂ ਨੂੰ ਹਿਰਾਸਤ ਵਿੱਚ ਲੈ ਕੇ ਅਮਰਾਵਤੀ ਦੇ ਇੱਕ ਗਊਸ਼ਾਲਾ ਵਿਖੇ ਭੇਜ ਦਿੱਤਾ ਗਿਆ ਸੀ। (ਪੜ੍ਹੋ: ਪੁਲਿਸ ਹਿਰਾਸਤ ਵਿੱਚ ਕੈਦ... ਮਾਰੂਥਲ ਦੇ 58 ਜਹਾਜ਼ )।
ਹਾਲਾਂਕਿ, ਸਥਾਨਕ ਅਦਾਲਤ ਨੇ ਆਜੜੀਆਂ ਨੂੰ ਫ਼ੌਰਨ ਜ਼ਮਾਨਤ ਦੇ ਦਿੱਤੀ ਸੀ, ਪਰ ਉਨ੍ਹਾਂ ਦੇ ਜਾਨਵਰਾਂ ਵਾਸਤੇ ਲੜਾਈ ਲੰਬੀ ਹੁੰਦੀ ਚਲੀ ਗਈ ਤੇ ਮਾਮਲਾ ਜ਼ਿਲ੍ਹਾ ਅਦਾਲਤ ਤੱਕ ਜਾ ਪਹੁੰਚਿਆ। 25 ਜਨਵਰੀ 2022 ਨੂੰ ਅਮਰਾਵਤੀ ਵਿਖੇ ਮੈਜਿਸਟ੍ਰੇਟ ਨੇ ਗਊਸ਼ਾਲਾ ਸੰਸਥਾ ਸਣੇ ਤਿੰਨ ਪਸ਼ੂ ਅਧਿਕਾਰ ਸੰਗਠਨਾਂ ਦੇ ਊਠਾਂ ਦੀ ਰੱਖਿਆ ਸਬੰਧੀ ਅਧਿਕਾਰਾਂ ਦੇ ਬਿਨੈ ਨੂੰ ਸਿੱਧਿਆਂ ਹੀ ਖ਼ਾਰਜ ਕਰ ਦਿੱਤਾ। ਅਦਾਲਤ ਨੇ ਕੁਝ ਸ਼ਰਤਾਂ ਨੂੰ ਪੂਰਿਆਂ ਕਰਨ ਦੇ ਬਦਲੇ ਵਿੱਚ ਰਬਾੜੀਆਂ ਦੇ ਬਿਨੈ ਨੂੰ ਪ੍ਰਵਾਨ ਕਰ ਲਿਆ।
ਊਠ ਪਾਲਕਾਂ ਨੂੰ ਕਿਹਾ ਗਿਆ ਕਿ ਉਹ ਪਸ਼ੂਆਂ ਦੇ ਰੱਖ-ਰਖਾਓ ਅਤੇ ਦੇਖਭਾਲ਼ ਵਾਸਤੇ ਗਊ-ਰੱਖਿਆ ਸੰਸਥਾ ਦੁਆਰਾ ਤੈਅ ਕੀਤੇ ਗਏ 'ਢੁੱਕਵੀਂ ਫ਼ੀਸ' ਦਾ ਭੁਗਤਾਨ ਕਰਨ। ਫਰਵਰੀ 2022 ਵਿਖੇ, ਅਮਰਾਵਤੀ ਵਿਖੇ ਇੱਕ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਨੇ ਪ੍ਰਤੀ ਪਸ਼ੂ ਦਿਹਾੜੀ ਦੀ 200 ਰੁਪਏ ਫ਼ੀਸ ਨਿਰਧਾਰਤ ਕੀਤੀ।
ਰਬਾੜੀਆਂ ਵਾਸਤੇ ਇਹ ਇੱਕ ਰਾਹਤ ਦੀ ਗੱਲ ਸੀ, ਕਿਉਂਕਿ ਉਨ੍ਹਾਂ ਨੇ ਪਹਿਲਾਂ ਹੀ ਵੱਧ ਫ਼ੀਸ ਦਾ ਭੁਗਤਾਨ ਕਰ ਦਿੱਤਾ ਸੀ, ਤਾਂ ਹੁਣ ਉਨ੍ਹਾਂ ਨੂੰ ਕੋਈ ਵਾਧੂ ਫ਼ੀਸ ਨਹੀਂ ਦੇਣੀ ਪੈਣੀ ਸੀ।
