ਇਹ ਪੈਨਲ 'ਕੰਮ ਹੀ ਕੰਮ ਬੋਲੇ, ਔਰਤ ਰਹੀ ਓਹਲੇ ਦੀ ਓਹਲੇ' ਨਾਮਕ ਫ਼ੋਟੋ ਪ੍ਰਦਰਸ਼ਨੀ ਦਾ ਹਿੱਸਾ ਹੈ, ਜਿਹਦੇ ਤਹਿਤ ਪੇਂਡੂ ਔਰਤਾਂ ਦੁਆਰਾ ਕੀਤੇ ਜਾਣ ਵਾਲ਼ੇ ਵੱਖ-ਵੱਖ ਕੰਮਾਂ ਨੂੰ ਨਾ ਸਿਰਫ਼ ਦਰਸਾਇਆ ਗਿਆ ਹੈ ਸਗੋਂ ਦਰਜ ਵੀ ਕੀਤਾ ਗਿਆ ਹੈ। ਸਾਰੀਆਂ ਤਸਵੀਰਾਂ ਪੀ. ਸਾਈਨਾਥ ਵੱਲੋਂ 1993 ਤੋਂ 2002 ਦੇ ਸਮੇਂ ਦੌਰਾਨ ਖਿੱਚੀਆਂ ਗਈਆਂ ਹਨ ਅਤੇ ਉਨ੍ਹਾਂ ਨੇ ਇਹ ਤਸਵੀਰਾਂ ਭਾਰਤ ਦੇ ਦਸ ਰਾਜਾਂ ਵਿੱਚ ਘੁੰਮ ਘੁੰਮ ਕੇ ਖਿੱਚੀਆਂ ਸਨ। ਇੱਥੇ, ਪਾਰੀ ਨੇ ਇਸ ਫ਼ੋਟੋ ਪ੍ਰਦਰਸ਼ਨੀ ਦੀ ਰਚਨਾਤਮਕਤਾ ਦੇ ਨਾਲ਼ ਡਿਜੀਟਲ ਪੇਸ਼ਕਾਰੀ ਕੀਤੀ ਹੈ ਜਿਹਨੂੰ ਕਈ ਸਾਲਾਂ ਤੱਕ ਦੇਸ਼ ਦੇ ਬਹੁਤੇਰੇ ਹਿੱਸਿਆਂ ਵਿੱਚ ਦਿਖਾਇਆ ਜਾਂਦਾ ਰਿਹਾ ਹੈ
ਕੰਮ ਹੀ ਕੰਮ ਬੋਲੇ, ਔਰਤ ਰਹੀ ਓਹਲੇ ਦੀ ਓਹਲੇ
ਉਹ ਪਹਾੜੀ ਦੀ ਉੱਚੀ ਢਲ਼ਾਣ ਵੱਲ ਪੈਰ ਪੁੱਟ ਰਹੀ ਸੀ, ਸਿਰ 'ਤੇ ਰੱਖੀ ਘਾਹ ਦੀ ਵੱਡੀ ਸਾਰੀ ਪੰਡ ਨੇ ਉਹਦੇ ਚਿਹਰੇ ਨੂੰ ਢੱਕਿਆ ਹੋਇਆ ਸੀ। ਇਸ ਮੂੰਹੋਂ ਬੋਲਦੀ ਤਸਵੀਰ ਨੂੰ ਦੇਖ ਕੇ ਇਹੀ ਲੱਗਦਾ ਹੈ: ਕੰਮ ਹੀ ਕੰਮ ਬੋਲੇ, ਔਰਤ ਰਹੀ ਓਹਲੇ ਦੀ ਓਹਲੇ। ਓੜੀਸਾ ਦੇ ਮਲਕਾਨਗਿਰੀ ਦੀ ਇਸ ਬੇਜ਼ਮੀਨੀ ਮਜ਼ਦੂਰ ਔਰਤ ਵਾਸਤੇ ਦਿਹਾੜੀ ਦਾ ਇਹ ਆਮ ਦਿਨ ਸੀ। ਪਾਣੀ ਭਰਨਾ, ਬਾਲਣ ਅਤੇ ਚਾਰਾ ਇਕੱਠਾ ਕਰਨਾ। ਇਨ੍ਹਾਂ ਤਿੰਨਾਂ ਕੰਮਾਂ ਵਿੱਚ ਔਰਤਾਂ ਦਾ ਇੱਕ ਤਿਹਾਈ ਜੀਵਨ ਲੰਘ ਜਾਂਦਾ ਹੈ। ਦੇਸ਼ ਦੇ ਕੁਝ ਹਿੱਸਿਆਂ ਵਿੱਚ, ਔਰਤਾਂ ਦਿਨ ਦੇ ਸੱਤ ਘੰਟੇ ਸਿਰਫ਼ ਆਪਣੇ ਪਰਿਵਾਰ ਲਈ ਪਾਣੀ ਅਤੇ ਬਾਲਣ ਇਕੱਠਾ ਕਰਨ ਵਿੱਚ ਹੀ ਲੰਘਾ ਦਿੰਦੀਆਂ ਹਨ। ਡੰਗਰਾਂ ਲਈ ਚਾਰਾ ਇਕੱਠਾ ਕਰਨ ਵਿੱਚ ਵੀ ਸਮਾਂ ਲੱਗਦਾ ਹੈ। ਪੇਂਡੂ ਭਾਰਤ ਦੀਆਂ ਕਰੋੜਾਂ ਔਰਤਾਂ, ਇਨ੍ਹਾਂ ਚੀਜ਼ਾਂ ਨੂੰ ਇਕੱਠਾ ਕਰਨ ਲਈ ਹਰ ਦਿਨ ਕਈ ਕਈ ਕਿਲੋਮੀਟਰ ਪੈਦਲ ਤੁਰਦੀਆਂ ਹਨ।
ਸਿਰ 'ਤੇ ਲੱਦਿਆ ਬੋਝਾ ਕਾਫ਼ੀ ਭਾਰੀ ਹੈ। ਇਹ ਆਦਿਵਾਸੀ ਔਰਤ, ਜੋ ਮਲਕਾਨਗਿਰੀ ਵਿਖੇ ਇੱਕ ਪਹਾੜੀ ਢਲ਼ਾਣ 'ਤੇ ਚੜ੍ਹ ਰਹੀ ਹੈ, ਉਹਦੇ ਸਿਰ 'ਤੇ ਕਰੀਬ 30 ਕਿਲੋ ਵਜ਼ਨੀ ਬਾਲਣ ਦੀ ਲੱਕੜ ਰੱਖੀ ਹੋਈ ਹੈ ਅਤੇ ਉਹਨੇ ਅਜੇ ਤਿੰਨ ਕਿਲੋਮੀਟਰ ਹੋਰ ਤੁਰਨਾ ਹੈ। ਕਈ ਔਰਤਾਂ ਆਪਣੇ ਘਰਾਂ ਵਿੱਚ ਪਾਣੀ ਲਿਆਉਣ ਲਈ, ਇੰਨੀ ਹੀ ਜਾਂ ਇਸ ਤੋਂ ਵੱਧ ਦੂਰੀ ਤੈਅ ਕਰਦੀਆਂ ਹਨ।






