ਇਹ ਪੈਨਲ 'ਕੰਮ ਹੀ ਕੰਮ ਬੋਲੇ, ਔਰਤ ਰਹੀ ਓਹਲੇ ਦੀ ਓਹਲੇ' ਨਾਮਕ ਫ਼ੋਟੋ ਪ੍ਰਦਰਸ਼ਨੀ ਦਾ ਹਿੱਸਾ ਹੈ, ਜਿਹਦੇ ਤਹਿਤ ਪੇਂਡੂ ਔਰਤਾਂ ਦੁਆਰਾ ਕੀਤੇ ਜਾਣ ਵਾਲ਼ੇ ਵੱਖ-ਵੱਖ ਕੰਮਾਂ ਨੂੰ ਨਾ ਸਿਰਫ਼ ਦਰਸਾਇਆ ਗਿਆ ਹੈ ਸਗੋਂ ਦਰਜ ਵੀ ਕੀਤਾ ਗਿਆ ਹੈ। ਸਾਰੀਆਂ ਤਸਵੀਰਾਂ ਪੀ. ਸਾਈਨਾਥ ਵੱਲੋਂ 1993 ਤੋਂ 2002 ਦੇ ਸਮੇਂ ਦੌਰਾਨ ਖਿੱਚੀਆਂ ਗਈਆਂ ਹਨ ਅਤੇ ਉਨ੍ਹਾਂ ਨੇ ਇਹ ਤਸਵੀਰਾਂ ਭਾਰਤ ਦੇ ਦਸ ਰਾਜਾਂ ਵਿੱਚ ਘੁੰਮ ਘੁੰਮ ਕੇ ਖਿੱਚੀਆਂ ਸਨ। ਇੱਥੇ, ਪਾਰੀ ਨੇ ਇਸ ਫ਼ੋਟੋ ਪ੍ਰਦਰਸ਼ਨੀ ਦੀ ਰਚਨਾਤਮਕਤਾ ਦੇ ਨਾਲ਼ ਡਿਜੀਟਲ ਪੇਸ਼ਕਾਰੀ ਕੀਤੀ ਹੈ ਜਿਹਨੂੰ ਕਈ ਸਾਲਾਂ ਤੱਕ ਦੇਸ਼ ਦੇ ਬਹੁਤੇਰੇ ਹਿੱਸਿਆਂ ਵਿੱਚ ਦਿਖਾਇਆ ਜਾਂਦਾ ਰਿਹਾ ਹੈ
ਇੱਕ ਖੇਤ, ਉਹ ਵੀ ਆਪਣਾ ਨਹੀਂ
ਜ਼ਮੀਨ ਦਾ ਮਾਲਕ ਫ਼ੋਟੋ ਖਿਚਵਾਏ ਜਾਣ 'ਤੇ ਬੜਾ ਫ਼ਖਰ ਮਹਿਸੂਸ ਕਰ ਰਿਹਾ ਸੀ। ਉਹ ਛਾਤੀ ਫੁਲਾਈ ਖੜ੍ਹਾ ਸੀ, ਓਨੀ ਦੇਰ ਵਿੱਚ ਉਹਦੇ ਖੇਤਾਂ ਵਿੱਚ ਪਨੀਰੀ ਲਾਉਣ ਵਾਲ਼ੀਆਂ ਨੌ ਔਰਤਾਂ ਦੀ ਕਤਾਰ ਦੋਗੁਣੀ ਲੰਬੀ ਹੁੰਦੀ ਚਲੀ ਗਈ। ਉਹਨੇ ਦੱਸਿਆ ਕਿ ਉਹ ਹਰੇਕ ਔਰਤ ਨੂੰ 40 ਰੁਪਏ ਦਿਹਾੜੀ ਦਿੰਦਾ ਹੈ। ਬਾਅਦ ਵਿੱਚ ਔਰਤਾਂ ਨੇ ਸਾਨੂੰ ਦੱਸਿਆ ਕਿ ਉਹਨੇ 40 ਰੁਪਏ ਨਹੀਂ ਸਗੋਂ 25 ਰੁਪਏ ਹੀ ਦਿੱਤੇ। ਓੜੀਸਾ ਦੇ ਰਾਇਗੜਾ ਦੀਆਂ ਇਨ੍ਹਾਂ ਸਾਰੀਆਂ ਮਜ਼ਦੂਰ ਔਰਤਾਂ ਵਿੱਚੋਂ ਹਰੇਕ ਔਰਤ ਬੇਜ਼ਮੀਨੀ ਹੈ।
ਭਾਰਤ ਅੰਦਰ, ਜਿਨ੍ਹਾਂ ਪਰਿਵਾਰਾਂ ਕੋਲ਼ ਜ਼ਮੀਨਾਂ ਹਨ ਵੀ ਉਨ੍ਹਾਂ ਦੀਆਂ ਔਰਤਾਂ ਨੂੰ ਵੀ ਭੂਮੀ-ਅਧਿਕਾਰ ਪ੍ਰਾਪਤ ਨਹੀਂ। ਇੱਥੋਂ ਤੱਕ ਕਿ ਉਨ੍ਹਾਂ ਨੂੰ ਇਹ ਅਧਿਕਾਰ ਨਾ ਤਾਂ ਆਪਣੇ ਪੇਕੇ ਮਿਲ਼ਦਾ ਹੈ ਅਤੇ ਨਾ ਹੀ ਆਪਣੇ ਪਤੀ ਅਤੇ ਸਹੁਰੇ ਘਰ ਹੀ ਮਿਲ਼ਦਾ ਹੈ। ਇਕੱਲੀ, ਵਿਧਵਾ ਜਾਂ ਤਲਾਕਸ਼ੁਦਾ ਔਰਤ ਆਪਣੇ ਹੀ ਰਿਸ਼ਤੇਦਾਰਾਂ ਦੇ ਖੇਤਾਂ ਵਿੱਚ ਮਜ਼ਦੂਰੀ ਕਰਨ ਨੂੰ ਮਜ਼ਬੂਰ ਹੋ ਜਾਂਦੀ ਹੈ।