ਜਕਾਰਾ ਰਬਾੜੀ ਕਹਿੰਦੇ ਹਨ,''ਅਸੀਂ ਅਦਾਲਤੀ ਖ਼ਰਚੇ, ਵਕੀਲ ਦੀ ਫ਼ੀਸ ਤੇ ਪੰਜੋ ਦੋਸ਼ੀ ਆਜੜੀਆਂ ਦੀ ਦੇਖਭਾਲ਼ ਵਿੱਚ ਕਰੀਬ 10 ਲੱਖ ਰੁਪਏ ਖਰਚ ਕੀਤੇ।''
ਫਰਵਰੀ 2022 ਦੇ ਮੱਧ ਵਿੱਚ ਊਠਾਂ ਨੂੰ ਆਖ਼ਰਕਾਰ ਉਨ੍ਹਾਂ ਦੇ ਮਾਲਿਕਾਂ ਦੇ ਸਪੁਰਦ ਕਰ ਦਿੱਤਾ ਗਿਆ। ਮਾਲਕਾਂ ਦੇ ਦੇਖਿਆ ਕਿ ਉਨ੍ਹਾਂ ਦੇ ਊਠ ਬੀਮਾਰ ਹੋ ਗਏ ਹਨ ਤੇ ਕੁਪੋਸ਼ਿਤ ਵੀ। ਹਿਰਾਸਤ 'ਚੋਂ ਛੱਡੇ ਜਾਣ ਦੇ ਕੁਝ ਘੰਟਿਆਂ ਦੇ ਅੰਦਰ ਹੀ ਉਨ੍ਹਾਂ ਵਿੱਚੋਂ ਦੋ ਊਠਾਂ ਦੀ ਅਮਰਾਵਤੀ ਸ਼ਹਿਰ ਦੇ ਬਾਹਰਵਾਰ ਇਲਾਕੇ ਵਿੱਚ ਮੌਤ ਹੋ ਗਈ।
ਅਗਲੇ 3-4 ਮਹੀਨਿਆਂ ਵਿੱਚ ਕਈ ਹੋਰ ਊਠਾਂ ਦੀ ਮੌਤ ਹੋ ਗਈ। ਛੱਤੀਸਗੜ੍ਹ ਦੇ ਬਲੌਦਾ ਬਜ਼ਾਰ ਜ਼ਿਲ੍ਹੇ ਵਿਖੇ, ਆਪਣੇ ਡੇਰੇ ਤੋਂ ਫ਼ੋਨ ਜ਼ਰੀਏ ਪਾਰੀ ਨਾਲ਼ ਗੱਲ ਕਰਦਿਆਂ ਸਾਜਨ ਰਬਾੜੀ ਨੇ ਦੱਸਿਆ,''ਊਠਾਂ ਦੀ ਵਿਗੜੀ ਹਾਲਤ ਦੇ ਚੱਲਦਿਆਂ ਮਾਰਚ ਤੋਂ ਅਪ੍ਰੈਲ ਤੱਕ ਅਸੀਂ ਲੰਬੀ ਦੂਰੀ ਤੈਅ ਨਹੀਂ ਕਰ ਸਕੇ। ਗਰਮੀਆਂ ਵਿੱਚ ਉਨ੍ਹਾਂ ਨੂੰ ਰਸਤੇ ਵਿੱਚ ਹਰੇ ਪੱਤੇ ਨਾ ਮਿਲ਼ੇ ਤੇ ਜਦੋਂ ਮਾਨਸੂਨ ਆਇਆ ਤਾਂ ਉਹ ਇੰਨੇ ਕਮਜ਼ੋਰ ਹੋ ਚੁੱਕੇ ਸਨ ਕਿ ਬੀਮਾਰ ਪੈ ਗਏ ਤੇ ਇੱਕ-ਇੱਕ ਕਰਕੇ ਮਰਨ ਲੱਗੇ।'' ਉਸ ਇੱਜੜ ਵਿੱਚੋਂ ਸਾਜਨ ਰਬਾੜੀ ਨੂੰ ਜੋ ਚਾਰ ਊਠ ਮਿਲ਼ੇ ਸਨ ਉਨ੍ਹਾਂ ਵਿੱਚੋਂ ਦੋ ਊਠਾਂ ਦੀ ਮੌਤ ਹੋ ਗਈ।
