ਜੋਬਨ ਲਾਲ, ਉਸ ਕੁਹਲ ਦੇ ਕੰਢੇ ਤੁਰਦਿਆਂ ਜਿਹਨੂੰ ਮੁਰੰਮਤ ਦੀ ਲੋੜ ਹੈ, ਕਾਂਦਬਾੜੀ ਪਿੰਡ ਦਿਆਂ ਲੋਕਾਂ ਨੂੰ ਬੁਲਾ ਰਹੇ ਹਨ। ਉਹ ਉੱਚੀ ਆਵਾਜ਼ ਵਿੱਚ ਪਰਿਵਾਰਾਂ ਨੂੰ ਨਾਲ ਚੱਲਣ ਲਈ ਕਹਿ ਰਹੇ ਹਨ। “ਆਪਣੀਆਂ ਕਹੀਆਂ ਤੇ ਖੁਰਪੇ ਲੈ ਕੇ ਮੈਨੂੰ ਡਾਕਘਰ ਦੇ ਪਿੱਛੇ ਮਿਲੋ,” ਉਹ ਨਿੱਘੀ ਸਵੇਰ ਵਿੱਚ ਸਭ ਨੂੰ ਤਾਕੀਦ ਕਰਦੇ ਹਨ। ਪਰ ਉਹਨਾਂ ਲਈ 20 ਕਾਮਿਆਂ ਦਾ ਇੰਤਜ਼ਾਮ ਕਰਨਾ ਵੀ ਮੁਸ਼ਕਿਲ ਹੋ ਰਿਹਾ ਹੈ। “ਤਕਰੀਬਨ 30 ਸਾਲ ਪਹਿਲਾਂ ਤੱਕ, ਖਾਸ ਕਰਕੇ ਹਾੜੀ ਅਤੇ ਸਾਉਣੀ ਦੌਰਾਨ, ਜਦੋਂ ਕੋਹਲੀ (ਕੋਹਲੀ) ਨੂੰ ਬੁਲਾਇਆ ਜਾਂਦਾ ਤਾਂ 60-80 ਆਦਮੀ ਕੰਮ ਕਰਨ ਲਈ ਇਕੱਠੇ ਹੋ ਜਾਂਦੇ,” ਉਹ ਯਾਦ ਕਰਦਿਆਂ ਕਹਿੰਦੇ ਹਨ। ਕੁਹਲ ਆਮ ਤੌਰ ਤੇ 2 ਮੀਟਰ ਚੌੜੇ, 2 ਮੀਟਰ ਡੂੰਘੇ ‘ਤੇ 100 ਮੀਟਰ ਤੋਂ ਲੈ ਕੇ ਕਿਲੋਮੀਟਰ ਤੱਕ ਵੀ ਲੰਬੇ ਹੁੰਦੇ ਹਨ।
ਕਾਂਗੜਾ ਜਿਲ੍ਹੇ ਦੇ ਪਾਲਮਪੁਰ ਤਹਿਸੀਲ ਦੇ 400 ਲੋਕਾਂ ਦੀ ਆਬਾਦੀ ਵਾਲੇ ਪਿੰਡ ਕਾਂਦਬਾੜੀ (ਮਰਦਮਸ਼ੁਮਾਰੀ ਵਿੱਚ ਪਿੰਡ ਦਾ ਨਾਮ ਕਮਲੇਹਰ ਦਰਜ ਹੈ) ਵਿੱਚ 55 ਸਾਲਾ ਜੋਬਨ ਲਾਲ ਕੋਹਲੀ ਦਾ ਕੰਮ ਕਰਦੇ ਹਨ। ਭਾਵੇਂ ਉਹਨਾਂ ਨੂੰ ਇਹ ਕੰਮ ਆਪਣੇ ਪਿਤਾ ਪਾਸੋਂ ਵਿਰਾਸਤ ਵਿੱਚ ਮਿਲਿਆ ਹੈ ਪਰ ਉਹਨਾਂ ਦੇ ਦਾਦਾ ਕੋਹਲੀ ਨਹੀਂ ਸਨ। “ਇਸ ਕੰਮ ਵਿੱਚ ਜ਼ਿਆਦਾ ਇੱਜ਼ਤ ਨਹੀਂ ਸ਼ਾਇਦ ਇਸੇ ਲਈ ਕੋਈ ਇਹ ਕੰਮ ਕਰਨਾ ਨਹੀਂ ਚਾਹੁੰਦਾ,” ਉਹ ਕਹਿੰਦੇ ਹਨ। “ਅਤੇ ਮੇਰੇ ਪਿਤਾ ਨੂੰ ਸ਼ਾਇਦ ਇਸ ਕੰਮ ਲਈ ਪਿੰਡ ਵਾਲਿਆਂ ਨੇ ਥਾਪਿਆ ਹੋਣਾ।”
ਰਿਵਾਇਤੀ ਤੌਰ ਤੇ ਕੋਹਲੀ ਕੋਲ ਕੁਹਲ ਦਾ ਅਧਿਕਾਰ ਹੁੰਦਾ ਹੈ ਕਿਉਂਕਿ ਉਹਨਾਂ ਕੋਲ ਸਥਾਨਕ ਪਾਣੀ ਦੇ ਸਿਸਟਮ ਦਾ ਪ੍ਰਬੰਧ ਕਰਨ ਦੀ ਗਹਿਨ ਜਾਣਕਾਰੀ ਹੁੰਦੀ ਹੈ। ਉਹਨਾਂ ਦੀ ਜਿੰਮੇਵਾਰੀ ਕੁਹਲ ਦੇਵੀ (ਹਾਲਾਂਕਿ ਕੋਹਲੀ ਹਮੇਸ਼ਾ ਮਰਦ ਹੁੰਦਾ ਹੈ) ਦੀ ਪੂਜਾ ਕਰਨਾ ਅਤੇ ਭੇਂਟ ਚੜਾਓਣਾ ਹੁੰਦਾ ਹੈ। ਪੁਰਾਣੇ ਸਮੇਂ ਵਿੱਚ ਹਿਮਾਚਲ ਪ੍ਰਦੇਸ਼ ਦੇ ਲੋਕਾਂ ਵਿੱਚ ਇਹ ਧਰਨਾ ਸੀ ਕਿ ਉਹਨਾਂ ਦੀਆਂ ਨਹਿਰਾਂ ਦੀ ਰੱਖਿਆ ਦੇਵੀ ਕਰਦੀ ਹੈ। ਸੋਕੇ ਦੇ ਦਿਨਾਂ ਵਿੱਚ ਵੀ ਜੇ ਲੋਕ ਨਹਿਰਾਂ ਦਾ ਰੱਖ ਰਖਾਵ ਚੰਗੀ ਤਰ੍ਹਾਂ ਕਰਨਗੇ ਤਾਂ ਦੇਵੀ ਉਹਨਾਂ ਨੂੰ ਖੁਸ਼ਹਾਲੀ ਦਾ ਵਰਦਾਨ ਬਖਸ਼ੇਗੀ। ਹੜਾਂ ਤੋਂ ਬਚਾਅ ਕਰਨ ਲਈ ਕੋਹਲੀ ਇੱਕ ਸੂਫੀ ਸੰਤ (ਨਾਮ ਪਿੰਡ ਵਾਸੀਆਂ ਨੂੰ ਯਾਦ ਨਹੀਂ) ਲਈ ਵੀ ਇੱਕ ਪ੍ਰਾਰਥਨਾ ਕਰਦਾ ਹੈ ਜੋ ਸ਼ਾਇਦ ਕਾਂਗੜਾ ਵਿੱਚ ਧਾਰਮਿਕ ਸੁਮੇਲ ਦਾ ਪ੍ਰਤੀਕ ਹੈ।









