ਜੁਲਾਈ 2021 ਨੂੰ ਜਦੋਂ ਉਨ੍ਹਾਂ ਦੇ ਘਰ ਹੜ੍ਹ ਦਾ ਪਾਣੀ ਵੜ੍ਹਨਾ ਸ਼ੁਰੂ ਹੋਇਆ ਤਾਂ ਸ਼ੁਭਾਂਗੀ ਕਾਂਬਲੇ ਨੂੰ ਆਪਣਾ ਸਮਾਨ ਪਿਛਾਂਹ ਛੱਡ ਕੇ ਭੱਜਣਾ ਪਿਆ। ਹਾਲਾਂਕਿ ਭੱਜਣ ਤੋਂ ਪਹਿਲਾਂ ਉਨ੍ਹਾਂ ਨੇ ਫਟਾਫਟ ਬੱਸ ਦੋ ਕਾਪੀਆਂ ਜ਼ਰੂਰ ਫੜ੍ਹ ਲਈਆਂ।
ਆਉਣ ਵਾਲ਼ੇ ਹਫ਼ਤੇ ਤੇ ਮਹੀਨੇ ਇਨ੍ਹਾਂ ਦੋਵਾਂ ਕਾਪੀਆਂ, ਜਿਨ੍ਹਾਂ ਦੇ 172 ਪੇਜਾਂ, ਦੀ ਮਦਦ ਨਾਲ਼ ਕਈ ਲੋਕਾਂ ਦੀ ਜ਼ਿੰਦਗੀਆਂ ਬਚਾਈਆਂ ਗਈਆਂ।
ਇਹੀ ਉਹ ਸਮਾਂ ਸੀ ਜਦੋਂ ਮਹਾਰਾਸ਼ਟਰ ਦੇ ਕੋਲ੍ਹਾਪੁਰ ਜ਼ਿਲ੍ਹੇ ਵਿੱਚ ਪੈਂਦਾ ਉਨ੍ਹਾਂ ਦਾ ਪਿੰਡ ਅਰਜੁਨਵਾੜ ਇੱਕ ਹੋਰ ਕੁਦਰਤੀ ਆਫ਼ਤ ਨਾਲ਼ ਜੂਝ ਰਿਹਾ ਸੀ, ਕੋਵਿਡ-19 ਦੇ ਮਾਮਲੇ ਬੜੀ ਤੇਜ਼ੀ ਨਾਲ਼ ਵੱਧ ਰਹੇ ਸਨ। ਸ਼ੁਭਾਂਗੀ ਦੀਆਂ ਇਨ੍ਹਾਂ ਦੋਵਾਂ ਕਾਪੀਆਂ ਵਿੱਚ ਪਿੰਡ ਦੇ ਕਰੋਨਾ ਦੇ ਮਰੀਜ਼ਾਂ ਬਾਰੇ ਪੂਰੀ ਜਾਣਕਾਰੀ ਝਰੀਟੀ ਹੋਈ ਸੀ- ਜਿਨ੍ਹਾਂ ਵਿੱਚ ਮਰੀਜ਼ਾਂ ਦੇ ਸੰਪਰਕ ਨੰਬਰ, ਘਰ ਦੇ ਪਤੇ, ਪਰਿਵਾਰ ਦੇ ਬਾਕੀ ਜੀਆਂ ਦੇ ਵੇਰਵੇ, ਉਨ੍ਹਾਂ ਦੀ ਮੈਡੀਕਲ ਹਿਸਟਰੀ, ਸਿਹਤ ਸਬੰਧੀ ਰਿਕਾਰਡ ਤੇ ਹੋਰ ਵੀ ਬੜਾ ਕੁਝ ਦਰਜ਼ ਕੀਤਾ ਗਿਆ ਸੀ।
2005 ਦੇ ਭਾਰਤ ਦੇ ਰਾਸ਼ਟਰੀ ਪੇਂਡੂ ਸਿਹਤ ਮਿਸ਼ਨ ਤਹਿਤ ਨਿਯੁਕਤ ਕੀਤੀਆਂ 10 ਲੱਖ ਮਹਿਲਾ ਕਮਿਊਨਿਟੀ ਹੇਲਥ ਕੇਅਰ ਵਰਕਰਾਂ ਵਿੱਚੋਂ ਇੱਕ, 33 ਸਾਲਾ ਮਾਨਤਾ ਪ੍ਰਾਪਤ ਸਮਾਜਿਕ ਸਿਹਤ ਕਰਮੀ, ਸੁਭਾਂਗੀ ਕਹਿੰਦੀ ਹਨ,''ਕੋਵਿਡ ਰਿਪੋਰਟਾਂ [ਪਿੰਡ ਵਿੱਚ ਕੀਤੇ ਗਏ ਆਰਟੀ-ਪੀਸੀਆਰ ਟੈਸਟਾਂ ਦੀਆਂ] ਪਹਿਲਾਂ ਮੇਰੇ ਕੋਲ ਆਉਂਦੀਆਂ।" ਕਾਪੀਆਂ ਦੀ ਜਾਣਕਾਰੀ ਦੇ ਸਹਾਰੇ ਉਨ੍ਹਾਂ ਨੇ ਪਿੰਡ ਵਿੱਚ ਇੱਕ ਅਜਿਹੇ ਕਰੋਨਾ ਸੰਕ੍ਰਮਿਤ ਵਿਅਕਤੀ ਦਾ ਪਤਾ ਲਾਇਆ ਜਿਹਨੂੰ ਸ਼ਿਰੋਲ ਤਾਲੁਕਾ ਵਿਖੇ ਇੱਕ ਹੜ੍ਹ ਰਾਹਤ ਕੈਂਪ ਵਿੱਚ ਲਿਆਂਦਾ ਗਿਆ ਸੀ, ਜਿਸ ਕਾਰਨ ਕਰਕੇ ਘੱਟੋ-ਘੱਟ 5,000 ਹੋਰਨਾਂ ਲੋਕਾਂ ਦੇ ਸੰਕ੍ਰਮਿਤ ਹੋਣ ਦਾ ਖ਼ਤਰਾ ਮੰਡਰਾਉਣ ਲੱਗਿਆ ਸੀ।
''ਹੜ੍ਹ ਕਾਰਨ, ਕਈ ਲੋਕਾਂ ਦੇ ਫ਼ੋਨ ਜਾਂ ਤਾਂ ਬੰਦ ਸਨ ਜਾਂ ਨੈੱਟਵਰਕ ਖੇਤਰ ਤੋਂ ਬਾਹਰ ਸਨ,'' ਉਹ ਕਹਿੰਦੀ ਹਨ। ਸ਼ੁਭਾਂਗੀ, ਜੋ 15 ਕਿਲੋਮੀਟਰ ਦੂਰ ਰਹਿੰਦੀ ਆਪਣੀ ਮਾਂ ਦੇ ਘਰ ਤੇਰਵਾੜ ਰਹਿਣ ਚਲੀ ਗਈ ਸਨ, ਨੇ ਫ਼ੌਰਨ ਆਪਣੇ ਹੱਥੀਂ ਲਿਖੇ ਰਿਕਾਰਡਾਂ ਦੀ ਭਾਲ਼ ਕੀਤੀ ਤੇ ਕੈਂਪ ਵਿੱਚ ਮੌਜੂਦ ਦੂਸਰੇ ਲੋਕਾਂ ਦੇ ਫ਼ੋਨ ਨੰਬਰ ਲੱਭ ਲਏ। ''ਮੈਂ ਜਿਵੇਂ-ਕਿਵੇਂ ਮਰੀਜ਼ ਨਾਲ਼ ਸੰਪਰਕ ਕਰਨ ਵਿੱਚ ਕਾਮਯਾਬ ਰਹੀ।''
ਉਨ੍ਹਾਂ ਨੇ ਨੇੜਲੇ ਅਗਰ ਪਿੰਡ ਵਿਖੇ ਸਥਾਪਤ ਕੀਤੇ ਕੋਵਿਡ ਸੈਂਟਰ ਵਿੱਚ ਇੱਕ ਬਿਸਤਰੇ ਦਾ ਬੰਦੋਬਸਤ ਕਰ ਲਿਆ ਤੇ ਬੜੇ ਅਰਾਮ ਨਾਲ਼ ਮਰੀਜ਼ ਨੂੰ ਉੱਥੇ ਭੇਜ ਦਿੱਤਾ ਗਿਆ। ''ਜੇ ਕਿਤੇ ਮੈਂ ਕਾਪੀਆਂ ਨਾ ਚੁੱਕੀਆਂ ਹੁੰਦੀ ਤਾਂ ਹਜ਼ਾਰਾਂ ਲੋਕਾਂ ਨੇ ਸੰਕ੍ਰਮਿਤ ਹੋ ਜਾਣਾ ਸੀ,'' ਉਹ ਕਹਿੰਦੀ ਹਨ।