ਛੱਤੀਸਗੜ੍ਹ ਅਤੇ ਆਂਧਰਾ ਪ੍ਰਦੇਸ਼ ਵਿਖੇ ਰਹਿਣ ਵਾਲ਼ੇ ਰਬਾੜੀ ਭਾਈਚਾਰਿਆਂ ਨੂੰ ਇਸ ਝੁੰਡ ਵਿੱਚੋਂ ਜੋ ਊਠ ਮਿਲ਼ਣੇ ਸਨ ਉਨ੍ਹਾਂ ਵਿੱਚੋਂ ਬਹੁਤੇਰੇ ਜਾਂ ਤਾਂ ਰਸਤੇ ਵਿੱਚ ਹੀ ਮਾਰੇ ਗਏ ਜਾਂ ਉਨ੍ਹਾਂ ਦੇ ਡੇਰੇ 'ਤੇ ਪਹੁੰਚਣ ਤੋਂ ਛੇਤੀ ਬਾਅਦ ਹੀ ਮੌਤ ਹੋ ਗਈ।
ਇਨ੍ਹਾਂ ਵਿੱਚੋਂ ਜੋ 34 ਊਠ ਬਚ ਗਏ ਉਹ ਹਾਲੇ ਤੱਕ ਹਿਰਾਸਤ ਦੇ ਸਦਮੇ 'ਚੋਂ ਉੱਭਰ ਨਹੀਂ ਪਾਏ ਹਨ।
*****
ਖਮਰੀ ਵਢਭਾਗੀ ਹੈ ਕਿ ਹਾਲੇ ਤੱਕ ਜਿਊਂਦਾ ਹੈ।
ਕੰਮਾਭਾਈ ਕਹਿੰਦੇ ਹਨ ਕਿ ਜਦੋਂ ਤੱਕ ਉਨ੍ਹਾਂ ਦਾ ਦੋ ਸਾਲਾ ਇਹ ਊਠ ਪੂਰੀ ਤਰ੍ਹਾਂ ਰਾਜੀ ਨਹੀਂ ਹੋ ਜਾਂਦਾ, ਉਦੋਂ ਤੱਕ ਉਹ ਉਹਨੂੰ ਸਮਾਨ ਢੋਹਣ ਵਾਸਤੇ ਇਸਤੇਮਾਲ ਨਹੀਂ ਕਰਨਗੇ।
ਹੋਰਨਾਂ ਊਠਾਂ ਦੇ ਨਾਲ਼, ਉਹ ਇੱਕ ਰੁੱਖ ਤੋਂ ਥੋੜ੍ਹੀ ਹੀ ਦੂਰੀ 'ਤੇ ਬੰਨ੍ਹਿਆ ਹੋਇਆ ਹੈ, ਜਿੱਥੋਂ ਕੰਮਾਭਾਈ ਨੇ ਜਨਵਰੀ 2023 ਵਿੱਚ ਨਰਮੇ ਦੇ ਖੇਤ ਦੇ ਇੱਕ ਖਾਲੀ ਹਿੱਸੇ ਵਿੱਚ ਆਪਣਾ ਕੈਂਪ ਲਾਇਆ ਸੀ। ਖਮਰੀ ਨੂੰ ਬੇਰ ਦੇ ਪੱਤੇ ਬੜੇ ਚੰਗੇ ਲੱਗਦੇ ਹਨ; ਨਾਲ਼ ਹੀ ਉਹਨੂੰ ਇਸ ਮੌਸਮ ਦੇ ਜਾਮੁਣ ਵੀ ਖ਼ਾਸੇ ਪਸੰਦ ਹਨ।
