ਲਾਲੀਪੌਪਨੁਮਾ ਕਟਕੇਟੀ, ਇੱਕ ਅਜਿਹਾ ਖਿਡੌਣਾ ਹੈ ਜਿਹਨੂੰ ਜਦੋਂ ਘੁਮਾਇਆ ਜਾਂਦਾ ਹੈ ਤਾਂ ਟੁਕ-ਟੁਕ ਦੀ ਅਵਾਜ਼ ਕੱਢਦਾ ਹੈ, ਬੰਗਲੁਰੂ ਦੀਆਂ ਸੜਕਾਂ 'ਤੇ ਕਾਫ਼ੀ ਪ੍ਰਸਿੱਧ ਹੈ। ਜਿਓਂ ਕਿਸੇ ਬੱਚੇ ਨੇ ਇਹਦੀ ਅਵਾਜ਼ ਸੁਣੀ, ਉਹ ਤੁਰੰਤ ਖਿਡੌਣਾ ਮੰਗਣ ਲੱਗੇਗਾ। ਇਹ ਚਮਕਦਾਰ ਖਿਡੌਣਾ ਪੱਛਮੀ ਬੰਗਾਲ ਦੇ ਮੁਰਿਸ਼ਦਾਬਾਦ ਜ਼ਿਲ੍ਹੇ ਤੋਂ 2,000 ਕਿਲੋਮੀਟਰ ਤੋਂ ਵੀ ਵੱਧ ਦੂਰ ਇਸ ਸ਼ਹਿਰ ਲਿਆਂਦਾ ਗਿਆ ਹੈ। ''ਸਾਨੂੰ ਬੜਾ ਫ਼ਖਰ ਹੈ ਕਿ ਸਾਡੇ ਹੱਥੀਂ ਬਣਾਏ ਖਿਡੌਣੇ ਇੰਨੀ ਦੂਰ ਨਿਕਲ਼ ਤੁਰੇ,'' ਖਿਡੌਣੇ ਬਣਾਉਣ ਵਾਲ਼ਾ ਬੜੇ ਮਾਣ ਨਾਲ਼ ਕਹਿੰਦਾ ਹੈ। ''ਜੇ ਕਿਤੇ ਅਸੀਂ ਉੱਥੇ ਜਾਣਾ ਚਾਹੀਏ ਤਾਂ ਨਹੀਂ ਜਾ ਸਕਦੇ... ਪਰ ਸਾਡੇ ਖਿਡੌਣੇ ਸਫ਼ਰ ਕਰਦੇ ਹਨ... ਬੜੀ ਵਢਭਾਗੀ ਗੱਲ ਹੈ।''
ਮੁਰਿਸ਼ਦਾਬਾਦ ਦੇ ਹਰਿਹਰਪਾਰਾ ਬਲਾਕ ਦੇ ਰਾਮਪਾਰਾ ਪਿੰਡ ਵਿਖੇ ਪੁਰਸ਼ ਅਤੇ ਔਰਤਾਂ ਕਟਕੇਟੀ (ਬੰਗਾਲੀ ਵਿੱਚ ਕੋਟਕੋਟੀ ਵੀ ਕਿਹਾ ਜਾਂਦਾ ਹੈ) ਬਣਾਉਣ ਵਿੱਚ ਮਸ਼ਰੂਫ਼ ਹਨ। ਇਸ ਵਾਸਤੇ ਝੋਨੇ ਦੇ ਖੇਤਾਂ ਵਿੱਚ ਮਿੱਟੀ ਲਈ ਜਾਂਦੀ ਹੈ ਤੇ ਕਿਸੇ ਹੋਰ ਪਿੰਡੋਂ ਖਰੀਦੇ ਬਾਂਸਾਂ ਦੀਆਂ ਛੋਟੀਆਂ-ਛੋਟੀਆਂ ਡੰਡੀਆਂ ਨਾਲ਼ ਹੀ ਕਟਕੇਟੀ ਬਣਾਈ ਜਾਂਦੀ ਹੈ, ਤਪਨ ਕੁਮਾਰ ਦਾਸ ਕਹਿੰਦੇ ਹਨ ਜੋ ਰਾਮਪਾਰਾ ਵਿਖੇ ਆਪਣੇ ਘਰੇ ਹੀ ਇਸ ਅਜੂਬੇ ਨੂੰ ਹੱਥੀਂ ਤਿਆਰ ਕਰਦੇ ਹਨ। ਉਨ੍ਹਾਂ ਦਾ ਪੂਰਾ ਪਰਿਵਾਰ ਇਸ ਖਿਡੌਣੇ ਨੂੰ ਬਣਾਉਣ ਵਿੱਚ ਲੱਗਿਆ ਰਹਿੰਦਾ ਹੈ। ਉਹ ਇਹਦੀ ਤਿਆਰੀ ਲਈ ਪੇਂਟ, ਤਾਰ, ਰੰਗੀਨ ਕਾਗ਼ਜ਼ ਤੇ ਪੁਰਾਣੀਆਂ ਰੀਲ੍ਹਾਂ ਦੀ ਵੀ ਵਰਤੋਂ ਕਰਦੇ ਹਨ। ''ਕਰੀਬ ਕਰੀਬ ਇੱਕ ਇੰਚ ਦੇ ਅਕਾਰ ਵਿੱਚ ਕੱਟੀ ਹੋਈ ਫ਼ਿਲਮ ਦੀਆਂ ਦੋ ਪੱਟੀਆਂ (ਇੱਕ ਬਾਂਸ ਦੀ ਸੋਟੀ 'ਤੇ) ਚੀਰੇ ਹੋਏ ਬਾਂਸ ਵਿਚਾਲੇ ਵਾੜ੍ਹੀਆਂ ਜਾਂਦੀਆਂ ਹਨ। ਇੰਝ ਇਹਦੇ ਚਾਰ ਖੰਭ ਜਿਹੇ ਬਣ ਜਾਂਦੇ ਹਨ,'' ਦਾਸ ਕਹਿੰਦੇ ਹਨ ਜਿਨ੍ਹਾਂ ਨੇ ਕੁਝ ਕੁ ਸਾਲ ਪਹਿਲਾਂ ਕੋਲਕਾਤਾ ਦੇ ਬੜਾਬਜ਼ਾਰੋਂ ਫ਼ਿਲਮੀ ਰੀਲ੍ਹਾਂ ਦਾ ਜ਼ਖੀਰਾ ਖਰੀਦਿਆ ਸੀ। ਇਹੀ ਫ਼ਿਲਮੀ ਖੰਭ ਪਤੰਗ ਦੀ ਗਤੀ ਅਤੇ ਧੁਨ ਨੂੰ ਪੈਦਾ ਕਰਦੇ ਹਨ।
''ਅਸੀਂ ਇਨ੍ਹਾਂ ਨੂੰ ਲਿਆਉਂਦੇ ਤੇ ਵੇਚਦੇ ਹਾਂ... ਪਰ ਅਸੀਂ ਕਦੇ ਇਹ ਧਿਆਨ ਹੀ ਨਹੀਂ ਦਿੱਤਾ ਕਿ ਇਹ ਕਿਹੜੀ ਫ਼ਿਲਮ ਦੀਆਂ ਕੱਟੀਆਂ ਕਾਤਰਾਂ ਹਨ,'' ਖਿਡੌਣੇ ਵੇਚਣ ਵਾਲ਼ਾ ਕਹਿੰਦਾ ਹੈ। ਇਨ੍ਹਾਂ ਰੀਲ੍ਹਾਂ ਦੀਆਂ ਕਾਤਰਾਂ ਵਿੱਚ ਕੈਪਚਰ ਹੋਏ ਮਸ਼ਹੂਰ ਫ਼ਿਲਮੀ ਸਿਤਾਰਿਆਂ ਵੱਲ ਬਹੁਤੇਰੇ ਖਰੀਦਦਾਰਾਂ ਦਾ ਧਿਆਨ ਤੱਕ ਨਹੀਂ ਜਾਂਦਾ। ''ਇਹ ਸਾਡਾ ਬੰਗਾਲੀ ਹੀਰੋ ਰਣਜੀਤ ਮਿਊਲਿਕ ਹੈ,'' ਕਟਕੇਟੀ ਵੱਲ ਇਸ਼ਾਰਾ ਕਰਦਿਆਂ ਦੂਸਰਾ ਵਿਕ੍ਰਰੇਤਾ ਕਹਿੰਦਾ ਹੈ। ''ਮੈਂ ਕਈ ਹੀਰੋ ਦੇਖੇ ਹਨ। ਪ੍ਰਸੇਨਜੀਤ, ਉੱਤਮ ਕੁਮਾਰ, ਰਿਤੂਪਰਣਾ, ਸ਼ਤਾਬਦੀ ਰਾਏ... ਇਨ੍ਹਾਂ ਰੀਲ੍ਹਾਂ ਵਿੱਚ ਕਈ ਕਲਾਕਾਰ ਕੈਦ ਰਹਿੰਦੇ ਹਨ।''
