''ਮੈਨੂੰ ਚੇਤੇ ਹੈ ਉਹ ਸਮਾਂ ਜਦੋਂ ਚੂਹੇ ਸਾਡੀ ਛੱਤ 'ਚੋਂ ਡਿੱਗਦੇ ਅਤੇ ਸਾਡੇ ਘਰਾਂ ਵਿੱਚ ਹੀ ਮਰ ਜਾਂਦੇ। ਇਹ ਮੇਰਾ ਅੱਜ ਤੱਕ ਦਾ ਸਭ ਤੋਂ ਬਦਸ਼ਗਨੀ ਭਰਿਆ ਦ੍ਰਿਸ਼ ਹੁੰਦਾ ਸੀ। ਅੱਜ ਹੋ ਸਕਦਾ ਹੈ ਤੁਸੀਂ ਇਸ ਗੱਲ 'ਤੇ ਹੱਸੋ ਪਰ ਘਰ ਦੀ ਛੱਤ ਤੋਂ ਇੰਝ ਚੂਹੇ ਕਿਰਨ ਦਾ ਮਤਲਬ ਹੁੰਦਾ ਕਿ ਸਾਨੂੰ ਆਪਣਾ ਘਰ ਛੱਡਣਾ ਹੀ ਪੈਣਾ ਹੈ ਉਹ ਵੀ ਘਰ ਵਾਪਸੀ ਦੀ ਉਮੀਦ ਨੂੰ ਲਾਂਭੇ ਰੱਖ ਕੇ।''
ਉਹ ਸਪੱਸ਼ਟ ਅਤੇ ਜਿਊਂਦਾ ਜਾਗਦਾ ਬਿਰਤਾਂਤ ਕੋਇੰਬਟੂਰ ਦੇ ਕਲਾਪੱਟੀ ਦੀ ਰਹਿਣ ਵਾਲ਼ੀ, ਏ. ਕੁਜਾਂਧਾਈਅੰਮਲ ਦੇ ਜੀਵਨ ਨਾਲ਼ ਜੁੜਿਆ ਹੋਇਆ ਹੈ। ਹੁਣ ਉਹ ਆਪਣੀ ਉਮਰ ਦੇ 80ਵਿਆਂ ਵਿੱਚ ਹਨ ਅਤੇ 1940ਵਿਆਂ ਵਿੱਚ ਤਮਿਲਨਾਡੂ ਅੰਦਰ ਜਦੋਂ ਪਲੇਗ ਨੇ ਵਲ੍ਹੇਟਾ ਮਾਰਿਆ ਸੀ ਤਾਂ ਉਹ ਅਜੇ ਜੁਆਨ ਵੀ ਨਹੀਂ ਸੀ ਹੋਈ।
ਮਹਾਂਮਾਰੀਆਂ ਦੀ ਪੈਂਦੀ ਮਾਰ ਕਾਰਨ ਕੋਇੰਬਟੂਰ ਦਾ ਇਤਿਹਾਸ ਖ਼ੁਸ਼ਗਵਾਰ ਨਾ ਰਿਹਾ, ਇਸ ਇਲਾਕੇ ਅੰਦਰ ਚੇਚਕ ਤੋਂ ਲੈ ਕੇ ਪਲੇਗ ਅਤੇ ਫਿਰ ਹੈਜਾ ਆਦਿ ਬੀਮਾਰੀਆਂ ਦੀਆਂ ਵੱਜੀਆਂ ਮਾਰਾਂ ਨਾਲ਼ ਜੋ ਦ੍ਰਿਸ਼ ਬਣ ਕੇ ਉਭਰਿਆ ਸੀ ਉਹ ਸ਼ਾਇਦ ਹੀ ਕਿਤੇ ਹੋਰ ਥਾਵੇਂ ਦੇਖਣ ਨੂੰ ਮਿਲ਼ਿਆ ਹੋਵੇ। ਅਖ਼ੀਰ ਇਸ ਸਭ ਦਾ ਨਤੀਜਾ 'ਪਲੇਗ ਮਰਿਅੰਮਨ' ('Black ਮਰਿਅੰਮਨ' ਵਜੋਂ ਵੀ ਜਾਣਿਆਂ ਜਾਂਦਾ ਹੈ) ਮੰਦਰਾਂ ਦੇ ਰੂਪ ਵਿੱਚ ਸਾਹਮਣੇ ਆਇਆ। ਇਸ ਇਕੱਲੇ ਸ਼ਹਿਰ ਅੰਦਰ ਇਨ੍ਹਾਂ ਦੀ ਗਿਣਤੀ 16 ਹੈ।
