“ਕੁੜੀਆਂ ਸਬਜ਼ੀ ਬੀਜਦੀਆਂ ਹਨ ਜੋ ਅਸੀਂ ਖਾਂਦੇ ਹਾਂ, ਪਰ ਮੁੰਡੇ- ਉਹ ਇਸੇ ਸਬਜ਼ੀ ਨੂੰ ਮੰਡੀ ਲਿਜਾਂਦੇ ਹਨ,” ਲਕਸ਼ਮੀਕਾਂਤ ਰੇਡੀ ਕਹਿੰਦੀ ਹੈ।
ਉਹ ਚੰਗਾ ਵਕਤਾ ਹੈ, ਵਿਸ਼ਵਾਸ ਨਾਲ਼ ਭਰਪੂਰ ਅਤੇ ਬੇਹੱਦ ਉੱਦਮੀ ਵੀ ਹੈ। ਇਹ ਸਾਰੀਆਂ ਖ਼ੂਬੀਆਂ ਪ੍ਰਧਾਨ ਮੰਤਰੀ, ਵਿਪੱਖ ਦਾ ਨੇਤਾ ਅਤੇ ਹੁਣ ਸਿਹਤ ਮੰਤਰੀ ਜਿਹੇ ਪਦਾਂ ‘ਤੇ ਰਹਿਣ ਕਾਰਨ ਆਈਆਂ।
ਇਸ ਵਿੱਚ ਕੋਈ ਹੈਰਾਨੀ ਵਾਲ਼ੀ ਗੱਲ ਨਹੀਂ ਹੈ ਕਿ ਲਕਸ਼ੀਕਾਂਤ ਉਹਦਾ ਘਰ ਦਾ ਨਾਮ ਨਹੀਂ ਹੈ। ਉਹ 17 ਸਾਲਾਂ ਦਾ ਹੈ।
ਉਹ ਅਤੇ ਉਹਦੇ ਸਾਥੀ ਮੰਤਰੀ ਉਨ੍ਹਾਂ ਸ੍ਰੋਤਿਆਂ ਨੂੰ ਸੰਬੋਧਤ ਕਰ ਰਹੇ ਹਨ ਜੋ ਉਨ੍ਹਾਂ ਦੀ ਸੰਸਦ ਦੀ ਸਫ਼ਲਤਾ ਨੂੰ ਦੇਖਣ ਲਈ ਇਕੱਠੇ ਹੋਏ ਹਨ।
ਸੰਯੁਕਤ ਰਾਸ਼ਟਰ ਦੇ ਉਸ ਮਾਡਲ ਤੋਂ ਐਨ ਉਲਟ ਜਿਹਦਾ ਅਯੋਜਨ ਕਈ ਕੁਲੀਨ ਸਕੂਲ ਕਰਦੇ ਹਨ, ਇਸ ਸੰਸਦ ਦੇ ਮੈਂਬਰਾਂ ਨੂੰ ਸਾਲ ਵਿੱਚ ਇੱਕ ਵਾਰ ਨਹੀਂ ਸਗੋਂ ਕਈ-ਕਈ ਵਾਰ ਇਕੱਠੇ ਹੋਣਾ ਪੈਂਦਾ ਹੈ। ਉਹ ਰਵਾਇਤੀ ਪਹਿਰਾਵਾ ਪਾਈ ਵਿਦੇਸ਼-ਨੀਤੀ ‘ਤੇ ਬਹਿਸ ਨਹੀਂ ਕਰਦੇ, ਨਾ ਹੀ ਸੰਸਾਰ ਦੀ ਭਾਰੀਆਂ ਸਮੱਸਿਆਵਾਂ ਦਾ ਕੋਈ ਹੱਲ ਹੀ ਲੱਭਦੇ ਹਨ। ਉਹ ਤਾਂ ਸਗੋਂ ਸਿੱਖਿਆ ਤੇ ਸਿਹਤ ਜਿਹੇ ਮੰਤਰਾਲਿਆਂ ਦੇ ਮੁਖੀਆ ਵਜੋਂ, ਅਜਿਹੇ ਫ਼ੈਸਲੇ ਕਰਦੇ ਹਨ ਜਿਨ੍ਹਾਂ ਨਾਲ਼ ਉਨ੍ਹਾਂ ਦੀ ਰੋਜ਼ਮੱਰਾ ਦੀ ਜ਼ਿੰਦਗੀ ਚੱਲਦੀ ਹੈ। ਇਹ ਸਾਰਾ ਕੁਝ ਇੱਕ ਅਜਿਹੀ ਅਹਿਮ ਧਾਰਾ ਦੇ ਦਾਇਰੇ ਵਿੱਚ ਹੁੰਦਾ ਹੈ ਜਿੱਥੇ ਬਾਲਗ਼ਾਂ ਦਾ ਦਖਲ ਘੱਟ ਤੋਂ ਘੱਟ ਹੁੰਦਾ ਹੈ।
