ਪ੍ਰਕਾਸ਼ ਭਗਤ ਐਲੂਮੀਨੀਅਮ ਦੇ ਵੱਡਾ ਸਾਰੇ ਭਾਂਡੇ 'ਤੇ ਝੁਕਦਾ ਹੈ ਅਤੇ ਆਲੂ-ਮਟਰ ਦੇ ਸ਼ੋਰਬੇ ਨੂੰ ਕੜਛੀ ਨਾਲ਼ ਹਿਲਾਉਂਦਾ ਹੈ। ਉਹ ਆਪਣੀ ਪੂਰੀ ਦੇਹ ਦਾ ਭਾਰ ਖੱਬੇ ਪੈਰ 'ਤੇ ਪਾਉਂਦਾ ਹੈ, ਸੱਜਾ ਪੈਰ ਹਵਾ ਵਿੱਚ ਝੂਲਦਾ ਹੈ, ਡਾਂਗ ਦੀ ਵਰਤੋਂ ਕਰਦਿਆਂ ਸੰਤੁਲਨ ਬਣਾਉਂਦਾ ਹੈ।
"ਮੈਨੂੰ ਲੱਗਦਾ ਹੈ, ਮੇਰੀ ਉਮਰ ਦਸ ਸਾਲਾਂ ਦੀ ਸੀ ਜਦੋਂ ਤੋਂ ਮੈਂ ਡੰਡੇ ਸਹਾਰੇ ਤੁਰਦਾ ਆ ਰਿਹਾ ਹਾਂ," 52 ਸਾਲ ਦੇ ਭਗਤ ਦਾ ਕਹਿਣਾ ਹੈ। "ਬਚਪਨ ਵੇਲੇ ਮੈਂ ਆਪਣੀ ਲੱਤ ਫੜ੍ਹ ਕੇ ਤੁਰਿਆ ਕਰਦਾ ਸਾਂ। ਮੇਰੇ ਮਾਪੇ ਦੱਸਦੇ ਹਨ ਕਿ ਮੇਰੀ ਕੋਈ ਨਾੜ ਖਿੱਚੀ ਗਈ ਸੀ।"
ਭਗਤ ਦੀ ਵਿਕਲਾਂਗਤਾ ਨੇ ਉਹਦੇ ਸੰਕਲਪ 'ਤੇ ਕੋਈ ਅਸਰ ਨਾ ਪਾਇਆ। ਮਹਾਂਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਪਨਵੇਲ ਤਾਲੁਕਾ ਵਿੱਚ ਪੈਂਦੇ ਉਹਦੇ ਪਿੰਡ ਪਾਨਗਾਓਂ ਦੇ ਕਈ ਲੋਕਾਂ ਨੇ ਜਦੋਂ ਦਿੱਲੀ ਨੂੰ ਜਾ ਰਹੇ ਵਾਹਨ ਮੋਰਚੇ ਦੇ ਜੱਥੇ ਵਿੱਚ ਸ਼ਾਮਲ ਹੋਣ ਦਾ ਮਨ ਬਣਾਇਆ, ਤਾਂ ਉਹਨੂੰ ਉਨ੍ਹਾਂ ਵਿੱਚ ਸ਼ਾਮਲ ਹੋਣ ਲਈ ਦੋਬਾਰਾ ਸੋਚਣਾ ਨਹੀਂ ਪਿਆ। "ਇੱਥੇ ਮੈਂ ਇੱਕ ਕਾਰਨ ਕਰਕੇ ਹਾਂ," ਸ਼ੋਰਬੇ ਦਾ ਸੁਆਦ ਚੱਖਦਿਆਂ, ਉਹ ਕਹਿੰਦਾ ਹੈ।
ਦਿੱਲੀ ਵਿੱਚ, ਇਸ ਸਾਲ ਸਤੰਬਰ ਵਿੱਚ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਤਿੰਨੋਂ ਖੇਤੀ ਕਨੂੰਨਾਂ ਦੇ ਖਿਲਾਫ਼ ਰਾਸ਼ਟਰੀ ਰਾਜਧਾਨੀ ਦੀਆਂ ਸੀਮਾਵਾਂ ਦੇ ਨਾਲ਼ ਲੱਗਦੀਆਂ ਤਿੰਨ ਵੱਖੋ-ਵੱਖ ਥਾਵਾਂ 'ਤੇ ਹਜਾਰਾਂ ਦੀ ਗਿਣਤੀ ਵਿੱਚ ਕਿਸਾਨ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਪ੍ਰਦਰਸ਼ਨਕਾਰੀ ਕਿਸਾਨਾਂ ਦੇ ਨਾਲ਼ ਆਪਣੀ ਹਮਾਇਤ ਅਤੇ ਇਕਜੁੱਟਤਾ ਪ੍ਰਗਟ ਕਰਨ ਲਈ 21 ਦਸੰਬਰ ਨੂੰ ਮੌਟੇ ਤੌਰ 'ਤੇ 14,00 ਕਿਲੋਮੀਟਰ ਦੂਰ ਸਥਿਤ ਦਿੱਲੀ ਜਾਣ ਵਾਲੇ ਜੱਥੇ ਵਿੱਚ ਭਾਗ ਲੈਣ ਲਈ ਮਹਾਂਰਾਸ਼ਟਰ ਦੇ ਕਰੀਬ 2,000 ਕਿਸਾਨ ਨਾਸ਼ਿਕ ਵਿੱਚ ਇਕੱਠੇ ਹੋਏ।
ਪਾਰਗਾਓਂ ਪਿੰਡ ਵਿੱਚੋਂ 39 ਜਣਿਆਂ ਨੇ ਸ਼ਾਮਲ ਹੋਣ ਦਾ ਇਰਾਦਾ ਕੀਤਾ। "ਇਸ ਦੇਸ਼ ਦੇ ਕਿਸਾਨਾਂ ਨਾਲ਼ ਧੋਖਾ ਕੀਤਾ ਜਾ ਰਿਹਾ ਹੈ," ਭਗਤ ਕਹਿੰਦਾ ਹੈ। "ਉਨ੍ਹਾਂ ਵਿੱਚੋਂ ਬਹੁਤੇਰਿਆਂ ਨੂੰ ਉਨ੍ਹਾਂ ਦੀ ਪੈਦਾਵਰ ਦੇ ਵਾਜਬ (ਯਕੀਨੀ) ਭਾਅ ਮਿਲ਼ਣੇ ਚਾਹੀਦੇ ਹਨ। ਇਹ ਖੇਤੀ ਕਨੂੰਨ ਉਨ੍ਹਾਂ ਨੂੰ ਕਰਜ਼ੇ ਦੀਆਂ ਡੂੰਘਾਣਾ ਵਿੱਚ ਖਿੱਚ ਲੈਣਗੇ। ਕਿਸਾਨ ਨੂੰ ਵੱਡੀਆਂ ਕੰਪਨੀਆਂ ਦੇ ਸੰਰਖਣ/ਨਿਗਰਾਨੀ ਵਿੱਚ ਰੱਖਿਆ ਜਾਵੇਗਾ, ਜੋ ਉਨ੍ਹਾਂ ਦਾ ਸ਼ੋਸ਼ਣ ਕਰਨਗੀਆਂ। ਇਨ੍ਹਾਂ ਖੇਤੀ ਕਨੂੰਨਾਂ ਦੇ ਲਾਗੂ ਹੋਣ ਨਾਲ਼ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਤੁਰਤ-ਫੁਰਤ ਨੁਕਸਾਨ ਹੋ ਸਕਦਾ ਹੈ, ਅਤੇ ਇਹੀ ਕਾਰਨ ਹੈ ਕਿ ਇਸ ਪ੍ਰਦਰਸ਼ਨ ਵਿੱਚ ਉਨ੍ਹਾਂ ਦਾ ਦਬਦਬਾ ਹੈ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਦੇਸ਼ ਦੇ ਬਾਕੀ ਕਿਸਾਨ ਇਨ੍ਹਾਂ ਕਨੂੰਨਾਂ ਤੋਂ ਪ੍ਰਭਾਵਤ ਨਹੀਂ ਹੋਣਗੇ।"