ਇਹ ਪਹਿਲੀ ਵਾਰ ਨਹੀਂ ਸੀ ਜਦੋਂ ਸ਼ੁਭਾਂਗੀ ਨੇ ਆਪਣੇ ਪਿੰਡ ਦੇ ਸਿਰ 'ਤੇ ਮੰਡਰਾਉਣ ਵਾਲ਼ੇ ਖ਼ਤਰੇ ਨੂੰ ਟਾਲ਼ਿਆ ਸੀ ਜਾਂ ਫਿਰ ਡਿਊਟੀ ਨੂੰ ਆਪਣੇ-ਆਪ ਨਾਲ਼ੋਂ ਵੱਧ ਤਰਜੀਹ ਦਿੱਤੀ ਸੀ। 2019 ਦੇ ਹੜ੍ਹ (ਅਗਸਤ ਦੇ) ਤੋਂ ਬਾਅਦ ਉਹ ਚਾਹੁੰਦੀ ਤਾਂ ਪਹਿਲਾਂ ਆਪਣੇ ਨੁਕਸਾਨੇ ਗਏ ਘਰ ਨੂੰ ਦੇਖ ਸਕਦੀ ਸੀ ਪਰ ਉਨ੍ਹਾਂ ਨੇ ਆਪਣੇ ਕੰਮ 'ਤੇ ਰਿਪੋਰਟਿੰਗ ਕਰਨ ਨੂੰ ਪਹਿਲ ਦਿੱਤੀ। ''ਮੈਂ ਪੰਚਾਇਤ ਦੇ ਹੁਕਮ ਦੀ ਪਾਲਣਾ ਕਰਦਿਆਂ ਹੋਇਆਂ ਪੂਰੇ ਪਿੰਡ ਦੇ ਹੋਏ ਨੁਕਸਾਨ ਦਾ ਸਰਵੇਖਣ ਕਰ ਰਹੀ ਸਾਂ,'' ਉਹ ਕਹਿੰਦੀ ਹਨ।
ਉਸ ਵਰਤਾਰੇ ਤੋਂ ਤਿੰਨ ਮਹੀਨੇ ਬਾਅਦ ਤੀਕਰ, ਉਹ ਪਿੰਡ ਵਿੱਚ ਜਾ ਕੇ ਹੜ੍ਹ ਤੋਂ ਬਚ ਨਿਕਲ਼ਣ ਵਾਲ਼ਿਆਂ ਨਾਲ਼ ਗੱਲਾਂ ਕਰਦੀ ਤੇ ਚਾਰੇ ਪਾਸੇ ਹੋਈ ਤਬਾਹੀ ਨੂੰ ਦੇਖਦੀ ਰਹੀ। ਜੋ ਕੁਝ ਵੀ ਉਨ੍ਹਾਂ ਨੇ ਦੇਖਿਆ ਸੁਣਿਆ ਉਸ ਤੋਂ ਉਹ ਅੰਦਰ ਤੱਕ ਵਲੂੰਧਰੀ ਗਈ; ਜਿਨ੍ਹਾਂ 1,100 ਘਰਾਂ ਦਾ ਉਨ੍ਹਾਂ ਸਰਵੇਖਣ ਕੀਤਾ ਉੱਥੋਂ ਦੀ ਤਬਾਹੀ ਨੂੰ ਦੇਖ ਕੇ ਅਵਸਾਦ ਤੇ ਤਣਾਓ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ।
ਉਹ ਕਹਿੰਦੀ ਹਨ,''ਮੈਂ ਆਪਣੀ ਮਾਨਸਿਕ ਸਿਹਤ ਨੂੰ ਨਜ਼ਰਅੰਦਾਜ਼ ਕਰ ਰਹੀ ਸਾਂ। ਪਰ ਮੇਰੇ ਕੋਲ਼ ਹੋਰ ਚਾਰਾ ਹੀ ਕੀ ਸੀ?''
ਜਦੋਂ ਤੱਕ ਕਿ ਉਹ ਹੜ੍ਹ ਕਾਰਨ ਪੈਦਾ ਹੋਏ ਮਾਨਸਿਕ ਤਣਾਅ ਤੋਂ ਉੱਭਰ ਪਾਉਂਦੀ, ਉਦੋਂ ਤੱਕ ਉਹ 2020 ਦੇ ਕੋਵਿਡ ਰਾਹਤ ਫਰੰਟ ਵਿੱਚ ਕੰਮ ਕਰਨ ਲੱਗੀ। ਇੱਥੋਂ ਤੱਕ ਕਿ ਮਹਾਂਮਾਰੀ ਦੇ ਦੂਜੇ ਹਮਲੇ ਦੌਰਾਨ ਉਹ ਜੁਲਾਈ 2021 ਦੇ ਹੜ੍ਹ ਤੋਂ ਪ੍ਰਭਾਵਤ ਹੋਣ ਵਾਲ਼ਿਆਂ ਦੀ ਮਦਦ ਲਈ ਵਾਪਸ ਆ ਗਈ। ''ਹੜ੍ਹਾਂ ਅਤੇ ਕੋਵਿਡ ਦਾ ਮਤਲਬ ਇੱਕ ਅਜਿਹੀ ਤਬਾਹੀ ਸੀ ਜਿਸ ਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਸੀ," ਸ਼ੁਭਾਂਗੀ ਕਹਿੰਦੀ ਹਨ।
ਆਪਣੀ ਖ਼ੁਦ ਦੀ ਮਾਨਸਿਕ ਸਿਹਤ ਨੂੰ ਨਜ਼ਰਅੰਦਾਜ਼ ਕਰਦੇ ਰਹਿਣ ਦਾ ਅਸਰ ਅਖ਼ੀਰ ਕਈ ਤਰੀਕਿਆਂ ਨਾਲ਼ ਸਾਹਮਣੇ ਆਉਣ ਲੱਗਿਆ।
ਅਪ੍ਰੈਲ 2022 ਵਿੱਚ, ਉਨ੍ਹਾਂ ਨੂੰ ਨਿਮੋਨੀਆ ਤੇ ਅਨੀਮਿਆ ਦੀ ਗੰਭੀਰ ਹਾਲਤ ਦਾ ਪਤਾ ਚੱਲਿਆ। ''ਮੈਨੂੰ ਅੱਠ ਦਿਨ ਤਾਪ ਚੜ੍ਹਦਾ ਰਿਹਾ ਪਰ ਕੰਮ ਦੇ ਬੋਝ ਕਾਰਨ, ਮੈਂ ਦਿੱਸਣ ਵਾਲ਼ੇ ਲੱਛਣਾਂ ਨੂੰ ਅਣਗੌਲ਼ਦੀ ਰਹੀ,'' ਉਹ ਕਹਿੰਦੀ ਹਨ। ਉਨ੍ਹਾਂ ਦੀ ਹੀਮੋਗਲੋਬਿਨ ਘੱਟ ਕੇ 7.9 ਰਹਿ ਗਿਆ ਜੋ ਔਰਤਾਂ ਅੰਦਰ ਲੋੜੀਂਦੇ ਪੱਧਰ (ਪ੍ਰਤੀ ਡੈਸੀਲੀਟਰ ਖ਼ੂਨ 12-16 ਗ੍ਰਾਮ) ਨਾਲ਼ੋਂ ਕਾਫ਼ੀ ਘੱਟ ਸੀ। ਉਨ੍ਹਾਂ ਨੂੰ ਹਸਪਤਾਲ ਭਰਤੀ ਹੋਣਾ ਪਿਆ।