ਇਹ ਮੰਤਰੀ ਨਵੀਂ ਦਿੱਲੀ ਦੇ ਆਲੀਸ਼ਾਨ ਇਲਾਕਿਆਂ ਵਿੱਚ ਨਹੀਂ ਰਹਿੰਦੇ, ਸਗੋਂ ਨਚੀਕੁੱਪਮ ਪਿੰਡ ਵਿਖੇ ਰਹਿੰਦੇ ਹਨ, ਜੋ ਕਿ ਤਮਿਲਨਾਡੂ ਦੇ ਕ੍ਰਿਸ਼ਨਾਗਿਰੀ ਜ਼ਿਲ੍ਹੇ ਦੇ ਵੇਪਨਾਪੱਲੀ ਤਾਲੁਕਾ ਦੀਆਂ ਪਹਾੜੀਆਂ ਦੇ ਐਨ ਵਿਚਾਲੇ ਸਥਿਤ ਹੈ।
ਦੇਸ਼ ਦੇ ਇਸ ਹਿੱਸੇ ਵਿੱਚ ਬੱਚਿਆਂ ਦੀ ਸੰਸਦ ਹਰ ਥਾਵੇਂ ਮੌਜੂਦ ਹੈ ਅਤੇ ਬਤੌਰ ਇੱਕ ਰਿਪੋਰਟਰ ਮੈਨੂੰ ਇਹ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਇਨ੍ਹਾਂ ਬੱਚਿਆਂ ਬਾਰੇ ਜੋ ਸਟੋਰੀ ਲਿਖੀ ਜਾਂਦੀ ਹੈ ਉਹਦਾ ਅੰਤ ਇਨ੍ਹਾਂ ਸ਼ਬਦਾਂ ਨਾਲ਼ ਹੁੰਦਾ ਹੈ ਕਿ ਇਹ ਬੱਚੇ ਲੋੜੋਂ ਵੱਧ ਚਤੁਰ ਹਨ। ਹਾਲਾਂਕਿ ਜੋ ਚੀਜ਼ ਇਨ੍ਹਾਂ ਨੂੰ ਅਨੋਖਾ ਬਣਾਉਂਦੀ ਹੈ, ਉਹ ਇਹ ਹੈ ਕਿ ਇਸ ਸੰਸਦ ਦੇ ਸਾਰੇ ਮੈਂਬਰ ਐੱਚਆਈਵੀ-ਪੌਜ਼ੀਟਿਵ ਹਨ। ਗਭਰੇਟਾਂ ਦੁਆਰਾ ਚਲਾਈ ਜਾ ਰਹੀ ਇਹ ਸੰਸਦ ਸਨੇਹਾਗ੍ਰਾਮ ਵਿਖੇ ਹੈ, ਜੋ ਇੱਕ ਵਪਾਰਕ ਸਿਖਲਾਈ ਅਤੇ ਮੁੜ-ਵਸੇਬਾ ਕੇਂਦਰ ਹੋਣ ਦੇ ਨਾਲ਼-ਨਾਲ਼, ਇਨ੍ਹਾਂ ਬੱਚਿਆਂ ਦਾ ਘਰ ਵੀ ਹੈ।
ਸਾਲ 2017 ਦੀ UNAIDS ਰਿਪੋਰਟ ਦੱਸਦੀ ਹੈ ਕਿ ਭਾਰਤ ਵਿੱਚ ਸਾਲ 2016 ਵਿੱਚ ਐੱਚਆਈਵੀ ਤੋਂ ਪੀੜਤ 80,000 ਲੋਕਾਂ ਦਾ ਇਲਾਜ ਕੀਤਾ ਗਿਆ, ਜਦੋਂਕਿ ਸਾਲ 2005 ਵਿੱਚ ਇਹ ਗਿਣਤੀ 1.5 ਲੱਖ ਸੀ। ਮਰੀਜ਼ਾਂ ਦੀ ਗਿਣਤੀ ਵਿੱਚ ਆਉਣ ਵਾਲ਼ੀ ਇਸ ਘਾਟ ਦਾ ਸਿਹਰਾ ਰਾਸ਼ਟਰੀ ਏਡਸ ਵਿਰੋਧੀ ਅਭਿਆਨ ਦੇ ਸਿਰ ਬੱਝਦਾ ਹੈ, ਜਿਹਦੀ ਸ਼ੁਰੂਆਤ 2004 ਵਿੱਚ ਹੋਈ, ਜਿਹਦੇ ਤਹਿਤ ਅਜਿਹੇ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ।
