ਜਦੋਂ ਬਜਰੰਗ ਗਾਇਕਵਾੜ ਦਾ ਭਾਰ ਪੰਜ ਕਿਲੋ ਘਟਿਆ ਤਾਂ ਉਹ ਜਾਣਦੇ ਸਨ ਕਿ ਇਹ ਗੱਲ ਉਨ੍ਹਾਂ ਲਈ ਮਾੜੀ ਹੈ। ਉਹ ਕਹਿੰਦੇ ਹਨ,''ਪਹਿਲਾਂ, ਮੈਂ ਹਰ ਰੋਜ਼ ਛੇ ਲੀਟਰ ਮੱਝ ਦਾ ਦੁੱਧ ਪੀਂਦਾ ਸਾਂ, 50 ਬਦਾਮ ਖਾਂਦਾ, 12 ਕੇਲੇ ਅਤੇ ਦੋ ਆਂਡੇ ਖਾਂਦਾ ਸਾਂ: ਇਹਦੇ ਨਾਲ਼ ਹੀ ਹਫ਼ਤੇ ਵਿੱਚ ਇੱਕ ਦਿਨ ਛੱਡ ਕੇ ਦੂਜੇ ਦਿਨ ਮੀਟ ਵੀ ਖਾਂਦਾ ਸਾਂ।'' ਹੁਣ ਉਹ ਇੰਨਾ ਸਾਰਾ ਕੁਝ ਸੱਤ ਦਿਨ ਜਾਂ ਕਦੇ ਕਦੇ ਉਸ ਤੋਂ ਵੱਧ ਦਿਨ ਲਾ ਕੇ ਖਾਂਦੇ ਹਨ, ਇਸ ਲਈ ਉਨ੍ਹਾਂ ਦਾ ਭਾਰ ਘੱਟ ਕੇ 61 ਕਿਲੋ ਹੋ ਗਿਆ ਹੈ।
''ਭਲਵਾਨ ਨੂੰ ਆਪਣਾ ਭਾਰ ਘਟਣ ਨਹੀਂ ਦੇਣਾ ਚਾਹੀਦਾ। ਇਹ ਗੱਲ ਤੁਹਾਨੂੰ ਕਮਜ਼ੋਰ ਬਣਾ ਛੱਡੇਗੀ ਅਤੇ ਕੁਸ਼ਤੀ ਕਰਨ ਵੇਲ਼ੇ ਤੁਸੀਂ ਆਪਣੇ ਬਿਹਤਰੀਨ ਦਾਅਪੇਚ ਨਹੀਂ ਲਾ ਸਕਦੇ। ਸਾਡੀ ਖ਼ੁਰਾਕ (ਡਾਇਟ) ਓਨੀ ਹੀ ਜ਼ਰੂਰੀ ਹੈ ਜਿੰਨੀ ਕਿ ਟ੍ਰੇਨਿੰਗ,'' ਕੋਲ੍ਹਾਪੁਰ ਜ਼ਿਲ੍ਹੇ ਦੇ ਜੂਨੇ ਪਰਗਾਓਂ ਦੇ 25 ਸਾਲਾ ਭਲਵਾਨ ਬਜਰੰਗ ਕਹਿੰਦੇ ਹਨ। ਪੱਛਮੀ ਮਹਾਰਾਸ਼ਟਰ ਦੇ ਪੇਂਡੂ ਇਲਾਕਿਆਂ ਦੇ ਕਈ ਦੂਸਰੇ ਭਲਵਾਨਾਂ ਵਾਂਗਰ, ਬਜਰੰਗ ਵੀ ਆਪਣੀ ਬਿਹਤਰੀਨ ਖ਼ੁਰਾਕ ਪੂਰੀ ਕਰਨ ਲਈ, ਲੰਬੇ ਸਮੇਂ ਤੋਂ ਮਿੱਟੀ ਵਿੱਚ ਹੋਣ ਵਾਲ਼ੀ ਕੁਸ਼ਤੀ ਦੇ ਮੁਕਾਬਲਿਆਂ-ਲਾਲ ਮਿੱਟੀ ਵਿੱਚ ਓਪਨ-ਏਅਰ ਮੈਚਾਂ ਤੋਂ ਮਿਲ਼ਣ ਵਾਲੇ ਪੁਰਸਕਾਰ ਦੇ ਪੈਸਿਆਂ 'ਤੇ ਨਿਰਭਰ ਰਹੇ ਹਨ।
ਪਰ, ਬਜਰੰਗ ਨੂੰ ਕੋਲ੍ਹਾਪੁਰ ਦੇ ਦੋਨੋਲੀ ਪਿੰਡ ਵਿਖੇ ਆਖ਼ਰੀ ਮੁਕਾਬਲਾ ਲੜਿਆਂ 500 ਤੋਂ ਵੱਧ ਦਿਨ ਲੰਘ ਚੁੱਕੇ ਹਨ। ਉਹ ਕਹਿੰਦੇ ਹਨ,''ਭਾਵੇਂ ਮੈਨੂੰ ਸੱਟ ਹੀ ਕਿਉਂ ਨਾ ਲੱਗੀ ਹੁੰਦੀ ਤਾਂ ਵੀ ਮੈਂ ਇੰਨੇ ਦਿਨ ਛੁੱਟੀ ਨਹੀਂ ਸਾਂ ਲੈਂਦਾ।''