ਦੋ ਮਹੀਨਿਆਂ ਦੀ ਬੀਮਾਰੀ ਤੋਂ ਜਿਵੇਂ ਹੀ ਉਹ ਰਾਜ਼ੀ ਹੋਣ ਲੱਗੀ, ਉਨ੍ਹਾਂ ਦੇ ਪਿੰਡ ਭਾਰੀ ਮੀਂਹ ਪਿਆ ਤੇ ਪਾਣੀ ਦੇ ਵੱਧਦੇ ਪੱਧਰ ਨੂੰ ਦੇਖ ਸ਼ੁਭਾਂਗੀ ਨੂੰ ਇੱਕ ਵਾਰ ਫਿਰ ਤੋਂ ਤਣਾਓ ਦੀ ਹਾਲਤ ਦਾ ਸਾਹਮਣਾ ਕਰਨਾ ਪਿਆ। ''ਇੱਕ ਸਮਾਂ ਸੀ ਜਦੋਂ ਅਸੀਂ ਬੇਸਬਰੀ ਨਾਲ਼ ਮੀਂਹ ਦੀ ਉਡੀਕ ਕਰਿਆ ਕਰਦੇ, ਪਰ ਹੁਣ ਸਾਨੂੰ ਮੀਂਹ ਆਉਂਦਿਆਂ ਹੀ ਹੜ੍ਹ ਆਉਣ ਦਾ ਡਰ ਸਤਾਉਣ ਲੱਗਦਾ ਹੈ। ਇਸ ਸਾਲ ਅਗਸਤ ਵਿੱਚ, ਪਾਣੀ ਐਨੀ ਤੇਜ਼ੀ ਨਾਲ਼ ਵੱਧ ਰਿਹਾ ਸੀ ਕਿ ਮੈਂ ਕਈ-ਕਈ ਦਿਨ ਸੌਂ ਨਾ ਸਕੀ,'' ਉਹ ਕਹਿੰਦੀ ਹਨ। (ਇਹ ਵੀ ਪੜ੍ਹੋ: ਜਲਵਾਯੂ ਤਬਦੀਲੀ ਦੇ ਸੇਕ ਤੋਂ ਮਹਿਲਾ ਅਥਲੀਟ ਵੀ ਨਾ ਬੱਚ ਸਕੀਆਂ )
ਲਗਾਤਾਰ ਚੱਲੇ ਇਲਾਜ ਦੇ ਬਾਵਜੂਦ ਵੀ, ਸ਼ੁਭਾਂਗੀ ਦਾ ਹੀਮੋਗਲੋਬਿਨ ਦਾ ਪੱਧਰ ਘੱਟ ਹੀ ਰਿਹਾ; ਉਨ੍ਹਾਂ ਨੂੰ ਚੱਕਰ ਆਉਂਦੇ ਰਹਿੰਦੇ ਤੇ ਥਕਾਵਟ ਰਹਿੰਦੀ। ਪਰ ਨਾ ਅਰਾਮ ਮਿਲ਼ਦਾ ਤੇ ਨਾ ਹੀ ਰਾਜ਼ੀ ਹੋਣ ਦਾ ਕੋਈ ਲੱਛਣ ਹੀ ਦਿੱਸਦਾ। ''ਆਸ਼ਾ ਵਜੋਂ ਕੰਮ ਕਰਦਿਆਂ, ਸਾਡੇ ਕੋਲ਼ੋਂ ਸਿਹਤ ਪ੍ਰਣਾਲੀ ਦੀ ਬੁਨਿਆਦ ਬਣਨ ਦੀ ਉਮੀਦ ਕੀਤੀ ਜਾਂਦੀ ਹੈ ਭਾਵੇਂ ਸਾਡੀ ਖ਼ੁਦ ਦੀ ਸਿਹਤ ਖ਼ਸਤਾ ਹਾਲਤ ਹੀ ਕਿਉਂ ਨਾ ਹੋਵੇ,'' ਉਹ ਕਹਿੰਦੀ ਹਨ।
*****
ਗਣੇਸ਼ਵਾੜੀ ਪਿੰਡ ਦੀ 38 ਸਾਲਾ ਆਸ਼ਾ ਵਰਕਰ ਛਾਇਆ ਕਾਂਬਲੇ 2021 ਦੇ ਹੜ੍ਹ ਨੂੰ ਚੇਤੇ ਕਰਦੀ ਹਨ,'ਬਚਾਅ ਬੇੜੀ ਸਾਡੇ ਘਰਾਂ ਦੇ ਉੱਤੋਂ ਦੀ ਤੈਰ ਰਹੀ ਸੀ।''
ਜਿਓਂ ਹੀ ਪਾਣੀ ਲੱਥਣਾ ਸ਼ੁਰੂ ਹੋਇਆ ਸ਼ੁਭਾਂਗੀ ਵਾਂਗਰ, ਛਾਇਆ ਨੇ ਵੀ ਘਰ ਦੀ ਦੇਖਭਾਲ਼ ਨਾ ਕਰਕੇ ਕੰਮ 'ਤੇ ਵਾਪਸ ਜਾਣ ਨੂੰ ਤਰਜੀਹ ਦਿੱਤੀ। ਉਹ ਕਹਿੰਦੀ ਹਨ,''ਸਾਡੇ ਵਿੱਚੋਂ ਸਾਰੀਆਂ (ਗਣੇਸ਼ਵਾੜੀ ਦੀਆਂ ਛੇ ਆਸ਼ਾ ਵਰਕਰਾਂ) ਪਹਿਲਾਂ ਸਬ-ਸੈਂਟਰ ਗਈਆਂ।'' ਕਿਉਂਕਿ ਹੜ੍ਹ ਨੇ ਇਮਾਰਤ ਨੂੰ ਤਬਾਹ ਕਰ ਛੱਡਿਆ ਸੀ, ਇਸਲਈ ਉਨ੍ਹਾਂ ਨੇ ਇੱਕ ਪਿੰਡ ਵਾਲ਼ੇ ਦੇ ਘਰ ਵਿੱਚ ਇੱਕ ਆਰਜ਼ੀ ਸਬ-ਸੈਂਟਰ ਬਣਾਇਆ।
''ਹਰ ਰੋਜ਼ ਲੋਕ ਨਿਮੋਨੀਆ, ਹੈਜਾ, ਟਾਈਫਾਈਡ, ਚਮੜੀ ਰੋਗ, ਬੁਖ਼ਾਰ ਵਗੈਰਾ ਜਿਹੀਆਂ ਬੀਮਾਰੀਆਂ ਦੇ ਨਾਲ਼ (ਸਬ-ਸੈਂਟਰ ਵਿਖੇ) ਆਉਂਦੇ ਸਨ।'' ਉਹ ਪੂਰਾ ਇੱਕ ਮਹੀਨਾ ਆਪਣਾ ਕੰਮ ਕਰਦੀ ਰਹੀ ਤੇ ਉਹ ਵੀ ਬਗ਼ੈਰ ਇੱਕ ਵੀ ਛੁੱਟੀ ਮਿਲ਼ਿਆਂ।
ਛਾਇਆ ਕਹਿੰਦੀ ਹਨ,''ਹਰੇਕ ਦੀਆਂ ਨਮ ਅੱਖਾਂ ਦੇਖ ਕੇ ਤੁਹਾਡੀ ਮਾਨਸਿਕਤਾ 'ਤੇ ਵੀ ਅਸਰ ਪੈਂਦਾ ਹੈ। ਬਦਕਿਸਮਤੀ ਨਾਲ਼, ਸਾਡੇ ਲਈ ਕੋਈ ਮਾਨਸਿਕ ਸਿਹਤ ਦੇਖਭਾਲ਼ ਸੁਵਿਧਾ ਨਹੀਂ ਹੈ। ਤਾਂ, ਅਸੀਂ ਕਿਵੇਂ ਠੀਕ ਰਹੀਏ?'' ਜਦੋਂ ਉਹ ਵੀ ਠੀਕ ਨਹੀਂ ਹੋਏ ਸਨ।
ਉਨ੍ਹਾਂ ਦੇ ਤਣਾਅ ਦਾ ਪੱਧਰ ਲਗਾਤਾਰ ਵੱਧਦਾ ਹੀ ਜਾ ਰਿਹਾ ਸੀ ਤੇ ਛੇਤੀ ਹੀ ਉਨ੍ਹਾਂ ਨੂੰ ਸਾਹ ਲੈਣਾ ਔਖ਼ਾ ਹੋਣ ਲੱਗਿਆ। ''ਮੈਂ ਇਹ ਸੋਚ-ਸੋਚ ਕੇ ਸਭ ਨਜ਼ਰਅੰਦਾਜ਼ ਕਰਦੀ ਰਹੀ ਕਿ ਹੋ ਸਕਦਾ ਹੈ ਇਹ ਸਭ ਕੰਮ ਦੇ ਬੋਝ ਕਾਰਨ ਹੁੰਦਾ ਹੋਵੇ।'' ਕੁਝ ਹੀ ਮਹੀਨਿਆਂ ਵਿੱਚ ਪਤਾ ਚੱਲਿਆ ਕਿ ਛਾਇਆ ਨੂੰ ਦਮਾ ਹੋ ਗਿਆ ਹੈ। ਉਹ ਦੱਸਦੀ ਹਨ,''ਡਾਕਟਰ ਦਾ ਕਹਿਣਾ ਹੈ ਕਿ ਬਹੁਤੇ ਤਣਾਓ ਵਿੱਚ ਰਹਿਣ ਕਾਰਨ ਮੈਨੂੰ ਇਹ ਬੀਮਾਰੀ ਲੱਗੀ ਹੈ।'' ਅਜਿਹੇ ਬਹੁਤ ਸਾਰੇ ਅਧਿਐਨ ਉਪਲਬਧ ਹਨ, ਜਿਨ੍ਹਾਂ ਤੋਂ ਤਣਾਅ ਤੇ ਦਮਾ ਦੇ ਆਪਸੀ ਸਬੰਧੀ ਦੀ ਗੱਲ ਪੁਸ਼ਟ ਹੁੰਦੀ ਹੈ।
ਹਾਲਾਂਕਿ ਦਵਾਈਆਂ ਨੇ ਛਾਇਆ ਨੂੰ ਕੁਝ ਰਾਹਤ ਦਿੱਤੀ ਹੈ, ਪਰ ਮੌਸਮ ਵਿੱਚ ਤੇਜ਼ੀ ਨਾਲ਼ ਹੋ ਰਹੇ ਬਦਲਾਵਾਂ ਬਾਰੇ ਉਸਦੀ ਚਿੰਤਾ ਖਤਮ ਨਹੀਂ ਹੋਈ ਹੈ। ਉਦਾਹਰਣ ਦੇ ਤੌਰ 'ਤੇ ਇਸ ਸਾਲ ਮਾਰਚ-ਅਪ੍ਰੈਲ 'ਚ ਗਰਮੀ ਦੌਰਾਨ ਉਨ੍ਹਾਂ ਨੂੰ ਚੱਕਰ ਆ ਗਏ ਅਤੇ ਉਨ੍ਹਾਂ ਨੂੰ ਸਾਹ ਲੈਣ 'ਚ ਤਕਲੀਫ ਹੋਈ।
ਉਹ ਚੇਤੇ ਕਰਦਿਆਂ ਕਹਿੰਦੀ ਹਨ,''ਅਜਿਹੇ ਸਮੇਂ ਕੰਮ 'ਤੇ ਜਾਣਾ ਬੜਾ ਮੁਸ਼ਕਲ ਲੱਗਦਾ। ਇੰਝ ਲੱਗਦਾ ਜਿਓਂ ਮੇਰੀ ਚਮੜੀ ਸੜ ਰਹੀ ਹੋਵੇ।'' ਖੋਜ਼ ਵਿੱਚ ਦੇਖਿਆ ਗਿਆ ਹੈ ਕਿ ਉੱਚ ਤਾਪਮਾਨ ਬੌਧਿਕ ਪ੍ਰਣਾਲੀ ਯਾਨਿ ਵਿਅਕਤੀ ਦੀ ਸੋਚਣ-ਸਮਝਣ ਦੀ ਸਮਰੱਥਾ ਨੂੰ ਪ੍ਰਭਾਵਤ ਕਰ ਸਕਦਾ ਹੈ, ਇੱਥੋਂ ਤੱਕ ਕਿ ਇਹਦੇ ਕਾਰਨ ਆਤਮਹੱਤਿਆ ਦੀ ਦਰ , ਹਿੰਸਾ ਅਤੇ ਹਮਲਾਵਰ ਸੁਭਾਅ ਹੋਣ ਜਿਹੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ।
ਕਈ ਹੋਰ ਆਸ਼ਾ ਵਰਕਰਾਂ ਵੀ ਛਾਇਆ ਦੀ ਬੀਮਾਰੀ ਜਿਹੇ ਲੱਛਣਾਂ ਬਾਰੇ ਦੱਸਦੀਆਂ ਹਨ। ਕੋਲ੍ਹਾਪੁਰ ਸਥਿਤ ਕਲੀਨਿਕਲ ਸਾਈਕਲੋਜਿਸਟ ਸ਼ਾਲਮਲੀ ਰਣਮਾਲੇ-ਕਾਕੜੇ ਕਹਿੰਦੀ ਹਨ,''ਇਹ ਸਭ ਅਜੀਬ ਨਹੀਂ ਹੈ। ਇਹ ਸੀਜਨਲ ਅਫ਼ੇਕਟਿਵ ਡਿਸਆਰਡਰ (ਐੱਸਏਡੀ) ਦੇ ਲੱਛਣ ਹਨ।''
ਐੱਸਏਡੀ (ਸੀਜਨਲ ਅਫੇਕਟਿਵ ਡਿਸਆਰਡਰ) ਅਵਸਾਦ ਯਾਨਿ ਡਿਪ੍ਰੈਸ਼ਨ ਦਾ ਇੱਕ ਪ੍ਰਕਾਰ ਹੈ, ਜੋ ਮੌਸਮ ਵਿੱਚ ਬਦਲਾਅ ਹੋਣ ਕਾਰਨ ਹੁੰਦੀ ਹੈ। ਹਾਲਾਂਕਿ, ਇਨ੍ਹਾਂ ਲੱਛਣਾਂ ਨੂੰ ਜ਼ਿਆਦਾਤਰ ਉੱਚ ਵਿਸਤਾਰ (ਲੈਟੀਚਿਊਡ) 'ਤੇ ਸਥਿਤ ਦੇਸ਼ਾਂ ਵਿੱਚ ਸਰਦੀਆਂ ਦੌਰਾਨ ਲੋਕਾਂ ਵਿੱਚ ਦੇਖਿਆ ਜਾਂਦਾ ਹੈ, ਪਰ ਭਾਰਤ ਜਿਹੇ ਊਸ਼ਣਕਟੀਬੰਦੀ ਦੇਸ਼ਾਂ ਵਿੱਚ ਇਸ ਡਿਸਆਰਡਰ ਨਾਲ਼ ਪੀੜਤ ਲੋਕਾਂ ਬਾਰੇ ਜਾਗਰੂਕਤਾ ਵੱਧ ਰਹੀ ਹੈ।
ਸ਼ੁਭਾਂਗੀ ਕਹਿੰਦੀ ਹਨ,''ਜਿਓਂ ਹੀ ਮੌਸਮ ਬਦਲਦਾ ਹੈ, ਮੈਨੂੰ ਚਿੰਤਾ ਸਤਾਉਣ ਲੱਗਦੀ ਹੈ। ਮੈਨੂੰ ਚੱਕਰ ਆਉਣ ਲੱਗਦੇ ਨੇ। ਅਤਾ ਮਾਲਾ ਆਜੀਬਾਤ ਸਹਨ ਹੋਇਨਾ ਝਾਲੇ (ਮੈਂ ਇਸ ਸਭ ਨੂੰ ਹੋਰ ਨਹੀਂ ਝੱਲ ਸਕਦੀ)। ਹੜ੍ਹ ਪ੍ਰਭਾਵਤ ਕਰੀਬ ਸਾਰੀਆਂ ਆਸ਼ਾ ਵਰਕਰ ਕਿਸੇ ਨਾ ਕਿਸੇ ਤਰ੍ਹਾਂ ਦੇ ਤਣਾਓ ਦਾ ਸਾਹਮਣਾ ਕਰ ਰਹੀਆਂ ਹਨ, ਜਿਨ੍ਹਾਂ ਦੇ ਕਾਰਨ ਉਹ ਦੀਰਘਕਾਲਕ ਬੀਮਾਰੀਆਂ ਤੋਂ ਪੀੜਤ ਹੋ ਰਹੀਆਂ ਹਨ। ਫਿਰ ਵੀ, ਇੰਨੇ ਲੋਕਾਂ ਨੂੰ ਬਚਾਉਣ ਦੇ ਬਾਵਜੂਦ ਸਰਕਾਰ ਸਾਡੀ ਮਦਦ ਨਹੀਂ ਕਰ ਰਹੀ।''
ਇੰਝ ਵੀ ਨਹੀਂ ਕਿ ਸਿਹਤ ਅਧਿਕਾਰੀ ਸਮੱਸਿਆ ਨੂੰ ਪ੍ਰਵਾਨ ਨਹੀਂ ਕਰਦੇ। ਸਵਾਲ ਤਾਂ ਇਹ ਉੱਠਦਾ ਕਿ ਕੀ ਇੱਥੇ (ਇਸ ਸਮੱਸਿਆ ਦੇ ਬਰਕਸ) ਉਨ੍ਹਾਂ ਦੀ ਪ੍ਰਤਿਕਿਰਿਆ ਢੁੱਕਵੀਂ ਜਾਂ ਸਹੀ ਹੈ?