“ਐੱਚਆਈਵੀ ਨਾਲ਼ ਸੰਕ੍ਰਮਿਤ ਨਵੇਂ ਮਰੀਜ਼ਾਂ ਦੀ ਗਿਣਤੀ ਵਿੱਚ ਇਹ ਘਾਟ ਪਿਛਲੇ ਦਹਾਕੇ ਵਿੱਚ ਹੋਈ ਹੈ,” ਡਾਕਟਰ ਜੀਡੀ ਰਵਿੰਦਰ ਦੱਸਦੇ ਹਨ, ਜੋ ਬੰਗਲੁਰੂ ਦੇ ਸੇਂਟ ਜੌਨਸ ਮੈਡੀਕਲ ਕਾਲੇਜ ਵਿਖੇ ਮੈਡੀਸੀਨ ਦੇ ਪ੍ਰੋਫ਼ੈਸਰ ਹਨ। ਇਸ ਘਾਟ ਦਾ ਕਾਰਨ ਹੈ,“ਐਂਟੀਰੋਟਾਵਾਇਰਲ ਥੈਰੇਪੀ (ਏਆਰਟੀ) ਦੀ ਸ਼ੁਰੂਆਤ ਦਾ ਹੋਣਾ ਅਤੇ ਪੂਰੇ ਦੇਸ਼ ਵਿੱਚ ਚਲਾਏ ਜਾਣ ਵਾਲ਼ਾ ਜਾਗਰੂਕਤਾ ਅਭਿਆਨ। ਅਧਿਐਨ ਤੋਂ ਪਤਾ ਚੱਲਦਾ ਹੈ ਕਿ ਏਆਰਟੀ ਇਸ ਬੀਮਾਰੀ ਨੂੰ ਮਾਂ ਤੋਂ ਬੱਚਿਆਂ ਵਿੱਚ ਸਥਾਨਾਂਤਰਿਤ ਹੋਣੋਂ ਰੋਕਦੀ ਹੈ, ਜਿਹਦੇ ਕਾਰਨ ਗਿਣਤੀ ਵਿੱਚ ਘਾਟ ਦੇਖਣ ਨੂੰ ਮਿਲ਼ ਰਹੀ ਹੈ,” ਉਹ ਦੱਸਦੇ ਹਨ। ਡਾਕਟਰ ਰਵਿੰਦਰ 1989 ਤੋਂ ਹੀ ਐੱਚਆਈਵੀ ਮਰੀਜ਼ਾਂ ਦੇ ਸੰਪਰਕ ਵਿੱਚ ਰਹੇ ਹਨ ਅਤੇ ਏਡਸ ਸੋਸਾਇਟੀ ਆਫ਼ ਇੰਡੀਆ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਹਨ।
ਇੱਕ ਸਿਖਲਾਇਕ ਸਲਾਹਕਾਰ ਅਤੇ ਸਨੇਹਾਗ੍ਰਾਮ ਦੇ ਨਿਰਦੇਸ਼ਕ, ਫਾਦਰ ਮੈਥਿਵ ਪੇਰੂੰਪਿਲ ਮੁਤਾਬਕ, ਇਸ ਇਲਾਜ ਦਾ ਐੱਚਆਈਵੀ-ਪੌਜੀਟਿਵ ਬੱਚਿਆਂ ‘ਤੇ ਬਹੁਤ ਚੰਗਾ ਪ੍ਰਭਾਵ ਪਿਆ ਹੈ। ਇਹ ਇੱਕ “ਅਜਿਹਾ ਸਮੂਹ ਸੀ ਜਿਹਦੇ ਬਾਰੇ ਸਾਨੂੰ ਕਦੇ ਇਹ ਉਮੀਦ ਨਹੀਂ ਸੀ ਕਿ ਉਹ ਗਭਰੇਟ ਅਵਸਥਾ ਟੱਪਣਗੇ ਤੇ ਬੜੇ ਵਿਰਲੇ ਹੀ ਬਾਲਗ਼ ਅਵਸਥਾ ਤੀਕਰ ਪਹੁੰਚ ਪਾਉਣਗੇ। ਹੁਣ, ਏਆਰਟੀ ਦੇ ਆਉਣ ਦਾ ਮਤਲਬ ਹੈ ਕਿ ਮਰੀਜ਼ ਜ਼ਿੰਦਾ ਰਹਿ ਸਕਦੇ ਹਨ- ਅਤੇ ਖ਼ੁਸ਼ਹਾਲ ਵੀ ਹੋ ਸਕਦੇ ਹਨ।”
ਬੱਸ ਇਸ ਗੱਲ ਨੂੰ ਛੱਡ ਕੇ ਕਿ ਇਸ ਕਲੰਕ ਦੇ ਨਾਲ਼ ਤੁਸੀਂ ਖ਼ੁਸ਼ਹਾਲ ਕਿਵੇਂ ਰਹੋਗੇ?