ਰਬਾੜੀ ਆਜੜੀ ਤੇ ਉਨ੍ਹਾਂ ਦੇ ਜਾਨਵਰ ਮਹਾਰਾਸ਼ਟਰ ਦੇ ਵਰਧਾ ਜ਼ਿਲ੍ਹੇ ਦੇ ਹਿੰਗਨਘਾਟ ਸ਼ਹਿਰ ਤੋਂ ਕਰੀਬ 10 ਕਿਲੋਮੀਟਰ ਦੂਰ ਨਾਗਪੁਰ-ਆਦਿਲਾਬਾਦ ਰਾਜਮਾਰਗ 'ਤੇ ਪੈਂਦੇ ਇੱਕ ਛੋਟੇ ਜਿਹੇ ਪਿੰਡ ਵਾਨੀ ਦੇ ਨੇੜੇ ਡੇਰਾ ਪਾਈ ਬੈਠੇ ਹਨ। ਇਹ ਭਾਈਚਾਰਾ ਆਪਣੀਆਂ ਬੱਕਰੀਆਂ, ਭੇਡ ਤੇ ਊਠਾਂ ਦੇ ਇੱਜੜਾਂ ਦੇ ਨਾਲ਼ ਪੱਛਣ ਤੇ ਮੱਧ ਭਾਰਤ ਵਿਚਾਲੇ ਯਾਤਰਾ ਕਰਦਾ ਰਿਹਾ ਹੈ।
ਸਾਲ 2022 ਦੇ ਬੁਰੇ ਤਜ਼ਰਬੇ ਤੋਂ ਬਾਅਦ ਜਿਊਂਦੇ ਬੱਚ ਗਏ ਊਠਾਂ ਦੀ ਬਰਾਬਰ ਨਿਗਰਾਨੀ ਉਨ੍ਹਾਂ ਦੇ ਮਾਲਕ ਕਰ ਰਹੇ ਹਨ ਤੇ ਉਨ੍ਹਾਂ ਦਾ ਧਿਆਨ ਰੱਖ ਰਹੇ ਹਨ। ਕੰਮਾਭਾਈ ਉਮੀਦ ਕਰਦੇ ਹਨ ਕਿ ਸੰਭਾਵਨਾ ਹੈ ਕਿ ਇਹ ਊਠ ਜਿਊਂਦੇ ਰਹਿਣਗੇ ਤੇ ਆਪਣਾ ਜੀਵਨਕਾਲ (18 ਸਾਲ ਜਾਂ ਕੁਝ ਵੱਧ) ਪੂਰਾ ਕਰਨਗੇ।
''ਇਸ ਘਟਨਾ ਨੇ ਸਾਨੂੰ ਬਹੁਤ ਜ਼ਿਆਦਾ ਤਕਲੀਫ਼ ਪਹੁੰਚਾਈ ਹੈ। ਸਾਨੂੰ ਪਰੇਸ਼ਾਨ ਕਰਕੇ ਦੱਸੋ ਕਿਸੇ ਨੂੰ ਕੀ ਮਿਲ਼ਿਆ?'' ਮਸ਼ਰੂ ਸ਼ਿਕਾਇਤ ਦੇ ਲਹਿਜੇ ਵਿੱਚ ਪੁੱਛਦੇ ਹਨ।
ਉਹ ਅਜੇ ਵੀ ਇਸ ਗੱਲ਼ ਨੂੰ ਲੈ ਕੇ ਵਿਚਾਰ ਕਰ ਰਹੇ ਹਨ ਕਿ ਕੀ ਹਾਈ ਕੋਰਟ ਵਿੱਚ ਕੇਸ ਲੜਨਾ ਚਾਹੀਦਾ ਹੈ ਤੇ ਮੁਆਵਜੇ ਲਈ ਦਾਅਵਾ ਪੇਸ਼ ਕਰਨਾ ਚਾਹੀਦਾ ਹੈ।
ਪੁਲਿਸ ਨੇ ਇਸ ਦਰਮਿਆਨ ਅਮਰਾਵਤੀ ਵਿੱਚ ਸ਼ੈਸਨ ਕੋਰਟ ਦੇ ਸਾਹਮਣੇ ਚਾਰਜਸ਼ੀਟ (ਦੋਸ਼ ਪੱਤਰ) ਦਾਇਰ ਕੀਤੀ ਹੈ, ਪਰ ਮਾਮਲੇ ਦੀ ਸੁਣਵਾਈ ਅਜੇ ਹੋਣੀ ਬਾਕੀ ਹੈ। ਮਸ਼ਰੂ ਰਬਾੜੀ ਕਹਿੰਦੇ ਹਨ,''ਅਸੀਂ ਕੇਸ ਲੜਾਂਗੇ।''
''ਸਾਡਾ ਮਾਣ-ਸਨਮਾਨ ਦਾਅ 'ਤੇ ਲੱਗਿਆ ਹੈ।''
ਤਰਜਮਾ: ਕਮਲਜੀਤ ਕੌਰ