ਹੜ੍ਹ ਪ੍ਰਭਾਵਤ ਹਾਤਕਣੰਗਲੇ ਤਾਲੁਕਾ ਦੇ ਤਾਲੁਕਾ ਸਿਹਤ ਅਧਿਕਾਰੀ ਡਾ. ਪ੍ਰਸਾਦ ਦਾਤਾਰ ਕਹਿੰਦੇ ਹਨ ਕਿ ਹੜ੍ਹ ਤੇ ਕਰੋਨਾ ਮਹਾਂਮਾਰੀ ਤੋਂ ਬਾਅਦ ਇਸ ਇਲਾਕੇ ਦੇ ਸਿਹਤ ਦੇਖਭਾਲ਼ ਕਰਮੀ ''ਕੰਮ ਦੇ ਵਿਤੋਂਵੱਧ ਬੋਝ ਹੇਠ ਨਪੀੜੇ ਹੋਏ ਹਨ ਤੇ ਤਣਾਅ ਹੇਠ'' ਹਨ। ਉਹ ਅੱਗੇ ਕਹਿੰਦੇ ਹਨ,''ਇਨ੍ਹਾਂ ਚਿੰਤਾਵਾਂ ਨੂੰ ਦੂਰ ਕਰਨ ਲਈ ਅਸੀਂ ਹਰ ਸਾਲ ਆਸ਼ਾ ਵਰਕਰਾਂ ਲਈ ਇੱਕ ਸੱਭਿਆਚਾਰਕ ਪ੍ਰੋਗਰਾਮ ਦਾ ਅਯੋਜਨ ਕਰਦੇ ਹਾਂ।''
ਹਾਲਾਂਕਿ, ਕੋਲ੍ਹਾਪੁਰ ਦੇ ਸ਼ਿਰੋਲ ਤਾਲੁਕਾ ਵਿੱਚ ਰਹਿਣ ਵਾਲ਼ੀ ਆਸ਼ਾ ਯੂਨੀਅਨ ਲੀਡਰ ਨੇਤਰਦੀਪਾ ਪਾਟਿਲ ਦਾ ਮੰਨਣਾ ਹੈ ਕਿ ਅਜਿਹੇ ਪ੍ਰੋਗਰਾਮ ਉਨ੍ਹਾਂ ਦੀ ਕੋਈ ਮਦਦ ਨਹੀਂ ਕਰ ਪਾ ਰਹੇ। ਉਹ ਅੱਗੇ ਦੱਸਦੀ ਹਨ,''ਜਦੋਂ ਮੈਂ ਅਧਿਕਾਰੀਆਂ ਨੂੰ ਸਾਡੀ ਮਾਨਿਸਕ ਸਿਹਤ ਸਬੰਧੀ ਚਿਤਾਵਾਂ ਬਾਰੇ ਦੱਸਿਆ, ਤਾਂ ਅੱਗਿਓਂ ਉਨ੍ਹਾਂ ਨੇ ਖਾਰਜ ਕਰਨ ਦੇ ਲਹਿਜੇ ਵਿੱਚ ਕਿਹਾ ਕਿ ਸਾਨੂੰ ਅਜਿਹੇ ਹਾਲਾਤਾਂ ਨਾਲ਼ ਨਜਿੱਠਣਾ ਸਿੱਖਣਾ ਹੋਵੇਗਾ।''
ਰਣਮਾਲੇ-ਕਾਕੜੇ ਕਹਿੰਦੀ ਹਨ ਕਿ ਆਸ਼ਾ ਵਰਕਰਾਂ ਨੂੰ ਥੈਰੇਪੀ ਅਤੇ ਕਾਊਂਸਲਿੰਗ ਦੀ ਲੋੜ ਹੈ, ਤਾਂਕਿ ਉਹ ਤਣਾਅ ਜਿਹੀਆਂ ਹਾਲਾਤਾਂ ਦਾ ਸਾਹਮਣਾ ਕਰਨ ਵਿੱਚ ਸਮਰੱਥ ਹੋ ਸਕਣ। ਉਹ ਕਹਿੰਦੀ ਹਨ,''ਮਦਦ ਕਰਨ ਵਾਲ਼ਿਆਂ ਨੂੰ ਵੀ ਮਦਦ ਦੀ ਲੋੜ ਹੁੰਦੀ ਹੈ। ਮੰਦਭਾਗੀਂ, ਸਾਡੇ ਸਮਾਜ ਵਿੱਚ ਇਹ ਸਭ ਨਹੀਂ ਹੁੰਦਾ।'' ਇਸ ਤੋਂ ਇਲਾਵਾ, ਉਹ ਅੱਗੇ ਕਹਿੰਦੀ ਹਨ ਕਿ ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲ਼ੇ ਕਈ ਸਿਹਤ ਕਰਮੀ 'ਦੂਸਰਿਆਂ ਦੀ ਮਦਦ' ਕਰਨ ਵਿੱਚ ਇੰਨੇ ਜ਼ਿਆਦਾ ਰੁੱਝੇ ਹੁੰਦੇ ਹਨ ਕਿ ਉਹ ਅਕਸਰ ਆਪਣੀ ਖ਼ੁਦ ਦੀ ਥਕਾਵਟ, ਨਿਰਾਸ਼ਾ ਤੇ ਭਾਵਨਾਤਮਕ ਬੋਝ ਦੀ ਪਛਾਣ ਹੀ ਨਹੀਂ ਕਰ ਪਾਉਂਦੇ।
ਉਹ ਕਹਿੰਦੀ ਹਨ ਕਿ ਬਾਰ-ਬਾਰ ਤਣਾਓ ਪੈਦਾ ਕਰਨ ਵਾਲ਼ੇ ਹਾਲਾਤਾਂ ਜਿਵੇਂ ਕਿ ਮੁਕਾਮੀ ਜਲਵਾਯੂ ਪੈਟਰਨ ਵਿੱਚ ਤੇਜ਼ੀ ਨਾਲ਼ ਹੋ ਰਹੇ ਬਦਲਾਵਾਂ ਜਿਹੇ ਮਾਮਲਿਆਂ ਨਾਲ਼ ਨਜਿੱਠਣ ਲਈ ਛੇਤੀ ਤੋਂ ਛੇਤੀ ਦਖ਼ਲ ਦੇਣ ਦੀ ਲੋੜ ਹੈ, ਉਹ ਕਹਿੰਦੀ ਹਨ।
*****
ਬਦਲਦੇ ਜਲਵਾਯੂ ਪੈਟਰਨ ਨੇ ਸਿਰਫ਼ ਇੱਕ ਨਹੀਂ ਕਈ ਅੱਡ-ਅੱਡ ਰੂਪਾਂ ਵਿੱਚ ਕੋਲ੍ਹਾਪੁਰ ਦੀਆਂ ਆਸ਼ਾ ਵਰਕਰਾਂ ਦੀ ਮਾਨਸਿਕ ਸਿਹਤ ਨੂੰ ਹਾਨੀ ਪਹੁੰਚਾਈ ਹੈ।
ਕੰਮ ਦੇ ਬੋਝ ਦੇ ਬਾਵਜੂਦ, ਹਰ ਇੱਕ ਆਸ਼ਾ ਵਰਕਰ ਇੱਕ ਪਿੰਡ ਵਿੱਚ 1,000 ਲੋਕਾਂ ਲਈ 70 ਤੋਂ ਵੱਧ ਸਿਹਤ ਸੰਭਾਲ਼ ਕਾਰਜਾਂ ਨੂੰ ਸੰਭਾਲ਼ਦੀ ਹੈ, ਜਿਸ ਵਿੱਚ ਸੁਰੱਖਿਅਤ ਗਰਭ ਅਵਸਥਾਵਾਂ ਅਤੇ ਵਿਆਪਕ ਟੀਕਾਕਰਨ ਨੂੰ ਯਕੀਨੀ ਬਣਾਉਣਾ ਸ਼ਾਮਲ ਹੈ। ਇੰਨੇ ਸਾਰੇ ਮਹੱਤਵਪੂਰਨ ਕੰਮਾਂ ਨੂੰ ਸੰਭਾਲ਼ਣ ਤੋਂ ਬਾਅਦ ਵੀ, ਇਨ੍ਹਾਂ ਸਿਹਤ ਕਰਮਚਾਰੀਆਂ ਨੂੰ ਬਹੁਤ ਘੱਟ ਤਨਖਾਹ ਮਿਲ਼ਦੀ ਹੈ ਅਤੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ।