ਸਨੇਹਾਗ੍ਰਾਮ ਨੂੰ ਸਾਲ 2002 ਵਿੱਚ ਇਸਲਈ ਸਥਾਪਤ ਕੀਤਾ ਗਿਆ ਸੀ ਤਾਂਕਿ ਐੱਚਆਈਵੀ ਸੰਕ੍ਰਮਿਤ ਬੱਚਿਆਂ ਨੂੰ ਉਨ੍ਹਾਂ ਦੀ ਬੇਵਕਤੀ ਮੌਤ ਤੋਂ ਪਹਿਲਾਂ ਇੱਕ ਚੰਗਾ ਜੀਵਨ ਪ੍ਰਦਾਨ ਕੀਤਾ ਜਾ ਸਕੇ। ਪਰ, ਏਆਰਟੀ ਦੀ ਸਫ਼ਲਤਾ ਨੂੰ ਦੇਖਦਿਆਂ, ਸਨੇਹਾਗ੍ਰਾਮ ਦੇ ਮੋਢੀਆਂ ਨੇ ਇੱਥੋਂ ਦੇ ਬੱਚਿਆਂ ਨੂੰ ਕੁਸ਼ਲ ਬਣਾਉਣਾ ਸ਼ੁਰੂ ਕਰ ਦਿੱਤਾ, ਤਾਂਕਿ ਉਹ ਆਪਣਾ ਕੈਰੀਅਰ ਬਣਾ ਸਕਣ। ਦਵਾਈ ਦੀ ਸਫ਼ਲਤਾ ਨੇ ਉਨ੍ਹਾਂ ਨੂੰ ਇਸ ਸੰਸਥਾ ਨੂੰ ਕਾਰੋਬਾਰੀ ਸੰਸਥਾ ਬਣਾਉਣ ਲਈ ਪ੍ਰੇਰਿਤ ਕੀਤਾ।
ਇੱਥੋਂ ਦੇ ਗਭਰੇਟ (ਕੁੜੀਆਂ ਤੇ ਮੁੰਡੇ) ਰਾਸ਼ਟਰੀ ਓਪਨ ਸਕੂਲਿੰਗ ਸੰਸਥਾ ਰਾਹੀਂ ਆਪਣੀ ਸੈਕੰਡਰੀ ਅਤੇ ਉਚੇਰੀ ਸਿੱਖਿਆ ਪੂਰੀ ਕਰ ਰਹੇ ਹਨ। ਬਾਰ੍ਹਵੀਂ ਪੂਰੀ ਕਰਨ ਤੋਂ ਬਾਅਦ ਗ੍ਰੈਜੂਏਟ ਹੋਣ ਵਾਲ਼ਾ ਇਹ ਪਹਿਲਾ ਬੈਚ ਹੋਵੇਗਾ। ਸੰਸਥਾ ਨੂੰ ਉਮੀਦ ਹੈ ਕਿ ਇਹਦੇ ਬਾਅਦ ਇਹ ਨੌਕਰੀਆਂ ਪਾਉਣ ਦੇ ਕਾਬਲ ਹੋ ਜਾਣਗੇ।
ਇਸੇ ਦਰਮਿਆਨ, ਜਮਾਤ ਦੇ ਕਮਰੇ ਤੋਂ ਬਾਹਰ ਇਨ੍ਹਾਂ ਨੂੰ ਜੈਵਿਕ ਖੇਤੀ ਅਤੇ ਡੇਅਰੀ ਫਾਰਮਿੰਗ, ਹਾਈਟ੍ਰੋਪੋਨਿਕਸ ਅਤੇ ਕੁਕਿੰਗ ਦੇ ਨਾਲ਼-ਨਾਲ਼ ਕਾਫ਼ੀ ਸਾਰੇ ਗੁਣ ਹੋਰ ਸਿਖਾਏ ਜਾ ਰਹੇ ਹਨ। ਪਰ ਪੜ੍ਹਾਈ ਬੱਚਿਆਂ ਲਈ ਸਿੱਖਣ ਦਾ ਬੱਸ ਇੱਕ ਜ਼ਰੀਆ ਹੀ ਹੈ। ਇੱਥੇ ਇਨ੍ਹਾਂ ਨੇ ਇੱਕ ਅਜਿਹਾ ਸਿਸਟਮ ਬਣਾ ਲਿਆ ਹੋਇਆ ਹੈ ਜਿੱਥੇ ਉਹ ਆਪਣੇ ਫ਼ੈਸਲੇ ਆਪ ਲੈਂਦੇ ਹਨ ਤੇ ਆਪਣੇ ਅਧਿਕਾਰਾਂ ਬਾਰੇ ਜਾਣਦੇ ਹਨ। ਸਨੇਹਾਗ੍ਰਾਮ ਦੀ ਇਸ ਛੋਟੀ ਜਿਹੀ ਸੰਸਦ ਦਾ ਇਹੀ ਕੰਮ ਹੈ- ਆਤਮਨਿਰਭਰ ਬਣਾਉਣਾ।
ਇੱਥੋਂ ਦੇ ਯਤੀਮ ਬੱਚੇ ਤਮਿਲਨਾਡੂ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਦੇ ਪੇਂਡੂ ਇਲਾਕਿਆਂ ਦੇ ਗ਼ਰੀਬ ਪਰਿਵਾਰਾਂ ਤੋਂ ਹਨ। ਅੰਗਰੇਜ਼ੀ ਭਾਸ਼ਾ ਨੂੰ ਲੈ ਕੇ ਇਹ ਮੁਹਾਰਤ ਉਨ੍ਹਾਂ ਦੀ ਇਸ ਸੰਸਦੀ ਪ੍ਰਣਾਲੀ ਕਾਰਨ ਹੀ ਆਈ ਹੈ।
“ਸਾਡੀ ਸਿੱਖਿਆ ਮੰਤਰੀ ਨੇ ਇੱਕ ਵਾਰ ਸਾਨੂੰ ਸਲਾਹ ਦਿੱਤੀ ਸੀ ਕਿ ਅਸੀਂ ਗੱਲਬਾਤ ਲਈ ਸਿਰਫ਼ ਸਥਾਨਕ ਭਾਸ਼ਾ ਦਾ ਹੀ ਪ੍ਰਯੋਗ ਨਾ ਕਰੀਏ, ਅੰਗਰੇਜ਼ੀ ਦਾ ਵੀ ਕਰੀਏ,” 17 ਸਾਲਾ ਮੀਨਾ ਨਾਗਰਾਜ ਦੱਸਦੀ ਹਨ। “ਚੰਗੀ ਨੌਕਰੀ ਪਾਉਣ ਲਈ ਅੰਗਰੇਜ਼ੀ ਜਾਣਨਾ ਜ਼ਰੂਰੀ ਹੈ, ਹੈ ਨਾ?” ਉਹ ਕੁੜੀਆਂ ਦੀ ਖੇਡ ਮੰਤਰੀ ਹੈ।
ਸਵੇਰੇ ਸਵੇਰੇ ਸਾਰਿਆਂ ਨੂੰ ਜਗਾਉਣ ਦੀ ਜ਼ਿੰਮੇਦਾਰੀ ਮੀਨਾ ਦੀ ਹੀ ਹੈ ਤਾਂਕਿ ਪੂਰਾ ਦਿਨ ਸਕੂਲ ਵਿੱਚ ਲੰਘਾਉਣ ਤੋਂ ਪਹਿਲਾਂ ਸਾਰੇ ਜਣੇ ਕਸਰਤ ਲਈ ਇੱਕ ਥਾਂ ‘ਤੇ ਇਕੱਠੇ ਹੋ ਲੈਣ। ਕਸਰਤ ਦੀ ਸ਼ੁਰੂਆਤ ਦੌੜ ਨਾਲ਼ ਹੁੰਦੀ ਹੈ, ਜਿਹਦੇ ਬਾਅਦ ਇਹ ਆਪੋ-ਆਪਣੀ ਪਸੰਦ ਦੇ ਖੇਡ ਖੇਡਦੀਆਂ ਹਨ। ਇਨ੍ਹਾਂ ਦੇ ਸਰੀਰ ਵਿੱਚ ਰੱਖਿਆਤਮਕ (immunity) ਪ੍ਰਣਾਲੀ ਨੂੰ ਬਣਾਈ ਰੱਖਣ ਅਤੇ ਸਿਹਤ ਵਾਸਤੇ ਇਸ ਪ੍ਰਕਾਰ ਦੀ ਕਸਰਤ ਲਾਜ਼ਮੀ ਹੈ।
ਸਭ ਤੋਂ ਅਹਿਮ ਗੱਲ ਹੈ-ਵਾਇਰਸ ਨੂੰ ਦਬਾਉਣ ਵਾਸਤੇ ਰਾਤ ਵੇਲ਼ੇ ਐਂਟੀ-ਰੇਟ੍ਰੋਵਾਇਰਲ ਦਵਾਈ ਖਾਣਾ ਜ਼ਰੂਰੀ ਹੈ। ਅੱਜ ਤੁਹਾਨੂੰ ਬੱਸ ਇੰਨੀ ਕੁ ਦਵਾਈ ਦੀ ਹੀ ਲੋੜ ਹੈ- ਇੱਕ ਗੋਲ਼ੀ ਜੋ ਦੁਨੀਆ ਦੇ ਸਭ ਤੋਂ ਖਤਰਨਾਕ ਵਾਇਰਸ ਨੂੰ ਕੰਟਰੋਲ ਰੱਖਦੀ ਹੈ। ਸਾਰੇ 65 ਵਿਦਿਆਰਥੀ-ਵਿਦਿਆਰਥਣਾਂ ਨੇ ਰਾਤ ਨੂੰ ਆਪਣੀ ਦਵਾਈ ਖਾ ਲਈ ਹੈ, ਇਹ ਯਕੀਨੀ ਬਣਾਉਣ ਦੀ ਜ਼ਿੰਮੇਦਾਰੀ ਸਿਹਤ ਮੰਤਰੀਆਂ- 16 ਸਾਲਾ ਅੰਬਿਕਾ ਰਮੇਸ਼ ਅਤੇ ਲਕਸ਼ਮੀਕਾਂਤ ਦੀ ਹੈ। “ਇਸ ਛੋਟੇ ਜਿਹੇ ਕੈਪਸੂਲ ਨੂੰ ਖਾਣਾ ਭੁੱਲਣਾ ਖ਼ਤਰਨਾਕ ਸਾਬਤ ਹੋ ਸਕਦਾ ਹੈ, ਪਰ ਇਹ ਭੁੱਲਦੇ ਨਹੀਂ,” ਮੈਥਿਵ ਦੱਸਦੇ ਹਨ।
ਇਹ ਇੱਕ ਠੋਸ ਪ੍ਰਣਾਲੀ ਹੈ। “ਸਾਡੇ ਕੋਲ਼ ਵਿਪੱਖ ਦਾ ਇੱਕ ਮਜ਼ਬੂਤ ਨੇਤਾ ਹੈ, ਜੋ ਸਾਡੇ ਉੱਤੇ ਨਜ਼ਰ ਰੱਖਦਾ ਹੈ। ਸੰਸਦ ਹਰ ਪੰਦਰ੍ਹਵੇਂ ਦਿਨ ਸੱਦੀ ਜਾਂਦੀ ਹੈ, ਜਿੱਥੇ ਏਜੰਡੇ ‘ਤੇ ਬਹਿਸ ਹੁੰਦੀ ਹੈ। ਵਿਪੱਖ ਦਾ ਕੰਮ ਹੈ ਇਸ ਗੱਲ ਨੂੰ ਯਕੀਨੀ ਬਣਾਉਣਾ ਕਿ ਅਸੀਂ ਜੋ ਸਹੁੰ ਚੁੱਕੀ ਹੈ ਉਹੀ ਕੰਮ ਕਰੀਏ। ਕਈ ਵਾਰ, ਸਾਡੀ ਤਾਰੀਫ਼ ਹੁੰਦੀ ਹੈ,” 17 ਸਾਲਾ ਕਾਲੇਸ਼ਵਰ ਦੱਸਦੇ ਹਨ, ਜੋ ਕਨੂੰਨ ਅਤੇ ਗ੍ਰਹਿ ਮੰਤਰੀ ਹਨ।
ਆਪਣੀ ਸੰਸਦ ਨੂੰ ਲੈ ਕੇ ਉਨ੍ਹਾਂ ਨੂੰ ਕਿਹੜੀ ਗੱਲ ਦਾ ਵੱਧ ਮਾਣ ਹੈ? ਨੌ ਹੋਰ ਸਕੂਲ ਇਨ੍ਹਾਂ ਦੀ ਵਿਵਸਥਾ ਤੋਂ ਇੰਨੇ ਪ੍ਰਭਾਵਤ ਹੋਏ ਹਨ ਕਿ ਉਨ੍ਹਾਂ ਨੇ ਆਪਣੇ ਸਕੂਲਾਂ ਵਿੱਚ ਵੀ ਇਹੀ ਪ੍ਰਣਾਲੀ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ।
ਇਹਦੀ ਬਣਾਵਟ ਬਿਲਕੁਲ ਭਾਰਤੀ ਸੰਸਦ ਜਿਹੀ ਹੈ ਅਤੇ ਉਹ ਇਹਦਾ ਪਾਲਣ ਵੀ ਗੰਭੀਰਤਾ ਨਾਲ਼ ਕਰਦੇ ਹਨ। ਵਾਤਾਵਰਣ ਮੰਤਰੀ ਇਹ ਯਕੀਨੀ ਕਰਦਾ ਹੈ ਕਿ 17 ਏਕੜ ਵਿੱਚ ਜਿੰਨੀਆਂ ਵੀ ਚੀਜ਼ਾਂ ਬੀਜੀਆਂ ਜਾਣ, ਸਭ ਜੈਵਿਕ ਹੀ ਹੋਣ। ਇੱਥੋਂ ਦੀਆਂ ਬੀਜੀਆਂ ਸਬਜ਼ੀਆਂ ਨੂੰ ਮੁੰਡੇ ਸ਼ਹਿਰ ਤੱਕ ਲੈ ਜਾਂਦੇ ਹਨ। ਉਹ ਕਰੀਬ 400 ਲੋਕਾਂ ਨੂੰ ਸਬਜ਼ੀਆਂ ਸਪਲਾਈ ਕਰਦੇ ਹਨ ਅਤੇ ਇੰਝ ਸਬਜ਼ੀਆਂ ਵੇਚ ਪੈਸੇ ਕਮਾਉਂਦੇ ਹਨ।