ਖਿਡੌਣਿਆਂ ਦੀ ਵਿਕਰੀ ਹੀ ਉਨ੍ਹਾਂ ਵਿਕ੍ਰੇਤਾਵਾਂ ਲਈ ਆਮਦਨੀ ਦਾ ਮੁੱਖ ਵਸੀਲਾ ਹੈ, ਜੋ ਜ਼ਿਆਦਾਤਰ ਕਰਕੇ ਖੇਤ ਮਜ਼ਦੂਰੀ ਕਰਦੇ ਹਨ। ਉਹ ਘੱਟ ਮਜ਼ਦੂਰੀ ਵਿੱਚ ਲੱਕ-ਤੋੜੂ ਖੇਤ ਮਜ਼ਦੂਰੀ ਦੇ ਮੁਕਾਬਲੇ ਅਜਿਹੇ ਕੰਮ ਕਰਨਾ ਵੱਧ ਪਸੰਦ ਕਰਦੇ ਹਨ। ਉਹ ਖਿਡੌਣੇ ਵੇਚਣ ਲਈ ਬੰਗਲੁਰੂ ਜਿਹੇ ਸ਼ਹਿਰਾਂ ਦੀ ਯਾਤਰਾ ਕਰਦੇ ਹਨ ਤੇ ਉੱਥੇ ਮਹੀਨਿਆਂ-ਬੱਧੀ ਰੁਕਦੇ ਹਨ ਤੇ ਆਪਣਾ ਸਮਾਨ ਵੇਚਣ ਲਈ ਇੱਕ ਦਿਨ ਵਿੱਚ 8-10 ਘੰਟੇ ਪੈਦਲ ਤੁਰਦੇ ਰਹਿੰਦੇ ਹਨ। ਕੋਵਿਡ-19 ਮਹਾਂਮਾਰੀ ਨੇ ਇਸ ਛੋਟੇ ਪਰ ਵੱਧਦੇ-ਫੁੱਲਦੇ ਕਾਰੋਬਾਰ ਨੂੰ ਹਲੂਣ ਕੇ ਰੱਖ ਦਿੱਤਾ। ਤਾਲਾਬੰਦੀ ਕਾਰਨ ਇਨ੍ਹਾਂ ਖਿਡੌਣਿਆਂ ਦਾ ਉਤਪਾਦਨ ਬੰਦ ਹੋ ਗਿਆ। ਇਸ ਕਾਰੋਬਾਰ ਦੇ ਪਰਿਵਹਨ ਦਾ ਮੁੱਖ ਵਸੀਲਾ ਸਨ ਰੇਲ ਗੱਡੀਆਂ। ਇਸ ਬੀਮਾਰੀ ਕਾਰਨ ਕਈ ਵਿਕ੍ਰੇਤਾ ਆਪੋ-ਆਪਣੇ ਗ੍ਰਹਿ ਨਗਰ ਵਾਪਸ ਮੁੜਨ ਨੂੰ ਮਜ਼ਬੂਰ ਹੋ ਗਏ।
ਫੀਚਰਿੰਗ : ਕਟਕੇਟੀ ਖਿਡੌਣਿਆਂ ਦੇ ਨਿਰਮਾਤਾ ਤੇ ਵਿਕ੍ਰੇਤਾ
ਨਿਰਦੇਸ਼ਕ, ਸਿਨੇਮੈਟੋਗ੍ਰਾਫ਼ੀ ਅਤੇ ਸਾਊਂਡ ਰਿਕਾਰਡਿੰਗ : ਯਸ਼ਵਿਨੀ ਰਘੂਨੰਦਨ
ਐਡੀਟਿੰਗ ਅਤੇ ਸਾਊਂਡ ਡਿਜਾਇਨ : ਆਰਤੀ ਪਾਰਥਾਸਾਰਤੀ
That Cloud Never Left (ਦੈਟ ਕਲਾਉਡ ਨੇਵਰ ਲੈਫਟ) ਸਿਰਲੇਖ ਵਾਲੀ ਫ਼ਿਲਮ ਦਾ ਇੱਕ ਸੰਸਕਰਣ 2019 ਵਿੱਚ ਰੋਟਰਡਮ, ਕੈਸੇਲ, ਸ਼ਾਰਜਾਹ, ਪੇਸਾਰੋ ਅਤੇ ਮੁੰਬਈ ਵਿੱਚ ਫ਼ਿਲਮ ਫੈਸਟੀਵਲਾਂ ਵਿੱਚ ਦਿਖਾਇਆ ਗਿਆ ਸੀ। ਫ਼ਿਲਮ ਨੇ ਕਈ ਪੁਰਸਕਾਰ ਅਤੇ ਹਵਾਲੇ ਵੀ ਹਾਸਲ ਕੀਤੇ, ਖਾਸ ਤੌਰ 'ਤੇ ਫਰਾਂਸ ਦੇ ਫਿਲਾਫ ਫ਼ਿਲਮ ਫੈਸਟੀਵਲ ਵਿੱਚ ਗੋਲਡ ਫਿਲਾਫ ਅਵਾਰਡ।
ਤਰਜਮਾ: ਕਮਲਜੀਤ ਕੌਰ