ਨੇਤਰਦੀਪਾ ਦੱਸਦੀ ਹਨ ਕਿ ਮਹਾਰਾਸ਼ਟਰ ਵਿੱਚ ਆਸ਼ਾ ਵਰਕਰਾਂ ਨੂੰ 3,500-5,000 ਰੁਪਏ ਪ੍ਰਤੀ ਮਹੀਨਾ ਦੀ ਮਾਮੂਲੀ ਤਨਖਾਹ ਦਿੱਤੀ ਜਾਂਦੀ ਹੈ ਅਤੇ ਉਹ ਵੀ ਘੱਟੋ ਘੱਟ ਤਿੰਨ ਮਹੀਨਿਆਂ ਦੀ ਦੇਰੀ ਨਾਲ਼। ਉਹ ਕਹਿੰਦੀ ਹੈ, "ਅੱਜ ਵੀ, ਸਾਨੂੰ ਵਲੰਟੀਅਰ ਮੰਨਿਆ ਜਾਂਦਾ ਹੈ, ਜਿਸ ਮਤਲਬ ਸਾਡਾ ਘੱਟੋ ਘੱਟ ਉਜਰਤ ਅਤੇ ਹੋਰ ਲਾਭਾਂ ਤੋਂ ਵਾਂਝੇ ਰਹਿ ਜਾਣਾ ਹੈ।'' ਆਸ਼ਾ ਵਰਕਰਾਂ ਨੂੰ ਮਿਲ਼ਣ ਵਾਲ਼ੇ ਮਿਹਨਤਾਨੇ ਨੂੰ ਸਰਕਾਰ 'ਪ੍ਰਦਰਸ਼ਨ ਅਧਾਰਤ ਪ੍ਰੋਤਸਾਹਨ' ਕਹਿੰਦੀ ਹੈ, ਜਿਹਦਾ ਅਰਥ ਹੈ ਉਨ੍ਹਾਂ ਨੂੰ ਆਪਣੇ ਭਾਈਚਾਰੇ ਵਿੱਚ ਕੁਝ ਨਿਸ਼ਚਤ ਕੰਮਾਂ ਨੂੰ ਨੇਪਰੇ ਚਾੜ੍ਹਨ ਵਜੋਂ ਭੁਗਤਾਨ ਕੀਤਾ ਜਾਂਦਾ ਹੈ। ਇੱਥੇ ਕੋਈ ਨਿਸ਼ਚਤ ਮਾਣ ਭੱਤਾ ਨਹੀਂ ਹੈ ਅਤੇ ਤਨਖਾਹ ਹਰ ਰਾਜ ਵਿੱਚ ਵੱਖਰੀ ਹੁੰਦੀ ਹੈ।
ਇਸ ਕਾਰਨ ਕਰਕੇ, ਜ਼ਿਆਦਾਤਰ ਆਸ਼ਾ ਵਰਕਰ ਭਾਈਚਾਰਕ ਸਿਹਤ ਸੰਭਾਲ਼ ਨਾਲ਼ ਸਬੰਧਿਤ ਆਪਣੇ ਕੰਮ ਤੋਂ ਹੁੰਦੀ ਆਮਦਨ 'ਤੇ ਗੁਜ਼ਾਰਾ ਨਹੀਂ ਕਰ ਸਕਦੀਆਂ। ਉਦਾਹਰਣ ਵਜੋਂ, ਸ਼ੁਭਾਂਗੀ ਨੇ ਆਪਣੀ ਜ਼ਿੰਦਗੀ ਨੂੰ ਕਾਇਮ ਰੱਖਣ ਲਈ ਇੱਕ ਖੇਤ ਮਜ਼ਦੂਰ ਵਜੋਂ ਵੀ ਕੰਮ ਕੀਤਾ।
ਉਹ ਦੱਸਦੀ ਹਨ,''2019 ਅਤੇ 2021 ਦੇ ਹੜ੍ਹ ਤੋਂ ਬਾਅਦ ਮੈਨੂੰ ਤਿੰਨ ਮਹੀਨਿਆਂ ਤੱਕ ਕੋਈ ਕੰਮ ਨਾ ਮਿਲ਼ਿਆ, ਕਿਉਂਕਿ ਸਾਰੇ ਖੇਤ ਤਬਾਹ ਹੋ ਚੁੱਕੇ ਸਨ। ਬਦਲਦੇ ਮੌਸਮ ਦੇ ਨਾਲ਼, ਮੀਂਹ ਦਾ ਖ਼ਾਸਾ ਵੀ ਬਦਲ ਗਿਆ ਹੈ ਤੇ ਅਣਕਿਆਸਿਆ ਹੋ ਚੁੱਕਾ ਹੈ। ਹਾਲਾਤ ਤਾਂ ਕੁਝ ਅਜਿਹੇ ਹਨ ਕਿ ਜੇ ਥੋੜ੍ਹੇ ਸਮੇਂ ਲਈ ਵੀ ਮੀਂਹ ਪੈਂਦਾ ਹੈ ਤਾਂ ਸਾਰਾ ਕੁਝ ਤਬਾਹ ਕਰ ਦਿੰਦਾ ਹੈ। ਇੱਥੋਂ ਤੱਕ ਕਿ ਖੇਤ ਮਜ਼ਦੂਰੀ ਦਾ ਕੰਮ ਮਿਲ਼ਣ ਦੀ ਉਮੀਦ ਵੀ ਬਾਕੀ ਨਾ ਰਹਿੰਦੀ।'' ਜੁਲਾਈ 2021 ਵਿੱਚ, ਭਾਰੀ ਮੀਂਹ ਤੇ ਹੜ੍ਹ ਕਾਰਨ ਕੋਲ੍ਹਾਪੁਰ ਸਣੇ ਮਹਾਰਾਸ਼ਟਰ ਦੇ 24 ਜ਼ਿਲ੍ਹਿਆਂ ਵਿੱਚ 4.43 ਲੱਖ ਹੈਕਟੇਅਰ ਰਕਬੇ ਦਾ ਨੁਕਸਾਨ ਹੋਇਆ।
ਸਾਲ 2019 ਤੋਂ ਲਗਾਤਾਰ ਆ ਰਹੇ ਹੜ੍ਹਾਂ ਨੇ ਸ਼ੁਭਾਂਗੀ ਨੂੰ ਜਾਇਦਾਦ ਦੇ ਨੁਕਸਾਨ ਅਤੇ ਖੇਤੀਬਾੜੀ ਦੇ ਕੰਮ ਦੇ ਨੁਕਸਾਨ ਕਾਰਨ ਉੱਚੀਆਂ ਵਿਆਜ ਦਰਾਂ 'ਤੇ ਸ਼ਾਹੂਕਾਰਾਂ ਤੋਂ ਛੋਟੇ ਕਰਜ਼ੇ ਲੈਣ ਲਈ ਮਜਬੂਰ ਕੀਤਾ ਹੈ। ਇਸ ਵੇਲ਼ੇ ਉਨ੍ਹਾਂ ਸਿਰ ਕੁੱਲ ਇੱਕ ਲੱਖ ਰੁਪਏ ਦਾ ਕਰਜ਼ਾ ਹੈ। ਉਨ੍ਹਾਂ ਨੂੰ ਆਪਣਾ ਸੋਨਾ ਵੀ ਗਿਰਵੀ ਰੱਖਣਾ ਪਿਆ ਸੀ ਅਤੇ ਹੁਣ ਉਹ 10x15 ਫੁੱਟ ਦੀ ਟੀਨ ਦੀ ਝੌਂਪੜੀ ਵਿੱਚ ਰਹਿ ਰਹੀ ਹਨ ਕਿਉਂਕਿ ਉਹ ਪੁਰਾਣੇ ਘਰ ਦੀ ਮੁਰੰਮਤ ਨਹੀਂ ਕਰ ਸਕਦੀ ਸੀ।
ਉਨ੍ਹਾਂ ਦੇ ਪਤੀ ਸੰਜੇ (37) ਕਹਿੰਦੇ ਹਨ, "2019 ਅਤੇ 2021 ਦੋਵਾਂ ਹੜ੍ਹਾਂ ਵੇਲ਼ੇ 30 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਸਾਡਾ ਘਰ ਹੜ੍ਹ ਵਿੱਚ ਡੁੱਬ ਗਿਆ ਸੀ। ਅਸੀਂ ਕੁਝ ਨਾ ਕਰ ਸਕੇ।'' ਸੰਜੇ ਨੇ ਹੁਣ ਰਾਜ ਮਿਸਤਰੀ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਨੂੰ ਇੱਕ ਖੇਤ ਮਜ਼ਦੂਰ ਵਜੋਂ ਲੋੜੀਂਦਾ ਕੰਮ ਨਹੀਂ ਮਿਲ ਰਿਹਾ ਹੈ।
ਆਪਣੇ ਨੁਕਸਾਨ ਅਤੇ ਸੰਘਰਸ਼ ਦੇ ਬਾਵਜੂਦ, ਸ਼ੁਭਾਂਗੀ ਜ਼ਿਆਦਾਤਰ ਸਮਾਂ ਆਸ਼ਾ ਦੇ ਰੂਪ ਵਿੱਚ ਆਪਣੇ ਕੰਮ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਦੀ ਰਹੀ।
ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਸਰਵੇਖਣ ਕਰਨ ਦੇ ਨਾਲ਼-ਨਾਲ਼, ਆਸ਼ਾ ਵਰਕਰਾਂ ਨੂੰ ਪੀਣ ਵਾਲੇ ਪਾਣੀ ਦੇ ਸਰੋਤਾਂ ਨੂੰ ਕੀਟਾਣੂ-ਮੁਕਤ ਕਰਨ ਦਾ ਕੰਮ ਸੌਂਪਿਆ ਗਿਆ ਸੀ ਤਾਂ ਜੋ ਪਾਣੀ ਤੋਂ ਪੈਦਾ ਹੋਣ ਵਾਲ਼ੀਆਂ ਬਿਮਾਰੀਆਂ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਨੂੰ ਉਨ੍ਹਾਂ ਦੇ ਬਹੁਤ ਸਾਰੇ ਕੰਮਾਂ ਲਈ ਭੁਗਤਾਨ ਨਹੀਂ ਕੀਤਾ ਗਿਆ ਸੀ। "ਸਾਨੂੰ ਹੜ੍ਹਾਂ ਤੋਂ ਬਾਅਦ ਕੀਤੇ ਗਏ ਸਾਰੇ ਰਾਹਤ ਕਾਰਜਾਂ ਲਈ ਭੁਗਤਾਨ ਨਹੀਂ ਕੀਤਾ ਗਿਆ ਅਤੇ ਜਿਸ ਕਾਰਨ ਸਾਨੂੰ ਬਹੁਤ ਸਾਰੀਆਂ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ। ਇਹ ਸਭ ਬੇਗਾਰ ਹੈ।"
ਸ਼ੁਭਾਂਗੀ ਕਹਿੰਦੀ ਹੈ, "ਸਾਨੂੰ ਇਹ ਪਤਾ ਲਗਾਉਣ ਲਈ ਘਰ-ਘਰ ਜਾਣਾ ਪਿਆ ਕਿ ਕੀ ਕਿਸੇ ਮਨੁੱਖ ਵਿੱਚ ਪਾਣੀ ਤੋਂ ਪੈਦਾ ਹੋਣ ਵਾਲ਼ੀ ਜਾਂ ਪਰਜੀਵੀ-ਜਨਤ ਬਿਮਾਰੀ ਦੇ ਲੱਛਣ ਤਾਂ ਨਹੀਂ ਹਨ। ਆਸ਼ਾ ਵਰਕਰਾਂ ਨੇ ਸਮੇਂ ਸਿਰ ਇਲਾਜ ਯਕੀਨੀ ਬਣਾ ਕੇ ਕਈ ਲੋਕਾਂ ਦੀਆਂ ਜਾਨਾਂ ਬਚਾਈਆਂ।''
ਫਿਰ ਵੀ, ਜਦੋਂ ਇਸ ਸਾਲ ਅਪ੍ਰੈਲ ਵਿੱਚ ਜਦੋਂ ਉਹ ਖੁਦ ਬਿਮਾਰ ਹੋ ਗਈ ਸੀ ਤਾਂ ਉਨ੍ਹਾਂ ਨੂੰ ਸਰਕਾਰ ਤੋਂ ਬਹੁਤ ਘੱਟ ਮਦਦ ਮਿਲੀ ਸੀ। "ਇੱਕ ਜਨਤਕ ਸਿਹਤ ਸੰਭਾਲ਼ ਵਰਕਰ ਹੋਣ ਦੇ ਬਾਵਜੂਦ, ਮੈਨੂੰ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਕਰਵਾਉਣਾ ਪਿਆ ਅਤੇ 22,000 ਰੁਪਏ ਖਰਚ ਕਰਨੇ ਪਏ ਕਿਉਂਕਿ ਸਰਕਾਰੀ ਹਸਪਤਾਲ ਵਿੱਚ ਕੇਵਲ ਦਵਾਈਆਂ ਹੀ ਲਿਖੀਆਂ ਗਈਆਂ ਸਨ ਜਦਕਿ ਮੈਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਹੋਣ ਦੀ ਲੋੜ ਸੀ। ਹਾਲਾਂਕਿ ਉਨ੍ਹਾਂ ਨੂੰ ਜਨਤਕ ਉਪ-ਕੇਂਦਰ ਤੋਂ ਮੁਫਤ ਫੋਲਿਕ ਐਸਿਡ ਅਤੇ ਆਇਰਨ ਸਪਲੀਮੈਂਟ ਮਿਲਦੇ ਹਨ, ਫਿਰ ਵੀ ਉਨ੍ਹਾਂ ਨੂੰ ਵਾਧੂ ਦਵਾਈਆਂ 'ਤੇ 500 ਰੁਪਏ ਪ੍ਰਤੀ ਮਹੀਨਾ ਦੇਣੇ ਪੈਂਦੇ ਹਨ।
ਆਸ਼ਾ ਵਰਕਰ ਦੇ ਤੌਰ 'ਤੇ 4,000 ਰੁਪਏ ਪ੍ਰਤੀ ਮਹੀਨਾ ਕਮਾਉਣ ਵਾਲ਼ੀ ਛਾਇਆ ਨੂੰ ਆਪਣੀਆਂ ਦਵਾਈਆਂ 'ਤੇ 800 ਰੁਪਏ ਖਰਚ ਕਰਨੇ ਪੈਂਦੇ ਹਨ, ਜਿਨ੍ਹਾਂ ਨੂੰ ਉਹ ਮੁਸ਼ਕਿਲ ਨਾਲ਼ ਖਰੀਦ ਪਾਉਂਦੀ ਹਨ। "ਆਖ਼ਰਕਾਰ, ਅਸੀਂ ਇਹ ਮੰਨ ਲਿਆ ਹੈ ਕਿ ਅਸੀਂ ਸਮਾਜ ਸੇਵਕ ਹਾਂ। ਇਸੇ ਲਈ ਹੋ ਸਕਦਾ ਹੈ ਕਿ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ।"
2022 ਵਿੱਚ, ਵਿਸ਼ਵ ਸਿਹਤ ਸੰਗਠਨ ਨੇ ਆਸ਼ਾ ਵਰਕਰਾਂ ਨੂੰ ਦੂਰ-ਦੁਰਾਡੇ ਦੇ ਭਾਈਚਾਰਿਆਂ ਨੂੰ ਜਨਤਕ ਸਿਹਤ ਪ੍ਰਣਾਲੀ ਨਾਲ਼ ਜੋੜ ਕੇ ਸਿਹਤ ਸੰਭਾਲ਼ ਨੂੰ ਪਹੁੰਚਯੋਗ ਬਣਾਉਣ ਲਈ ਗਲੋਬਲ ਹੈਲਥ ਲੀਡਰਜ਼ ਅਵਾਰਡ ਨਾਲ਼ ਸਨਮਾਨਿਤ ਕੀਤਾ। ਛਾਇਆ ਕਹਿੰਦੀ ਹਨ, "ਸਾਨੂੰ ਇਸ 'ਤੇ ਮਾਣ ਹੈ। ਪਰ, ਜਦੋਂ ਵੀ ਅਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਸਾਨੂੰ ਦੇਰੀ ਨਾਲ਼ ਮਿਲ਼ਣ ਵਾਲ਼ੀਆਂ ਬਹੁਤ ਹੀ ਘੱਟ ਤਨਖਾਹਾਂ ਬਾਰੇ ਕੋਈ ਸਵਾਲ ਪੁੱਛਦੇ ਹਾਂ, ਤਾਂ ਉਹ ਜਵਾਬ ਦਿੰਦੇ ਹਨ ਕਿ ਅਸੀਂ ਮਨੁੱਖਤਾ ਲਈ ਬਹੁਤ ਵੱਡਾ ਕੰਮ ਕਰ ਰਹੇ ਹਾਂ। ਉਹ ਸਾਨੂੰ ਕਹਿੰਦੇ ਹਨ, ' ਪੇਮੈਂਟ ਚੰਗਲਾ ਨਹੀਂ ਮਿਲਤ , ਪਨ ਤੁਮਹਾਲਾ ਪੁੰਨਿਆ ਮਿਲਤੇ (ਭਾਵੇਂ ਤੁਹਾਨੂੰ ਪੈਸੇ ਨਹੀਂ ਮਿਲਦੇ, ਪਰ ਲੋਕਾਂ ਨੂੰ ਬਹੁਤ ਸਾਰੀਆਂ ਦੁਆਵਾਂ ਮਿਲ਼ਦੀਆਂ ਹਨ)।