ਇਹੀ ਸਬਜ਼ੀਆਂ ਉਦੋਂ ਵੀ ਪਕਾਈਆਂ ਜਾਂਦੀਆਂ ਹਨ ਜਦੋਂ ਹਫ਼ਤੇ ਵਿੱਚ ਇੱਕ ਵਾਰ ਬੱਚਿਆਂ ਨੂੰ ਆਪ ਪਕਾਉਣ ਲਈ ਹੱਲ੍ਹਾਸ਼ੇਰੀ ਦਿੱਤੀ ਜਾਂਦੀ ਹੈ। ਇੱਕ ਹਫ਼ਤੇ ਮੁੰਡਿਆਂ ਦੀ ਵਾਰੀ ਤੇ ਅਗਲੇ ਹਫ਼ਤੇ ਕੁੜੀਆਂ ਦੀ ਵਾਰੀ ਹੁੰਦੀ ਹੈ। ਦੋਵੇਂ ਹੀ ਗੁੱਟ ਆਪੋ-ਆਪਣੀ ਬਣਾਈ ਸਬਜ਼ੀ ਨੂੰ ਦੂਜੇ ਨਾਲ਼ੋਂ ਬਿਹਤਰ ਦੱਸਣ ਵਿੱਚ ਇੱਕ ਪਲ ਨਹੀਂ ਲਾਉਂਦੇ।
“ਤੁਸੀਂ ਆ ਕੇ ਸਾਡਾ ਖਾਣਾ ਕਿਉਂ ਨਹੀਂ ਚਖਦੀ?” 17 ਸਾਲਾ ਵਨੀਤਾ ਕਹਿੰਦੀ ਹਨ, ਜੋ ਇੱਥੋਂ ਦੀ ਉਪ-ਪ੍ਰਧਾਨਮੰਤਰੀ ਹਨ। “ਇਸ ਐਤਵਾਰ ਰਿੰਨ੍ਹਣ-ਪਕਾਉਣ ਦੀ ਸਾਡੀ ਜ਼ਿੰਮੇਦਾਰੀ ਹੈ।”
“ਫਿਰ ਤਾਂ ਮੈਂ ਇਹੀ ਕਹੂੰਗਾ ਕਿ ਇਹ ਐਤਵਾਰ ਲੰਘ ਜਾਣ ਦਿਓ,” ਲਕਸ਼ਮੀਕਾਂਤ ਮੁਸਕਰਾਉਂਦਿਆਂ ਕਹਿੰਦੇ ਹਨ।
ਇੱਕ ਵਿਸ਼ਾਲ ਸਮਾਜ ਵਿੱਚ ਇਹੋ-ਜਿਹਾ ਹਾਸਾ-ਮਖੌਲ ਰਾਹਤ ਦੀ ਗੱਲ ਹੈ, ਜਿੱਥੇ ਐੱਚਆਈਵੀ ਜੋਕਸ ਅਤੇ ਵਾਇਰਸ ਦੀ ਅਣਦੇਖੀ ਇੱਕ ਆਮ ਗੱਲ਼ ਹੈ।
“ਬੱਚਿਆਂ ਨੂੰ ਮਿਲ਼ਣ ਆਉਣ ਵਾਲ਼ੇ ਬਹੁਤੇ ਲੋਕ ਇੱਥੇ ਖਾਣਾ ਨਹੀਂ ਖਾਂਦੇ। ‘ਕਹਿਣਗੇ ਅੱਜ ਸਾਡਾ ਵਰਤ ਹੈ’- ਪੜ੍ਹੇ-ਲਿਖੇ ਲੋਕ ਵੀ ਅਜਿਹੀਆਂ ਗੱਲਾਂ ਕਰਦੇ ਹਨ,” ਤਾੜਦਿਆਂ ਮੈਥਿਊ ਨੇ ਕਿਹਾ।
ਤਾਂ ਫਿਰ ਅਸੀਂ ਕੀ ਸਮਝੀਏ ਕਿ ਬੱਚੇ ਇਸ ਕਲੰਕ ਤੋਂ ਹੋਣ ਵਾਲ਼ੀ ਬਦਨਾਮੀ ਤੋਂ ਜਾਣੂ ਹੋ ਗਏ ਹਨ?