ਬੇਸ਼ੱਕ ਕੋਵਿਡ-19 ਮਹਾਂਮਾਰੀ ਨੇ ਵੀ ਆਪਣੇ ਕਾਲ ਵਿੱਚ 'ਕਰੋਨਾ ਦੇਵੀ' ਮੰਦਰ ਦਾ ਆਗਮਨ ਕਿਉਂ ਨਾ ਦੇਖਿਆ ਹੋਵੇ ਪਰ ਬਾਵਜੂਦ ਇਹਦੇ ਪਲੇਗ ਮਰਿਅੰਮਨ ਮੰਦਰ ਵਿਖੇ ਸ਼ਰਧਾਲੂਆਂ ਦੀ ਗਿਣਤੀ ਕਿਤੇ ਵੱਧ ਹੈ। ਗੁਆਂਢ ਦੇ ਤੀਰੂਪੁਰ ਜ਼ਿਲ੍ਹੇ ਵਿੱਚ ਵੀ ਕੁਝ ਅਜਿਹੇ ਮੰਦਰ ਹਨ ਜਿੱਥੇ ਅਜੇ ਤੱਕ ਕਈ ਸਮਾਗਮ ਕਰਵਾਏ ਜਾਂਦੇ ਹਨ ਅਤੇ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ।
1903 ਤੋਂ 1942 ਦੇ ਸਾਲਾਂ ਦੌਰਾਨ ਕੋਇੰਬਟੂਰ ਨੇ ਪਲੇਗ ਦੇ ਘੱਟੋਘੱਟ 10 ਹਮਲੇ ਝੱਲੇ ਹੋਣੇ ਜਿਨ੍ਹਾਂ ਵਿੱਚ ਹਜ਼ਾਰਾਂ ਹਜ਼ਾਰ ਲੋਕ ਮਾਰੇ ਗਏ। ਦਹਾਕਿਆਂ ਮਗਰੋਂ ਭਾਵੇਂ ਇਸ ਬੀਮਾਰੀ ਤੋਂ ਖਹਿੜਾ ਛੁੱਟ ਵੀ ਗਿਆ ਤਾਂ ਵੀ ਇਸ ਬੀਮਾਰੀ ਦੀਆਂ ਯਾਦਾਂ ਨੇ ਸ਼ਹਿਰ ਦੇ ਲੋਕਾਂ ਦੇ ਜ਼ਿਹਨ 'ਤੇ ਝਰੀਟਾਂ ਜ਼ਰੂਰ ਛੱਡੀਆਂ। ਉਸ ਵੇਲ਼ੇ ਨੂੰ ਹੰਢਾਉਣ ਵਾਲ਼ੇ ਲੋਕ ਜਿਵੇਂ ਕੁਜਾਂਧਾਈਅੰਮਲ ਵਾਸਤੇ ਪਲੇਗ ਦਾ ਜ਼ਿਕਰ ਆਉਂਦਿਆਂ ਹੀ ਰੀੜ੍ਹ ਠੰਡੀ ਫਿਰ ਜਾਂਦੀ ਹੈ ਅਤੇ ਉਹ ਲੰਘਿਆ ਦੌਰ ਚੇਤਾ ਆ ਜਾਂਦਾ ਹੈ।