ਵਿਸ਼ਵ ਸਿਹਤ ਸੰਗਠਨ ਨੇ ਇਕ ਸੰਖੇਪ ਨੀਤੀ ਬਿਆਨ ਰਾਹੀਂ ਜ਼ਮੀਨੀ ਪੱਧਰ 'ਤੇ ਕੰਮ ਕਰ ਰਹੇ ਸਿਹਤ ਕਾਮਿਆਂ ਦੀ ਮਾਨਸਿਕ ਸਿਹਤ 'ਤੇ ਜਲਵਾਯੂ ਤਬਦੀਲੀ ਦੇ ਪ੍ਰਭਾਵ ਨਾਲ਼ ਸਬੰਧਤ ਇਕ ਬਹੁਤ ਹੀ ਮਹੱਤਵਪੂਰਨ ਮੁੱਦਾ ਉਠਾਇਆ ਹੈ। "ਮੌਸਮ ਦੀਆਂ ਅਣਕਿਆਸੀਆਂ ਘਟਨਾਵਾਂ ਦੇ ਬਾਅਦ, ਮਾਨਸਿਕ ਸਿਹਤ 'ਤੇ ਜਿਕਰਯੋਗ ਪ੍ਰਭਾਵ ਪਏ ਹਨ ਜਿਵੇਂ ਕਿ ਉਦਾਸੀਨਤਾ, ਘਬਰਾਹਟ ਅਤੇ ਤਣਾਅ।"
ਨੇਤਰਦੀਪਾ ਦਾ ਕਹਿਣਾ ਹੈ ਕਿ ਜਲਵਾਯੂ ਨਾਲ਼ ਜੁੜੀਆਂ ਘਟਨਾਵਾਂ, ਕੰਮ ਕਰਨ ਦੀਆਂ ਮਾੜੀਆਂ ਸਥਿਤੀਆਂ ਅਤੇ ਉਨ੍ਹਾਂ ਦੀ ਸਿਹਤ ਪ੍ਰਤੀ ਉਦਾਸੀਨਤਾ ਨੇ ਆਸ਼ਾ ਵਰਕਰਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਸਾਂਝੇ ਤੌਰ 'ਤੇ ਪ੍ਰਭਾਵਿਤ ਕੀਤਾ ਹੈ। ਉਹ ਕਹਿੰਦੀ ਹੈ, "ਜਦੋਂ ਅਸੀਂ ਇਸ ਸਾਲ ਹੀਟਵੇਵ ਵਰਗੀਆਂ ਸਥਿਤੀਆਂ ਵਿੱਚ ਇੱਕ ਸਰਵੇਖਣ ਕਰਨ ਗਏ, ਤਾਂ ਸਾਡੇ ਵਿੱਚੋਂ ਕਈਆਂ ਨੇ ਚਮੜੀ ਵਿੱਚ ਖੁਸ਼ਕੀ, ਜਲੂਣ ਅਤੇ ਥਕਾਵਟ ਦੀ ਰਿਪੋਰਟ ਕੀਤੀ, ਪਰ ਸਾਨੂੰ ਕੋਈ ਰੱਖਿਆਤਮਕ ਸਾਜ਼ੋ-ਸਾਮਾਨ ਨਹੀਂ ਦਿੱਤਾ ਗਿਆ ਸੀ," ਉਹ ਕਹਿੰਦੀ ਹਨ।
ਪੂਨੇ ਦੇ ਇੰਡੀਅਨ ਇੰਸਟੀਚਿਊਟ ਆਫ ਟ੍ਰੋਪੀਕਲ ਮੌਸਮ ਵਿਗਿਆਨ (ਆਈਆਈਟੀਐਮ) ਦੇ ਜਲਵਾਯੂ ਵਿਗਿਆਨੀ ਅਤੇ ਜਲਵਾਯੂ ਤਬਦੀਲੀ 'ਤੇ ਸੰਯੁਕਤ ਰਾਸ਼ਟਰ ਦੇ ਅੰਤਰ-ਸਰਕਾਰੀ ਪੈਨਲ ਵਿੱਚ ਯੋਗਦਾਨ ਪਾਉਣ ਵਾਲੇ ਰੌਕਸੀ ਕੌਲ ਦਾ ਕਹਿਣਾ ਹੈ ਕਿ ਸਾਨੂੰ ਇੱਕ 'ਕਲਾਈਮੇਟ ਐਕਸ਼ਨ ਪਲਾਨ (ਜਲਵਾਯੂ ਕਾਰਜ ਯੋਜਨਾ)' ਦੀ ਲੋੜ ਹੈ, ਜੋ ਅਜਿਹੇ ਦਿਨਾਂ ਬਾਰੇ ਸੂਚਨਾ ਦੇਵੇ, ਜਦੋਂ ਲੂ (ਗਰਮੀ ਦੀਆਂ ਲਹਿਰਾਂ) ਅਤੇ ਅਣਕਿਆਸੇ ਮੌਸਮ ਦੀਆਂ ਘਟਨਾਵਾਂ ਆਪਣੇ ਸਿਖ਼ਰ 'ਤੇ ਹੋਣ। ਅੱਗੇ ਉਹ ਕਹਿੰਦੇ ਹਨ,"ਸਾਡੇ ਕੋਲ਼ ਅਗਲੇ ਕਈ ਸਾਲਾਂ ਤੋਂ ਲੈ ਕੇ ਦਹਾਕਿਆਂ ਤੱਕ ਦੇ ਜਲਵਾਯੂ ਅੰਕੜੇ ਹਨ। ਇਸ ਕਰਕੇ, ਸਾਡੇ ਵਾਸਤੇ ਉਹਨਾਂ ਖੇਤਰਾਂ ਅਤੇ ਦਿਨ ਦੇ ਸਮਿਆਂ ਦੀ ਪਛਾਣ ਕਰਨਾ ਸੰਭਵ ਹੈ ਜਦ ਕਾਮਿਆਂ ਨੂੰ ਧੁੱਪ ਵਿੱਚ ਬਾਹਰ ਨਹੀਂ ਨਿਕਲਣਾ ਚਾਹੀਦਾ। ਇਹ ਕੋਈ ਵੱਡਾ ਕੰਮ ਨਹੀਂ ਹੈ। ਸਾਡੇ ਕੋਲ ਸਾਰੇ ਲੋੜੀਂਦੇ ਅੰਕੜੇ ਹਨ।"
ਇਸ ਦਿਸ਼ਾ ਵਿੱਚ ਕਿਸੇ ਤਰ੍ਹਾਂ ਦੀ ਸਰਕਾਰੀ ਕੋਸ਼ਿਸ਼ ਜਾਂ ਨੀਤੀ ਦੀ ਅਣਹੋਂਦ ਵਿੱਚ ਆਸ਼ਾ ਵਰਕਰਾਂ ਨੂੰ ਸਥਿਤੀ ਨਾਲ਼ ਨਜਿੱਠਣ ਲਈ ਆਪਣੇ ਆਪ 'ਤੇ ਨਿਰਭਰ ਰਹਿਣ ਲਈ ਮਜਬੂਰ ਹੋਣਾ ਪੈਂਦਾ ਹੈ। ਇਸ ਲਈ, ਸ਼ੁਭਾਂਗੀ ਆਪਣੇ ਦਿਨ ਦੀ ਸ਼ੁਰੂਆਤ ਮੌਸਮ ਦੀ ਪੇਸ਼ੀਨਗੋਈ ਕਰਕੇ ਕਰਦੀ ਹਨ। ਉਹ ਕਹਿੰਦੀ ਹਨ, "ਮੈਂ ਆਪਣੀ ਨੌਕਰੀ ਨਹੀਂ ਛੱਡ ਸਕਦੀ। ਮੈਂ ਘੱਟੋ-ਘੱਟ ਦਿਨ ਦੇ ਮੌਸਮ ਦੇ ਅਨੁਸਾਰ ਆਪਣੇ ਆਪ ਨੂੰ ਤਿਆਰ ਰੱਖਣ ਦੀ ਕੋਸ਼ਿਸ਼ ਤਾਂ ਕਰ ਹੀ ਸਕਦੀ ਹਾਂ।"
ਇਹ ਸਟੋਰੀ ਉਸ ਕੜੀ ਦਾ ਹਿੱਸਾ ਹੈ ਜਿਹਨੂੰ ਇੰਟਰਨਿਊਜ ਦੇ ਅਰਥ ਜਰਨਲਿਜ਼ਮ ਨੈਟਵਰਕ ਦਾ ਸਹਿਯੋਗ ਪ੍ਰਾਪਤ ਹੈ। ਇਹ ਸਹਿਯੋਗ ਇੰਡੀਪੈਂਡਟ ਜਰਨਲਿਜ਼ਮ ਗ੍ਰਾਂਟ ਦੇ ਰੂਪ ਵਿੱਚ ਰਿਪੋਰਟਰ ਨੂੰ ਹਾਸਲ ਹੋਇਆ ਹੈ।
ਤਰਜਮਾ: ਕਮਲਜੀਤ ਕੌਰ