“ਹਾਂ, ਬਿਲਕੁਲ। ਇਨ੍ਹਾਂ ਨੂੰ ਸਭ ਪਤਾ ਹੈ। ਇਨ੍ਹਾਂ ਦੇ ਨੇੜੇ ਕੁਝ ਰਿਸ਼ਤੇਦਾਰਾਂ ਨੂੰ ਇਨ੍ਹਾਂ ਦੀ ਬੀਮਾਰੀ ਬਾਰੇ ਬਾਖ਼ੂਬੀ ਪਤਾ ਹੈ, ਜੋ ਦੂਸਰਿਆਂ ਨਾਲ਼ ਇਸ ਗੱਲ ਨੂੰ ਸਾਂਝਿਆ ਨਹੀਂ ਕਰਦੇ।” ਜੇ ਇਹ ਗੱਲ ਖੁੱਲ੍ਹ ਜਾਵੇ ਤਾਂ “ਘਰੇ ਵਾਪਸ ਜਾਣ ਤੇ ਉਨ੍ਹਾਂ ਨੂੰ ਵੱਖਰੀ ਥਾਲ਼ੀ ਵਿੱਚ ਖਾਣਾ ਦਿੱਤਾ ਜਾਂਦਾ ਹੈ,” ਮੈਥਿਊ ਕਹਿੰਦੇ ਹਨ। “ਲੋਕਾਂ ਦੀ ਮਾਨਸਿਕਤਾ ਇਹੀ ਹੈ। ਇਹ ਪੱਖਪਾਤ ਕਿਤੇ ਵੱਧ ਹੈ ਕਿਤੇ ਘੱਟ- ਬਿਲਕੁਲ ਉਵੇਂ ਜਿਵੇਂ ਜਾਤ ਨੂੰ ਲੈ ਕੇ ਹੁੰਦਾ ਹੈ।”
ਮੈਂ ਪੂਰਾ ਦਿਨ, ਪ੍ਰਧਾਨਮੰਤਰੀ ਮਾਣਿਕ ਪ੍ਰਭੂ ਦੇ ਚਿਹਰੇ ‘ਤੇ ਮੁਸਕਰਾਹਟ ਨਹੀਂ ਦੇਖੀ। ਮੇਰੇ ਖ਼ਿਆਲ ਮੁਤਾਬਕ ਉਨ੍ਹਾਂ ਦੀ ਇਹ ਪ੍ਰਵਿਰਤੀ ਇਸ ਉੱਚੇ ਅਹੁਦੇ ਲਈ ਵੋਟ ਪਾਉਣ ਵਿੱਚ ਇਨ੍ਹਾਂ ਦੀ ਸਹਾਇਤਾ ਹੀ ਕਰੇਗੀ।
ਉਹ ਇੱਕ ਐਥਲੀਟ ਵੀ ਹਨ, ਇਹੀ ਪ੍ਰਤਿਭਾ ਉਨ੍ਹਾਂ ਨੂੰ ਦੂਰ-ਦੂਰ ਤੱਕ ਲੈ ਜਾ ਚੁੱਕੀ ਹੈ। ਪ੍ਰਸਿੱਧ ਬੋਲਟਨ ਮੈਰਾਥਨ ਤੋਂ ਲੈ ਕੇ ਨੀਦਰਲੈਂਡਸ ਤੱਕ ਅਤੇ ਘਰ ਦੇ ਨੇੜੇ-ਤੇੜੇ ਕੋਲੰਬੋ, ਸ਼੍ਰੀਲੰਕਾ ਤੀਕਰ।
“ਐੱਚਆਈਵੀ ਪੂਰਨ ਵਿਰਾਮ ਨਹੀਂ ਹੈ, ਮੈਂ ਤਾਂ ਦੂਸਰਿਆਂ ਮਰੀਜ਼ਾਂ ਵਾਸਤੇ ਆਸ਼ਾ ਦੀ ਕਿਰਨ ਬਣਨਾ ਚਾਹੁੰਦਾ ਹਾਂ,” ਉਹ ਕਹਿੰਦੇ ਹਨ।
ਅੱਜ ਜੋ ਮੈਂ ਸਿੱਖਿਆ: ਐੱਚਆਈਵੀ ਨੇ ਮਾਣਿਕ ਅਤੇ ਉਨ੍ਹਾਂ ਦੇ ਦੋਸਤਾਂ ਦੇ ਸਰੀਰ ਨੂੰ ਸੰਕ੍ਰਮਿਤ ਜ਼ਰੂਰ ਕੀਤਾ ਹੈ, ਪਰ ਉਨ੍ਹਾਂ ਦੇ ਦਿਮਾਗ਼ ਤੱਕ ਪਹੁੰਚ ਨਹੀਂ ਕਰ ਸਕਿਆ।
ਤਰਜਮਾ: ਕਮਲਜੀਤ ਕੌਰ