ਭੀੜ-ਭੜੱਕੇ ਵਾਲ਼ੇ ਟਾਊਨ ਹਾਲ ਇਲਾਕੇ ਵਿੱਚ ਪਲੇਗ ਮਰਿਅੰਮਨ ਮੰਦਰਾਂ ਵਿੱਚ ਸਭ ਤੋਂ ਮਸ਼ਹੂਰ ਉਹ ਫੁੱਲ ਵੇਚਣ ਵਾਲ਼ੀ ਔਰਤ ਹੈ ਜੋ ਉਸ ਮਸ਼ਰੂਫ਼ ਸ਼ਾਮ ਲਈ ਤਿਆਰੀ ਕੱਸ ਰਹੀ ਹੈ। ''ਅੱਜ ਸ਼ੁੱਕਰਵਾਰ ਹੈ। ਚੰਗੀ ਕਮਾਈ ਹੋਵੇਗੀ,'' ਮਾਲ਼ਾ ਬਣਾਉਣ ਵਿੱਚ ਰੁਝੀ ਕਨਾਅੰਮਨ ਬਗ਼ੈਰ ਅੱਖਾਂ ਉਤਾਂਹ ਚੁੱਕੀ ਕਹਿੰਦੀ ਹਨ ਜੋ ਆਪਣੀ ਉਮਰ ਦੇ 40ਵੇਂ ਵਿੱਚ ਹਨ।
''ਉਹ ਅਥਾਹ ਤਾਕਤਵਰ ਹੈ, ਤੁਸੀਂ ਜਾਣਦੇ ਹੀ ਓ। ਇਸ ਨਾਲ਼ ਕੋਈ ਫ਼ਰਕ ਨਹੀਂ ਪੈਂਦਾ ਕਿ ਸਾਡੇ ਕੋਲ਼ ਹੁਣ ਕਰੋਨਾ ਦੇਵੀ ਮੰਦਰ ਵੀ ਹੈ, ਸਾਡੇ ਲਈ ਤਾਂ ਬਲੈਕ ਮਰਿਅੰਮਨ ਹੀ ਸਭ ਕੁਝ ਹੈ। ਅਸੀਂ ਤਾਂ ਇਹਦੀ ਪੂਜਾ ਕਰਦੇ ਰਹਾਂਗੇ ਭਾਵੇਂ ਅਸੀਂ ਬੀਮਾਰ ਪਏ ਹੋਈਏ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਆਮ ਅਰਦਾਸ ਹੀ ਕਿਉਂ ਨਾ ਕਰਨੀ ਹੋਵੇ।'' 'ਆਮ ਅਰਦਾਸ' ਤੋਂ ਉਨ੍ਹਾਂ ਦਾ ਮਤਲਬ ਭਗਤਾਂ ਵੱਲੋਂ ਮੰਗੀਆਂ ਜਾਂਦੀਆਂ ਆਮ ਦਾਤਾਂ ਤੋਂ ਹੈ ਜਿਵੇਂ ਖ਼ੁਸ਼ਹਾਲੀ, ਸਫ਼ਲਤਾ ਅਤੇ ਲੰਬੀ ਉਮਰ ਵਗੈਰਾ। ਕਨਾਅੰਮਲ ਪਲੇਗ ਦੇ ਖ਼ਤਮ ਹੋਣ ਤੋਂ ਕਰੀਬ 4 ਦਹਾਕਿਆਂ ਬਾਅਦ ਪੈਦਾ ਹੋਈ। ਪਰ ਉਨ੍ਹਾਂ ਦੀ ਪੀੜ੍ਹੀ ਦੇ ਕਈ ਲੋਕ ਆਸਰੇ ਵਾਸਤੇ ਮਰਿਅੰਮਨ ਮੰਦਰ ਹੀ ਆਉਂਦੇ ਹਨ।












